ਹੀਰ ਵਾਰਿਸ ਸ਼ਾਹ (ਭਾਗ-2)
ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ ਈ ।
ਪਾਸਾ ਜਾਨ ਦਾ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ ।
ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮਹਿਰ ਚੂਚਕੇ ਪਾਸ ਸਿਧਾਰਿਆ ਈ ।
ਅੱਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਲ੍ਹਾਰਿਆ ਈ ।
ਹੀਰ ਜਾਇ ਕੇ ਆਖਦੀ ਬਾਬਲਾ ਵੇ, ਤੇਰੇ ਨਾਉਂ ਤੋਂ ਘੋਲ ਘੁਮਾਈਆਂ ਮੈਂ ।
ਜਿਸ ਆਪਣੇ ਰਾਜ ਦੇ ਹੁਕਮ ਅੰਦਰ, ਵਿੱਚ ਸਾਂਦਲ-ਬਾਰ ਖਿਡਾਈਆਂ ਮੈਂ ।
ਲਾਸਾਂ ਪੱਟ ਦੀਆਂ ਪਾਇ ਕੇ ਬਾਗ਼ ਕਾਲੇ, ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ ।
ਮੇਰੀ ਜਾਨ ਬਾਬਲ ਜੀਵੇ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ ।
(ਸਾਂਦਲ ਬਾਰ=ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਇਲਾਕਾ,
ਲਾਸਾਂ=ਰੱਸੇ, ਪਟ=ਰੇਸ਼ਮ, ਪੀਂਘਾਈਆਂ=ਚੜ੍ਹਾਈਆਂ,ਝੂਟੀਆਂ, ਧੌਲ=
ਜਿਸ ਬਲਦ ਨੇ ਆਪਣੇ ਸਿੰਗਾਂ ਤੇ ਧਰਤੀ ਚੁੱਕੀ ਮੰਨਿਆਂ ਜਾਂਦਾ ਹੈ;
ਪਾਠ ਭੇਦ: ਮਾਹੀ ਮਹੀਂ ਦਾ=ਵਾਰਿਸ ਸ਼ਾਹ)
ਬਾਪ ਹਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ ।
ਹੱਥ ਲਾਇਆਂ ਪਿੰਡੇ ਤੇ ਦਾਗ਼ ਪੈਂਦ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ ।
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ ।
ਮਾਲ ਆਪਣਾ ਜਾਨ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰ ਦਾ ਹੈ ।
ਹਿੱਕੇ ਨਾਲ ਪਿਆਰ ਦੀ ਹੂੰਗ ਦੇ ਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ ।
ਦਿਸੇ ਨੂਰ ਅੱਲਾਹ ਦਾ ਮੁਖੜੇ ਤੇ, ਮਨੋਂ ਰਬ ਹੀ ਰਬ ਚਿਤਾਰਦਾ ਹੈ ।
(ਦਰਕਾਰ=ਕੰਮ ਦਾ,ਲੋੜ, ਕੋਟ=ਕਿਲ੍ਹਾ, ਹੂੰਗ=ਹੂੰਗਾ ਮਾਰ ਕੇ;
ਪਾਠ ਭੇਦ: ਮਨੋਂ ਰਬ ਹੀ ਰਬ=ਵਾਰਿਸ ਸ਼ਾਹ ਨੂੰ ਪਿਆ)
ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ, ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ ।
ਕੀਕੂੰ ਰਿਜ਼ਕ ਨੇ ਆਣ ਉਦਾਸ ਕੀਤਾ, ਏਹਨੂੰ ਕਿਹੜੇ ਪੀਰ ਦੀ ਓਟ ਹੈ ਨੀ ।
ਫ਼ੌਜਦਾਰ ਵਾਂਗੂੰ ਕਰ ਕੂਚ ਧਾਣਾ, ਮਾਰ ਜਿਵੇਂ ਨਕਾਰੇ ਤੇ ਚੋਟ ਹੈ ਨੀ ।
ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ ।
(ਅਕਲ ਸ਼ਊਰ=ਸੂਝ ਬੂਝ, ਰਿਜ਼ਕ =ਰੋਟੀ, ਧਣਾ=ਕੀਤਾ, ਤ੍ਰੋਟ=ਥੁੜ੍ਹ;
ਪਾਠ ਭੇਦ: ਕਿਹੜੀ ਗੱਲ ਦੀ ਏਸ ਨੂੰ ਤ੍ਰੋਟ=ਵਾਰਿਸ ਸ਼ਾਹ ਦਾ ਕੇਹੜਾ ਕੋਟ)
ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ ।
ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ, ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ ।
ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖ਼ੀ ਜੀਉ ਦਾ ਨਹੀਂ ਬਖ਼ੀਲ ਹੈ ਜੀ ।
ਗੱਲ ਸੋਹਣੀ ਪਰ੍ਹੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ ।
(ਅਸੀਲ=ਅੱਛੀ ਨਸਲ ਦਾ, ਬੂਪੜਾ=ਬੀਬੜਾ,ਭੋਲਾ, ਬਖ਼ੀਲ=ਕੰਜੂਸ, ਲਾਈ=
ਸਾਲਸ,ਪੰਚਾਇਤੀ)
ਕੇਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ, ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ ।
ਪਾੜ ਝੀੜ ਕਰ ਆਂਵਦਾ ਕਿੱਤ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ ।
ਕਿਸ ਗੱਲ ਤੋਂ ਰੁਸਕੇ ਉਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ ।
ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ ਵੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ ।
ਲਾਈ ਹੋਇ ਕੇ ਮਾਮਲੇ ਦੱਸ ਦੇਂਦਾ, ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ ।
ਬਾਹੋਂ ਪਕੜ ਕੇ ਕੰਢੇ ਦੇ ਪਾਰ ਲਾਵੇ, ਹਥੋਂ ਕਢ ਦੇਂਦਾ ਖੋਜ ਝੇੜਿਆਂ ਦੇ ।
ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ, ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ ।
ਧਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ, ਠੰਡ ਪਾਂਵਦਾ ਵਿੱਚ ਬਖੇੜਿਆਂ ਦੇ ।
ਸਭ ਰਹੀ ਰਹੁੰਨੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ ।
ਵਾਰਿਸ ਸ਼ਾਹ ਜਵਾਨ ਹੈ ਭਲਾ ਰਾਂਝਾ, ਜਿੱਥੇ ਨਿੱਤ ਪੌਂਦੇ ਲਖ ਭੇੜਿਆਂ ਦੇ ।
(ਮੁਨਸਫ=ਇਨਸਾਫ ਕਰਨ ਵਾਲਾ, ਫੇੜੇ=ਝਗੜੇ, ਵਰ੍ਹੀ=ਰੱਸੀ, ਪਾੜ=ਟੱਕ,
ਧਾੜਾ=ਡਾਕੂਆਂ ਵੱਲੋਂ ਕੀਤੀ ਲੁੱਟ, ਰਹੀ ਰਹੁੰਨੀ=ਇਕੱਲੀ ਰਹੀ, ਹੇੜਿਆਂ=
ਸ਼ਿਕਾਰੀਆਂ, ਭੇੜੇ=ਲੜਾਈ,ਝਗੜੇ)
ਤੇਰ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ ।
ਖ਼ਬਰਦਾਰ ਰਹੇ ਮਝੀਂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ ।
ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ, ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ ।
ਮਤਾਂ ਖੇਡ ਰੁੱਝੇ ਖੜੀਆਂ ਜਾਣ ਮੱਝੀਂ, ਹੋਵਣ ਪਿੰਡ ਦੇ ਵਿੱਚ ਖ਼ੁਆਰੀਆਂ ਨੀ ।
(ਖੰਧਿਆਂ= ਚੌਣਾ,ਵੱਗ)
ਪਾਸ ਮਾਉਂ ਦੇ ਨਢੜੀ ਗੱਲ ਕੀਤੀ, ਮਾਹੀ ਮਝੀਂ ਦਾ ਆਣ ਕੇ ਛੇੜਿਆ ਮੈਂ ।
ਨਿੱਤ ਪਿੰਡ ਦੇ ਵਿੱਚ ਵਿਚਾਰ ਪੌਂਦੀ, ਏਹ ਝਗੜਾ ਚਾਇ ਨਿਬੇੜਿਆ ਮੈਂ ।
ਸੁੰਞਾ ਨਿੱਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਘੜ ਹੈ ਆਣ ਸਹੇੜਿਆ ਮੈਂ ।
ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ ।
ਮੱਖਣ ਖੰਡ ਪਰਉਂਠੇ ਖਾਹ ਮੀਆਂ, ਮਹੀਂ ਛੇੜ ਦੇ ਰਬ ਦੇ ਆਸਰੇ ਤੇ ।
ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ ।
ਹੀਰ ਆਖਦੀ ਰਬ ਰੱਜ਼ਾਕ ਤੇਰਾ, ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ ।
ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ, ਆਪ ਹੋ ਬਹੀਂ ਇੱਕ ਪਾਸੜੇ ਤੇ ।
(ਕਾਸੜੇ=ਭਾਂਡੇ, ਰੱਜ਼ਾਕ=ਰਿਜ਼ਕ ਦੇਣ ਵਾਲਾ)
ਬੇਲੇ ਰਬ ਦਾ ਨਾਉਂ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ ।
ਉਹਦੀ ਨੇਕ ਸਾਇਤ ਰੁਜੂ ਆਣ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ।
ਬੱਚਾ ਖਾਹ ਚੂਰੀ ਚੋਇ ਮਝ ਬੂਰੀ, ਜੀਊ ਵਿੱਚ ਨਾ ਹੋਇ ਦਿਲਗੀਰ ਮੀਆਂ ।
ਕਾਈ ਨਢੜੀ ਸੋਹਨੀ ਕਰੋ ਬਖ਼ਸ਼ਿਸ਼, ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ ।
ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ, ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ ।
(ਜ਼ਹੀਰ=ਦੁਖੀ, ਨੇਕ ਸਾਇਤ ਰੁਜੂ ਆਣ ਹੋਈ=ਸ਼ੁਭ ਘੜੀ ਆ ਗਈ,
ਦਿਲਗੀਰ=ਗ਼ਮਨਾਕ, ਭੀੜ=ਔਖਾ ਵੇਲਾ,ਤਕਲੀਫ਼)
ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ, ਮੁਲਤਾਨ ਦਾ ਜ਼ਕਰੀਆ ਪੀਰ ਨੂਰੀ ।
ਹੋਰ ਸਈਅੱਦ ਜਲਾਲ ਬੁਖ਼ਾਰੀਆ ਸੀ, ਅਤੇ ਲਾਲ ਸ਼ਾਹਬਾਜ਼ ਬਹਿਸ਼ਤ ਹੂਰੀ ।
ਤੁੱਰਾ ਖ਼ਿਜ਼ਰ ਰੁਮਾਲ ਸ਼ੱਕਰ ਗੰਜ ਦਿੱਤਾ, ਅਤੇ ਮੁੰਦਰੀ ਲਾਲ ਸ਼ਹਿਬਾਜ਼ ਨੂਰੀ ।
ਖੰਜਰ ਸਈਅੱਦ ਜਲਾਲ ਬੁਖਖ਼ਾਰੀਏ ਨੇ, ਖੂੰਡੀ ਜ਼ਕਰੀਏ ਪੀਰ ਨੇ ਹਿੱਕ ਬੂਰੀ ।
ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ, ਵਾਰਿਸ ਸ਼ਾਹ ਨਾ ਜਾਨਣਾ ਪਲਕ ਦੂਰੀ ।
(ਪੰਜ ਪੀਰ=1. ਖ਼ਵਾਜਾ ਖਿਜ਼ਰ, 2. ਸ਼ਕਰ ਗੰਜ, 3.ਜ਼ਕਰੀਆ ਖਾਨ,
4. ਸੱਈਅਦ ਜਲਾਲ ਬੁਖਾਰੀ, 5.ਲਾਅਲ ਸ਼ਾਹਬਾਜ਼, ਬੋਜ਼ ਘੋੜੀ=ਚਿੱਟੀ
ਘੋੜੀ, ਤੁੱਰਾ=ਸ਼ਮਲਾ, ਪਲਕ ਦੂਰੀ=ਅੱਖ ਝਪਕਣ ਜਿੰਨੀ ਦੂਰੀ)
ਹੀਰ ਚਾਇ ਭੱਤਾ ਖੰਡ ਖੀਰ ਮੱਖਣ, ਮੀਆਂ ਰਾਂਝੇ ਦੇ ਪਾਸ ਲੈ ਧਾਂਵਦੀ ਹੈ ।
ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ, ਰੋ ਰੋ ਆਪਣਾ ਹਾਲ ਸੁਣਾਂਵਦੀ ਹੈ ।
ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ, ਬਾਸ ਚੂਰੀ ਦੀ ਬੇਲਿਉਂ ਆਂਵਦੀ ਹੈ ।
ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੰਗੀ, ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ ।
(ਭੱਤਾ=ਸ਼ਾਹ ਵੇਲਾ, ਬਾਸ=ਮਹਿਕ, ਕਲ੍ਹਾ=ਫਸਾਦ)
ਹੀਰ ਗਈ ਜਾਂ ਨਦੀ ਵਲ ਲੈਣ ਪਾਣੀ, ਕੈਦੋ ਆਣ ਕੇ ਮੁਖ ਵਿਖਾਵਾਂਦਾ ਹੈ ।
ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ, ਆਨ ਸਵਾਲ ਖ਼ੁਦਾਇ ਦਾ ਪਾਂਵਦਾ ਹੈ ।
ਰਾਂਝੇ ਰੁਗ ਭਰ ਕੇ ਚੂਰੀ ਚਾਇ ਦਿੱਤੀ, ਲੈ ਕੇ ਤੁਰਤ ਹੀ ਪਿੰਡ ਨੂੰ ਧਾਂਵਦਾ ਹੈ ।
ਰਾਂਝਾ ਹੀਰ ਨੂੰ ਪੁੱਛਦਾ ਇਹ ਲੰਙਾਂ, ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਹੈ ।
ਵਾਰਿਸ ਸ਼ਾਹ ਮੀਆਂ ਜਿਵੇਂ ਪੱਛ ਕੇ ਤੇ, ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ ।
ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਸਾਡਾ ਕੰਮ ਹੈ ਨਾਲ ਵੈਰਾਈਆਂ ਦੇ ।
ਸਾਡੇ ਖੋਜ ਨੂੰ ਤਕ ਕੇ ਕਰੇ ਚੁਗਲੀ, ਦਿਨੇ ਰਾਤ ਹੈ ਵਿੱਚ ਬੁਰਿਆਈਆਂ ਦੇ ।
ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ, ਭੰਗ ਘੱਤਦਾ ਵਿੱਚ ਕੁੜਮਾਈਆਂ ਦੇ ।
ਬਾਬਾਲ ਅੰਮੜੀ ਤੇ ਜਾਇ ਠਿਠ ਕਰਸੀ, ਜਾ ਆਖਸੀ ਪਾਸ ਭਰਜਾਈਆਂ ਦੇ ।
(ਵੀਰਾਨੀ=ਪੁਰਾਣੀ ਦੁਸ਼ਮਣੀ, ਵੈਰ ਠਿਠ ਕਰਸੀ=ਮਖੌਲ ਕਰੇਗਾ)
ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੇ ।
ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂਹਾਂ, ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ ।
ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ, ਉਠ ਵਗਿਆ ਕੰਡ ਵਲਾਇਕੇ ਤੇ ।
ਨੇੜੇ ਜਾਂਦਾ ਹਈ ਜਾਇ ਮਿਲ ਨੱਢੀਏ ਨੀ, ਜਾਹ ਪੁੱਛ ਲੈ ਗੱਲ ਸਮਝਾਇਕੇ ਤੇ ।
ਵਾਰਿਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀਂ, ਦੋ ਤਿੰਨ ਅੱਡੀਆਂ ਹਿਕ ਵਿਚ ਲਾਇਕੇ ਤੇ ।
(ਸੂੰਹਾ=ਸੂਹ ਕੱਢਣ ਵਾਲਾ, ਕੰਡ=ਪਿੱਠ)
ਮਿਲੀ ਰਾਹ ਵਿੱਚ ਦੌੜ ਦੇ ਆ ਨਢੀ, ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ ।
ਨੇੜੇ ਆਣ ਕੇ ਸ਼ੀਹਣੀ ਵਾਂਗ ਗੱਜੀ ,ਅੱਖੀਂ ਰੋਹ ਦਾ ਨੀਰ ਪਲੱਟਿਆ ਸੂ ।
ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ, ਲੱਕੋਂ ਚਾਇਕੇ ਜ਼ਿਮੀਂ ਤੇ ਸੱਟਿਆ ਸੂ ।
ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ, ਧੋਬੀ ਪਟੜੇ ਤੇ ਖੇਸ ਨੂੰ ਛੱਟਿਆ ਸੂ ।
ਵਾਰਿਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ, ਸ਼ੈਤਾਨ ਨੂੰ ਜ਼ਿਮੀਂ ਤੇ ਸੱਟਿਆ ਸੂ ।
(ਸੇਲ੍ਹੀ=ਲੱਕ ਦੁਆਲੇ ਬੰਨ੍ਹੀ ਪੇਟੀ)
ਹੀਰ ਢਾਇ ਕੇ ਆਖਿਆ ਮੀਆਂ ਚਾਚਾ, ਚੂਰੀ ਦੇਹ ਜੇ ਜੀਵਿਆ ਲੋੜਨਾ ਹੈਂ ।
ਨਹੀਂ ਮਾਰ ਕੇ ਜਿੰਦ ਗਵਾ ਦੇਸਾਂ, ਮੈਨੂੰ ਕਿਸੇ ਨਾ ਹਟਕਣਾ ਹੋੜਨਾ ਹੈਂ ।
ਬੰਨ੍ਹ ਪੈਰ ਤੇ ਹੱਥ ਲਟਕਾਇ ਦੇਸਾਂ, ਲੜ ਲੜਕੀਆਂ ਨਾਲ ਕੀ ਜੋੜਨਾ ਹੈਂ ।
ਚੂਰੀ ਦੇਹ ਖਾਂ ਨਾਲ ਹਯਾ ਆਪੇ, ਕਾਹੇ ਅਸਾਂ ਦੇ ਨਾਲ ਅਜੋੜਨਾ ਹੈਂ ।
(ਅਜੋੜਨਾ=ਦੁਸ਼ਮਣੀ ਕਰਨੀ)
ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ, ਚੁਣ ਮੇਲ ਕੇ ਪਰ੍ਹੇ ਵਿਚ ਲਿਆਂਵਦਾ ਈ ।
ਕਿਹਾ ਮੰਨਦੇ ਨਹੀਂ ਸਾਉ ਮੂਲ ਮੇਰਾ, ਚੂਰੀ ਪੱਲਿਉਂ ਖੋਲ ਵਿਖਾਂਵਦਾ ਈ ।
ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ, ਨਢੀ ਮਾਰ ਕੇ ਨਹੀਂ ਸਮਝਾਂਵਦਾ ਈ ।
ਚਾਕ ਨਾਲ ਇਕੱਲੜੀ ਜਾਏ ਬੇਲੇ, ਅੱਜ ਕਲ ਕੋਈ ਲੀਕ ਲਾਂਵਦਾ ਈ ।
ਵਾਰਿਸ ਸ਼ਾਹ ਜਦੋਕਣਾ ਚਾਕ ਰੱਖਿਆ, ਓਸ ਵੇਲੜੇ ਨੂੰ ਪਛੋਤਾਂਵਦਾ ਈ ।
(ਲੀਕ ਲਾਉਣੀ=ਕਲੰਕ ਦਾ ਟਿੱਕਾ ਲਾਉਣਾ)
ਚੂਚਕ ਆਖਿਆ ਕੂੜੀਆਂ ਕਰੇਂ ਗੱਲਾਂ, ਹੀਰ ਖੇਡਦੀ ਨਾਲ ਸਹੇਲੀਆਂ ਦੇ ।
ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ, ਤ੍ਰਿੰਞਣ ਜੋੜਦੀ ਵਿੱਚ ਹਵੇਲੀਆਂ ਦੇ ।
ਇਹ ਚੁਗ਼ਲ ਜਹਾਨ ਦਾ ਮਗਰ ਲੱਗਾ, ਫ਼ੱਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ ।
ਕਦੀ ਨਾਲ ਮਦਾਰੀਆਂ ਭੰਗ ਘੋਟੇ, ਕਦੀ ਜਾਇ ਨੱਚੇ ਨਾਲ ਚੇਲੀਆਂ ਦੇ ।
ਨਹੀਂ ਚੂਹੜੇ ਦਾ ਪੁੱਤ ਹੋਏ ਸਈਅਦ, ਘੋੜੇ ਹੋਣ ਨਾਹੀਂ ਪੁੱਤ ਲੇਲੀਆਂ ਦੇ ।
ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ, ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ ।
(ਕੂੜੀਆਂ=ਝੂਠੀਆਂ)
ਮਾਂ ਹੀਰ ਦੀ ਥੇ ਲੋਕ ਕਰਨ ਚੁਗ਼ਲੀ, ਮਹਿਰੀ ਮਲਕੀਏ ਧੀ ਖ਼ਰਾਬ ਹੈ ਨੀ ।
ਅਸੀਂ ਮਾਸੀਆਂ ਫੁਫੀਆਂ ਲਜ ਮੋਈਆਂ, ਸਾਡਾ ਅੰਦਰੋਂ ਜੀਉ ਕਬਾਬ ਹੈ ਨੀ ।
ਸ਼ਮਸੁੱਦੀਨ ਕਾਜ਼ੀ ਨਿਤ ਕਰੇ ਮਸਲੇ, ਸ਼ੋਖ਼ ਧੀ ਦਾ ਵਿਆਹ ਸਵਾਬ ਹੈ ਨੀ ।
ਚਾਕ ਨਾਲ ਇਕੱਲੀਆਂ ਜਾਣ ਧੀਆਂ, ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ ।
ਤੇਰੀ ਧੀ ਦਾ ਮਗ਼ਜ਼ ਹੈ ਬੇਗ਼ਮਾਂ ਦਾ, ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ ।
ਵਾਰਿਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਣ, ਧੀ ਮਲਕੀ ਦੀ ਪੁੱਜ ਖ਼ਰਾਬ ਹੈ ਨੀ ।
(ਸਵਾਬ=ਪੁੰਨ, ਪੁੱਜ=ਬਹੁਤ)
ਕੈਦੋ ਆਖਦਾ ਧੀ ਵਿਆਹ ਮਲਕੀ, ਧਰੋਹੀ ਰਬ ਦੀ ਮੰਨ ਲੈ ਡਾਇਣੇ ਨੀ ।
ਇੱਕੇ ਮਾਰ ਕੇ ਵੱਢ ਕੇ ਕਰਸੁ ਬੇਰੇ, ਮੂੰਹ ਸਿਰ ਭੰਨ ਚੋਆਂ ਸਾੜ ਸਾਇਣੇ ਨੀ ।
ਵੇਖ ਧੀ ਦਾ ਲਾਡ ਕੀ ਦੰਦ ਕੱਢੇਂ, ਬਹੁਤ ਝੂਰਸੇਂ ਰੰਨੇ ਕਸਾਇਣੇ ਨੀ ।
ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ, ਲਿੰਬ ਵਾਂਗ ਭੜੋਲੇ ਦੇ ਆਇਣੇ ਨੀ ।
(ਧਰੋਹੀ=ਵਾਸਤਾ, ਬੇਰੇ=ਟੋਟੇ, ਆਇਣਾ=ਭੜੋਲੇ ਦਾ ਮੂੰਹ)
ਗ਼ੁੱਸੇ ਨਾਲ ਮਲਕੀ ਤਪ ਲਾਲ ਹੋਈ, ਝੱਬ ਦੌੜ ਤੂੰ ਮਿੱਠੀਏ ਨਾਇਣੇ ਨੀ ।
ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ, ਤੈਨੂੰ ਮਾਉਂ ਸਦੇਂਦੀ ਹੈ ਡਾਇਣੇ ਨੀ ।
ਨੀ ਖੜਦੁੰਬੀਏ ਮੂਨੇ ਪਾੜ੍ਹੀਏ ਨੀ, ਮੁਸ਼ਟੰਡੀਏ ਬਾਰ ਦੀਏ ਵਾਇਣੇ ਨੀ ।
ਵਾਰਿਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ, ਘਰ ਆ ਸਿਆਪੇ ਦੀਏ ਨਾਇਣੇ ਨੀ ।
(ਖੜਦੁੰਬੀ=ਖੜੀ ਪੂੰਛ ਵਾਲੀ, ਮੂਨ=ਕਾਲੀ ਹਿਰਨੀ, ਪਾੜ੍ਹਾ=ਹਿਰਨ ਦੀ
ਨਸਲ ਦਾ ਜਾਨਵਰ, ਵਾਇਣ=ਨਾਚੀ,ਨੱਚਣ ਵਾਲੀ)
ਹੀਰ ਆਇ ਕੇ ਆਖਦੀ ਹੱਸ ਕੇ ਤੇ, ਅਨੀ ਝਾਤ ਨੀ ਅੰਬੜੀਏ ਮੇਰੀਏ ਨੀ ।
ਤੈਨੂੰ ਡੂੰਘੜੇ ਖੂਹ ਵਿੱਚ ਚਾਇ ਬੋੜਾਂ, ਕੁੱਲ ਪੱਟੀਉ ਬਚੜੀਏ ਮੇਰੀਏ ਨੀ ।
ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ, ਚੁਪ ਕੀਤੜੇ ਚਾ ਨਬੇੜੀਏ ਨੀ ।
ਤੈਨੂੰ ਵੱਡਾ ਉਦਮਾਦ ਆ ਜਾਗਿਆ ਏ, ਤੇਰੇ ਵਾਸਤੇ ਮੁਣਸ ਸਹੇੜੀਏ ਨੀ ।
ਧੀ ਜਵਾਨ ਜੇ ਨਿਕਲੇ ਘਰੋਂ ਬਾਹਰ, ਲੱਗੇ ਵੱਸ ਤਾਂ ਖੂਹ ਨਘੇਰੀਏ ਨੀ ।
ਵਾਰਿਸ ਜਿਉਂਦੇ ਹੋਣ ਜੇ ਭੈਣ ਭਾਈ, ਚਾਕ ਚੋਬਰਾਂ ਨਾਂਹ ਸਹੇੜੀਏ ਨੀ ।
(ਬੋੜਾਂ=ਡੋਬਾਂ, ਨਬੇੜੀਏ=ਮਾਰ ਦੇਈਏ, ਉਦਮਾਦ=ਕਾਮ ਖੁਮਾਰੀ,
ਨਘੇਰੀਏ =ਸੁਟ ਦੇਈਏ, ਚੋਬਰ=ਹੱਟਾ ਕੱਟਾ)
ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ, ਕਰੇ ਫਿਕਰ ਉਹ ਤੇਰੇ ਮੁਕਾਵਣੇ ਦਾ ।
ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਕੇਹਾ ਫ਼ਾਇਦਾ ਮਾਪਿਆਂ ਤਾਵਣੇ ਦਾ ।
ਨਕ ਵੱਢ ਕੇ ਕੋੜਮਾਂ ਗਾਲਿਉ ਈ, ਹੋਇਆ ਫ਼ਾਇਦਾ ਲਾਡ ਲਡਾਵਣੇ ਦਾ ।
ਰਾਤੀਂ ਚਾਕ ਨੂੰ ਚਾਇ ਜਵਾਬ ਦੇਸਾਂ, ਨਹੀਂ ਸ਼ੌਕ ਏ ਮਹੀਂ ਚਰਵਾਣੇ ਦਾ ।
ਆ ਮਿੱਠੀਏ ਲਾਹ ਨੀ ਸਭ ਗਹਿਣੇ, ਗੁਣ ਕੀ ਹੈ ਗਹਿਣਿਆਂ ਪਾਵਣੇ ਦਾ ।
ਵਾਰਿਸ ਸ਼ਾਹ ਮੀਆਂ ਛੋਹਰੀ ਦਾ, ਜੀਉ ਹੋਇਆ ਈ ਲਿੰਗ ਕੁਟਾਵਣੇ ਦਾ ।
(ਲਿੰਗ ਕੁਟਾਵਣੇ=ਕੁੱਟ ਖਾਣ ਦਾ)
ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ ।
ਇਹੋ ਜਹੇ ਜੇ ਆਦਮੀ ਹੱਥ ਆਵਣ, ਸਾਰਾ ਮੁਲਕ ਹੀ ਰਬ ਥੀਂ ਦੁਆ ਮੰਗੇ ।
ਜਿਹੜੇ ਰਬ ਕੀਤੇ ਕੰਮ ਹੋਇ ਰਹੇ, ਸਾਨੂੰ ਮਾਂਓਂ ਕਿਉਂ ਗ਼ੈਬ ਦੇ ਦਏਂ ਪੰਗੇ ।
ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ ।
ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ ।
ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ, ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ ।
ਮਲਕੀ ਆਖ਼ਦੀ ਚੂਚਕਾ ਬਣੀ ਔਖੀ, ਸਾਨੂੰ ਹੀਰ ਦਿਆਂ ਮਿਹਣਿਆਂ ਖ਼ੁਆਰ ਕੀਤਾ ।
ਤਾਹਨੇ ਦੇਣ ਸ਼ਰੀਕ ਤੇ ਲੋਕ ਸਾਰੇ, ਚੌਤਰਫਿਉਂ ਖੁਆਰ ਸੰਸਾਰ ਕੀਤਾ ।
ਵੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ, ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ ।
ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ ।
ਕੱਢ ਚਾਕ ਨੂੰ ਖੋਹ ਲੈ ਮਹੀਂ ਸੱਭੇ, ਅਸਾਂ ਚਾਕ ਥੋਂ ਜੀਉ ਬੇਜ਼ਾਰ ਕੀਤਾ ।
ਇੱਕੇ ਧੀ ਨੂੰ ਚਾਘੜੇ ਡੋਬ ਕਰੀਏ, ਜਾਣੋਂ ਰਬ ਨੇ ਚਾ ਗੁਨ੍ਹਾਗਾਰ ਕੀਤਾ ।
ਝੱਬ ਵਿਆਹ ਕਰ ਧੀ ਨੂੰ ਕੱਢ ਦੇਸੋਂ, ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ ।
ਵਾਰਿਸ ਸ਼ਾਹ ਨੂੰ ਹੀਰ ਫ਼ੁਆਰ ਕੀਤਾ, ਨਹੀਂ ਰੱਬ ਸੀ ਸਾਹਿਬ ਸਰਦਾਰ ਕੀਤਾ ।
(ਚਾਘੜੇ=ਡੂੰਘੇ ਪਾਣੀ ਵਿਚ, ਬੇਜ਼ਾਰ=ਦੁਖੀ)
ਚੂਚਕ ਆਖਦਾ ਮਲਕੀਏ ਜੰਮਦੀ ਨੂੰ, ਗਲ ਘੁਟਕੇ ਕਾਹੇ ਨਾ ਮਾਰਿਉ ਈ ।
ਘੁੱਟੀ ਅੱਕ ਦੀ ਘੋਲ ਨਾ ਦਿੱਤੀਆ ਈ, ਉਹ ਅੱਜ ਸਵਾਬ ਨਿਤਾਰਿਉ ਈ ।
ਮੰਝ ਡੂੰਘੜੇ ਵਹਿਣ ਨਾ ਬੋੜਿਆ ਈ, ਵੱਢ ਬੋੜ ਕੇ ਮੂਲ ਨਾ ਮਾਰਿਉ ਈ ।
ਵਾਰਿਸ ਸ਼ਾਹ ਖ਼ੁਦਾ ਦਾ ਖ਼ੌਫ਼ ਕੀਤੋ, ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਉ ਈ ।
(ਖ਼ੌਫ਼=ਡਰ, ਕਾਰੂੰ=ਹਜ਼ਰਤ ਮੂਸਾ ਦੇ ਵੇਲੇ ਬਨੀ ਇਸਰਾਈਲ ਦਾ ਇੱਕ
ਬਹੁਤ ਹੀ ਮਾਲਦਾਰ ਕੰਜੂਸ ਅਤੇ ਘੁਮੰਡੀ ਪੁਰਸ਼ ਸੀ, ਫਰਊਨ ਦੇ ਦਰਬਾਰ
ਵਿੱਚ ਇਹਦਾ ਬਹੁਤ ਰਸੂਖ ਸੀ ।ਇਹਦਾ ਨਾਂ ਵੱਡੇ ਖ਼ਜ਼ਾਨਿਆਂ ਨਾਲ ਜੋੜਿਆ
ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਇਹਦੇ ਖਜ਼ਾਨਿਆਂ ਦੀਆਂ ਚਾਬੀਆਂ ਚਾਲੀ
ਊਠਾਂ ਤੇ ਲੱਦੀਆਂ ਜਾਂਦੀਆਂ ਸਨ । ਰੱਬ ਦੇ ਰਾਹ ਵਿੱਚ ਇੱਕ ਦਮੜੀ ਵੀ
ਖਰਚ ਨਹੀਂ ਕਰਦਾ ਸੀ । ਅਖੀਰ ਰੱਬ ਦੇ ਕਹਿਰ ਨਾਲ ਸਣੇ ਮਾਲ ਧਨ
ਧਰਤੀ ਵਿੱਚ ਹੀ ਧਸ ਗਿਆ)
ਰਾਤੀਂ ਰਾਂਝੇ ਨੇ ਮਹੀਂ ਜਾਂ ਆਣ ਢੋਈਆਂ, ਚੂਚਕ ਸਿਆਲ ਮੱਥੇ ਵੱਟ ਪਾਇਆ ਈ ।
ਭਾਈ ਛੱਡ ਮਹੀਂ ਉਠ ਜਾ ਘਰ ਨੂੰ, ਤੇਰਾ ਤੌਰ ਬੁਰਾ ਨਜ਼ਰ ਆਇਆ ਈ ।
ਸਿਆਲ ਕਹੇ ਭਾਈ ਸਾਡੇ ਕੰਮ ਨਾਹੀਂ, ਜਾਏ ਉਧਰੇ ਜਿਧਰੋਂ ਆਇਆ ਈ ।
ਅਸਾਂ ਸਾਨ੍ਹ ਨਾ ਰਖਿਆ ਨੱਢੀਆਂ ਦਾ, ਧੀਆਂ ਚਾਰਨੀਆਂ ਕਿਸ ਬਤਾਇਆ ਈ ।
‘ਇੱਤਕੱਵਾ ਮਵਾਜ਼ਿ ਅਤੁਹਮ’, ਵਾਰਿਸ ਸ਼ਾਹ ਇਹ ਧੁਰੋਂ ਫ਼ੁਰਮਾਇਆ ਈ ।
(ਇੱਤਕੱਵਾ ਮਵਾਜ਼ਿ ਅਤੁਹਮ=ਤੁਹਮਤ ਵਾਲੀਆਂ ਥਾਵਾਂ ਤੋਂ ਬਚੋ)
‘ਵੱਲੋ ਬਸਤ ਅਲਹੁ ਰਿਜ਼ਕ ਲਇਬਾਦਹ’, ਰੱਜ ਖਾਇਕੇ ਮਸਤੀਆਂ ਚਾਈਆਂ ਨੀ ।
‘ਕੁਲੂ ਵਸ਼ਰਬੂ’ ਰੱਬ ਨੇ ਹੁਕਮ ਦਿੱਤਾ, ਨਹੀਂ ਮਸਤੀਆਂ ਲਿਖੀਆਂ ਆਈਆਂ ਨੀ ।
ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁਧ ਮਲਾਈਆਂ ਨੀ ।
‘ਵਮਾ ਮਿਨ ਦਆਬੱਤਨਿ ਫ਼ਿਲ ਅਰਜ਼’, ਇਹ ਆਇਤਾਂ ਧੁਰੋਂ ਫ਼ੁਰਮਾਈਆਂ ਨੀ ।
ਵਾਰਿਸ ਸ਼ਾਹ ਮੀਆਂ ਰਿਜ਼ਕ ਰੱਬ ਦੇਸੀ, ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ ।
(ਵੱਲੋ ਬਸਤ ਅਲਹੁ ਰਿਜ਼ਕ=(ਕੁਰਾਨ ਮਜੀਦ ਵਿੱਚੋਂ) ਰੱਜ ਖਾਣ ਦੀਆਂ ਮਸਤੀਆਂ,
ਕੁਲੂ ਵਸ਼ਰਬੂ… ਵਮਾ ਮਿਨ ਦਆਬੱਤਨਿ ਫ਼ਿਲ ਅਰਜ਼=ਹੋਰ ਨਹੀਂ ਹੈ, ਕੋਈ ਚਾਰ-ਪੈਰਾ
ਜ਼ਮੀਨ ਉੱਤੇ)
ਰਾਂਝਾ ਸੱਟ ਖੂੰਡੀ ਉਤੋਂ ਲਾਹ ਭੂਰਾ, ਛੱਡ ਚਲਿਆ ਸਭ ਮੰਗਵਾੜ ਮੀਆਂ ।
ਜੇਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਛੱਡ ਟੁਰੇ ਹੈ ਸੰਨ੍ਹ ਦਾ ਪਾੜ ਮੀਆਂ ।
ਦਿਲ ਚਾਇਆ ਦੇਸ ਤੇ ਮੁਲਕ ਉਤੋਂ, ਉਹਦੇ ਭਾਇ ਦਾ ਬੋਲਿਆ ਹਾੜ ਮੀਆਂ ।
ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸਭੇ, ਖੜੇ ਕੱਟੀਆਂ ਨੂੰ ਕਾਈ ਧਾੜ ਮੀਆਂ ।
ਮੈਨੂੰ ਮਝੀਂ ਦੀ ਕੁੱਝ ਪਰਵਾਹ ਨਾਹੀਂ, ਨੱਢੀ ਪਈ ਸੀ ਇੱਤ ਰਿਹਾੜ ਮੀਆਂ ।
ਤੇਰੀ ਧੀ ਨੂੰ ਅਸੀਂ ਕੀ ਜਾਣਨੇ ਹਾਂ, ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ ।
ਤੇਰੀਆਂ ਮੱਝਾਂ ਦੇ ਕਾਰਨੇ ਰਾਤ ਅੱਧੀ, ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ ।
ਮੰਗੂ ਮਗਰ ਮੇਰੇ ਸਭੋ ਆਂਵਦਾ ਈ, ਮਝੀਂ ਆਪਣੀਆਂ ਮਹਿਰ ਜੀ ਤਾੜ ਮੀਆਂ ।
ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ, ਸਹੀ ਕੀਤੋ ਈ ਕੋਈ ਕਿਰਾੜ ਮੀਆਂ ।
ਮਹੀਂ ਚਾਰਦੇ ਨੂੰ ਹੋ ਗਏ ਮਾਹ ਬਾਰਾਂ, ਅੱਜ ਉਠਿਆ ਅੰਦਰੋਂ ਸਾੜ ਮੀਆਂ ।
ਵਹੀ ਖਤਰੀ ਦੀ ਰਹੀ ਖਤਰੀ ਤੇ, ਲੇਖਾ ਗਿਆ ਈ ਹੋਇ ਪਹਾੜ ਮੀਆਂ ।
ਤੇਰੀ ਧੀ ਰਹੀ ਤੇਰੇ ਘਰੇ ਬੈਠੀ, ਝਾੜਾ ਮੁਫ਼ਤ ਦਾ ਲਿਆ ਈ ਝਾੜ ਮੀਆਂ ।
ਹੱਟ ਭਰੇ ਭਕੁੰਨੇ ਨੂੰ ਸਾਂਭ ਲਿਆ, ਕੱਢ ਛੱਡਿਓ ਨੰਗ ਕਿਰਾੜ ਮੀਆਂ ।
ਵਾਰਿਸ ਸ਼ਾਹ ਅੱਗੋਂ ਪੂਰੀ ਨਾ ਪਈਆ, ਪਿੱਛੋਂ ਆਇਆ ਸੈਂ ਪੜਤਣੇ ਪਾੜ ਮੀਆਂ ।
(ਮੰਗਵਾੜ=ਪਸ਼ੂਆਂ ਦਾ ਵਾੜਾ, ਥੜਾ=ਪਹਿਰੇ ਤੇ ਬੈਠਣ ਵਾਲੀ ਥਾਂ, ਹਾੜ ਬੋਲਣਾ=
ਤਰਾਹ ਨਿਕਲ ਜਾਣਾ, ਖੋਲੀਆਂ=ਮਾਲ ਡੰਗਰ, ਰਿਹਾੜ=ਖਹਿੜੇ, ਤਾੜ ਲੈ=ਬੰਦ ਕਰ ਲੈ,
ਚਰਾਈ ਘੁਟ ਬਹੇਂ=ਚਰਾਈ ਨਾ ਦੇਵੇਂ, ਝਾੜਾ=ਨਫ਼ਾ, ਪੜਤਣੇ ਪਾੜ ਕੇ=ਰੁਕਾਵਟਾਂ ਚੀਰ ਕੇ)
ਮਝੀਂ ਚਰਨ ਨਾ ਬਾਝ ਰੰਝੇਟੜੇ ਦੇ, ਮਾਹੀ ਹੋਰ ਸਭੇ ਝਖ਼ ਮਾਰ ਰਹੇ ।
ਕਾਈ ਘੁਸ ਜਾਏ ਕਾਈ ਡੁਬ ਜਾਏ, ਕਾਈ ਸਨ੍ਹ ਰਹੇ ਕਾਈ ਪਾਰ ਰਹੇ ।
ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ, ਮਗਰ ਲਗ ਕੇ ਖੋਲੀਆਂ ਚਾਰ ਰਹੇ ।
ਵਾਰਿਸ ਸ਼ਾਹ ਚੂਚਕ ਪਛੋਤਾਂਵਦਾ ਈ, ਮੰਗੂ ਨਾ ਛਿੜੇ, ਅਸੀਂ ਹਾਰ ਰਹੇ ।
(ਸੰਨ੍ਹ=ਵਿਚਕਾਰ, ਖੁੰਮਾਂ=ਸਿੱਧੇ ਖੜ੍ਹੇ ਹੋ ਕੇ)
ਮਾਏ ਚਾਕ ਤਰਾਹਿਆ ਚਾਇ ਬਾਬੇ, ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ ।
ਰੱਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ, ਕੋਈ ਓਸ ਦੇ ਰੱਬ ਨਾ ਤੁਸੀਂ ਹੋ ਨੀ ।
ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ, ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ ।
ਵਾਰਿਸ ਸ਼ਾਹ ਔਲਾਦ ਨਾ ਮਾਲ ਰਹਿਸੀ, ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ ।
(ਤਰਾਹਿਆ=ਡਰਾ ਕੇ ਭਜਾ ਦਿੱਤਾ, ਬਾਬੇ=ਅੱਬਾ ਨੇ, ਬੁਸ ਬੁਸੀ=ਅੰਦਰ ਵਿਸ ਘੋਲਣਾ)
ਮਲਕੀ ਗੱਲ ਸੁਣਾਂਵਦੀ ਚੂਚਕੇ ਨੂੰ, ਲੋਕ ਬਹੁਤ ਦਿੰਦੇ ਬਦ ਦੁਆ ਮੀਆਂ ।
ਬਾਰਾਂ ਬਰਸ ਉਸ ਮਝੀਆਂ ਚਾਰੀਆਂ ਨੇ, ਨਹੀਂ ਕੀਤੀ ਸੂ ਚੂੰ ਚਰਾ ਮੀਆਂ ।
ਹੱਕ ਖੋਹ ਕੇ ਚਾ ਜਵਾਬ ਦਿੱਤਾ, ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ ।
ਪੈਰੀਂ ਲਗ ਕੇ ਜਾ ਮਨਾ ਉਸ ਨੂੰ, ਆਹ ਫ਼ੱਕਰ ਦੀ ਬੁਰੀ ਪੈ ਜਾ ਮੀਆਂ ।
ਵਾਰਿਸ ਸ਼ਾਹ ਫ਼ਕੀਰ ਨੇ ਚੁਪ ਕੀਤੀ, ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ ।
(ਚੂੰ ਚਰਾ ਕਰਨੀ=ਨਾਂਹ ਨੁੱਕਰ ਕਰਨੀ,ਬਹਾਨੇ ਘੜਨੇ, ਦੇਗ ਲੁੜ੍ਹਾ=ਰੋੜ ਦੇਵੇਗੀ)
ਚੂਚਕ ਆਖਿਆ ਜਾਹ ਮਨਾ ਉਸਨੂੰ, ਵਿਆਹ ਤੀਕ ਤਾਂ ਮਹੀਂ ਚਰਾਇ ਲਈਏ ।
ਜਦੋਂ ਹੀਰ ਪਾ ਡੋਲੀ ਟੋਰ ਦੇਈਏ, ਰੁਸ ਪਵੇ ਜਵਾਬ ਤਾਂ ਚਾਇ ਦੇਈਏ ।
ਸਾਡੀ ਧੀਉ ਦਾ ਕੁੱਝ ਨਾ ਲਾਹ ਲੈਂਦਾ, ਸਭ ਟਹਿਲ ਟਕੋਰ ਕਰਾਇ ਲਈਏ ।
ਵਾਰਿਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ, ਜਟਕਾ ਫੰਦ ਏਥੇ ਹਿਕ ਲਾਇ ਲਈਏ ।
(ਟਹਿਲ ਟਕੋਰ=ਸੇਵਾ)
ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ, ਜਿਹੜਾ ਜਿਹੜਾ ਸੀ ਭਾਈਆਂ ਸਾਂਵਿਆਂ ਦਾ ।
ਸਾਡੇ ਮਾਹੀ ਦੀ ਖ਼ਬਰ ਹੈ ਕਿਤੇ ਅੜਿਉ, ਕਿਧਰ ਮਾਰਿਆ ਗਿਆ ਪਛਤਾਵਿਆਂ ਦਾ ।
ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ, ਰੰਗ ਧੋਵੇ ਪਲੰਘ ਦੇ ਪਾਵਿਆਂ ਦਾ ।
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ, ਇਹ ਜੇ ਪਿਆ ਸਰਦਾਰ ਨਿਥਾਵਿਆਂ ਦਾ ।
ਸਿਰ ਪਟੇ ਸਫ਼ਾ ਕਰ ਹੋ ਰਹਿਆ, ਜੇਹਾ ਬਾਲਕਾ ਮੁੰਨਿਆਂ ਬਾਵਿਆਂ ਦਾ ।
ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਉਭੇ ਸਾਹ ਭਰਦਾ ਮਾਰਾ ਹਾਵਿਆਂ ਦਾ ।
(ਸਾਂਵੇ ਭਾਈ=ਬਰਾਬਰ ਦੇ ਭਾਈ, ਸੱਥਰ=ਧਰਤੀ ਉੱਤੇ ਘਾਹ ਫੂਸ ਦਾ ਬਣਾਇਆ
ਬਿਸਤਰਾ, ਉਭੇ ਸਾਹ ਭਰਦਾ=ਠੰਡੇ ਸਾਹ ਲੈਂਦਾ)
ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ, ਕੋਈ ਸਖ਼ਨ ਨਾ ਜੀਊ ਤੇ ਲਿਆਵਣਾ ਈ ।
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ ਈ ।
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ, ਸ਼ਾਮੋ ਸ਼ਾਮ ਰਾਤੀਂ ਘਰੀਂ ਆਵਣਾ ਈ ।
ਤੂੰ ਹੀ ਚੋਇਕੇ ਦੁਧ ਜਮਾਵਣਾ ਈ, ਤੂੰ ਹੀ ਹੀਰ ਦਾ ਪਲੰਘ ਵਿਛਾਵਣਾ ਈ ।
ਕੁੜੀ ਕਲ੍ਹ ਦੀ ਤੇਰੇ ਤੋਂ ਰੁਸ ਬੈਠੀ, ਤੂੰ ਹੀ ਓਸ ਨੂੰ ਆਇ ਮਨਾਵਣਾ ਈ ।
ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ ।
ਮੰਗੂ ਛੇੜ ਕੇ ਝੱਲ ਵਿੱਚ ਮੀਆਂ ਵਾਰਿਸ, ਅਸਾਂ ਤਖਤ ਹਜ਼ਾਰੇ ਨਾ ਜਾਵਣਾ ਈ ।
ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ, ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ ।
ਮੀਆਂ ਮੰਨ ਲਏ ਓਸ ਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅੰਮੜੀ ਹੈ ।
ਕੀ ਜਾਣੀਏ ਉੱਠ ਕਿਸ ਘੜੀ ਬਹਿਸੀ, ਅਜੇ ਵਿਆਹ ਦੀ ਵਿੱਥ ਤਾਂ ਲੰਮੜੀ ਹੈ ।
ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਕਿਸੇ ਪੱਲੇ ਨਹੀਂ ਬੱਧੜੀ ਦੰਮੜੀ ਹੈ ।
ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ, ਛੇੜ ਮੱਝੀਆਂ ਝੱਲ ਨੂੰ ਆਂਵਦਾ ਹੈ ।
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ, ਆਪ ਨਹਾਇਕੇ ਰੱਬ ਧਿਆਂਵਦਾ ਹੈ ।
ਹੀਰ ਸੱਤੂਆਂ ਦਾ ਮਗਰ ਘੋਲ ਛੰਨਾ, ਵੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਹੈ ।
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ, ਹਥ ਬੰਨ੍ਹ ਸਲਾਮ ਕਰਾਂਵਦਾ ਹੈ ।
ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ, ਅੱਗੋਂ ਪੀਰ ਹੁਣ ਇਹ ਫਰਮਾਂਵਦਾ ਹੈ ।
(ਝਾਂਗੜੇ=ਜੰਗਲ,ਦਰਖਤਾਂ ਦਾ ਝੁੰਡ,ਝਿੜੀ)
ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ, ਨਾਹੀਂ ਇਸ਼ਕ ਨੂੰ ਲੀਕ ਲਗਾਵਣਾ ਈ ।
ਬੱਚਾ ਖਾ ਚੂਰੀ ਚੋਏ ਮਝ ਬੂਰੀ, ਜ਼ਰਾ ਜਿਉ ਨੂੰ ਨਹੀਂ ਵਲਾਵਣਾ ਈ ।
ਅੱਠੇ ਪਹਿਰ ਖ਼ੁਦਾਇ ਦੀ ਯਾਦ ਅੰਦਰ, ਤੁਸਾਂ ਜ਼ਿਕਰ ਤੇ ਖ਼ੈਰ ਕਮਾਵਣਾ ਈ ।
ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਇਸ਼ਕ ਤੋਂ ਨਹੀਂ ਡੁਲਾਵਣਾ ਈ ।
(ਵਲਾਵਣਾ=ਅਸਲ ਕੰਮ ਤੋਂ ਧਿਆਨ ਪਾਸੇ ਕਰਨਾ)
ਹੀਰ ਵੱਤ ਕੇ ਬੇਲਿਉਂ ਘਰੀਂ ਆਈ, ਮਾਂ ਬਾਪ ਕਾਜ਼ੀ ਸੱਦ ਲਿਆਉਂਦੇ ਨੇ ।
ਦੋਵੇ ਆਪ ਬੈਠੇ ਅਤੇ ਵਿੱਚ ਕਾਜ਼ੀ, ਅਤੇ ਸਾਹਮਣੇ ਹੀਰ ਬਹਾਉਂਦੇ ਨੇ ।
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ ।
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਉਂ ਦੇ ਨੇ ।
ਤ੍ਰਿੰਞਣ ਜੋੜ ਕੇ ਆਪਣੇ ਘਰੀਂ ਬਹੀਏ, ਸੁਘੜ ਗਾਉਂ ਕੇ ਜੀਉ ਪਰਚਾਉਂਦੇ ਨੇ ।
ਲਾਲ ਚਰਖੜਾ ਡਾਹ ਕੇ ਛੋਪ ਪਾਈਏ, ਕੇਹੇ ਸੁਹਣੇ ਗੀਤ ਝਨਾਉਂ ਦੇ ਨੇ ।
ਨੀਵੀਂ ਨਜਰ ਹਿਆ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫ਼ਰਮਾਉਂਦੇ ਨੇ ।
ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਇਹ ਪੰਜ ਗਰਾਉਂ ਦੇ ਨੇ ।
ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ, ਬਾਲਾ ਸ਼ਾਨ ਇਹ ਜਟ ਸਦਾਉਂਦੇ ਨੇ ।
ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ, ਅੱਜ ਕਲ੍ਹ ਲਾਗੀ ਘਰ ਆਉਂਦੇ ਨੇ ।
ਏਥੇ ਵਿਆਹ ਦੇ ਵੱਡੇ ਸਾਮਾਨ ਹੋਏ, ਖੇੜੇ ਪਏ ਬਣਾ ਬਣਾਉਂਦੇ ਨੇ ।
ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਜ ਲੈ ਆਉਂਦੇ ਨੇ ।
(ਛੋਪ=ਕੱਤਣ ਲਈ ਪਾਏ ਪੂਣੀਆਂ ਦੇ ਜੋਟੇ, ਬਾਲਾ ਸ਼ਾਨ=ਉੱਚੀ ਸ਼ਾਨ)
ਹੀਰ ਆਖਦੀ ਬਾਬਲਾ ਅਮਲੀਆਂ ਤੋਂ, ਨਹੀਂ ਅਮਲ ਹਟਾਇਆ ਜਾਇ ਮੀਆਂ ।
ਜਿਹੜੀਆਂ ਵਾਦੀਆਂ ਆਦਿ ਦੀਆਂ ਜਾਣ ਨਾਹੀਂ, ਰਾਂਝੇ ਚਾਕ ਤੋਂ ਰਹਿਆ ਨਾ ਜਾਇ ਮੀਆਂ ।
ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ, ਝੁਟ ਨਾਲ ਓਹ ਰਿਜ਼ਕ ਕਮਾਇ ਮੀਆਂ ।
ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਣੀ ਦੇ ਹਟਾਇ ਮੀਆਂ ।
ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ ।
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖ਼ੁਦਾਇ ਮੀਆਂ ।
ਹੋਰ ਸਭ ਗੱਲਾਂ ਮੰਜ਼ੂਰ ਹੋਈਆਂ, ਰਾਂਝੇ ਚਾਕ ਥੀਂ ਰਹਿਆ ਨਾ ਜਾਇ ਮੀਆਂ ।
ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ, ਸਿਰ ਜਾਏ ਤੇ ਇਹ ਨਾ ਜਾਇ ਮੀਆਂ ।
ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, ਬਾਰਾਂ ਬਰਸ ਬਿਨਾਂ ਨਾਹੀਂ ਜਾਇ ਮੀਆਂ ।
(ਵਾਦੀਆਂ=ਆਦਤਾਂ, ਆਦਿ=ਮੁਢ ਕਦੀਮ ਦੀਆਂ, ਝੁੱਟ=ਪੰਜੇ ਦਾ ਤਿੱਖਾ ਹੱਲਾ,
ਵਾਰਿਦ ਹੋ ਰਹੀ=ਵਾਪਰ ਰਹੀ, ਸਾਰ=ਲੋਹਾ)
ਇਹਦੇ ਵਢ ਲੁੜ੍ਹਕੇ ਖੋਹ ਚੂੰਡਿਆਂ ਥੋਂ, ਗਲ ਘੁਟ ਕੇ ਡੂੰਘੜੇ ਬੋੜੀਏ ਨੀ ।
ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਢੂਈਂ ਨਾਲ ਖੜਲੱਤ ਦੇ ਤੋੜੀਏ ਨੀ ।
ਇਹਦਾ ਦਾਤਰੀ ਨਾਲ ਚਾ ਢਿਡ ਪਾੜੋ, ਸੂਆ ਅੱਖੀਆਂ ਦੇ ਵਿੱਚ ਪੋੜੀਏ ਨੀ ।
ਵਾਰਿਸ ਚਾਕ ਤੋਂ ਇਹ ਨਾ ਮੁੜੇ ਮੂਲੇ, ਅਸੀਂ ਰਹੇ ਬਹੁਤੇਰੜਾ ਹੋੜੀਏ ਨੀ ।
(ਲੁੜ੍ਹਕੇ=ਕੰਨਾਂ ਦੇ ਗਹਿਣੇ, ਚੁੰਡਿਆਂ=ਸਿਰ ਦੇ ਵਾਲ, ਖੜਲੱਤ=ਦਰਵਾਜ਼ੇ
ਦੀ ਸਾਖ, ਪੋੜਨਾ=ਗੱਡਣਾ,ਖੋਭ ਦੇਣੇ)
ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ, ਜਦੋਂ ਗ਼ੁੱਸਿਆਂ ਤੇ ਬਾਪ ਆਂਵਦੇ ਨੇ ।
ਸਿਰ ਵਢ ਕੇ ਨਈਂ ਵਿੱਚ ਰੋੜ੍ਹ ਦਿੰਦੇ, ਮਾਸ ਕਾਉਂ ਕੁੱਤੇ ਬਿੱਲੇ ਖਾਂਵਦੇ ਨੇ ।
ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ, ਕਈ ਡੂਮ ਢਾਡੀ ਪਏ ਗਾਂਵਦੇ ਨੇ ।
ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ ।
ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ, ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ ।
ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਦੇਣੇ ਖ਼ੂਨ ਨਾ ਤਿਨਾਂ ਦੇ ਆਂਵਦੇ ਨੇ ।
(ਘੁਟ=ਗਲ ਘੁਟ ਕੇ, ਲੰਘਾਵਨਾ=ਮਾਰ ਦੇਣਾ, ਪਾਰ ਬੁਲਾ ਦੇਣਾ, ਸੱਸੀ
ਜਾਮ ਜਲਾਲੀ=ਸਿੰਧ ਦੇ ਪੁਰਾਣੇ ਸ਼ਹਿਰ ਭੰਬੋਰ ਦੇ ਬਾਦਸ਼ਾਹ ਜਾਮ ਜਲਾਲੀ
ਦੀ ਪੁਤਰੀ ਸੱਸੀ ਸੀ । ਉਸਦੇ ਜੰਮਣ ਤੇ ਨਜੂਮੀਆਂ ਨੇ ਦੱਸਿਆ ਕਿ ਉਹ
ਵੱਡੀ ਹੋ ਕੇ ਇਸ਼ਕ ਕਰਕੇ ਬਾਦਸ਼ਾਹ ਦੀ ਬਦਨਾਮੀ ਕਰੇਗੀ । ਇਸ ਤੋਂ
ਬਚਣ ਲਈ ਜਾਮ ਜਲਾਲੀ ਨੇ ਸੱਸੀ ਨੂੰ ਜੰਮਦਿਆਂ ਹੀ ਇੱਕ ਸੰਦੂਕ ਵਿੱਚ
ਪਾਕੇ ਨਦੀ ਵਿੱਚ ਰੋੜ੍ਹ ਦਿੱਤਾ । ਉਸ ਨੂੰ ਇੱਕ ਬੇਔਲਾਦ ਧੋਬੀ ਅੱਤੇ ਨੇ
ਪਾਲ ਲਿਆ ।ਇਹੋ ਲੜਕੀ ਕੀਚਮ ਮਕਰਾਨ ਦੇ ਰਾਜਕੁਮਾਰ ਪੁੰਨੂੰ ਦੇ
ਇਸ਼ਕ ਵਿੱਚ ਉਹਨੂੰ ਵਾਜਾਂ ਮਾਰਦੀ ਰੇਤ ਵਿੱਚ ਭੁੱਜ ਕੇ ਮਰ ਗਈ)
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ ।
ਮਿਲਣ ਖਾਣੀਆਂ ਤਿਨ੍ਹਾਂ ਨੂੰ ਫਾੜ ਕਰਕੇ, ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏ ।
ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ, ਗਲ ਪੱਲੂੜਾ ਤੇ ਮੂੰਹ ਘਾਹ ਮਾਏ ।
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਓਹਦਾ ਹੀਰ ਦੇ ਨਾਲ ਨਿਬਾਹ ਮਾਏਂ ।
(ਪੱਲੂੜਾ=ਪੱਲਾ)
ਸੁਲਤਾਨ ਭਾਈ ਆਇਆ ਹੀਰ ਸੰਦਾ, ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ ।
ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ, ਸੁੱਟਾਂ ਏਸ ਨੂੰ ਜਾਨ ਥੀਂ ਮਾਰ ਅੰਮਾਂ ।
ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ, ਫੇਰਾਂ ਏਸ ਦੀ ਧੌਣ ਤਲਵਾਰ ਅੰਮਾਂ ।
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ, ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ ।
ਜੇ ਧੀ ਨਾ ਹੁਕਮ ਵਿੱਚ ਰੱਖਿਆ ਈ, ਸਭ ਸਾੜ ਸੱਟੂੰ ਘਰ ਬਾਰ ਅੰਮਾਂ ।
ਵਾਰਿਸ ਸ਼ਾਹ ਜਿਹੜੀ ਧੀਉ ਬੁਰੀ ਹੋਵੇ, ਦੇਈਏ ਰੋੜ੍ਹ ਸਮੁੰਦਰੋਂ ਪਾਰ ਅੰਮਾਂ ।
(ਹੀਰ ਸੰਦਾ=ਹੀਰ ਦਾ, ਸਤਰ=ਪਰਦਾ)
ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਵੇ ।
ਵਹਿਣ ਪਏ ਦਰਿਆ ਨਾ ਕਦੀ ਮੁੜਦੇ, ਵੱਡੇ ਲਾਇ ਰਹੇ ਜ਼ੋਰ ਜ਼ਾਰੀਆਂ ਵੇ ।
ਲਹੂ ਨਿਕਲਣੋ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ ।
ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਣ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ ।
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ, ਏਹ ਨਹੀਂ ਸੁਖਾਲੀਆਂ ਯਾਰੀਆਂ ਵੇ ।
ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇ, ਦੇਖੋ ਇਸ਼ਕ ਬਣਾਈਆਂ ਖ਼ੁਆਰੀਆਂ ਵੇ ।
ਕਾਜ਼ੀ ਆਖਿਆ ਖ਼ੌਫ਼ ਖ਼ੁਦਾਇ ਦਾ ਕਰ, ਮਾਪੇ ਜਿੱਦ ਚੜ੍ਹੇ ਚਾਇ ਮਾਰਨੀਗੇ ।
ਤੇਰੀ ਕਿਆੜੀਉਂ ਜੀਭ ਖਿਚਾ ਕੱਢਣ, ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀਗੇ ।
ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ, ਓਸ ਵਕਤ ਹੀ ਪਾਰ ਉਤਾਰਨੀਗੇ ।
ਮਾਂ ਆਖਦੀ ਲੋੜ੍ਹ ਖੁਦਾਇ ਦਾ ਜੇ, ਤਿੱਖੇ ਸ਼ੋਖ ਦੀਦੇ ਵੇਖ ਪਾੜਨੀਗੇ ।
ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ, ਨਹੀਂ ਅੱਗ ਦੇ ਵਿੱਚ ਨਿਘਾਰਨੀਗੇ ।
(ਕਿਆੜੀ=ਜੜ੍ਹੋਂ, ਤਰਕ ਕਰ=ਛੱਡ ਦੇ, ਨਿਘਾਰਨਾ=ਸੁੱਟਣਾ)
ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ, ਜਦੋਂ ਹੀਰ ਸੁਨੇਹੜਾ ਘੱਲਿਆ ਈ ।
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ, ਗਿਲਾ ਸਭਨਾ ਦਾ ਅਸਾਂ ਝੱਲਿਆ ਈ ।
ਆਏ ਪੀਰ ਪੰਜੇ ਅੱਗੇ ਹਥ ਜੋੜੇ, ਨੀਰ ਰੋਂਦਿਆਂ ਮੂਲ ਨਾਲ ਠੱਲ੍ਹਿਆ ਈ ।
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜਿਉ ਸਾਡਾ ਥਰਥੱਲਿਆ ਈ ।
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਉਂ ਤੇ ਬਾਪ ਪਥੱਲਿਆ ਈ ।
ਮਦਦ ਕਰੋ ਖੁਦਾਇ ਦੇ ਵਾਸਤੇ ਜੀ, ਮੇਰਾ ਇਸ਼ਕ ਖ਼ਰਾਬ ਹੋ ਚੱਲਿਆ ਈ ।
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ, ਮੀਏਂ ਰਾਂਝੇ ਦਾ ਜੀਉ ਤਸੱਲਿਆ ਈ ।
ਤੇਰੀ ਹੀਰ ਦੀ ਮੱਦਤੇ ਮੀਆਂ ਰਾਂਝਾ, ਮਖ਼ਦੂਮ ਜਹਾਨੀਆਂ ਘੱਲਿਆ ਈ ।
ਦੋ ਸੱਦ ਸੁਣਾ ਖਾਂ ਵੰਝਲੀ ਦੇ, ਸਾਡਾ ਗਾਵਣੇ ਤੇ ਜੀਉ ਚੱਲਿਆ ਈ ।
ਵਾਰਿਸ ਸ਼ਾਹ ਅੱਗੇ ਜਟ ਗਾਂਵਦਾ ਈ, ਵੇਖੋ ਰਾਗ ਸੁਣ ਕੇ ਜੀਉ ਹੱਲਿਆ ਈ ।
(ਪਥੱਲਿਆ=ਉਲੱਦ ਦਿੱਤਾ,ਤੰਗ ਕੀਤਾ, ਤਸੱਲਿਆ=ਤਸੱਲੀ ਦਿੱਤੀ ਸੱਦ=ਬੋਲ,
ਗੀਤ, ਜੀਉ ਚੱਲਿਆ=ਦਿਲ ਚਾਹੁੰਦਾ, ਜੀਉ ਹੱਲਿਆ=ਰੂਹ ਕੰਬ ਗਈ)
ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ, ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ ।
ਕਦੀ ਊਧੋ ਤੇ ਕਾਨ੍ਹ ਦੇ ਬਿਸ਼ਨਪਦੇ, ਕਦੇ ਮਾਝ ਪਹਾੜੀ ਦੀ ਲਾਂਵਦਾ ਏ ।
ਕਦੀ ਢੋਲ ਤੇ ਮਾਰਵਣ ਛੋਹ ਦਿੰਦਾ, ਕਦੀ ਬੂਬਨਾ ਚਾਇ ਸੁਣਾਂਵਦਾ ਏ ।
ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ, ਵਿੱਚ ਝਿਊਰੀ ਦੀ ਕਲੀ ਲਾਂਵਦਾ ਏ ।
ਕਦੀ ਸੋਹਣੀ ਤੇ ਮਹੀਂਵਾਲ ਵਾਲੇ, ਨਾਲ ਸ਼ੌਕ ਦੇ ਸੱਦ ਸੁਣਾਂਵਦਾ ਏ ।
ਕਦੀ ਧੁਰਪਦਾਂ ਨਾਲ ਕਬਿਤ ਛੋਹੇ, ਕਦੀ ਸੋਹਲੇ ਨਾਲ ਰਲਾਂਵਦਾ ਏ ।
ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਹੀ ਦਾ ਭੋਗ ਚਾ ਪਾਂਵਦਾ ਏ ।
ਸੋਰਠ ਗੁਜਰੀਆਂ ਪੂਰਬੀ ਲਲਿਤ ਭੈਰੋਂ, ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ ।
ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ, ਜੈਤਸਰੀ ਭੀ ਨਾਲ ਰਲਾਂਵਦਾ ਏ ।
ਮਾਲਸਰੀ ਤੇ ਪਰਜ ਬਿਹਾਗ ਬੋਲੇ, ਨਾਲ ਮਾਰਵਾ ਵਿੱਚ ਵਜਾਵੰਦਾ ਏ ।
ਕੇਦਾਰਾ ਬਿਹਾਗੜਾ ਤੇ ਰਾਗ ਮਾਰੂ, ਨਾਲੇ ਕਾਨ੍ਹੜੇ ਦੇ ਸੁਰ ਲਾਂਵਦਾ ਏ ।
ਕਲਿਆਨ ਦੇ ਨਾਲ ਮਾਲਕੌਂਸ ਬੋਲੇ, ਅਤੇ ਮੰਗਲਾਚਾਰ ਸੁਣਾਂਵਦਾ ਏ ।
ਭੈਰੋਂ ਨਾਲ ਪਲਾਸੀਆਂ ਭੀਮ ਬੋਲੇ, ਨਟ ਰਾਗ ਦੀ ਜ਼ੀਲ ਵਜਾਂਵਦਾ ਏ ।
ਬਰਵਾ ਨਾਲ ਪਹਾੜ ਝੰਝੋਟੀਆਂ ਦੇ, ਹੋਰੀ ਨਾਲ ਆਸਾਖੜਾ ਗਾਂਵਦਾ ਏ ।
ਬੋਲੇ ਰਾਗ ਬਸੰਤ ਹਿੰਡੋਲ ਗੋਪੀ, ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਏ ।
ਪਲਾਸੀ ਨਾਲ ਤਰਾਨਿਆਂ ਰਾਮਕਲੀ, ਵਾਰਿਸ ਸ਼ਾਹ ਨੂੰ ਖੜਾ ਸੁਣਾਂਵਦਾ ਏ ।
(ਬਿਸ਼ਨ ਪਦੇ=ਸਿਫ਼ਤ ਦੇ ਗੀਤ, ਧੁਰ ਪਦ=ਸ਼ੁਰੂ ਹੋਣ ਦਾ ਪੈਰ, ਸੁਹਲਾ=
ਸੋਲ੍ਹਾਂ (16) ਅੰਗ ਦਾ ਕਬਿਤ, ਮਾਲਕੌਂਸ=ਇੱਕ ਰਾਗ ਦਾ ਨਾਮ, ਮੰਗਲਾ
ਚਾਰ=ਬੰਦਨਾਂ ਦੇ ਸ਼ਬਦ ਹਿੰਡੋਲ ਗੋਪੀ=ਝੂਲੇ ਦਾ ਗੀਤ, ਪਲਾਸੀਆਂ ਭੀਮ=
ਭੀਮ ਪਲਾਸੀ,ਇੱਕ ਰਾਗ, ਕਲੀ=ਸ਼ਿਆਰ ਦਾ ਇੱਕ ਹਿੱਸਾ, ਹੋਰੀ=ਹੋਲੀ,
ਮੁੰਦਾਵਨੀ=ਅੰਤਲਾ ਗੀਤ, ਸਾਰੰਗ=ਦੁਪਹਿਰ ਵੇਲੇ ਗਾਇਆ ਜਾਣ ਵਾਲਾ
ਕਲਾਸਕੀ ਰਾਗ, ਰਾਗ ਸੂਹੀ=ਰਗ ਦਾ ਇੱਕ ਭੇਦ, ਸੋਰਠ=ਸੁਰਾਸ਼ਟਰ ਦੇਸ
ਦੀ ਰਾਗਨੀ, ਗੁਜਰੀ=ਗੁਜਰਾਤ ਦੇਸ਼ ਦੀ ਰਾਗਨੀ, ਪੂਰਬੀ=ਇੱਕ ਰਾਗਨੀ
ਜਿਹੜੀ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਹੈ, ਲਲਿਤ=ਇੱਕ ਰਾਗਨੀ,
ਭੈਰਵ=ਇੱਕ ਰਾਗ ਜਿਹੜਾ ਡਰ ਪੈਦਾ ਕਰਦਾ ਹੈ, ਦੀਪਕ ਰਾਗ=ਇੱਕ ਰਾਗ
ਜਿਸ ਦੇ ਗਾਇਆਂ ਅੱਗ ਲੱਗ ਜਾਂਦੀ ਹੈ,ਇਸ ਪਿੱਛੋਂ ਮਲ੍ਹਾਰ ਗਾਉਣਾ ਜ਼ਰੂਰੀ ਹੈ,
ਮੇਘ=ਬਰਸਾਤ ਦੇ ਦਿਨਾਂ ਦਾ ਰਾਗ ਜੋ ਰਾਤ ਦੇ ਪਿਛਲੇ ਪਹਿਰ ਗਾਇਆ ਜਾਂਦਾ ਹੈ,
ਕਹਿੰਦੇ ਹਨ ਕਿ ਇਹ ਰਾਗ ਬ੍ਰਹਮਾ ਦੇ ਸਿਰ ਵਿੱਚੋਂ ਨਿਕਲਿਆ ਹੈ, ਮਲ੍ਹਾਰ=ਸਾਵਣ
ਮਾਹ ਵਿੱਚ ਗਾਈ ਜਾਣ ਵਾਲੀ ਰਾਗਨੀ, ਧਨਾਸਰੀ=ਇੱਕ ਰਾਗਨੀ, ਜੈਤਸਰੀ=ਰਾਗ,
ਮਾਲਸਰੀ=ਇੱਕ ਰਾਗਨੀ, ਬਸੰਤ=ਇੱਕ ਰਾਗ, ਰਾਮ ਕਲੀ=ਇੱਕ ਰਾਗਨੀ, ਮਲਕੀ=
ਅਕਬਰ ਬਾਦਸ਼ਾਹ ਦੇ ਜ਼ਮਾਨੇ ਦਾ ਮਸ਼ਹੂਰ ਕਿੱਸਾ, ਕੀਮਾ ਮਲਕੀ ਸਿੰਧ ਅਤੇ ਪੱਛਮੀ
ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ, ਜਲਾਲੀ=(ਜਲਾਲੀ ਅਤੇ ਰੋਡਾ) ਮੁਲਤਾਨ ਦੇ ਲਾਗੇ
ਤਲਹਿ ਪਿੰਡ ਦੇ ਲੁਹਾਰ ਦੀ ਬੇਟੀ, ਜਿਹੜੀ ਬਹੁਤ ਸੁੰਦਰ ਅਤੇ ਅਕਲ ਵਾਲੀ ਸੀ ।
ਬਲਖ ਦਾ ਇੱਕ ਨੌਜਵਾਨ ਅਲੀ ਗੌਹਰ ਉਹਦੀ ਸੁੰਦਰਤਾ ਨੂੰ ਸਪਨੇ ਵਿੱਚ ਦੇਖ ਕੇ
ਉਹਦੀ ਭਾਲ ਵਿੱਚ ਫ਼ਕੀਰ ਬਣ ਕੇ ਨਿਕਲ ਪਿਆ ।ਇਹਨੇ ਆਪਣੇ ਸਾਰੇ ਵਾਲ
ਮੁਨਾ ਦਿੱਤੇ ਇਸ ਲਈ ਉਹਨੂੰ ਰੋਡਾ ਕਹਿੰਦੇ ਹਨ ।ਜਦੋਂ ਇਹ ਜਲਾਲੀ ਦੇ ਪਿੰਡ
ਪਹੁੰਚਾ ਤਾਂ ਉਹ ਖੂਹ ਤੇ ਪਾਣੀ ਭਰਦੀ ਸੀ ।ਫੇਰ ਮੁਲਾਕਾਤਾਂ ਵਧ ਗਈਆਂ ।ਜਲਾਲੀ
ਉਤੇ ਘਰ ਵਾਲਿਆਂ ਨੇ ਪਾਬੰਦੀ ਲਾ ਦਿੱਤੀ ।ਉਹ ਆਪ ਉਹਨੂੰ ਮਿਲਣ ਚਲਾ ਗਿਆ ।
ਸਜ਼ਾ ਦੇ ਤੌਰ ਤੇ ਰੋਡੇ ਨੂੰ ਨਦੀ ਵਿੱਚ ਸੁੱਟ ਦਿੱਤਾ ।ਓਥੋਂ ਉਹ ਬਚ ਕੇ ਨਿਕਲ ਆਇਆ ।
ਜਦੋਂ ਜਲਾਲੀ ਦਾ ਵਿਆਹ ਹੋਣ ਲੱਗਾ ਤਾਂ ਉਹ ਉਹਨੂੰ ਭਜਾ ਕੇ ਲੈ ਗਿਆ ।ਪੱਤਣ ਤੇ
ਦਰਿਆ ਪਾਰ ਕਰਨ ਲੱਗਾ ਸੀ ਕਿ ਫੜਿਆ ਗਿਆ।ਲੁਹਾਰਾਂ ਨੇ ਉਹਦੇ ਟੋਟੇ ਕਰਕੇ ਨਦੀ
ਵਿੱਚ ਰੋੜ੍ਹ ਦਿੱਤਾ ਅਤੇ ਜਲਾਲੀ ਇਸੇ ਸਦਮੇ ਨਾਲ ਮਰ ਗਈ)
ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ ।
ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ ।
ਤੈਨੂੰ ਲਾਏ ਭਬੂਤ ਮਲੰਗ ਕਰੀਏ, ਬੱਚਾ ਓਹ ਵੀ ਤੇਰੀ ਮਲੰਗਣੀ ਹੈ ।
ਜੇਹੇ ਨਾਲ ਰਲੀ ਤੇਹੀ ਹੋ ਜਾਏ, ਨੰਗਾਂ ਨਾਲ ਲੜੇ ਸੋ ਭੀ ਨੰਗਣੀ ਹੈ ।
ਵਾਰਿਸ ਸ਼ਾਹ ਨਾ ਲੜੀਂ ਨਾ ਛੱਡ ਜਾਈਂ, ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ ।
(ਅਜੀ=ਅੱਜ ਹੀ, ਟੰਗਣੀ=ਵਿਆਹ ਬਗ਼ੈਰ ਮਾਪਿਆਂ ਘਰ ਬਿਠਾਈ ਰੱਖਣੀ)
ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤੀਆ ਨੇ ਜਾਹ ਹੀਰ ਤੇਰੀ ।
ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮੱਦਦ ਹੋ ਗਏ ਪੰਜੇ ਪੀਰ ਤੇਰੀ ।
ਜਾਹ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ ।
ਵਾਰਿਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ, ਕਰ ਛੱਡੀ ਹੈ ਨੇਕ ਤਦਬੀਰ ਤੇਰੀ ।
(ਖ਼ੁਸ਼ਹਾਲ=ਖੁਸ਼, ਮਕਸੂਦ=ਮੰਗ,ਮੁਰਾਦ, ਤਕਸੀਰ=ਗਲਤੀ)
ਰਾਂਝੇ ਆਖਿਆ ਆ ਖਾਂ ਬੈਠ ਹੀਰੇ, ਕੋਈ ਖ਼ੂਬ ਤਦਬੀਰ ਬਣਾਈਏ ਜੀ ।
ਤੇਰੇ ਮਾਉਂ ਤੇ ਬਾਪ ਦਿਲਗੀਰ ਹੁੰਦੇ, ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਜੀ ।
ਮਿੱਠੀ ਨੈਣ ਨੂੰ ਸਦ ਕੇ ਬਾਤ ਗਿਣੀਏ, ਜੇ ਤੂੰ ਕਹੇਂ ਤੇਰੇ ਘਰ ਆਈਏ ਜੀ ।
ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ, ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਜੀ ।
ਦਿਨੇ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਜੀ ।
ਹੀਰ ਪੰਜ ਮੁਹਰਾਂ ਹੱਥ ਦਿੱਤੀਆਂ ਨੇ, ਜੀਵੇਂ ਮਿਠੀਏ ਡੌਲ ਬਣਾਈਏ ਜੀ ।
ਕੁੜੀਆਂ ਨਾਲ ਨਾ ਖੋਲ੍ਹਣਾ ਭੇਦ ਮੂਲੇ, ਸਭਾ ਜੀਉ ਦੇ ਵਿੱਚ ਲੁਕਾਈਏ ਜੀ ।
ਵਾਰਿਸ ਸ਼ਾਹ ਛੁਪਾਈਏ ਖ਼ਲਕ ਕੋਲੋਂ, ਭਾਵੇ ਆਪਣਾ ਹੀ ਗੁੜ ਖਾਈਏ ਜੀ ।
(ਡੌਲ=ਸਕੀਮ, ਮੂਲੇ=ਬਿਲਕੁਲ)
ਫਲ੍ਹੇ ਕੋਲ ਜਿੱਥੇ ਮੰਗੂ ਬੈਠਦਾ ਸੀ, ਓਥੇ ਕੋਲ ਹੈਸੀ ਘਰ ਨਾਈਆਂ ਦਾ ।
ਮਿੱਠੀ ਨਾਇਣ ਘਰਾਂ ਸੰਦੀ ਖਸਮਣੀ ਸੀ, ਨਾਈ ਕੰਮ ਕਰਦੇ ਫਿਰਨ ਸਾਈਆਂ ਦਾ ।
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ ।
ਚਾਂ ਭਾਂ ਮੱਠੀ ਫਿਰਨ ਵਾਲਿਆਂ ਦੀ, ਬਾਰਾ ਖੁਲ੍ਹਦਾ ਲੇਫ਼ ਤਲਾਈਆਂ ਦਾ ।
ਮਿੱਠੀ ਸੇਜ ਵਿਛਾਏ ਕੇ ਫੁੱਲ ਪੂਰੇ, ਉੱਤੇ ਆਂਵਦਾ ਕਦਮ ਖ਼ੁਦਾਈਆਂ ਦਾ ।
ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ, ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾ ।
ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ, ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ ।
ਆਪੋ ਆਪਣੀ ਕਾਰ ਵਿੱਚ ਜਾਇ ਰੁੱਝਣ, ਬੂਹਾ ਫੇਰ ਨਾ ਵੇਖਦੇ ਨਾਈਆਂ ਦਾ ।
(ਖਸਮਣੀ=ਮਾਲਕਣ, ਚਾਂ ਭਾਂ=ਰੌਲਾ, ਬਾਰਾ ਖੁਲਦਾ=ਦਬਾਉ ਘਟ ਹੁੰਦਾ, ਫੁੱਲ
ਪੂਰੇ=ਫੁੱਲ ਸਜਾਏ, ਭਾਤ=ਚੌਲ)
ਦਿੰਹੁ ਹੋਵੇ ਦੁਪਹਿਰ ਤਾਂ ਆਵੇ ਰਾਂਝਾ, ਅਤੇ ਓਧਰੋਂ ਹੀਰ ਵੀ ਆਂਵਦੀ ਹੈ ।
ਇਹ ਮਹੀਂ ਲਿਆ ਬਹਾਂਵਦਾ ਏ, ਓਹ ਨਾਲ ਸਹੇਲੀਆਂ ਲਿਆਂਵਦੀ ਹੈ ।
ਉਹ ਵੰਝਲੀ ਨਾਲ ਸਰੋਦ ਕਰਦਾ, ਇਹ ਨਾਲ ਸਹੇਲੀਆਂ ਗਾਂਵਦੀ ਹੈ ।
ਕਾਈ ਜ਼ੁਲਫ ਨਚੋੜਦੀ ਰਾਂਝਨੇ ਦੀ, ਕਾਈ ਆਣ ਗਲੇ ਨਾਲ ਲਾਂਵਦੀ ਹੈ ।
ਕਾਈ ਚੰਬੜੇ ਲਕ ਨੂੰ ਮਸ਼ਕਬੋਰੀ, ਕਾਈ ਮੁਖ ਨੂੰ ਮੁਖ ਛੁਹਾਂਵਦੀ ਹੈ ।
ਕਾਈ ‘ਮੀਰੀ ਆਂ’ ਆਖ ਕੇ ਭੱਜ ਜਾਂਦੀ, ਮਗਰ ਪਵੇ ਤਾਂ ਟੁੱਭੀਆਂ ਲਾਂਵਦੀ ਹੈ ।
ਕਾਈ ਆਖਦੀ ਮਾਹੀਆ ਮਾਹੀਆ ਵੇ, ਤੇਰੀ ਮਝ ਕਟੀ ਕੱਟਾ ਜਾਂਵਦੀ ਹੈ ।
ਕਾਈ ਮਾਮੇ ਦਿਆਂ ਖ਼ਰਬੂਜ਼ਿਆਂ ਨੂੰ, ਕੌੜੇ ਬਕਬਕੇ ਚਾ ਬਣਾਂਵਦੀ ਹੈ ।
ਕਾਈ ਆਖਦੀ ਝਾਤ ਹੈ ਰਾਂਝਿਆ ਵੇ, ਮਾਰ ਬਾਹੁਲੀ ਪਾਰ ਨੂੰ ਧਾਂਵਦੀ ਹੈ ।
ਕੁੱਤੇ ਤਾਰੀਆਂ ਤਰਨ ਚਵਾਇ ਕਰਕੇ, ਇੱਕ ਛਾਲ ਘੜੰਮ ਦੀ ਲਾਂਵਦੀ ਹੈ ।
ਮੁਰਦੇ-ਤਾਰੀਆਂ ਤਰਨ ਚੌਫਾਲ ਪੈ ਕੇ, ਕੋਈ ਨੌਲ ਨਿੱਸਲ ਰੁੜ੍ਹੀ ਆਂਵਦੀ ਹੈ ।
ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ, ਤੇ ਪਤਾਲ ਦੀ ਮਿੱਟੀ ਲਿਆਂਵਦੀ ਹੈ ।
ਇੱਕ ਬਣਨ ਚਤਰਾਂਗ ਮੁਗ਼ਾਬੀਆਂ ਵੀ, ਸੁਰਖ਼ਾਬ ਤੇ ਕੂੰਜ ਬਣ ਆਂਵਦੀ ਹੈ ।
ਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ, ਇੱਕ ਕਿਲਕਿਲਾ ਹੋ ਵਿਖਾਂਵਦੀ ਹੈ ।
ਇੱਕ ਵਾਂਗ ਕਕੋਹਿਆਂ ਸੰਘ ਟੱਡੇ, ਇੱਕ ਊਦ ਦੇ ਵਾਂਗ ਬੁਲਾਂਵਦੀ ਹੈ ।
ਔਗਤ ਬੋਲਦੀ ਇੱਕ ਟਟੀਹਰੀ ਹੋ, ਇੱਕ ਸੰਗ ਜਲਕਾਵਣੀ ਆਂਵਦੀ ਹੈ ।
ਇੱਕ ਲੁਧਰ ਹੋਇਕੇ ਕੁੜਕੁੜਾਵੇ, ਇੱਕ ਹੋਇ ਸੰਸਾਰ ਸ਼ੂਕਾਂਵਦੀ ਹੈ ।
ਇੱਕ ਦੇ ਪਸਲੇਟੀਆਂ ਹੋਇ ਬੁਲ੍ਹਣ, ਮਸ਼ਕ ਵਾਂਗਰਾਂ ਓਹ ਫੂਕਾਂਵਦੀ ਹੈ ।
ਹੀਰ ਤਰੇ ਚੌਤਰਫ ਹੀ ਰਾਂਝਣੇ ਦੇ, ਮੋਰ ਮਛਲੀ ਬਣ ਬਣ ਆਂਵਦੀ ਹੈ ।
ਆਪ ਬਣੇ ਮਛਲੀ ਨਾਲ ਚਾਵੜਾਂ ਦੇ, ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ ।
ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ, ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ ।
ਵਾਰਿਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ, ਨਿਤ ਯਾਰ ਦਾ ਜੀਉ ਪਰਚਾਂਵਦੀ ਹੈ ।
(ਸਰੋਦ ਕਰਦਾ=ਗਾਉਂਦਾ, ਮਸ਼ਕ ਬੋਰੀ=ਜਿੱਦਾਂ ਮਾਸ਼ਕੀ ਨੇ ਲੱਕ ਨਾਲ ਪਾਣੀ
ਵਾਲੀ ਮਸ਼ਕ ਬੋਰੀ ਵਾਂਗ ਬੰਨ੍ਹੀ ਹੋਵੇ, ‘ਮੀਰੀ ਆਂ’=ਮਿੱਤੀ ਹਾਂ, ਮਾਮੇ ਦੇ ਖ਼ਰਬੂਜ਼ੇ=
ਨਦੀ ਵਿੱਚ ਖੇਡੀ ਜਾਣ ਵਾਲੀ ਇੱਕ ਖੇਡ, ਬਾਹਲੀ=ਬਾਂਹ,ਕਮੀਜ਼ ਦੀ ਬਾਂਹ, ਚਵਾ=
ਚਾਉ, ਨੌਲ ਨਿੱਸਲ=ਪਾਣੀ ਉੱਤੇ ਸਿੱਧਾ ਤਰਨਾ ਕਿ ਸਾਰਾ ਸਰੀਰ ਦਿਸੇ, ਡੰਬੜੇ=
ਦੰਭੀ,ਫ਼ਰੇਬੀ, ਬੁਲ੍ਹਣ=ਇੱਕ ਵੱਡੀ ਮੱਛੀ, ਕੁਰਲ=ਕਨਕੁਰਲ, ਜਾਲੀਆਂ ਪਾਉਂਦੀ=
ਜਾਲ ਲਾਉਂਦੀ)
ਕੈਦੋ ਆਖਦਾ ਮਲਕੀਏ ਭੈੜੀਏ ਨੀ, ਤੇਰੀ ਧੀਉ ਵੱਡਾ ਚੱਚਰ ਚਾਇਆ ਈ ।
ਜਾਇ ਨਈਂ ਤੇ ਚਾਕ ਦੇ ਨਾਲ ਘੁਲਦੀ, ਏਸ ਮੁਲਕ ਦਾ ਰੱਛ ਗਵਾਇਆ ਈ ।
ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ ।
ਮੂੰਹ ਘੁਟ ਰਹੇ ਵਾਲ ਪੁਟ ਰਹੇ, ਲਿੰਗ ਕੁਟ ਰਹੇ ਮੈਨੂੰ ਤਾਇਆ ਈ ।
ਹਿੱਕ ਹੁੱਟ ਰਹੇ ਝਾਟਾ ਪੁਟ ਰਹੇ, ਅੰਤ ਹੁੱਟ ਰਹੇ ਗ਼ੈਬ ਚਾਇਆ ਈ ।
ਲਿਟਾਂ ਪੁਟ ਰਹੇ ਤੇ ਨਿਖੁੱਟ ਰਹੇ, ਲੱਤੀਂ ਜੁਟ ਰਹੇ ਤੇ ਲਟਕਾਇਆ ਈ ।
ਮੱਤੀਂ ਦੇ ਰਹੇ ਪੀਰ ਸੇਂਵ ਰਹੇ, ਪੈਰੀਂ ਪੈ ਰਹੇ ਲੋੜ੍ਹਾ ਆਇਆ ਈ ।
ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ, ਲੰਙੇ ਰਿੱਛ ਨੇ ਮੋੜ ਜਗਾਇਆ ਈ ।
(ਮੁਲਕ ਦਾ ਰੱਛ=ਦੇਸ਼ ਦੀਆਂ ਕਦਰਾਂ ਕੀਮਤਾਂ, ਤਾਇਆ=ਦਿਲ ਸਾੜ
ਦਿੱਤਾ, ਲੰਙਾ ਰਿੱਛ=ਕੈਦੋ)
ਮਲਕੀ ਆਖਦੀ ਸੱਦ ਤੂੰ ਹੀਰ ਤਾਈ, ਝਬ ਹੋ ਤੂੰ ਔਲੀਆ ਨਾਈਆ ਵੇ ।
ਅਲਫੂ ਮੋਚੀਆ ਮੌਜਮਾ ਵਾਗੀਆ ਵੇ, ਧੱਦੀ ਮਾਛੀਆ ਭਜ ਤੂੰ ਭਾਈਆ ਵੇ ।
ਖੇਡਣ ਗਈ ਮੂੰਹ ਸੋਝਲੇ ਘਰੋਂ ਨਿਕਲੀ, ਨਿੰਮ੍ਹੀ ਸ਼ਾਮ ਹੋਈ ਨਹੀਂ ਆਈਆ ਵੇ ।
ਵਾਰਿਸ ਸ਼ਾਹ ਮਾਹੀ ਹੀਰ ਨਹੀਂ ਆਏ, ਮਹਿੜ ਮੰਗੂਆਂ ਦੀ ਘਰੀਂ ਆਈਆ ਵੇ ।
(ਸੋਝਲੇ=ਸਾਝਰੇ, ਮੰਗੂਆਂ ਦੀ ਮਹਿੜ=ਬਾਹਰ ਚੁਗਣ ਗਏ ਪਸ਼ੂਆਂ ਵਿੱਚੋਂ ਕੁਝ
ਪਹਿਲਾਂ ਘਰ ਮੁੜੇ ਪਸ਼ੂ)
ਝੰਗੜ ਡੂਮ ਤੇ ਫੱਤੂ ਕਲਾਲ ਦੌੜੇ, ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ ।
ਜਾ ਹੀਰ ਅੱਗੇ ਧੁੰਮ ਘੱਤੀਆ ਨੇ, ਬੱਚਾ ਕੇਹੀ ਉਡਾਈ ਆ ਖ਼ਾਕ ਮੀਆਂ ।
ਤੇਰੀ ਮਾਂਉਂ ਤੇਰੇ ਉਤੇ ਬਹੁਤ ਗ਼ੁੱਸੇ, ਜਾਨੋਂ ਮਾਰਸੀ ਚੂਚਕ ਬਾਪ ਮੀਆਂ ।
ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ, ਨਾਲੇ ਆਖਦੇ ਮਾਰੀਏ ਚਾਕ ਮੀਆਂ ।
ਸਿਆਲ ਘੇਰ ਘੇਰਨ ਪਵਣ ਮਗਰ ਤੇਰੇ, ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ ।
ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ, ਤੇ ਗੁਲੇਲੜਾ ਪੌਸ ਪਟਾਕ ਮੀਆਂ ।
ਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ, ਸਾਰਾ ਕੋੜਮਾ ਬਹੁਤ ਗ਼ਮਨਾਕ ਮੀਆਂ ।
ਵਾਰਿਸ ਸ਼ਾਹ ਯਤੀਮ ਦੇ ਮਾਰਨੇ ਨੂੰ, ਸਭਾ ਜੁੜੀ ਝਨਾਉਂ ਦੀ ਢਾਕ ਮੀਆਂ ।
(ਧੁੰਮ ਘਤੀਆ=ਰੌਲਾ ਪਾਇਆ)
ਹੀਰ ਮਾਂ ਨੂੰ ਆਣ ਸਲਾਮ ਕੀਤਾ, ਮਾਉਂ ਆਖਦੀ ਆ ਨੀ ਨਹਿਰੀਏ ਨੀ ।
ਯਰੋਲੀਏ ਗੋਲੀਏ ਬੇਹਿਆਏ, ਘੁੰਢ ਵੀਣੀਏ ਤੇ ਗੁਲ ਪਹਿਰੀਏ ਨੀ ।
ਉਧਲਾਕ ਟੂੰਬੇ ਅਤੇ ਕੜਮੀਏ ਨੀ, ਛਲਛਿੱਦਰੀਏ ਤੇ ਛਾਈਂ ਜਹਿਰੀਏ ਨੀ ।
ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ, ਗ਼ੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ ।
ਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ, ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ ।
ਆ ਆਖਨੀ ਹਾਂ ਟਲ ਜਾ ਹੀਰੇ, ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ ।
ਸਾਨ੍ਹਾਂ ਨਾਲ ਰਹੇਂ ਦਿਹੁੰ ਰਾਤ ਖਹਿੰਦੀ, ਆ ਟਲੀਂ ਨੀ ਕੱਟੀਏ ਵਹਿੜੀਏ ਨੀ ।
ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ, ਤੇਰੀ ਸਾਇਤ ਆਂਵਦੀ ਕਹਿਰੀਏ ਨੀ ।
ਵਾਰਿਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ, ਵੇਖੀਂ ਨੀਲ ਡਾਡਾਂ ਉੱਠੇ ਲਹਿਰੀਏ ਨੀ ।
(ਯਰੋਲੀ=ਯਾਰ ਰੱਖਣ ਵਾਲੀ, ਘੁੰਡ ਵੀਣੀ=ਵਿਖਾਵੇ ਦਾ ਘੁੰਡ ਕੱਢਣ ਵਾਲੀ,
ਫ਼ਰੇਬਨ, ਗੁਲ ਪਹਿਰੀ=ਫੁੱਲਾਂ ਨਾਲ ਸਜਾਵਟ ਕਰਨ ਵਾਲੀ, ਉਧਲਾਕ=ਉੱਧਲ
ਜਾਣੀ, ਟੂੰਬੇ=ਟੂਮ, ਕੜਮੀਏ=ਬਦ ਨਸੀਬੇ, ਛਲ ਛਿੱਦਰੀਏ=ਉਪਰੋਂ ਭੋਲੀ ਪਰ
ਅੰਦਰੋਂ ਛਲਾਂ ਨਾਲ ਭਰੀ, ਛਾਈ=ਮਿੱਟੀ ਦਾ ਭਾਵ ਕੱਚਾ, ਜਹਿਰ=ਜਹਿਰੀਏ,
ਪਾਣੀ ਦਾ ਘੜਾ, ਸ਼ਾਦੀ ਤੋਂ ਪਹਿਲਾਂ ਇੱਕ ਰਿਵਾਜ਼ ਸੀ ਕਿ ਕੁੜੀਆਂ ਥੱਲੇ ਉਪਰ
ਦੋ ਤਿੰਨ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖਦੀਆਂ ਸਨ ਅਤੇ ਉਨ੍ਹਾਂ ਦੇ ਸਿਖਰ
ਇੱਕ ਸ਼ਰਬਤ ਦਾ ਪਿਆਲਾ ਭਰਕੇ ਰੱਖ ਦਿੱਤਾ ਜਾਂਦਾ ਸੀ । ਜੋ ਕੋਈ ਮਰਦ
ਇਹ ਘੜੇ ਲਹਾਉਣ ਵਿੱਚ ਮਦਦ ਕਰੇ ਤਾਂ ਉਹ ਆਦਮੀ ਉਸ ਮੁਟਿਆਰ ਨਾਲ
ਵਿਆਹ ਕਰਾਵੇਗਾ, ਗੋਲਾ ਦਿੰਗੀ=ਭੈੜੇ ਚਲਨ ਵਾਲੀ ਇਸਤਰੀ, ਉਜ਼ਬਕ=
ਉਜ਼ਬੇਕਸਤਾਨ ਦੀ,ਧਾੜਵੀ, ਮਾਲਜ਼ਾਦੀ=ਕੰਜਰੀ ਜਾਂ ਵੇਸਵਾ, ਮੁਤਹਿਰਾ=ਡੰਡਾ,
ਕਪੜ ਧੜੀ=ਕਪੜਿਆਂ ਨੂੰ ਕੁਟ ਕੁਟ ਧੋਣਾ, ਨੀਲ ਡਾਡਾਂ=ਡੰਡੇ ਦੀਆਂ ਪਈਆਂ ਲਾਸਾਂ)
ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ, ਕੈਸੇ ਗ਼ੈਬ ਦੇ ਤੂਤੀਏੇ ਬੋਲਨੀ ਹੈਂ ।
ਗੰਦਾ ਬਹੁਤ ਮਲੂਕ ਮੂੰਹ ਝੂਠੜੇ ਦਾ, ਐਡਾ ਝੂਠ ਪਹਾੜ ਕਿਉਂ ਤੋਲਨੀ ਹੈਂ ।
ਸ਼ੁਲਾ ਨਾਲ ਗੁਲਾਬ ਤਿਆਰ ਕੀਤਾ, ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂ ।
ਗਦਾਂ ਕਿਸੇ ਦੀ ਨਹੀਂ ਚੁਰਾ ਆਂਦੀ, ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ ।
ਅਣਸੁਣਿਆਂ ਨੂੰ ਚਾ ਸੁਣਾਇਆ ਈ, ਮੋਏ ਨਾਗ਼ ਵਾਂਗੂੰ ਵਿਸ ਘੋਲਨੀ ਹੈਂ ।
ਵਾਰਿਸ ਸ਼ਾਹ ਗੁਨਾਹ ਕੀ ਅਸਾਂ ਕੀਤਾ, ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ ।
(ਗ਼ੈਬ ਦੇ ਤੂਤੀਏ=ਜਿਹੜੇ ਬੋਲ ਕਿਸੇ ਨੇ ਸੁਣੇ ਨਾ ਹੋਣ, ਸ਼ੁਲਾ=ਸ਼ਰਾਬ, ਪਿਆਜ਼
ਘੋਲਣਾ=ਕੰਮ ਖ਼ਰਾਬ ਕਰਨਾ, ਗਦਾਂ=ਗਧੀ, ਗ਼ੈਬ ਤੋਲਨੇ=ਨਿਰਾ ਝੂਠ ਬੋਲਣਾ)
ਸੜੇ ਲੇਖ ਸਾਡੇ ਕੱਜ ਪਏ ਤੈਨੂੰ, ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ ।
ਨਿਤ ਕਰੇਂ ਤੌਬਾ ਨਿਕ ਕਰੇਂ ਯਾਰੀ, ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀ ।
ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ, ਤੈਨੂੰ ਕਿਸੇ ਫ਼ਕੀਰ ਦੀ ਕੇਹੀ ਵੱਗੀ ।
ਵਾਰਿਸ ਸ਼ਾਹ ਇਹ ਦੁਧ ਤੇ ਖੰਡ ਖਾਂਦੀ, ਮਾਰੀ ਫਿਟਕ ਦੀ ਗਈ ਜੇ ਹੋ ਬੱਗੀ ।
(ਕਜ=ਐਬ,ਨੁਕਸ, ਕਹੀ ਵੱਗੀ=ਮੂੰਹੋਂ ਆਖੀ ਬਦ-ਦੁਆ ਲੱਗ ਗਈ,
ਫਿਟਕ=ਖ਼ੂਨ ਦੇ ਘਟ ਹੋਣ ਕਾਰਨ ਰੰਗ ਪੀਲਾ ਹੋਣ ਦੀ ਬੀਮਾਰੀ)
ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ ।
ਨਿਉਂ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ ।
ਲੈ ਜਾਏ ਮੈਂ ਭੱਈਆਂ ਪਿਟੜੀ ਨੂੰ, ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ ।
ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ।
(ਭੱਈਆਂ-ਪਿੱਟੀ=ਭੱਈਆਂ ਪਿੱਟੀਆਂ,ਇੱਕ ਗਾਲ )
ਕੈਦੋ ਆਇਕੇ ਆਖਦਾ ਸੌਹਰਿਓ ਵੋ, ਮੈਥੋਂ ਕੌਣ ਚੰਗਾ ਮੱਤ ਦੇਸੀਆ ਵੋਇ ।
ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ, ਅੱਜ ਕਲ ਵਿਗਾੜ ਕਰੇਸੀਆ ਵੋਇ ।
ਇਹ ਨਿਤ ਦਾ ਪਿਆਰ ਨਾ ਜਾਏ ਖ਼ਾਲੀ, ਪਿੰਜ ਗੱਡ ਦਾ ਪਾਸ ਨਾ ਵੈਸੀਆ ਵੋਇ ।
ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ, ਪਰ੍ਹਾ ਛੱਡ ਝੇੜਾ ਬਹੁ ਭੇਸੀਆ ਵੋਇ ।
ਰਗ ਇੱਕ ਵਧੀਕ ਹੈ ਲੰਙਿਆਂ ਦੀ, ਕਿਰਤਘਣ ਫ਼ਰਫ਼ੇਜ਼ ਮਲਘੇਸੀਆ ਵੋਇ ।
(ਖ਼ਾਲੀ ਪਿੰਜ ਗਡ=ਬਿਨਾ ਪਿੰਜ ਤੋਂ ਗੱਡਾ, ਫ਼ਰਫ਼ੇਜ਼=ਫ਼ਰੇਬ, ਬਹੁਭੇਸੀਆ=
ਬਹੁਰੂਪੀਆ, ਮਲਘੇਸੀਆ=ਗੰਦਾ)
ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ, ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ ।
ਜਿਨ੍ਹਾਂ ਬਾਣ ਹੈ ਨੱਚਣੇ ਕੁਦਣੇ ਦੀ, ਰੱਖੇ ਕੌਣ ਰੰਨਾਂ ਹਰਿਆਰੀਆਂ ਨੂੰ ।
ਏਸ ਪਾਇ ਭੁਲਾਵੜਾ ਠਗ ਲੀਤੇ, ਕੰਮ ਪਹੁੰਚਸੀ ਬਹੁਤ ਖ਼ੁਆਰੀਆਂ ਨੂੰ ।
ਜਦੋਂ ਚਾਕ ਉਧਾਲ ਲੈ ਜਾਗ ਨੱਢੀ, ਤਦੋਂ ਝੂਰਸੋਂ ਬਾਜ਼ੀਆਂ ਹਾਰੀਆਂ ਨੂੰ ।
ਵਾਰਿਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ, ਸੇਈ ਜਾਣਦੇ ਦਾਰੀਆਂ ਯਾਰੀਆਂ ਨੂੰ ।
(ਭੁਲਾਵੜਾ=ਭੁਲੇਖਾ, ਦਾਰੀਆਂ=ਦਾਰੀ ਦਾ ਬਹੁ-ਵਚਨ,ਖ਼ਾਤਰਦਾਰੀ)
ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ, ਜਾ ਕੰਨ ਦੇ ਵਿੱਚ ਸੁਣਾਇਆ ਈ ।
ਤੈਨੂੰ ਮਿਹਣਾ ਚਾਕ ਦਾ ਦੇ ਕੈਦੋਂ, ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ ।
ਵਾਂਗ ਢੋਲ ਹਰਾਮ ਸ਼ੈਤਾਨ ਦੇ ਨੇ, ਡੱਗਾ ਵਿੱਚ ਬਾਜ਼ਾਰ ਦੇ ਲਾਇਆ ਈ ।
ਇਹ ਗੱਲ ਜੇ ਜਾਇਸੀ ਅੱਜ ਖ਼ਾਲੀ, ਤੂੰ ਹੀਰ ਕਿਉਂ ਨਾਉਂ ਸਦਾਇਆ ਈ ।
ਕਰ ਛੱਡ ਤੂੰ ਏਸ ਦੇ ਨਾਲ ਏਹੀ, ਸੁਣੇ ਦੇਸ ਜੋ ਕੀਤੜਾ ਪਾਇਆ ਈ ।
ਵਾਰਿਸ ਸ਼ਾਹ ਅਪਰਾਧੀਆਂ ਰਹਿਣ ਚੜ੍ਹੀਆਂ, ਲੰਙੇ ਰਿੱਛ ਨੇ ਮਾਮਲਾ ਚਾਇਆ ਈ ।
ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ, ਗਲ ਪਾ ਰੱਸਾ ਮੂੰਹ ਘੁਟ ਘੱਤੋ ।
ਲੈ ਕੇ ਕੁਤਕੇ ਤੇ ਕੁੱਢਣ ਮਾਛੀਆਂ ਦੇ, ਧੜਾ ਧੜ ਹੀ ਮਾਰ ਕੇ ਕੁਟ ਘੱਤੋ ।
ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ, ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ ।
ਮਾਰ ਏਸ ਨੂੰ ਲਾਇਕੇ ਅੱਗ ਝੁੱਗੀ, ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ ।
ਵਾਰਿਸ ਸ਼ਾਹ ਮੀਆਂ ਦਾੜ੍ਹੀ ਭੰਬੜੀ ਦਾ, ਜੇ ਕੋ ਵਾਲ ਦਿਸੇ ਸਭੋ ਪੁਟ ਘੱਤੋ ।
(ਕੁਤਕੇ=ਘੋਟਨੇ, ਕੁਢਣ=ਚੁਭੇ ਜਾਂ ਭੱਠ ਵਿੱਚੋਂ ਸੁਆਹ ਕੱਢਣ ਵਾਲਾ ਸੰਦ,
ਟੋਭੜੇ=ਟੋਭੇ)
ਸਈਆਂ ਨਾਲ ਰਲ ਕੇ ਹੀਰ ਮਤਾ ਕੀਤਾ, ਖਿੰਡ-ਪੁੰਡ ਕੇ ਗਲੀਆਂ ਮੱਲੀਆਂ ਨੇ ।
ਕੈਦੋਂ ਆਣ ਵੜਿਆ ਜਦੋਂ ਫਲ੍ਹੇ ਅੰਦਰ, ਖ਼ਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ ।
ਹੱਥੀਂ ਪਕੜ ਕਾਂਬਾਂ ਵਾਂਗ ਸ਼ਾਹ ਪਰੀਆਂ, ਗ਼ੁੱਸਾ ਖਾਇਕੇ ਸਾਰੀਆਂ ਚੱਲੀਆਂ ਨੇ ।
ਕੈਦੋਂ ਘੇਰ ਜਿਉਂ ਗਧਾ ਘਮਿਆਰ ਪਕੜੇ, ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ ।
ਘਾੜ ਘੜਨ ਠਠਿਆਰ ਜਿਉਂ ਪੌਣ ਧਮਕਾਂ, ਧਾਈਂ ਛੱਟਦੀਆਂ ਜਿਵੇਂ ਮੁਹੱਲੀਆਂ ਨੇ ।
(ਕਾਂਬਾਂ=ਛਮਕਾਂ)
ਗਲ ਪਾਇਕੇ ਸੇਲ੍ਹੀਆਂ ਲਾਹ ਟੋਪੀ, ਪਾੜ ਜੁੱਲੀਆਂ ਸੰਘ ਨੂੰ ਘੁੱਟਿਉ ਨੇ ।
ਭੰਨ ਕੌਰ ਤੇ ਕੁਤਕੇ ਛੜਨ ਲੱਤੀਂ, ਰੋੜ੍ਹ ਵਿੱਚ ਖੁੜੱਲ ਦੇ ਸੁੱਟਿਉ ਨੇ ।
ਝੰਝੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁੱਟਿਉ ਨੇ ।
ਵਾਰਿਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ, ਏਹ ਅਖੱਟੜਾ ਹੀ ਚਾ ਖੁੱਟਿਓ ਨੇ ।
(ਲਾਂਗੜ=ਲੰਗੋਟੀ,ਤਹਿਮਤ, ਅਖੱਟੜਾ=ਕਰੜਾ)
ਹਿਕ ਮਾਰ ਲੱਤਾਂ ਦੂਈ ਲਾ ਛਮਕਾਂ, ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ ।
ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ, ਕੋਈ ਪਕੜ ਕੇ ਧੌਣ ਭੋਇੰ ਮਾਰਦੀ ਹੈ ।
ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ, ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ ।
ਚੋਰ ਮਾਰੀਦਾ ਵੇਖੀਏ ਚਲੋ ਯਾਰੋ, ਵਾਰਿਸ ਸ਼ਾਹ ਏਹ ਜ਼ਬਤ ਸਰਕਾਰ ਦੀ ਹੈ ।
(ਤ੍ਰੀਈ=ਤੀਜੀ, ਦੁੱਬਰ ਵਿੱਚ=ਗੁਦਾ ਵਿੱਚ, ਡੰਡਕਾ=ਡੰਡਾ)
ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ, ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ ।
ਵੱਤੇ ਫਿਰਨ ਪਰਵਾਰ ਜਿਉਂ ਚੰਨ ਦਵਾਲੇ, ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂੰ ।
ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ, ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ ।
ਵਾਰਿਸ ਸ਼ਾਹ ਅੰਗਿਆਰੀਆਂ ਭਖਦੀਆਂ ਨੀ, ਉਹਦੀ ਪ੍ਰੀਤ ਹੈ ਚੰਨ ਚਕੋਰ ਵਾਂਗੂੰ ।
(ਚੱਕ=ਦੰਦੀ, ਕੋਟ=ਕਿਲਾ)
ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ, ਸਿਆਲੀਂ ਲਾਇਕੇ ਪਾਸਣਾ ਧਾਈਆਂ ਨੀ ।
ਹੱਥੀਂ ਬਾਲ ਮਵਾਤੜੇ ਕਾਹ ਕਾਨੇ, ਵੱਡੇ ਭਾਂਬੜੇ ਬਾਲ ਲੈ ਆਈਆਂ ਨੀ ।
ਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ, ਕੁੱਕੜ ਕੁੱਤਿਆਂ ਚਾਇ ਭਜਾਈਆਂ ਨੀ ।
ਫੌਜ਼ਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ, ਮੁੜ ਫੇਰ ਲਾਹੌਰ ਨੂੰ ਆਈਆਂ ਨੀ ।
(ਚਕਚੂਰ=ਚੂਰ ਚੂਰ, ਕਾਹ=ਘਾਹ, ਮਵਾਤੜਾ=ਲਾਟਾਂ, ਮਾਰ ਮਥਰਾ=
ਫਤਹਿ ਕਰਕੇ)
ਕੈਦੋ ਲਿੱਥੜੇ ਪੱਥੜੇ ਖ਼ੂਨ ਵਹਿੰਦੇ, ਕੂਕੇ ਬਾਹੁੜੀ ਤੇ ਫ਼ਰਿਆਦ ਮੀਆਂ ।
ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ ।
ਕਫ਼ਨ ਪਾੜ ਬਾਦਸ਼ਾਹ ਥੇ ਜਾ ਕੂਕਾਂ, ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂ ।
ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਸ਼ੀਰੀਂ ਮਾਰਿਆ ਜਿਵੇਂ ਫ਼ਰਹਾਦ ਮੀਆਂ ।
ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਏਹ ਗੱਲ ਨਾ ਜਾਏ ਬਰਬਾਦ ਮੀਆਂ ।
ਵਾਰਿਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ, ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ ।
(ਕੂਕੇ=ਚੀਕਾਂ ਮਾਰੇ, ਦਾਦ ਦਿਉ=ਇਨਸਾਫ਼ ਕਰੋ, ਬਿਨਾ ਫਾਟ=ਬਗ਼ੈਰ ਕੁਟ ਖਾਣ
ਤੇ, ਸਵਾਦ=ਸੁਆਦ, ਮਜ਼ਾ)
ਚੂਚਕ ਆਖਿਆ ਲੰਙਿਆ ਜਾ ਸਾਥੋਂ, ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ ।
ਸਰਦਾਰ ਹੈਂ ਚੋਰ ਉਚੱਕਿਆਂ ਦਾ, ਸੂਹਾਂ ਬੈਠਾ ਹੈਂ ਸਾਹਿਆਂ ਫੇੜਿਆਂ ਦਾ ।
ਤੈਨੂੰ ਵੈਰ ਹੈ ਨਾਲ ਅੰਞਾਣਿਆਂ ਦੇ, ਤੇ ਵੱਲ ਹੈ ਦੱਬ ਦਰੇੜਿਆਂ ਦਾ ।
ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ, ਇਹੋ ਚੱਜ ਜੇ ਮਾਹਣੂਆਂ ਭੈੜਿਆਂ ਦਾ ।
ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ, ਏਹੋ ਮੂਲ ਹੈ ਸਭ ਬਖੇੜਿਆਂ ਦਾ ।
(ਵਲ=ਢੰਗ,ਤਰੀਕਾ, ਸੂਹਾਂ=ਸੂਹ ਲੈਣ ਵਾਲਾ,ਸੂਹੀਆ, ਸਾਹਾ=ਵਿਆਹ ਸ਼ਾਦੀ,
ਦਬ ਦਰੇੜੇ=ਝਗੜੇ,ਦਬਾਉ, ਮੂਲ=ਜੜ੍ਹ, ਅਬਲੀਸ=ਸ਼ੈਤਾਨ)
ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ, ਝੁੱਗੀ ਲਾ ਮੁਆਤੜੇ ਸਾੜੀਆ ਨੇ ।
ਦੌਰ ਭੰਨ ਕੇ ਕੁਤਕੇ ਸਾੜ ਮੇਰੇ, ਪੈਵੰਦ ਜੁੱਲੀਆਂ ਫੋਲ ਕੇ ਪਾੜੀਆ ਨੇ ।
ਕੁੱਕੜ ਕੁੱਤੀਆਂ ਭੰਗ ਅਫੀਮ ਲੁੱਟੀ, ਮੇਰੀ ਬਾਵਨੀ ਚਾ ਉਜਾੜੀਆ ਨੇ ।
ਧੜਵੈਲ ਧਾੜੇ ਮਾਰ ਲੁੱਟਣ, ਮੇਰਾ ਦੇਸ ਲੁਟਿਆ ਏਨ੍ਹਾਂ ਲਾੜੀਆਂ ਨੇ ।
(ਉਧਲਾਂ=ਉਧਲ ਜਾਣੀਆਂ, ਪੈਵੰਦ=ਜੋੜ, ਪੈਵੰਦ ਜੁੱਲੀਆਂ=ਉਹ ਜੁੱਲੀ
ਜਾਂ ਗੋਦੜੀ ਜਿਹੜੀ ਵੱਖ ਵੱਖ ਭਾਂਤ ਦੇ ਸੁਹਣੇ ਟੋਟੇ ਜੋੜ ਕੇ ਸੀਤੀ ਹੋਵੇ,
ਬਾਵਨੀ=ਬਵੰਜਾਂ ਪਿੰਡਾਂ ਦੀ ਜਗੀਰ)
ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ, ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈਂ ।
ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ, ਮਾਵਾਂ ਧੀਆਂ ਨੂੰ ਪਾੜ ਵਿਖਾਵਨਾ ਹੈਂ ।
ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ, ਐਵੇਂ ਟੱਕਰਾਂ ਪਿਆ ਲੜਾਵਨਾ ਹੈਂ ।
ਪਰ੍ਹਾਂ ਜਾਹ ਜੱਟਾ ਪਿੱਛਾ ਛਡ ਸਾਡਾ, ਐਵੇਂ ਕਾਸ ਨੂੰ ਪਿਆ ਅਕਾਵਨਾ ਹੈਂ ।
(ਲੂਤੀਆਂ ਲਾਉਣਾਂ=ਚੁਗ਼ਲੀਆਂ ਕਰਕੇ ਫਸਾਦ ਕਰਵਾਉਣਾ)
ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ, ਭਰੇ ਦੇਸ ‘ਚ ਫਾਟਿਆ ਕੁੱਟਿਆ ਹਾਂ ।
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ, ਧੁਰੋਂ ਜੜ੍ਹਾਂ ਥੀਂ ਲਾ ਮੈਂ ਪੁੱਟਿਆ ਹਾਂ ।
ਮੈਂ ਮਾਰਿਆਂ ਦੇਖਦੇ ਮੁਲਕ ਸਾਰੇ, ਧਰੂਹ ਕਰੰਗ ਮੋਏ ਵਾਂਗੂੰ ਸੁੱਟਿਆ ਹਾਂ ।
ਹੱਡ ਗੋਡੜੇ ਭੰਨ ਕੇ ਚੂਰ ਕੀਤੇ, ਅੜੀਦਾਰ ਗੱਦੋਂ ਵਾਂਗ ਕੁੱਟਿਆ ਹਾਂ ।
ਵਾਰਿਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ, ਰੋ ਰੋ ਕੇ ਬਹੁਤ ਨਖੁੱਟਿਆ ਹਾਂ ।
(ਧਰੋਹੀ=ਦੁਹਾਈ, ਕਰੰਗ=ਮੁਰਦਾ ਸਰੀਰ,ਪਿੰਜਰ, ਅੜੀਦਾਰ ਗਦੋਂ=
ਅੜਬੈਲ ਜਾਂ ਅੜੀਅਲ ਗਧੀ)
ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ, ਲੰਙਾ ਕਾਸ ਨੂੰ ਢਾਹ ਕੇ ਮਾਰਿਆ ਜੇ ।
ਐਵੇਂ ਬਾਝ ਤਕਸੀਰ ਗੁਨਾਹ ਲੁਟਿਆ, ਇੱਕੇ ਕੋਈ ਗੁਨਾਹ ਨਿਤਾਰਿਆ ਜੇ ।
ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ, ਏਡਾ ਕਹਿਰ ਤੇ ਖ਼ੂਨ ਗੁਜ਼ਾਰਿਆ ਜੇ ।
ਕਹੋ ਕੌਣ ਤਕਸੀਰ ਫ਼ਕੀਰ ਅੰਦਰ, ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇ ।
ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਏਸ ਫ਼ਕਰ ਨੂੰ ਮਾਰ ਉਤਾਰਿਆ ਜੇ ।
ਵਾਰਿਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ, ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ ।
(ਇੱਕੇ=ਜਾਂ, ਮਾਰ ਉਤਾਰਿਆ=ਕੁਟ ਕੁਟ ਕੇ ਮਰਨ ਵਾਲਾ ਕਰ ਦਿੱਤਾ)
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ ।
ਸਾਡੀਆਂ ਮੰਮੀਆਂ ਟੋਂਹਦਾ ਤੋੜ ਗੱਲ੍ਹਾਂ, ਪਿੱਛੇ ਹੋਇਕੇ ਸੁੱਥਣਾਂ ਸੁੰਘਦਾ ਏ ।
ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ, ਸਾਨ੍ਹ ਹੋਇਕੇ ਟੱਪਦਾ ਰਿੰਗਦਾ ਏ ।
ਨਾਲੇ ਬੰਨ੍ਹ ਕੇ ਜੋਗ ਨੂੰ ਜੋ ਦਿੰਦਾ, ਗੁੱਤਾਂ ਬੰਨ੍ਹ ਕੇ ਖਿੱਚਦਾ ਤੰਗਦਾ ਏ ।
ਤੇੜੋਂ ਲਾਹ ਕਹਾਈ ਵੱਤੇ ਫਿਰੇ ਭੌਂਦਾ, ਭੌਂ ਭੌਂ ਮੂਤਦਾ ਤੇ ਨਾਲ ਤ੍ਰਿੰਗਦਾ ਏ ।
ਵਾਰਿਸ ਸ਼ਾਹ ਉਜਾੜ ਵਿੱਚ ਜਾਇਕੇ ਤੇ, ਫਲਗਣਾਂ ਅਸਾਡੀਆਂ ਸੁੰਘਦਾ ਏ ।
(ਕਾਰੇ=ਭੈੜੇ ਕੰਮ, ਕਹਾਈ=ਲੰਗੋਟੀ, ਠੁੰਗਦਾ=ਠੂੰਗੇ ਮਾਰਦਾ, ਫਲਗਣਾਂ=
ਬਸੰਤ ਦੀ ਰੁੱਤੇ ਕੁੜੀਆਂ ਦੇ ਪਾਏ ਹਾਰ)
ਉਹ ਆਖਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਭੰਨ ਕੇ ਚੂਰ ਕੀਤੇ ।
ਝੁੱਗੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ, ਲਾਹ ਭਾਗ ਪੱਟੇ ਪੁਟ ਦੂਰ ਕੀਤੇ ।
ਟੰਗੋਂ ਪਕੜ ਘਸੀਟ ਕੇ ਵਿੱਚ ਖਾਈ, ਤੁਸਾਂ ਮਾਰ ਕੇ ਖ਼ਲਕ ਰਜੂਰ ਕੀਤੇ ।
ਵਾਰਿਸ ਸ਼ਾਹ ਗੁਨਾਹ ਥੋਂ ਪਕੜ ਕਾਫ਼ਰ, ਹੱਡ ਪੈਰ ਮਲਾਇਕਾਂ ਚੂਰ ਕੀਤੇ ।
(ਭਾਗ=ਭੰਗ, ਮਲਾਇਕਾਂ=ਫਰਿਸ਼ਤਿਆਂ,ਮਲਕ ਦਾ ਬਹੁ ਵਚਨ)
ਵਾਰ ਘੱਤਿਆ ਕੌਣ ਬਲਾ ਕੁੱਤਾ, ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ ।
ਅਸਾਂ ਭੱਈੜੇ ਪਿੱਟੀਆਂ ਹਥ ਲਾਇਆ, ਤੁਸੀਂ ਏਤਨੀ ਗੱਲ ਨਾ ਸਾਰਦੇ ਹੋ ।
ਫ਼ਰਫ਼ਜੀਆਂ ਮਕਰਿਆਂ ਠਕਰਿਆਂ ਨੂੰ, ਮੂੰਹ ਲਾਇਕੇ ਚਾ ਵਿਗਾੜਦੇ ਹੋ ।
ਮੁੱਠੀ ਮੁੱਠੀ ਹਾਂ ਏਡ ਅਪਰਾਧ ਪੌਂਦੇ, ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ ।
ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ, ਇਹੇ ਸੱਚ ਤੇ ਝੂਠ ਨਿਤਾਰਦੇ ਹੋ ।
ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ, ਤੁਸਾਂ ਗੱਲ ਕੀ ਚਾ ਨਿਖਾਰਦੇ ਹੋ ।
ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ ।
(ਅਪਰਾਧ ਪੌਂਦੇ=ਅਪਰਾਧ ਕਰਦੇ)
ਕੈਦਂੋ ਬਾਹੁੜੀ ਤੇ ਫ਼ਰਿਆਦ ਕੂਕੇ, ਧੀਆਂ ਵਾਲਿਉ ਕਰੋ ਨਿਆਉਂ ਮੀਆਂ ।
ਮੇਰਾ ਹੱਟ ਪਸਾਰੀ ਦਾ ਲੁਟਿਆ ਨੇ, ਕੋਲ ਵੇਖਦਾ ਪਿੰਡ ਗਿਰਾਉਂ ਮੀਆਂ ।
ਮੇਰੀ ਭੰਗ ਅਫੀਮ ਤੇ ਪੋਸਤ ਲੁੜ੍ਹਿਆ, ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ ।
ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਪਿੰਨ ਟੁਕੜੇ ਪਿੰਡ ਦੇ ਖਾਉਂ ਮੀਆਂ ।
ਤੋਤੇ ਬਾਗ਼ ਉਜਾੜਦੇ ਮੇਵਿਆਂ ਦੇ, ਅਤੇ ਫਾਹ ਲਿਆਂਵਦੇ ਕਾਉਂ ਮੀਆਂ ।
ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ ।
ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ ।
ਹਾਏ ਹਾਏ ਫ਼ਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖ਼ੂਨ ਗੁਜਾਰਿਆ ਨੇ ।
ਬਹੁਤ ਦੇ ਦਿਲਾਸੜਾ ਪੂੰਝ ਅੱਖੀਂ, ਕੈਦੋ ਲੰਙੇ ਨੂੰ ਠੱਗ ਕੇ ਠਾਰਿਆ ਨੇ ।
ਕੈਦੋ ਆਖਿਆ ਧੀਆਂ ਦੇ ਵਲ ਹੋ ਕੇ, ਵੇਖੋ ਦੀਨ ਈਮਾਨ ਨਿਘਾਰਿਆ ਨੇ ।
ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਵੇਖ ਜੋ ਭਾਂਬੜਾ ਮਾਰਿਆ ਨੇ ।
(ਭਾਂਬੜਾ=ਭੰਵਰਾ)
ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ, ਮੁੰਡੀ ਲਾਹ ਸੁੱਟਾਂ ਮੁੰਡੇ ਮੁੰਡੀਆਂ ਦੀ ।
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ, ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀ ।
ਸਰਵਾਹੀਆਂ ਛਿੱਕ ਕੇ ਅਲਖ ਲਾਹਾਂ, ਅਸੀਂ ਸਥ ਨਾ ਪਰ੍ਹੇ ਹਾਂ ਟੁੰਡਿਆਂ ਦੀ ।
ਕੈਦੋ ਆਖਿਆ ਵੇਖ ਫੜਾਵਨਾ ਹਾਂ, ਭਲਾ ਮਾਉਂ ਕਿਹੜੀ ਇਹਨਾਂ ਲੁੰਡਿਆਂ ਦੀ ।
ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ, ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ ।
ਏਸ ਹੀਰ ਦੀ ਪੜਛ ਦੀ ਭੰਗ ਲੈਸਾਂ, ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ ।
ਵਾਰਿਸ ਸ਼ਾਹ ਮੀਆਂ ਏਥੇ ਖੇਡ ਪੌਂਦੀ, ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ ।
(ਮੁੰਡੀ=ਗਰਦਨ, ਮੁੰਡੀਆਂ=ਕੁੜੀਆਂ, ਸਰਵਾਹੀਆਂ=ਤਲਵਾਰਾਂ, ਪੜਛ=
ਖੱਲ ਦਾ ਟੁਕੜਾ)
ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ, ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ ।
ਹੋਇਆ ਸ਼ਾਹ ਵੇਲਾ ਤਦੋਂ ਵਿੱਚ ਬੇਲੇ, ਫੇਰੇ ਆਣ ਪਏ ਸੱਸੀ ਪੁੰਨੂਆਂ ਦੇ ।
ਪੋਣਾ ਬੰਨ੍ਹ ਕੇ ਰਾਂਝੇ ਨੇ ਹੱਥ ਮਲਿਆ, ਢੇਰ ਆ ਲੱਗੇ ਰੱਤੇ ਚੁੰਨੂਆਂ ਦੇ ।
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ, ਕੈਦੋ ਪੈ ਰਹਿਆ ਵਾਂਗ ਹੋ ਘੁਨੂੰਆਂ ਦੇ ।
(ਉਸ਼ੇਰ=ਸਵੇਰ, ਚੁੰਨੂਆਂ=ਫੁਲਕਾਰੀਆਂ, ਘੁਨੂੰਆਂ=ਘੋਗਲ-ਕੰਨਾ)
ਜਦੋਂ ਲਾਲ ਖਜੂਰਿਉਂ ਖੇਡ ਸੱਈਆਂ, ਸਭੇ ਘਰੋ ਘਰੀ ਉਠ ਚੱਲੀਆਂ ਨੀ ।
ਰਾਂਝਾ ਹੀਰ ਨਿਆਰੜੇ ਹੋ ਸੁੱਤੇ, ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀ ।
ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ, ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ ।
ਪਰ੍ਹੇ ਵਿੱਚ ਕੈਦੋ ਆਣ ਪੱਗ ਮਾਰੀ, ਚਲੋ ਵੇਖ ਲਉ ਗੱਲਾਂ ਅਵੱਲੀਆਂ ਨੀ ।
(ਕੰਧਾਂ=ਕੰਢੇ, ਲਾਲ ਖਜੂਰੀ=ਇੱਕ ਥਾਂ ਦਾ ਨਾਂਉ, ਪੱਗ ਮਾਰੀ=ਦਾਅਵੇ
ਨਾਲ ਗੱਲ ਕੀਤੀ)
ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ, ਚੋਭ ਵਿੱਚ ਕਲੇਜੜੇ ਚਸਕਦੀ ਏ ।
ਬੇਸ਼ਰਮ ਹੈ ਟੱਪ ਕੇ ਸਿਰੇ ਚੜ੍ਹਦਾ, ਭਲੇ ਆਦਮੀ ਦੀ ਜਾਨ ਧਸਕਦੀ ਏ ।
ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ, ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ ।
ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ, ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏ ।
ਉਠ ਰਾਂਝਨਾ ਵੇ ਬਾਬਲ ਆਂਵਦਾ ਈ, ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏ ।
ਮੈਨੂੰ ਛੱਡ ਸਹੇਲੀਆਂ ਨੱਸ ਗਈਆਂ, ਮਕਰ ਨਾਲ ਹੌਲੀ ਹੌਲੀ ਬੁਸਕਦੀ ਏ ।
ਵਾਰਿਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ, ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ ।
(ਟੱਪ ਕੇ=ਪੁੱਜ ਕੇ, ਰਿਸ਼ਕਦੀ=ਹੌਲੀ ਹੌਲੀ ਖਿਸਕਦੀ, ਧਸਕਦੀ=ਥੱਲੇ ਨੂੰ ਜਾਂਦੀ
ਬੁਸਕਦੀ=ਹਟਕੋਰੇ ਲੈਂਦੀ)