ਹੀਰ ਵਾਰਿਸ ਸ਼ਾਹ (ਭਾਗ-4)
ਰਾਂਝੇ ਅੱਗੇ ਇਆਲ ਨੇ ਕਸਮ ਖਾਧੀ, ਨਗਰ ਖੇੜਿਆਂ ਦੇ ਜਾਇ ਧੱਸਿਆ ਈ ।
ਯਾਰੋ ਕੌਣ ਗਿਰਾਉਂ ਸਰਦਾਰ ਕਿਹੜਾ, ਕੌਣ ਲੋਕ ਕਦੋਕਣਾ ਵੱਸਿਆ ਈ ।
ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ, ਕੁੜੀਆਂ ਘੱਤਿਆ ਹੱਸ ਖ਼ਰਖੱਸਿਆ ਈ ।
ਯਾਰ ਹੀਰ ਦਾ ਭਾਵੇਂ ਤੇ ਇਹ ਜੋਗੀ, ਕਿਸੇ ਲਭਿਆ ਤੇ ਨਾਹੀਂ ਦੱਸਿਆ ਈ ।
ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ, ਸੁਣ ਪਿੰਡ ਦਾ ਨਾਉਂ ਖਿੜ ਹੱਸਿਆ ਈ ।
ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ, ਕਿਸੇ ਭਾਗ ਭਰੀ ਚਾ ਦੱਸਿਆ ਈ ।
ਅਰੀ ਕੌਣ ਸਰਦਾਰ ਹੈ ਭਾਤ ਖਾਣੀ, ਸਖ਼ੀ ਸ਼ੂਮ ਕੇਹਾ ਲਿਆ ਜੱਸਿਆ ਈ ।
ਅੱਜੂ ਨਾਮ ਸਰਦਾਰ ਤੇ ਪੁਤ ਸੈਦਾ, ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ ।
ਬਾਗ਼ ਬਾਗ਼ ਰੰਝੇਟੜਾ ਹੋ ਗਿਆ, ਜਦੋਂ ਨਾਉਂ ਜਟੇਟੀਆਂ ਦੱਸਿਆ ਈ ।
ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ, ਲੱਕ ਚਾ ਫ਼ਕੀਰ ਨੇ ਕੱਸਿਆ ਈ ।
ਕਦੀ ਲਏ ਹੂਲਾਂ ਕਦੀ ਝੂਲਦਾ ਏ, ਕਦੀ ਰੋ ਪਿਆ ਕਦੀ ਹੱਸਿਆ ਈ ।
ਵਾਰਿਸ ਸ਼ਾਹ ਕਿਰਸਾਨ ਜਿਉਂ ਹਣ ਰਾਜ਼ੀ, ਮੀਂਹ ਔੜ ਦੇ ਦਿਹਾਂ ਤੇ ਵੱਸਿਆ ਈ ।
(ਖ਼ਰਖੱਸ=ਝਗੜਾ, ਭਾਤ ਖਾਣੀ=ਚੌਲ ਖਾਣੀ,ਕਿਸਮਤ ਵਾਲੀ. ਸਖੀ=ਪੈਸੇ
ਟਕੇ ਵੱਲੋਂ ਖੁੱਲ੍ਹ ਦਿਲ, ਸੂਮ=ਸਖੀ ਦਾ ਉਲਟ,ਹੱਥ ਘੁਟ, ਹੂਲਾਂ=ਠੰਡੇ ਸਾਹ,
ਔੜ=ਮੀਂਹ ਵਲੋਂ ਸੋਕਾ)
ਆ ਜੋਗੀਆ ਕੇਹਾ ਇਹ ਦੇਸ ਡਿੱਠੋ, ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ ।
ਓਥੇ ਝੱਲ ਮਸਤਾਨੀਆਂ ਕਰੇ ਗੱਲਾਂ, ਸੁਖ਼ਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ ।
ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੌਤਰਫ਼ ਕਵਾਰੀਆਂ ਦੇ ।
ਮਾਰ ਆਸ਼ਕਾਂ ਨੂੰ ਕਰਨ ਚਾ ਬੇਰੇ, ਨੈਣ ਤਿਖੜੇ ਨੋਕ ਕਟਾਰੀਆਂ ਦੇ ।
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾਂ, ਨੈਣ ਰਹਿਣ ਨਾਹੀਂ ਹਰਿਆਰੀਆਂ ਦੇ ।
ਏਸ ਜੋਬਨੇ ਦੀਆਂ ਵਣਜਾਰੀਆਂ ਨੂੰ, ਮਿਲੇ ਆਣ ਸੌਦਾਗਰ ਯਾਰੀਆਂ ਦੇ ।
ਸੁਰਮਾ ਫੁਲ ਦੰਦਾਸੜਾ ਸੁਰਖ਼ ਮਹਿੰਦੀ, ਲੁਟ ਲਏ ਨੇ ਹੱਟ ਪਸਾਰੀਆਂ ਦੇ ।
ਨੈਣਾਂ ਨਾਲ ਕਲੇਜੜਾ ਛਿਕ ਕੱਢਣ, ਦਿਸਣ ਭੋਲੜੇ ਮੁਖ ਵਿਚਾਰੀਆਂ ਦੇ ।
ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ, ਛੁੱਟੇ ਪਰ੍ਹੇ ਵਿੱਚ ਨਾਗ਼ ਪਟਾਰੀਆਂ ਦੇ ।
ਓਥੇ ਖੋਲ੍ਹ ਕੇ ਅੱਖੀਆਂ ਹੱਸ ਪੌਂਦਾ, ਡਿਠੇ ਖ਼ਾਬ ਵਿੱਚ ਮੇਲ ਕਵਾਰੀਆਂ ਦੇ ।
ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ ।
ਵਾਰਿਸ ਸ਼ਾਹ ਨਾ ਰਹਿਣ ਨਿਚੱਲੜੇ ਬਹਿ, ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ ।
(ਤੋੜੇ ਦੇਣਾ=ਦਿਖਾਵਾ ਕਰਨਾ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ, ਛਿੱਕ
ਕੱਢਣ=ਕਢ ਲੈਣ, ਅੰਮਾਰੀਆਂ=ਹਾਥੀ ਉਤੇ ਬੈਠਣ ਲਈ ਪਰਬੰਧ, ਨਿਚੱਲੜੇ=
ਚੁਪ ਚਾਪ)
ਮਾਹੀ ਮੁੰਡਿਉ ਘਰੀਂ ਨਾ ਜਾ ਕਹਿਣਾ, ਜੋਗੀ ਮਸਤ ਕਮਲਾ ਇੱਕ ਆਇ ਵੜਿਆ ।
ਕੰਨੀਂ ਮੁੰਦਰਾਂ ਸੇਲ੍ਹੀਆਂ ਨੈਣ ਸੁੰਦਰ, ਦਾੜ੍ਹੀ ਪਟੇ ਸਿਰ ਭਵਾਂ ਮੁਨਾਇ ਵੜਿਆ ।
ਜਹਾਂ ਨਾਉਂ ਮੇਰਾ ਕੋਈ ਜਾ ਲੈਂਦਾ, ਮਹਾ ਦੇਵ ਲੈ ਦੌਲਤਾਂ ਆਇ ਵੜਿਆ ।
ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀਂ, ਕਿਵੇਂ ਭੁਲ ਭੁਲਾਵੜੇ ਆਇ ਵੜਿਆ ।
ਵਾਰਿਸ ਕੰਮ ਸੋਈ ਜਿਹੜੇ ਰੱਬ ਕਰਸੀ, ਮੈਂ ਤਾਂ ਓਸ ਦਾ ਭੇਜਿਆ ਆਇ ਵੜਿਆ ।
(ਮਾਹੀ ਮੰਡਿਉ =ਰਾਂਝਾ ਮੁੰਡਿਆਂ ਨੂੰ ਉਲਟਾ ਕਹਿ ਰਿਹਾ ਕਿ ਤੁਸੀਂ ਘਰ ਜਾ ਕੇ
ਨਾ ਦਸਿਉ ਕਿ ਜੋਗੀ ਆਇਆ ਹੈ ਕਿਉਂਕਿ ਉਹਨੂੰ ਪਤਾ ਹੈ ਏਦਾਂ ਕਹਿਣ ਨਾਲ
ਮਾਹੀ ਮੁੰਡੇ ਜ਼ਰੂਰ ਘਰ ਜਾ ਕੇ ਦੱਸਣਗੇ ।ਜਿਹੜਾ ਕੰਮ ਕਰਵਾਉਣਾ ਹੋਵੇ ਉਸਤੋਂ
ਉਲਟ ਕਰਨ ਲਈ ਆਖਣਾ, ਜੰਗਲੇ=ਜੰਗਲ ਦਾ, ਜਹਾਂ ਨਾਉਂ =ਜਿੱਥੇ ਕੋਈ ਮੇਰਾ
ਨਾਂ ਲੈਂਦਾ ਹੈ ਸ਼ਿਵ ਜੀ ਮਹਾਰਾਜ ਆਪ ਨਾਲ ਲੈ ਕੇ ਆਉਂਦੇ ਹਨ)
ਕੁੜੀਆਂ ਵੇਖ ਕੇ ਜੋਗੀ ਦੀ ਤਬਾਅ ਸਾਰੀ, ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇ ।
ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇ ।
ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਭਿੱਛਿਆ ਨਾਹੀਉਂ ਪਾਈਆਂ ਨੇ ।
ਹੱਥ ਖੱਪਰੀ ਫਾਹੁੜੀ ਮੋਢਿਆਂ ਤੇ, ਗਲ ਸੇਲ੍ਹੀਆਂ ਅਜਬ ਬਣਾਈਆਂ ਨੇ ।
ਅਰੜਾਂਵਦਾ ਵਾਗ ਜਲਾਲੀਆਂ ਦੇ, ਜਟਾਂ ਵਾਂਗ ਮਦਾਰੀਆਂ ਛਾਈਆਂ ਨੇ ।
ਨਾ ਉਹ ਮੁੰਡੀਆ ਗੋਦੜੀ ਨਾਥ ਜੰਗਮ, ਨਾ ਉਦਾਸੀਆਂ ਵਿੱਚ ਠਹਿਰਾਈਆਂ ਨੇ ।
ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇ ।
ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾਂ ਖੀਵੀਆਂ ਸਾਣ ਚੜ੍ਹਾਈਆਂ ਨੇ ।
ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ ।
ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ, ਕਦੀ ਸੰਖ ਤੇ ਨਾਦ ਘੂਕਾਈਆਂ ਨੇ ।
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ, ਖ਼ੈਰ ਓਸ ਨੂੰ ਪਾਉਂਦੀਆਂ ਮਾਈਆਂ ਨੇ ।
ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ, ਮਿਰਗਾਣੀਆਂ ਗਲੇ ਬਣਾਈਆਂ ਨੇ ।
ਜਟਾਂ ਸੁੰਹਦੀਆਂ ਛੈਲ ਓਸ ਜੋਗੀੜੇ ਨੂੰ, ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇ ।
ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾਂ ਓਸ ਦਿਆਂ ਝੰਬਰਾਂ ਲਾਈਆਂ ਨੇ ।
ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ ।
ਵਾਰਿਸ ਸ਼ਾਹ ਚੇਲਾ ਬਾਲਨਾਥ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ ।
(ਜਲਾਲੀ=ਸੱਯਦ ਸ਼ਾਹ ਜਲਾਲੀ ਦੇ ਮੁਰੀਦ,ਜੋਸ਼ੀਲੇ ਅਤੇ ਗੁਸੈਲੇ ਸੁਭਾ ਵਾਲੇ
ਮਲੰਗ, ਮਦਾਰੀ=ਹਜ਼ਰਤ ਸ਼ਾਹ ਮਦਾਰ ਦੇ ਮੁਰੀਦ ਮੁੰਡੀ, ਗੋਦੜੀ ਅਤੇ ਜੰਗਮ=
ਫ਼ਕੀਰਾਂ ਦੇ ਫਿਰਕੇ ਹਨ, ਸ਼ਾਹ ਮਦਾਰ=ਇਨ੍ਹਾਂ ਦਾ ਮਜ਼ਾਰ ਮੱਕਨਪਰ (ਅਵਧ)
ਭਾਰਤ ਵਿੱਚ ਹੈ,ਇਹਦੇ ਚੇਲੇ ਸਿਰ ਤੇ ਬਹੁਤ ਸੰਘਣੀਆਂ ਜਟਾਂ ਰੱਖਦੇ ਹਨ ।
ਮਦਾਰੀ ਸਾਧ ਭੰਗ ਬਹੁਤ ਘੋਟਦੇ ਅਤੇ ਪੀਂਦੇ ਹਨ, ਉਨ੍ਹਾਂ ਨੂੰ ਬਖਸ਼ ਹੈ ਕਿ ਸੱਪ
ਦੇ ਕੱਟੇ ਦਾ ਇਲਾਜ ਕਰ ਸਕਦੇ ਹਨ, ਜੇ ਜ਼ਹਿਰੀਲਾ ਸੱਪ ਇਨ੍ਹਾਂ ਦੀ ਹੱਦ ਵਿੱਚ
ਆ ਜਾਵੇ ਤਾਂ ਦੱਸਦੇ ਹਨ ਕਿ ਉਹ ਅੰਨ੍ਹਾਂ ਹੋ ਜਾਂਦਾ ਸੀ, ਮਿਰਗਾਣੀਆਂ=ਹਿਰਨ,
ਸ਼ੇਰ ਜਾਂ ਚੀਤੇ ਦੀ ਖਲ, ਝੰਬਰਾਂ=ਛਹਿਬਰਾਂ)
ਘਰ ਆਇ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨੀ ।
ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ, ਗਲ ਹੈਂਕਲਾ ਅਜਬ ਸੁਹਾਹਿਆ ਨੀ ।
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਓਸ ਨੇ ਲਾਲ ਗਵਾਇਆ ਨੀ ।
ਨਾਲੇ ਗਾਂਵਦਾ ਤੇ ਨਾਲੇ ਰੋਂਵਦਾ ਏ, ਵੱਡਾ ਓਸ ਨੇ ਰੰਗ ਵਟਾਇਆ ਨੀ ।
ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ, ਰੂਪ ਤੁਧ ਥੀਂ ਦੂਣ ਸਵਾਇਆ ਨੀ ।
ਵਿੱਚ ਤ੍ਰਿੰਞਣਾਂ ਗਾਂਵਦਾ ਫਿਰੇ ਭੌਂਦਾ, ਅੰਤ ਓਸਦਾ ਕਿਸੇ ਨਾ ਪਾਇਆ ਨੀ ।
ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਨੀ ।
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ, ਤਾਂ ਹੀ ਓਸ ਨੇ ਸੀਸ ਮੁਨਾਇਆ ਨੀ ।
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਬੁੰਦੇ ਲਾਹ ਕੇ ਕੰਨ ਪੜਾਇਆ ਨੀ ।
ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ, ਬਾਲ ਨਾਥ ਤੋਂ ਜੋਗ ਲਿਆਇਆ ਨੀ ।
ਵਾਰਿਸ ਇਹ ਫ਼ਕਰ ਤਾਂ ਨਹੀਂ ਖ਼ਾਲੀ, ਕਿਸੇ ਕਾਰਨੇ ਤੇ ਉਤੇ ਆਇਆ ਨੀ ।
(ਅਜਬ=ਅਜੀਬ, ਸੁਹਾਇਆ=ਸਜਾਇਆ, ਰਜਵੰਸ=ਰਾਜਵੰਸ,ਸ਼ਾਹੀ
ਖ਼ਾਨਦਾਨ, ਕਾਰਨੇ ਉਤੇ=ਕਾਰਾ ਕਰਨ)
ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ, ਮੈਂ ਸੁਣਦਿਆਂ ਈ ਮਰ ਗਈ ਜੇ ਨੀ ।
ਤੁਸਾਂ ਇਹ ਜਦੋਕਨੀ ਗੱਲ ਟੋਰੀ, ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ ।
ਗਏ ਟੁਟ ਸਤਰਾਣ ਤੇ ਅਕਲ ਡੁੱਬੀ, ਮੇਰੇ ਧੁਖ ਕਲੇਜੜੇ ਪਈ ਜੇ ਨੀ ।
ਕੀਕੂੰ ਕੰਨ ਪੜਾਇਕੇ ਜੀਂਵਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ ।
ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ ।
ਮੱਸੁ-ਭਿੰਨੇ ਦਾ ਨਾਉਂ ਜਾਂ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ ।
ਕਿਵੇਂ ਵੇਖੀਏ ਓਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਞਣਾਂ ਵਿੱਚ ਧੁੰਮ ਪਈ ਜੇ ਨੀ ।
ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ ।
ਇੱਕ ਪੋਸਤ ਧਤੂਰਾ ਭੰਗ ਪੀ ਕੇ, ਮੌਤ ਓਸ ਨੇ ਮੁੱਲ ਕਿਉਂ ਲਈ ਜੇ ਨੀ ।
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਓਸ ਦੀ ਰਈ ਜੇ ਨੀ ।
ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖ਼ਬਰ ਨਾ ਓਸ ਦੀ ਲਈ ਜੇ ਨੀ ।
ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿੱਘੜਾ ਬੋੜ ਹੋ ਗਈ ਜੇ ਨੀ ।
ਨਹੀਂ ਰਬ ਦੇ ਗ਼ਜ਼ਬ ਤੋਂ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ ।
ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ, ਦਿੱਤਾ ਰਬ ਦਾ ਮਾਉਂ ਸਹਿ ਗਈ ਜੇ ਨੀ ।
ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ ।
ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖ਼ਲਕ ਮਗਰ ਕਿਉਂ ਓਸ ਦੇ ਪਈ ਜੇ ਨੀ ।
(ਮੁਠੀ ਮੁਠੀ=ਦੁਹਾਈ ਦੇ ਸ਼ਬਦ ਹਨ,ਹਾਏ ਲੋਕਾ ਮੈਂ ਧੋਖੇ ਵਿੱਚ ਲੁੱਟੀ ਗਈ,
ਜਦੋਕਨੀ=ਜਦੋਂ ਦੀ, ਲਹਿ ਗਈ=ਧਰਤੀ ਵਿੱਚ ਨਿੱਘਰ ਗਈ, ਸਤਰਾਣ=ਤਾਕਤ,
ਕਲੇਜੜੇ ਧੁਖ ਲੱਗੀ=ਕਾਲਜਾ ਸੜਣ ਲੱਗਾ, ਚੌੜ ਹੋ ਗਈ=ਬਰਬਾਦ ਹੋ ਗਈ)
ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ ।
ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ ।
ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀਂ ਨਫ਼ਾ ਕੀ ਖਟਿਆ ਸੂ ।
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਇ ਜੀਭੇ ਨਾਲ ਚੱਟਿਆ ਸੂ ।
ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾ ਪਲੱਟਿਆ ਸੂ ।
ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ, ਲਾਹ ਨੰਗ ਨਾਮੂਸ ਨੂੰ ਸੱਟਿਆ ਸੂ ।
ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖੱਟਿਆ ਵੱਟਿਆ ਸੂ ।
(ਜਰਦਾ=ਝਲਦਾ,ਸਹਿੰਦਾ, ਤਾਅ ਕੇ=ਗਰਮ ਕਰਕੇ, ਨੀਰ=ਪਾਣੀ,ਹੰਝੂ,
ਨੰਗ ਨਾਮੂਸ=ਸ਼ਰਮ ਹਿਆ, ਜਫ਼ਾ ਜਾਲ ਕੇ=ਦੁਖ ਝੱਲ ਕੇ)
ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ, ਰਲ ਪੁਛੀਏ ਕਿਹੜੇ ਥਾਂਉਂਦਾ ਈ ।
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ, ਅਤੇ ਨਾਉਂ ਦਾ ਕੌਣ ਕਹਾਂਉਂਦਾ ਈ ।
ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ, ਅਤੇ ਜ਼ਾਤ ਦਾ ਕੌਣ ਸਦਾਉਂਦਾ ਈ ।
ਵੇਖਾਂ ਰੋਹੀਓਂ, ਮਾਝਿਉਂ ਪੱਟੀਉਂ ਹੈ, ਰਾਵੀ ਬਿਆਸ ਦਾ ਇੱਕੇ ਝਨਾਉਂ ਦਾ ਈ ।
ਫਿਰੇ ਤ੍ਰਿੰਞਣਾ ਵਿੱਚ ਖ਼ੁਆਰ ਹੁੰਦਾ, ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ ।
ਵਾਰਿਸ ਸ਼ਾਹ ਮੁੜ ਟੋਹ ਇਹ ਕਾਸ ਦਾ ਨੀ, ਕੋਈ ਏਸ ਦਾ ਭੇਤ ਨਾ ਪਾਉਂਦਾ ਈ ।
(ਭੌਂਦਾ=ਘੁੰਮਦਾ, ਰੋਹੀ=ਬਹਾਵਲਪੁਰ ਚੂਲਸਤਾਨ ਬੀਕਾਨੇਰ ਦਾ ਇਲਾਕਾ)
ਲੈਣ ਜੋਗੀ ਨੂੰ ਆਈਆਂ ਧੁੰਬਲਾ ਹੋ, ਚਲੋ ਗੱਲ ਬਣਾਇ ਸਵਾਰੀਏ ਨੀ ।
ਸੱਭੇ ਬੋਲੀਆਂ ‘ਵੇ ਨਮਸਕਾਰ ਜੋਗੀ’, ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ ।
ਵੱਡੀ ਮਿਹਰ ਹੋਈ ਏਸ ਦੇਸ ਉਤੇ, ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ ।
ਨਗਰ ਮੰਗ ਅਤੀਤ ਨੇ ਅਜੇ ਖਾਣਾ, ਬਾਤਾਂ ਸ਼ੌਕ ਦੀਆਂ ਚਾਇ ਵਿਸਾਰੀਏ ਨੀ ।
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ, ਨਗਰ ਜਾਇਕੇ ਭੀਖ ਚਿਤਾਰੀਏ ਨੀ ।
ਵਾਰਿਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ, ਨਾਲ ਚਾਵੜਾਂ ਲਉ ਗੁਟਕਾਰੀਏ ਨੀ ।
(ਧੁੰਬਲਾ=ਗਰੋਹ ਬਣ ਕੇ, ਅਤੀਤ=ਜੋਗੀ, ਬੈਰਾਗੀ, ਸਾਈਂ ਸਵਾਰੀ=ਜਿਹਦੇ ਉਤੇ
ਰਬ ਆਪ ਮਿਹਰ ਕਰੇ, ਗੁਟਕਾਰੀਏ=ਗੁਟਕਣਾ;
ਪਾਠ ਭੇਦ: ਗੁਟਕਾਰੀਏ=ਘੁਮਕਾਰੀਏ)
‘ਰਸਮ ਜਗ ਦੀ ਕਰੋ ਅਤੀਤ ਸਾਈਂ’, ਸਾਡੀਆਂ ਸੂਰਤਾਂ ਵਲ ਧਿਆਨ ਕੀਚੈ ।
ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ਼ ਧਿਆਨ ਕੀਚੈ ।
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸਹਿਤੀ ਮੋਹਣੀ ਤੇ ਨਜ਼ਰ ਆਣ ਕੀਚੈ ।
ਵਾਰਿਸ ਵੇਖੀਏ ਘਰਾਂ ਸਰਦਾਰ ਦੀਆਂ ਨੂੰ, ਅਜੀ ਸਾਹਿਬੋ ! ਨਾ ਗੁਮਾਨ ਕੀਚੈ ।
(ਮੋਹਣੀ=ਮੋਹ ਲਣੈ ਵਾਲੀ,ਸੁਹਣੀ)
ਹਮੀਂ ਬੱਡੇ ਫ਼ਕੀਰ ਸਤ ਪੀੜ੍ਹੀਏ ਹਾਂ, ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ ।
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ, ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ ।
ਬਘਿਆੜ ਸ਼ੇਰ ਅਰ ਮਿਰਗ ਚੀਤੇ, ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ ।
ਤੁਮਹੀਂ ਸੁੰਦਰਾਂ ਬੈਠੀਆਂ ਖ਼ੂਬਸੂਰਤ, ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ ।
ਨਗਰ ਬੀਚ ਨਾ ਆਤਮਾ ਪਰਚਦਾ ਏ, ਉਦਿਆਨ ਪਖੀ ਤੰਬੂ ਤਾਨਤੇ ਹਾਂ ।
ਗੁਰੂ ਤੀਰਥ ਜੋਗ ਬੈਰਾਗ ਹੋਵੇ, ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ ।
(ਅਰ=ਅਤੇ, ਝਾਨਤੇ=ਵੇਖਦੇ, ਝਾਨੀਆਂ=ਵੇਖਦੇ, ਉਦਿਆਨ=ਵਸੋਂ ਤੋਂ ਦੂਰ,
ਜੰਗਲ ਵਿੱਚ ਪੱਖੀ ਤੰਬੂ=ਝੁੱਗੀ,ਦੋ ਬਾਂਸ ਜਾਂ ਲੱਕੜਾਂ ਸਿੱਧੀਆਂ ਗੱਡ ਕੇ ਉਨ੍ਹਾਂ
ਦੇ ਸਿਰਿਆਂ ਉਪਰ ਵਿਚਕਾਰ ਇੱਕ ਹੋਰ ਲੱਕੜ ਬੰਨ੍ਹ ਕੇ, ਉੱਪਰ ਪਾਈ ਢਾਲੂ
ਛੱਤ)
ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਵੇਖ ਰਾਂਝਣੇ ਨੂੰ ਮੂਰਛਤ ਹੋਈਆਂ ।
ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ, ਟੰਗਾਂ ਬਾਹਾਂ ਵੱਗਾ ਬੇਸੱਤ ਹੋਈਆਂ ।
ਅਨੀ ਆਉ ਖਾਂ ਪੁਛੀਏ ਨੱਢੜੇ ਨੂੰ, ਦੇਹੀਆਂ ਵੇਖ ਜੋਗੀ ਉਦਮਤ ਹੋਈਆਂ ।
ਧੁੱਪੇ ਆਣ ਖਲੋਤੀਆਂ ਵੇਂਹਦੀਆਂ ਨੇ, ਮੁੜ੍ਹਕੇ ਡੁੱਬੀਆਂ ਤੇ ਰੱਤੋ-ਰੱਤ ਹੋਈਆਂ ।
(ਮੂਰਛਤ=ਬੇਸੁਧ, ਟੱਡੀਆਂ=ਅੱਡੀਆਂ ਹੋਈਆਂ, ਵੱਗਾ=ਚਿੱਟਾ, ਬੇਸਤ=
ਬਿਨਾ ਸਾਹ ਸਤ ਦੇ, ਉਦਮਤ=ਮਸਤ,ਹੈਰਾਨ)
ਸਈਉ ਵੇਖੋ ਤੇ ਮਸਤ ਅਲੱਸਤ ਜੋਗੀ, ਜੈਂਦਾ ਰਬ ਦੇ ਨਾਲ ਧਿਆਨ ਹੈ ਨੀ ।
ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ, ਘਰ ਬਾਰ ਨਾ ਤਾਣ ਨਾ ਮਾਣ ਹੈ ਨੀ ।
ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ, ਚਲਣਾ ਖ਼ਾਕ ਵਿੱਚ ਫ਼ਕਰ ਦੀ ਬਾਣ ਹੈ ਨੀ ।
ਸੋਹਣਾ ਫੁਲ ਗੁਲਾਬ ਮਾਸ਼ੂਕ ਨੱਢਾ, ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ ।
ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ, ਓਨ੍ਹਾਂ ਮਾਹਣੂਆਂ ਦੀ ਕੇਹੀ ਕਾਣ ਹੈ ਨੀ ।
ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ, ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ ।
ਆਓ, ਪੁੱਛੀਏ ਕਿਹੜੇ ਦੇਸ ਦਾ ਹੈ, ਅਤੇ ਏਸ ਦਾ ਕੌਣ ਮਕਾਨ ਹੈ ਨੀ ।
(ਭੌਰ=ਆਸ਼ਕ, ਕਾਣ=ਸ਼ਰਮ,ਪਰਵਾਹ, ਮਕਾਨ=ਥਾਂ)
ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ, ਨੈਣਾਂ ਖੀਵਿਆ ਮਸਤ ਦੀਵਾਨਿਆ ਵੇ ।
ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ, ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ ।
ਵਿੱਚੋਂ ਨੈਣ ਹੱਸਣ ਹੋਠ ਭੇਤ ਦੱਸਣ, ਅੱਖੀਂ ਮੀਟਦਾ ਨਾਲ ਬਹਾਨਿਆ ਵੇ ।
ਕਿਸ ਮੁਨਿਉਂ ਕੰਨ ਕਿਸ ਪਾੜਿਉ ਨੀ, ਤੇਰਾ ਵਤਨ ਹੈ ਕੌਣ ਦੀਵਾਨਿਆ ਵੇ ।
ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ, ਸੱਚੋ ਸੱਚ ਹੀ ਦੱਸ ਮਸਤਾਨਿਆ ਵੇ ।
ਏਸ ਉਮਰ ਕੀ ਵਾਇਦੇ ਪਏ ਤੈਨੂੰ, ਕਿਉਂ ਭੌਨਾ ਏਂ ਦੇਸ ਬੇਗਾਨਿਆ ਵੇ ।
ਕਿਸੇ ਰੰਨ ਭਾਬੀ ਬੋਲੀ ਮਾਰਿਆ ਈ, ਹਿੱਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ ।
ਵਿੱਚ ਤ੍ਰਿੰਞਣਾ ਪਵੇ ਵਿਚਾਰ ਤੇਰੀ, ਹੋਵੇ ਜ਼ਿਕਰ ਤੇਰਾ ਚੱਕੀ-ਹਾਨਿਆਂ ਵੇ ।
ਬੀਬਾ ਦੱਸ ਸ਼ਤਾਬ ਹੋ ਜੀਊ ਜਾਂਦਾ, ਅਸੀਂ ਧੁਪ ਦੇ ਨਾਲ ਮਰ ਜਾਨੀਆਂ ਵੇ ।
ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ, ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ ।
ਵਾਰਿਸ ਸ਼ਾਹ ਗੁਮਾਨ ਨਾ ਪਵੀਂ ਮੀਆਂ, ਅਵੇ ਹੀਰ ਦਿਆ ਮਾਲ ਖ਼ਜ਼ਾਨਿਆ ਵੇ ।
(ਵਾਇਦੇ=ਦੁਖ, ਚੱਕੀ ਹਾਨਾ=ਚੱਕੀ-ਖ਼ਾਨਾ, ਸ਼ਤਾਬ=ਛੇਤੀ, ਜੀਊ ਜਾਂਦਾ=
ਗਰਮੀ ਨਾਲ ਦਿਲ ਘਬਰਾ ਰਿਹਾ)
ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ, ਸੱਪ ਸ਼ੀਂਹ ਫ਼ਕੀਰ ਦਾ ਦੇਸ ਕੇਹਾ ।
ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ, ਅਸਾਂ ਜ਼ਾਤ ਸਿਫ਼ਾਤ ਤੇ ਭੇਸ ਕੇਹਾ ।
ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਕ ਕਬੀਲੜਾ ਖ਼ੇਸ਼ ਕੇਹਾ ।
ਜੇਹੜਾ ਵਤਨ ਤੇ ਜ਼ਾਤ ਵਲ ਧਿਆਨ ਰੱਖੇ, ਦੁਨੀਆਂਦਾਰ ਹੈ ਉਹ ਦਰਵੇਸ਼ ਕੇਹਾ ।
ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ, ਪੱਥਰ ਜੋੜਨਾ ਨਾਲ ਸਰੇਸ਼ ਕੇਹਾ ।
ਸੱਭਾ ਖ਼ਾਕ ਦਰ ਖ਼ਾਕ ਫ਼ਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇਹਾ ।
(ਕਬੀਲੜਾ=ਟੱਬਰ,ਕੁਟੰਭ, ਦਮਾਂ=ਸਾਹਾਂ)
ਸਾਨੂੰ ਨਾ ਅਕਾਉ ਰੀ ਭਾਤ ਖਾਣੀ, ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ ।
ਜੇ ਕਰ ਆਪਣੀ ਆਈ ਤੇ ਆ ਜਾਈਏ, ਖੁੱਲ੍ਹੀ ਝੰਡ ਸਿਰ ਤੇ ਅਸੀਂ ਭੂਤਨੇ ਹਾਂ ।
ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ, ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ ।
ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ, ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ ।
ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ ।
ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ, ਕਸ਼ਮੀਰ ਦੀਆਂ ਤੁਸੀਂ ਖ਼ੁਰਮਾਨੀਆਂ ਹੋ ।
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ, ਗ਼ੁੱਸੇ ਨਾਲ ਪਸਾਰ ਦੇ ਆਨੀਆਂ ਹੋ ।
ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ, ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ ।
ਸਭੇ ਸੋਂਹਦੀਆਂ ਤ੍ਰਿੰਞਣੀਂ ਸ਼ਾਹ ਪਰੀਆਂ, ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ ।
ਚਲ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ ।
ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ, ਤੁਸੀਂ ਵੱਡੇ ਸ਼ਰਰ ਦੀਆਂ ਬਾਨੀਆਂ ਹੋ ।
ਅਸੀਂ ਕਿਸੇ ਪਰਦੇਸ ਦੇ ਫ਼ਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ ।
ਜਾਉ ਵਾਸਤੇ ਰਬ ਦੇ ਖ਼ਿਆਲ ਛੱਡੋ, ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ ।
ਵਾਰਿਸ ਸ਼ਾਹ ਫ਼ਕੀਰ ਦੀਵਾਨੜੇ ਨੇ, ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ ।
(ਤਨ ਛੇਦਿਆ=ਸਰੀਰ ਵਿੱਚ ਗਲੀਆਂ ਕੀਤੀਆਂ, ਆਨੀਆਂ ਪਸਾਰਦੇ=ਡੇਲ
ਕੱਢਦੇ ਹੋ, ਤਰਕਸ਼=ਤੀਰਾਂ ਦਾ ਭੱਥਾ, ਅੰਗੁਸ਼ਤ=ਉਂਗਲੀ,ਇਸ਼ਾਰਾ, ਸ਼ੇਖ਼ ਸਾਅਦੀ=
ਈਰਾਨ ਦੇ ਬਹੁਤ ਵੱਡੇ ਸ਼ਾਇਰ, ‘ਗੁਲਿਸਤਾਂ’ ਅਤੇ ‘ਬੋਸਤਾਂ’ ਦੋ ਜਗਤ ਪ੍ਰਸਿੱਧ
ਕਿਤਾਬਾਂ ਦੇ ਰਚੇਤਾ ਹਨ ।ਦੱਸਿਆ ਜਾਂਦਾ ਹੈ ਕਿ ਉਹ ਭਾਰਤ ਵੀ ਆਏ ਸਨ।
ਉਨ੍ਹਾਂ ਔਰਤਾਂ ਦੇ ਚਲਿੱਤਰਾਂ ਬਾਰੇ ਸੁਣਿਆ ਹੋਇਆ ਸੀ ।ਇੱਕ ਪਿੰਡ ਜਾ ਕੇ ਸਭ
ਤੋਂ ਵਧ ਭਲੀਮਾਨਸ ਔਰਤ ਦਾ ਪਤਾ ਕੀਤਾ ।ਜਦੋਂ ਉਹ ਖੂਹ ਤੇ ਪਾਣੀ ਭਰਨ ਆਈ
ਤਾਂ ਉਹਨੂੰ ਚਲਿੱਤਰਾਂ ਬਾਬਤ ਪੁੱਛਿਆ ।ਉਹ ਕਹਿਣ ਲੱਗੀ ਕਿ ਉਹਨੂੰ ਨਹੀਂ ਆਉਂਦੇ,
ਉਹ ਹੋਰ ਔਰਤਾਂ ਦਾ ਪਤਾ ਦੱਸ ਸਕਦੀ ਹੈ ।ਉਹਨੂੰ ਇੱਕ ਨਿੱਕੀ ਜਹੀ ਮਕਰੀ ਆਉਂਦੀ
ਹੈ ।ਉਹ ਦਿਖਾ ਸਕਦੀ ਹੈ ।ਸ਼ੇਖ ਦੇ ਹਾਂ ਕਹਿਣ ਤੇ ਉਹਨੇ ਕਿਹਾ ਕਿ ਜਦੋਂ ਉਹ ਉਹਦੇ
ਕੋਲੋਂ ਕੁੱਝ ਕਦਮ ਪਰੇ ਜਾਵੇਗਾ ਸ਼ੁਰੂ ਕਰੇਗੀ ।ਜਦੋਂ ਸ਼ੇਖ ਸਾਹਿਬ ਕੁੱਝ ਕਦਮ ਪਰੇ ਨਾਲ
ਦੀ ਗਲੀ ਮੁੜੇ ਤਾਂ ਉਹਨੇ ਰੋਲਾ ਪਾ ਦਿੱਤਾ ਕਿ ਲੋਕੋ ਫੜੋ, ਨਾਲ ਦੀ ਗਲੀ ਜਾਣ ਵਾਲਾ
ਕਾਣਾ ਪੁਰਸ਼ ਉਹਦੀ ਇੱਜ਼ਤ ਲੁੱਟਣੀ ਚਾਹੁੰਦਾ ਹੈ, ਲੋਕਾਂ ਫੜ ਕੇ ਸ਼ੇਖ਼ ਦੀ ਖਿੱਚ ਧੂਹ
ਕੀਤੀ ।ਕੋਤਵਾਲ ਕੋਲ ਲਿਜਾ ਕੇ ਇੱਕ ਮਕਾਨ ਵਿੱਚ ਬੰਦ ਕਰ ਦਿੱਤਾ ।ਫਿਰ ਉਹ
ਔਰਤ ਫੜਣ ਵਾਲਿਆਂ ਨੂੰ ਕਹਿਣ ਲੱਗੀ ਤੁਸੀਂ ਉਸ ਕਾਣੇ ਆਦਮੀ ਨਾਲ ਚੰਗੀ
ਕੀਤੀ ਉਹ ਬਦਮਾਸ਼ ਏਸੇ ਦਾ ਹੱਕਦਾਰ ਸੀ ।ਫੜਣ ਵਾਲੇ ਆਖਣ ਲੱਗੇ ਕਿ ਉਹ
ਗਲਤ ਪੁਰਸ਼ ਫੜ ਲਿਆਏ ਹਨ ।ਸ਼ੇਖ ਨੂੰ ਵੇਖ ਕੇ ਉਹ ਆਖਣ ਲੱਗੀ ਕਿ ਮੈਨੂੰ
ਛੇੜਣ ਵਾਲਾ ਪੁਰਸ਼ ਅੱਖੋਂ ਕਾਣਾ ਸੀ ।ਜਿਹੜਾ ਤੁਸੀਂ ਫੜ ਲਿਆਏ ਹੋ ਉਹ ਤਾ
ਸ਼ੇਖ਼ ਸਾਅਦੀ ਹੈ ਜਿਹੜਾ ਉਹਨੇ ਰਾਤੀਂ ਸੁਫ਼ਨੇ ਵਿੱਚ ਵੇਖਿਆ ਸੀ ।ਔਰਤ ਨੇ ਸ਼ੇਖ਼
ਦੇ ਪੈਰੀਂ ਹੱਥ ਲਾਏ ਅਤੇ ਕਿਹਾ ਇਹ ਤਾਂ ਵਲੀ ਪੁਰਸ਼ ਫਰਿਸ਼ਤਾ ਹੈ ।ਉਹ ਕਾਣਾ
ਸੂਰ ਵੀ ਇਸੇ ਗਲੀ ਵਿੱਚ ਭੱਜਾ ਸੀ ।ਮੈਨੂੰ ਮੁਆਫ਼ ਕਰੋ’ ਫੜਣ ਵਾਲਿਆਂ ਵੀ
ਸਾਅਦੀ ਤੋਂ ਮੁਆਫ਼ੀ ਮੰਗੀ । ਜਾਂਦੀ ਹੋਈ ਉਹ ਔਰਤ ਕਹਿ ਗਈ ਕਿ ਉਹਨੂੰ ਤਾਂ
ਨਿੱਕੀ ਜਹੀ ਮਕਰੀ ਆਉਂਦੀ ਸੀ ਉਹ ਦਿਖਾ ਦਿੱਤੀ ਹੈ, ਸ਼ਰਰ=ਸ਼ਰਾਰਤ, ਸਾਨੀ=
ਬਰਾਬਰ)
ਹਮੀਂ ਭਿਛਿਆ ਵਾਸਤੇ ਤਿਆਰ ਬੈਠੇ, ਤੁਮਹੀਂ ਆਣ ਕੇ ਰਿੱਕਤਾਂ ਛੇੜਦੀਆਂ ਹੋ ।
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ, ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ ।
ਅਸੀਂ ਛੱਡ ਝੇੜੇ ਜੋਗ ਲਾਇ ਬੈਠੇ, ਤੁਸੀਂ ਫੇਰ ਆਲੂਦ ਲਬੇੜਦੀਆਂ ਹੋ ।
ਪਿੱਛੋਂ ਕਹੋਗੀ ਭੂਤਨੇ ਆਣ ਲੱਗੇ, ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੇੜ੍ਹਦੀਆਂ ਹੋ ।
ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ, ਤੁਮ੍ਹੀਂ ਆਣ ਕੇ ਕਾਹਿ ਖਹੇੜਦੀਆਂ ਹੋ ।
(ਆਲੂਦ=ਲਿਬੜਿਆ ਹੋਇਆ, ਸੰਗ=ਪੱਥਰ, ਅੰਨ੍ਹਾ ਖੂਹ=ਬੇਆਬਾਦ ਜਾਂ
ਉਜੜਿਆ ਖੂਹ ਜਿਸ ਬਾਬਤ ਵਹਿਮ ਸੀ ਕਿ ਉਸ ਵਿੱਚ ਇੱਟ ਪੱਥਰ ਮਾਰਨ
ਨਾਲ ਭੂਤ ਲਗ ਜਾਂਦੇ ਹਨ)
ਰਾਂਝਾ ਖੱਪਰੀ ਪਕੜ ਕੇ ਗਜ਼ੇ ਚੜ੍ਹਿਆ, ਸਿੰਙੀ ਦਵਾਰ-ਬ-ਦਵਾਰ ਵਜਾਉਂਦਾ ਏ ।
ਕੋਈ ਦੇ ਸੀਧਾ ਕੋਈ ਪਾਏ ਟੁੱਕੜ, ਕੋਈ ਥਾਲੀਆਂ ਪਰੋਸ ਲਿਆਉਂਦਾ ਏ ।
ਕੋਈ ਆਖਦੀ ਜੋਗੀੜਾ ਨਵਾਂ ਬਣਿਆ, ਰੰਗ ਰੰਗ ਦੀ ਕਿੰਗ ਵਜਾਉਂਦਾ ਏ ।
ਕੋਈ ਦੇ ਗਾਲੀ ਧਾੜੇ ਮਾਰ ਫਿਰਦਾ, ਕੋਈ ਬੋਲਦੀ ਜੋ ਮਨ ਭਾਉਂਦਾ ਏ ।
ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ, ਸਾਨੂੰ ਆਸਰਾ ਫ਼ਕਰ ਦੇ ਨਾਉਂ ਦਾ ਏ ।
ਕੋਈ ਆਖਦੀ ਮਸਤਿਆ ਚਾਕ ਫਿਰਦਾ, ਨਾਲ ਮਸਤੀਆਂ ਘੂਰਦਾ ਗਾਉਂਦਾ ਏ ।
ਕੋਈ ਆਖਦੀ ਮਸਤ ਦੀਵਾਨੜਾ ਹੈ, ਬੁਰਾ ਲੇਖ ਜਨੈਂਦੜੀ ਮਾਉਂ ਦਾ ਏ ।
ਕੋਈ ਆਖਦੀ ਠਗ ਉਧਾਲ ਫਿਰਦਾ, ਸੂਹਾ ਚੋਰਾਂ ਦੇ ਕਿਸੇ ਰਾਉਂ ਦਾ ਏ ।
ਲੜੇ ਭਿੜੇ ਤੇ ਗਾਲੀਆਂ ਦਏ ਲੋਕਾਂ, ਠਠੇ ਮਾਰਦਾ ਲੋੜ੍ਹ ਕਮਾਂਉਦਾ ਏ ।
ਆਟਾ ਕਣਕ ਦਾ ਲਏ ਤੇ ਘਿਉ ਭੱਤਾ, ਦਾਣਾ ਟੁਕੜਾ ਗੋਦ ਨਾ ਪਾਉਂਦਾ ਏ ।
ਵਾਰਿਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ, ਘਰੋ ਘਰੀ ਮੁਬਾਰਕਾਂ ਲਿਆਉਂਦਾ ਏ ।
(ਗਜ਼ਾ ਕਰਨ=ਮੰਗਣ, ਸੀਧਾ=ਕੱਚਾ ਖੁਸ਼ਕ ਰਾਸ਼ਨ, ਧਾੜੇ ਮਾਰ=ਚੋਰ,ਡਾਕੂ,
ਠੱਠੇ ਮਾਰ=ਮਖੌਲ ਉਡਾਉਣ ਵਾਲਾ)
ਆ ਵੜੇ ਹਾਂ ਉਜੜੇ ਪਿੰਡ ਅੰਦਰ, ਕਾਈ ਕੁੜੀ ਨਾ ਤ੍ਰਿੰਞਣੀਂ ਗਾਂਵਦੀ ਹੈ ।
ਨਾਹੀਂ ਕਿਕਲੀ ਪਾਂਵਦੀ ਨਾ ਸੰਮੀ, ਪੰਬੀ ਪਾ ਨਾ ਧਰਤ ਹਲਾਂਵਦੀ ਹੈ ।
ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ, ਗਿੱਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ ।
ਵਾਰਿਸ ਸ਼ਾਹ ਛੱਡ ਚੱਲੀਏ ਇਹ ਨਗਰੀ, ਐਸੀ ਤਬ੍ਹਾ ਫ਼ਕੀਰ ਦੀ ਆਂਵਦੀ ਹੈ ।
(ਸੰਮੀ=ਹਲਕਾ ਚੁਸਤ ਨਾਚ, ਪੰਬੀ=ਛਾਲ ਮਾਰ ਕੇ ਨੱਚਣਾ)
ਚਲ ਜੋਗੀਆ ਅਸੀਂ ਵਿਖਾ ਲਿਆਈਏ, ਜਿੱਥੇ ਤ੍ਰਿੰਞਣੀਂ ਛੋਹਰੀਆਂ ਗਾਉਂਦੀਆਂ ਨੇ ।
ਲੈ ਕੇ ਜੋਗੀ ਨੂੰ ਆਣ ਵਿਖਾਲਿਉ ਨੇ, ਜਿੱਥੇ ਵਹੁਟੀਆਂ ਛੋਪ ਰਲ ਪਾਉਂਦੀਆਂ ਨੇ ।
ਇੱਕ ਨੱਚਦੀਆਂ ਮਸਤ ਮਲੰਗ ਬਣ ਕੇ, ਇੱਕ ਸਾਂਗ ਚੂੜ੍ਹੀ ਦਾ ਲਾਉਂਦੀਆਂ ਨੇ ।
ਇੱਕ ਬਾਇੜਾਂ ਨਾਲ ਘਸਾ ਬਾਇੜ, ਇੱਕ ਮਾਲ੍ਹ ਤੇ ਮਾਲ੍ਹ ਫਿਰਾਉਂਦੀਆਂ ਨੇ ।
ਵਾਰਿਸ ਸ਼ਾਹ ਜੋਗੀ ਆਣ ਧੁੱਸ ਦਿੱਤੀ,ਕੁੜੀਆਂ ਸੱਦ ਕੇ ਕੋਲ ਬਹਾਉਂਦੀਆਂ ਨੇ ।
(ਛੋਪ=ਜੋਟੇ, ਬਾਇੜਾਂ=ਲਕੜੀ ਦਾ ਗੋਲ ਚੱਕਰ)
ਜਿੱਥੇ ਤ੍ਰਿੰਞਣਾਂ ਦੀ ਘੁਮਕਾਰ ਪੌਂਦੀ, ਅੱਤਣ ਬੈਠੀਆਂ ਲਖ ਮਹਿਰੇਟੀਆਂ ਨੇ ।
ਖਤਰੇਟੀਆਂ ਅਤੇ ਬਹਿਮਨੇਟੀਆਂ ਨੇ, ਤੁਰਕੇਟੀਆਂ ਅਤੇ ਜਟੇਟੀਆਂ ਨੇ ।
ਲੁਹਾਰੀਆਂ ਲੌਂਗ ਸੁਪਾਰੀਆਂ ਨੇ, ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ ।
ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ, ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ ।
ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ, ਫੁਲਹਾਰੀਆਂ ਛੈਲ ਸੁਨਰੇਟੀਆਂ ਨੇ ।
ਮਨਿਹਾਰੀਆਂ ਤੇ ਪੱਖੀਵਾਰੀਆਂ, ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ ।
ਪਠਾਣੀਆਂ ਚਾਦਰਾਂ ਤਾਣੀਆਂ ਨੇ, ਪਸ਼ਤੋ ਮਾਰਦੀਆਂ ਨਾਲ ਮੁਗ਼ਲੇਟੀਆਂ ਨੇ ।
ਪਿੰਜਾਰੀਆਂ ਨਾਲ ਚਮਿਆਰੀਆਂ ਨੇ, ਰਾਜਪੂਤਨੀਆਂ ਨਾਲ ਭਟੇਟੀਆਂ ਨੇ ।
ਦਰਜ਼ਾਨੀਆਂ ਸੁਘੜ ਸਿਆਣੀਆਂ ਨੇ, ਬਰਵਾਲੀਆਂ ਨਾਲ ਮਛੇਟੀਆਂ ਨੇ ।
ਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ, ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ ।
ਰਾਉਲਿਆਣੀਆਂ ਬੇਟੀਆਂ ਬਾਣੀਆਂ ਦੀਆਂ, ਛੰਨਾਂ ਵਾਲੀਆਂ ਨਾਲ ਵਣੇਟੀਆਂ ਨੇ ।
ਚੰਗੜਿਆਣੀਆਂ ਨਾਇਣਾਂ ਮੀਰਜ਼ਾਦਾਂ, ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ ।
ਗੰਧੀਲਣਾਂ ਛੈਲ ਛਬੀਲੀਆਂ ਨੇ, ਤੇ ਕਲਾਲਣਾਂ ਭਾਬੜੀਆਂ ਬੇਟੀਆਂ ਨੇ ।
ਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ, ਵੀਰਾ ਰਾਧਣਾਂ ਰਾਮ ਜਣੇਟੀਆਂ ਨੇ ।
ਪੂਰਬਿਆਣੀਆਂ ਛੀਂਬਣਾਂ ਰੰਗਰੇਜ਼ਾਂ, ਬੈਰਾਗਣਾਂ ਨਾਲ ਠਠਰੇਟੀਆਂ ਨੀ ।
ਸੰਡਾਸਣਾਂ ਅਤੇ ਖ਼ਰਾਸਣਾਂ ਨੀ ,ਢਾਲਗਰਨੀਆਂ ਨਾਲ ਵਣਸੇਟੀਆਂ ਨੀ ।
ਕੁੰਗਰਾਣੀਆਂ ਡੂਮਣੀਆਂ ਦਾਈਂ ਕੁੱਟਾਂ, ਆਤਿਸ਼ਬਾਜ਼ਣਾਂ ਨਾਲ ਪਹਿਲਵੇਟੀਆਂ ਨੇ ।
ਖਟੀਕਣਾਂ ਤੇ ਨੇਚਾ ਬੰਦਨਾਂ ਨੇ, ਚੂੜੀਗਰਨੀਆਂ ਤੇ ਕੰਮਗਰੇਟੀਆਂ ਨੇ ।
ਭਰਾਇਣਾਂ ਵਾਹਨਾਂ ਸਰਸਸਿਆਣੀਆਂ, ਸਾਉਂਸਿਆਣੀਆਂ ਕਿਤਨ ਕੋਝੇਟੀਆਂ ਨੇ ।
ਬਹਿਰੂਪਣਾਂ ਰਾਂਝਣਾਂ ਜ਼ੀਲਵੱਟਾਂ, ਬਰਵਾਲੀਆਂ ਭੱਟ ਬਹਿਮਨੇਟੀਆਂ ਨੇ ।
ਲੁਬਾਣੀਆਂ ਢੀਡਣਾਂ ਪੀਰਨੀਆਂ ਨੇ, ਸਾਊਆਣੀਆਂ ਦੁਧ ਦੁਧੇਟੀਆਂ ਨੇ ।
ਝਬੇਲਣਾ ਮਿਉਣੀਆਂ ਫਫੇਕੁਟਣੀਆਂ, ਜੁਲਹੇਟੀਆਂ ਨਾਲ ਕਸੇਟੀਆਂ ਨੇ ।
ਕਾਗ਼ਜ਼-ਕੁੱਟ ਡਬਗਰਨੀਆਂ ਉਰਦ-ਬੇਗਾਂ, ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ ।
ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ, ਰਾਜਵੰਸਣਾਂ ਰਾਜੇ ਦੀਆਂ ਬੇਟੀਆਂ ਨੇ ।
ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ, ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ ।
ਵਾਰਿਸ ਸ਼ਾਹ ਜੀਜਾ ਬੈਠਾ ਹੋ ਜੋਗੀ, ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ ।
(ਘੁਮਕਾਰ=ਗੂੰਜ, ਅੱਤਣ=ਕੁੜੀਆਂ ਦੀ ਮਹਿਫ਼ਲ, ਵਣੇਟੀ=ਵਾਣ ਵੱਟਨ ਵਾਲੀ,
ਮੀਰਜ਼ਾਦੀ=ਸੱਯਦਜ਼ਾਦੀ, ਕਲਾਲਣ=ਸ਼ਰਾਬ ਕੱਢਣ ਤੇ ਵੇਚਣ ਵਾਲੀ, ਰਾਮ ਜਣੀ=
ਨਾਚੀ, ਵਣਸੇਟੀ=ਬਾਂਸ, ਨੜੇ ਅਤੇ ਸਰਕੰਡੇ ਦਾ ਸਮਾਨ ਬਣਾਉਣ ਵਾਲੀ, ਅੰਚਲਾ=
ਆਂਚਲ,ਪੱਲਾ, ਕੁੰਗਰਾਣੀ=ਮਿੱਟੀ ਦੇ ਖਿਡੌਣੇ ਬਣਾਉਣ ਵਾਲੀ, ਪਹਿਲਵੇਟੀ=
ਪਹਿਲਵਾਨ ਦੀ ਇਸਤਰੀ, ਕੰਮਗਰੇਟੀ=ਕਮਾਨ ਬਣਾਉਣ ਵਾਲੀ)
ਕਾਈ ਆ ਰੰਝੇਟੇ ਦੇ ਨੈਣ ਵੇਖੇ, ਕਾਈ ਮੁਖੜਾ ਵੇਖ ਸਲਾਹੁੰਦੀ ਹੈ ।
ਅੜੀਉ ਵੇਖੋ ਤਾਂ ਸ਼ਾਨ ਇਸ ਜੋਗੀੜੇ ਦੀ, ਰਾਹ ਜਾਂਦੜੇ ਮਿਰਗ ਫਹਾਉਂਦੀ ਹੈ ।
ਝੂਠੀ ਦੋਸਤੀ ਉਮਰ ਦੇ ਨਾਲ ਜੁੱਸੇ, ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ ।
ਕੋਈ ਓਢਨੀ ਲਾਹ ਕੇ ਮੁਖ ਪੂੰਝੇ, ਧੋ ਧਾ ਬਿਭੂਤ ਚਾ ਲਾਹੁੰਦੀ ਹੈ ।
ਕਾਈ ਮੁਖ ਰੰਝੇਟੇ ਦੇ ਨਾਲ ਜੋੜੇ, ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ ।
ਸਹਿਤੀ ਲਾਡ ਦੇ ਨਾਲ ਚਵਾ ਕਰਕੇ, ਚਾਇ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ ।
ਰਾਂਝੇ ਪੁੱਛਿਆ ਕੌਣ ਹੈ ਇਹ ਨੱਢੀ, ਧੀ ਅਜੂ ਦੀ ਕਾਈ ਚਾ ਆਂਹਦੀ ਹੈ ।
ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ, ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ ।
ਵਾਰਿਸ ਸ਼ਾਹ ਨਿਨਾਣ ਹੈ ਹੀਰ ਸੰਦੀ, ਧੀਉ ਖੇੜਿਆਂ ਦੇ ਬਾਦਸ਼ਾਹ ਦੀ ਹੈ ।
ਅੱਜੂ ਧੀ ਰੱਖੀ ਧਾੜੇ ਮਾਰ ਲੱਪੜ, ਮੁਸ਼ਟੰਡੜੀ ਤ੍ਰਿੰਞਣੀਂ ਘੁੰਮਦੀ ਹੈ ।
ਕਰੇ ਆਣ ਬੇਅਦਬੀਆਂ ਨਾਲ ਫ਼ੱਕਰਾਂ, ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ ।
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ, ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ ।
ਫਿਰੇ ਨਚਦੀ ਸ਼ੋਖ਼ ਬੇਹਾਣ ਘੋੜੀ, ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ ।
ਸਿਰਦਾਰ ਹੈ ਲੋਹਕਾਂ ਲਾਹਕਾਂ ਦੀ, ਪੀਹਣ ਡੋਲ੍ਹਦੀ ਤੇ ਤੌਣ ਲੁੰਬਦੀ ਹੈ ।
ਵਾਰਿਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ, ਬੁਨਿਆਦ ਪਰ ਜ਼ੁਲਮ ਦੀ ਖੁੰਬ ਦੀ ਹੈ ।
(ਧਾੜੇਮਾਰ=ਵਾਰਦਾਤਨ, ਬੇਹਾਣ=ਬਛੇਰੀ, ਲੁੰਬਣਾ=ਝਪਟਾ ਮਾਰਨਾ,
ਤੌਣ=ਗੁੰਨਿਆ ਹੋਇਆ ਆਟਾ)
ਲੱਗੇਂ ਹੱਥ ਤਾਂ ਪਕੜ ਪਛਾੜ ਸੁੱਟਾਂ, ਤੇਰੇ ਨਾਲ ਕਰਸਾਂ ਸੋ ਤੂੰ ਜਾਣਸੇਂ ਵੇ ।
ਹਿੱਕੋ ਹਿੱਕ ਕਰਸਾਂ ਭੰਨ ਲਿੰਗ ਗੋਡੇ, ਤਦੋਂ ਰਬ ਨੂੰ ਇੱਕ ਪਛਾਣਸੇਂ ਵੇ ।
ਵਿਹੜੇ ਵੜਿਉਂ ਤਾਂ ਖੋਹ ਚਟਕੋਰਿਆਂ ਨੂੰ, ਤਦੋਂ ਸ਼ੁਕਰ ਬਜਾ ਲਿਆਵਸੇਂ ਵੇ ।
ਗੱਦੋਂ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ, ਤਦੋਂ ਛੱਟ ਤਦਬੀਰ ਦੀ ਆਣਸੇਂ ਵੇ ।
ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ, ਮੰਗਣ ਆਵਸੈਂ ਤਾਂ ਮੈਨੂੰ ਜਾਣਸੇਂ ਵੇ ।
ਵਾਰਿਸ ਸ਼ਾਹ ਵਾਂਗੂੰ ਤੇਰੀ ਕਰਾਂ ਖ਼ਿਦਮਤ, ਮੌਜ ਸੇਜਿਅ ਦੀ ਤਦੋਂ ਮਾਣਸੇਂ ਵੇ ।
(ਹਿੱਕੋ ਹਿੱਕ ਕਰਸਾਂ=ਹੱਡ ਗੋਡੇ ਸੁਜਾ ਕੇ ਇੱਕ ਕਰ ਦੇਵਾਂਗੀ, ਸੇਜਿਆ=ਸੇਜ)
ਸੱਪ ਸ਼ੀਹਣੀ ਵਾਂਗ ਕੁਲਹਿਣੀਏਂ ਨੀ, ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ ।
ਕਾਹੇ ਫ਼ੱਕਰ ਦੇ ਨਾਲ ਰੇਹਾੜ ਪਈਏਂ, ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ ।
ਦੁਖੀ ਜੀਉ ਦੁਖਾ ਨਾ ਭਾਗ ਭਰੀਏ, ਸੋਇਨ-ਚਿੜੀ ਤੇ ਕੂੰਜ ਲਖੀਣੀਏਂ ਨੀ ।
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ, ਸਕੇ ਖ਼ਸਮ ਥੀਂ ਨਾ ਪਤੀਣੀਏਂ ਨੀ ।
ਚਰਖਾ ਚਾਇ ਨਿਹੱਥੜੇ ਮਰਦ ਮਾਰੇ, ਕਿਸੇ ਯਾਰ ਨੇ ਪਕੜ ਪਲੀਹਣੀਏਂ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈਏ, ਜਰਮ-ਤੱਤੀਏ ਕਰਮ ਦੀ ਹੀਣੀਏਂ ਨੀ ।
(ਰੇਹਾੜ=ਝਗੜਾ, ਲਖੀਣੀਏਂ=ਵੇਖਣ ਯੋਗ, ਪਲੀਹਣਾ=ਬੀਜਣ ਤੋਂ ਪਹਿਲਾਂ
ਖੇਤ ਨੂੰ ਸਿੰਜਣਾ)
ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ, ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ ।
ਸਿੰਙੀ ਫੂਕ ਕੇ ਨਾਦ ਘੂਕਾਇਆ ਸੂ, ਜੋਗੀ ਗੱਜ ਗਜੇ ਵਿੱਚ ਜਾਇ ਠੇਲ੍ਹਦਾ ਹੈ ।
ਵਿਹੜੇ ਵਿੱਚ ਔਧੂਤ ਜਾ ਗੱਜਿਆ ਈ, ਮਸਤ ਸਾਨ੍ਹ ਵਾਂਗੂੰ ਜਾਇ ਮੇਲ੍ਹਦਾ ਹੈ ।
ਹੂ, ਹੂ ਕਰਕੇ ਸੰਘ ਟੱਡਿਆ ਸੂ, ਫ਼ੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ ।
(ਮੇਲਦਾ=ਚੋਣ ਲਈ ਤਿਆਰ ਕਰਦਾ, ਫੀਲਵਾਨ=ਹਥਵਾਨ,ਮਹਾਵਤ, ਹਸਤ=
ਹਾਥੀ, ਪੇਲਦਾ=ਹਕਦਾ)
ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ, ਭੰਨ ਦੋਹਣੀ ਦੁੱਧ ਸਭ ਡੋਹਲਿਆ ਈ ।
ਘੱਤ ਖ਼ੈਰ ਏਸ ਕਟਕ ਦੇ ਮੋਹਰੀ ਨੂੰ, ਜੱਟ ਉਠਕੇ ਰੋਹ ਹੋ ਬੋਲਿਆ ਈ ।
ਝਿਰਕ ਭੁੱਖੜੇ ਦੇਸ ਦਾ ਇਹ ਜੋਗੀ, ਏਥੇ ਦੁੰਦ ਕੀ ਆਣ ਕੇ ਘੋਲਿਆ ਈ ।
ਸੂਰਤ ਜੋਗੀਆਂ ਦੀ ਅੱਖ ਗੁੰਡਿਆਂ ਦੀ, ਦਾਬ ਕਟਕ ਦੇ ਤੇ ਜੀਊ ਡੋਲਿਆ ਈ ।
ਜੋਗੀ ਅੱਖੀਆਂ ਕਢ ਕੇ ਘਤ ਤਿਊੜੀ, ਲੈ ਕੇ ਖੱਪਰਾ ਹੱਥ ਵਿੱਚ ਤੋਲਿਆ ਈ ।
ਵਾਰਿਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ, ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ ।
(ਨਿਆਣਾ=ਟੰਗੀਂ ਪਾਈ ਰੱਸੀ, ਢਾਂਡੜੀ=ਬੁੱਢੀ ਗਾਂ, ਦੁੰਦ=ਫਸਾਦ, ਝਿਰਕ=ਭੁਖੜ,
ਜੰਬੂ=ਦੇਵਤਿਆਂ ਵਿਰੁੱਧ ਲੜਣ ਵਾਲਾ ਇੱਕ ਰਾਕਸ਼, ਸ਼ਾਕਣੀ=ਇੱਕ ਭਿਆਨਕ ਦੇਵੀ
ਜਿਹੜੀ ਦੁਰਗਾ ਦੀ ਸੇਵਾਦਾਰਨੀ ਸੀ)
ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੇ ਅੜਤਨੇ ਪੜਤਨੇ ਪਾੜ ਸੁੱਟੇ ।
ਪੁਣੇ ਦਾਦ ਪੜਦਾਦੜੇ ਜੋਗੀੜੇ ਦੇ, ਸੱਭੇ ਟੰਗਨੇ ਤੇ ਸਾਕ ਚਾੜ੍ਹ ਸੁੱਟੇ ।
ਮਾਰ ਬੋਲੀਆਂ ਗਾਲੀਆਂ ਦੇ ਜੱਟੀ, ਸਭ ਫ਼ੱਕਰ ਦੇ ਪਿੱਤੜੇ ਸਾੜ ਸੁੱਟੇ ।
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ, ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ ।
ਜੱਟੀ ਜ਼ਿਮੀਂ ‘ਤੇ ਪਟੜੇ ਵਾਂਗ ਢੱਠੀ, ਜੈਸੇ ਵਾਹਰੂ ਫੱਟ ਕੇ ਧਾੜ ਸੁੱਟੇ ।
ਵਾਰਿਸ ਸ਼ਾਹ ਮੀਆਂ ਜਿਵੇਂ ਮਾਰ ਤੇਸੇ ਫ਼ਰਹਾਦ ਨੇ ਚੀਰ ਪਹਾੜ ਸੁੱਟੇ ।
(ਅੜਤਨੇ ਪੜਤਨੇ=ਅੱਗ ਪਿੱਛਾ, ਟੰਗਣੇ ਤੇ ਸਾਕ ਚਾੜ੍ਹ ਦਿੱਤੇ=ਸਾਕਾਂ
ਨੂੰ ਗਾਲਾਂ ਕੱਢੀਆਂ, ਪਿੱਤੜੇ=ਪਿੱਤੇ, ਗ਼ੁੱਸਾ ਕਰਨ ਵਾਲਾ ਬਕਵਾਸ ਕੀਤਾ,
ਫ਼ਰਹਾਦ=ਸ਼ੀਰੀਂ ਫ਼ਰਹਾਦ ਦੀ ਪਿਆਰ ਗਾਥਾ ਦਾ ਨਾਇਕ ।ਈਰਾਨੀ
ਬਾਦਸ਼ਾਹ ਖੁਸਰੋ ਪਰਵੇਜ਼ ਦੀ ਮਲਕਾ ਦਾ ਆਸ਼ਕ ।ਖੁਸਰੋ ਨੇ ਫ਼ਰਹਾਦ
ਦੀ ਆਜ਼ਮਾਇਸ਼ ਕਰਨ ਲਈ ਇਹ ਸ਼ਰਤ ਰਖ ਦਿੱਤੀ ਕਿ ਜੇ ਉਹ
ਵਸਤੂਨ ਨਾਮੀ ਪਹਾੜ ਵਿੱਚੋਂ ਦੁੱਧ ਦੀ ਨਹਿਰ ਰਾਨੀ ਦੇ ਮਹੱਲ ਤੱਕ
ਲੈ ਆਵੇ ਤਾਂ ਸ਼ੀਰੀਂ ਉਹਦੇ ਹਵਾਲੇ ਕਰ ਦਿੱਤੀ ਜਾਵੇਗੀ ।ਫ਼ਰਹਾਦ
ਦੇ ਸੱਚੇ ਪਿਆਰ ਨੇ ਪੱਥਰ ਦੇ ਪਹਾੜ ਨੂੰ ਸਿਦਕ ਅਤੇ ਬੇਮਿਸਾਲ
ਹਿੰਮਤ ਲਾਲ ਕੱਟ ਕੇ ਦੁੱਧ ਦੀ ਨਹਿਰ ਕੱਢ ਦਿੱਤੀ ਐਪਰ ਬਾਦਸ਼ਾਹ
ਨੇ ਬਾਦਸ਼ਾਹਾਂ ਵਾਲੀ ਗੱਲ ਕੀਤੀ ਅਤੇ ਇੱਕ ਫਫਾਕੁਟਣੀ ਰਾਹੀਂ
ਫ਼ਰਹਾਦ ਨੂੰ ਕਿਹਾ ਕਿ ਸ਼ੀਰੀਂ ਮਰ ਗਈ ।ਉਹਨੇ ਇਸ ਖ਼ਬਰ
ਨੂੰ ਸੱਚ ਮੰਨ ਕੇ ਪਹਾੜ ਕੱਟਣ ਵਾਲਾ ਤੇਸ਼ਾ ਆਪਣੇ ਸਿਰ ਵਿੱਚ
ਮਾਰ ਕੇ ਆਪਣੀ ਜਾਨ ਲੈ ਲਈ ।ਇਹ ਖ਼ਬਰ ਸੁਣ ਕੇ ਸ਼ੀਰੀਂ
ਨੇ ਵੀ ਮਹੱਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ)
ਜੱਟ ਵੇਖ ਕੇ ਜੱਟੀ ਨੂੰ ਕਾਂਗ ਘੱਤੀ, ਵੇਖੋ ਪਰੀ ਨੂੰ ਰਿਛ ਪਥੱਲਿਆ ਜੇ ।
ਮੇਰੀ ਸੈਆਂ ਦੀ ਮਹਿਰ ਨੂੰ ਮਾਰ ਜਿੰਦੋਂ, ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ ।
‘ਲੋਕਾ ਬਾਹੁੜੀ’ ਤੇ ਫ਼ਰਿਆਦ ਕੂਕੇ, ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ ।
ਪਿੰਡ ਵਿੱਚ ਇਹ ਆਣ ਬਲਾਇ ਵੱਜੀ, ਜੇਹਾ ਜਿੰਨਪਛਵਾੜ ਵਿੱਚ ਮੱਲਿਆ ਜੇ ।
ਪਕੜ ਲਾਠੀਆਂ ਗੱਭਰੂ ਆਣ ਢੁੱਕੇ, ਵਾਂਗ ਕਾਢਵੇਂ ਕਣਕ ਦੇ ਹੱਲਿਆ ਜੇ ।
ਵਾਰਿਸ ਸ਼ਾਹ ਜਿਉਂ ਧੂੰਇਆਂ ਸਰਕਿਆਂ ‘ਤੇ, ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ ।
(ਕਾਂਗ=ਦੁਹਾਈ ਪਾਹਰਿਆ, ਝੁੱਗੜਾ=ਵਸਦਾ ਘਰ, ਵੱਜੀ=ਆ ਗਈ)
ਆਇ, ਆਇ ਮੁਹਾਣਿਆਂ ਜਦੋਂ ਕੀਤੀ, ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ ।
ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ, ਜੋਗੀ ਹੋਰੀਂ ਭੀ ਜੀ ਚੁਰਾਇ ਗਏ ।
ਵੇਖੋ ਫ਼ੱਕਰ ਅੱਲਾਹ ਦੇ ਮਾਰ ਜੱਟੀ, ਓਸ ਜਟ ਨੂੰ ਵਾਇਦਾ ਪਾਇ ਗਏ ।
ਜਦੋਂ ਮਾਰ ਚੌਤਰਫ਼ ਤਿਆਰ ਹੋਈ, ਓਥੋਂ ਆਪਣਾ ਆਪ ਖਿਸਕਾਇ ਗਏ ।
ਇੱਕ ਫਾਟ ਕੱਢੀ ਸਭੇ ਸਮਝ ਗਈਆਂ, ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ ।
ਜਦੋਂ ਖ਼ਸਮ ਮਿਲੇ ਪਿੱਛੋਂ ਵਾਹਰਾਂ ਦੇ, ਤਦੋਂ ਧਾੜਵੀ ਖੁਰੇ ਉਠਾਇ ਗਏ ।
ਹੱਥ ਲਾਇਕੇ ਬਰਕਤੀ ਜਵਾਨ ਪੂਰੇ, ਕਰਾਮਾਤ ਜ਼ਾਹਰਾ ਦਿਖਲਾਇ ਗਏ ।
ਵਾਰਿਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ, ਜਾਨ ਰੱਖ ਕੇ ਚੋਟ ਚਲਾਇ ਗਏ ।
(ਮੁਹਾਣਿਆਂ=ਵੱਗ ਦੇ ਛੇੜੂਆਂ ਦੀਆਂ ਤੀਵੀਆਂ, ਚੌਂਹੀ ਵਲੀਂ=ਚਾਰੇ
ਪਾਸਿਉਂ, ਪਲਮ ਕੇ=ਇਕੱਠੀਆਂ ਹੋਕੇ, ਝਵੇਂ=ਤਿਆਰ ਹੋਏ, ਵਾਇਦਾ=
ਦੁਖ,ਖ਼ਸਮ=ਮਾਲਕ, ਬਰਕਤੀ ਜਵਾਨ=ਬਰਕਤ ਵਾਲਾ ਫ਼ਕੀਰ, ਪਟੇ ਬਾਜ਼=
ਲਕੜੀ ਜਾਂ ਗਤਕੇ ਨਾਲ ਦੋ ਹੱਥ ਦਿਖਾਉਣ ਵਾਲਾ)
ਜੋਗੀ ਮੰਗ ਕੇ ਪਿੰਡ ਤਿਆਰ ਹੋਇਆ, ਆਟਾ ਮੇਲ ਕੇ ਖੱਪਰਾ ਪੂਰਿਆ ਈ ।
ਕਿਸੇ ਹੱਸ ਕੇ ਰੁਗ ਚਾ ਪਾਇਆ ਈ, ਕਿਸੇ ਜੋਗੀ ਨੂੰ ਚਾ ਵਡੂਰਿਆ ਈ ।
ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ, ਕਿਤੇ ਓਨ੍ਹਾਂ ਨੂੰ ਜੋਗੀ ਨੇ ਘੂਰਿਆ ਈ ।
ਫਲੇ ਖੇੜਿਆਂ ਦੇ ਝਾਤ ਪਾਇਆ ਸੂ, ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ ।
(ਵਡੂਰਿਆ=ਚੰਗਾ ਮੰਦਾ ਕਿਹਾ, ਫਲੇ=ਦਰਵਾਜ਼ੇ, ਸੋਲ੍ਹਵੀਂ ਦਾ ਚੰਦ=ਭਾਵੇਂ
ਉਹ ਚੌਧਵੀਂ ਦਾ ਚੰਦ ਸੀ ਪਰ ਜੋਗੀ ਬਣ ਕੇ ਸੋਲ੍ਹਵੀਂ ਦਾ ਲਗਦਾ ਸੀ)
ਕਹੀਆਂ ਵਲਗਣਾਂ ਵਿਹੜੇ ਤੇ ਅਰਲਖੋੜਾਂ, ਕਹੀਆਂ ਬੱਖਲਾਂ ਤੇ ਖੁਰਲਾਣੀਆਂ ਨੀ ।
ਕਹੀਆਂ ਕੋਰੀਆਂ ਚਾਟੀਆਂ ਨੇਹੀਂਆਂ ਤੇ, ਕਹੀਆਂ ਕਿੱਲੀਆਂ ਨਾਲ ਮਧਾਣੀਆਂ ਨੀ ।
ਓਥੇ ਇੱਕ ਛਛੋਹਰੀ ਜੇਹੀ ਬੈਠੀ, ਕਿਤੇ ਨਿਕਲੀਆਂ ਘਰੋਂ ਸਵਾਣੀਆਂ ਨੀ ।
ਛੱਤ ਨਾਲ ਟੰਗੇ ਹੋਏ ਨਜ਼ਰ ਆਵਣ, ਖੋਪੇ ਨਾੜੀਆਂ ਅਤੇ ਪਰਾਣੀਆਂ ਨੀ ।
ਕੋਈ ਪਲੰਘ ਉਤੇ ਨਾਗਰਵੇਲ ਪਈਆਂ, ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ ।
ਵਾਰਿਸ ਕੁਆਰੀਆਂ ਕਸ਼ਟਨੇ ਕਰਨ ਪਈਆਂ, ਮੋਏ ਮਾਪੜੇ ਤੇ ਮਿਹਨਤਾਣੀਆਂ ਨੀ ।
ਸਹਿਤੀ ਆਖਿਆ ਭਾਬੀਏ ਵੇਖਨੀ ਹੈਂ, ਫਿਰਦਾ ਲੁੱਚਾ ਮੁੰਡਾ ਘਰ ਸਵਾਣੀਆਂ ਨੀ ।
ਕਿਤੇ ਸੱਜਰੇ ਕੰਨ ਪੜਾ ਲੀਤੇ, ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ ।
(ਅਰਲ ਖੋੜ=ਵਾਰਿਸ ਸ਼ਾਹ ਦੇ ਸਮੇਂ ਚੋਰਾਂ ਦੇ ਡਰ ਤੋਂ ਪਸੂਆਂ ਵਾਲੀ ਹਵੇਲੀ ਨੂੰ
ਅੰਦਰੋਂ ਬੰਦ ਕਰਕੇ ਸੁਰੱਖਿਆ ਲਈ ਅੰਦਰ ਹੀ ਸੌਂਦੇ ਸਨ ।ਦਰਵਾਜ਼ੇ ਦੇ ਪਿੱਛੇ ਇੱਕ
ਲਕੜੀ ਦਾ ਅਰਲ ਵੀ ਰੱਖਿਆ ਜਾਂਦਾ ਸੀ ਜਿਹਦੇ ਦੋਨੋਂ ਸਿਰੇ ਕੰਧ ਵਿੱਚ ਚਲੇ ਜਾਂਦੇ
ਸਨ ।ਇੱਕ ਪਾਸੇ ਸਾਰਾ ਅਰਲ ਕੰਧ ਵਿੱਚ ਚਲਾ ਜਾਂਦਾ ਸੀ, ਬੁੱਖਲ=ਪਸ਼ੂਆਂ ਵਾਲਾ
ਮਕਾਨ, ਨੇਹੀਆਂ=ਛੋਟੀ ਘੜੌਂਜੀ, ਨਾਗਰ ਵੇਲ=ਸਭ ਤੋਂ ਵਧੀਆ ਪਾਨ ਦੀ ਵੇਲ
ਨਾਜ਼ੁਕ ਸਰੀਰ ਵਾਲੀ ਸੁਹਣੀ, ਕਸ਼ਟਨੇ=ਸਖਤ ਮਿਹਨਤ ਵਾਲੇ ਕੰਮ)
ਜੋਗੀ ਹੀਰ ਦੇ ਸਾਹੁਰੇ ਜਾ ਵੜਿਆ, ਭੁਖਾ ਬਾਜ਼ ਜਿਉਂ ਫਿਰੇ ਲਲੋਰਦਾ ਜੀ ।
ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ, ਸੂਬਾਦਾਰ ਜਿਉਂ ਨਵਾਂ ਲਾਹੌਰ ਦਾ ਜੀ ।
ਧੁੱਸ ਦੇ ਵਿਹੜੇ ਜਾ ਵੜਿਆ, ਹੱਥ ਕੀਤਾ ਸੂ ਸੰਨ੍ਹ ਦੇ ਚੋਰ ਦਾ ਜੀ ।
ਜਾ ਅਲਖ ਵਜਾਇਕੇ ਨਾਦ ਫੂਕੇ, ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ ।
ਅਨੀ ਖੇੜਿਆਂ ਦੀ ਪਿਆਰੀਏ ਵਹੁਟੀਏ ਨੀ, ‘ਹੀਰੇ ਸੁਖ ਹੈ’ ਚਾਇ ਟਕੋਰਦਾ ਜੀ ।
ਵਾਰਿਸ ਸ਼ਾਹ ਹੁਣ ਅੱਗ ਨੂੰ ਪਈ ਫਵੀ, ਸ਼ਗਨ ਹੋਇਆ ਜੰਗ ਤੇ ਸ਼ੋਰ ਦਾ ਜੀ ।
(ਲਲੋਰਦਾ=ਲੂਰ ਲੂਰ ਕਰਦਾ,ਭਾਲਦਾ, ਦੋ ਚੰਦ=ਦੁਗਣਾ, ਲੁਤਪੁਤਾ=ਸੁਆਦਲਾ,
ਟਕੋਰਦਾ=ਟਨਕਾਉਂਦਾ,ਟੁੰਹਦਾ)
ਸੱਚ ਆਖ ਤੂੰ ਰਾਵਲਾ ਕਹੇ ਸਹਿਤੀ, ਤੇਰਾ ਜੀਊ ਕਾਈ ਗੱਲ ਲੋੜਦਾ ਜੀ ।
ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ, ਕੰਡਾ ਵਿੱਚ ਕਲੇਜੜੇ ਪੋੜਦਾ ਜੀ ।
ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ, ਫਿਰੇਂ ਫੁਲ ਗੁਲਾਬ ਦਾ ਤੋੜਦਾ ਜੀ ।
ਵਾਰਿਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ, ਡਾਂਗ ਨਾਲ ਕੋਈ ਮੂੰਹ ਮੋੜਦਾ ਜੀ ।
(ਰਾਵਲਾ=ਇਹ ਜੋਗੀਆਂ ਦਾ ਫਿਰਕਾ ਹੈ ਜਿਸ ਬਾਬਤ ਕਥਾ ਪ੍ਰਚੱਲਤ ਹੈ
ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਨਾਥ ਦਾ ਚੇਲਾ ਹੋਇਆ, ਉਸ
ਤੋਂ ਇਹ ਫਿਰਕਾ ਚਲਿਆ, ਕਾਈ=ਕਿਹੜੀ, ਪੋੜਦਾ=ਚੁਭੋਂਦਾ, ਸ਼ੁਤਰ=ਊਠ)
ਆ ਕੁਆਰੀਏ ਐਡ ਅਪਰਾਧਨੇ ਨੀ, ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ ।
ਬੁੰਦੇ ਕੰਧਲੀ ਨਥਲੀ ਹੱਸ ਕੜੀਆਂ, ਬੈਸੇਂ ਰੂਪ ਬਣਾਇਕੇ ਮੋਰ ਦਾ ਨੀ ।
ਅਨੀ ਨੱਢੀਏ ਰਿਕਤਾਂ ਛੇੜ ਨਾਹੀਂ, ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ ।
ਵਾਰਿਸ ਸ਼ਾਹ ਫ਼ਕੀਰ ਗ਼ਰੀਬ ਉਤੇ, ਵੈਰ ਕੱਢਿਉਈ ਕਿਸੇ ਖੋਰ ਦਾ ਨੀ ।
(ਅਪਰਾਧਨੇ=ਜ਼ਾਲਮੇ, ਬੁੰਦੇ, ਨਥਲੀ, ਹਸ ਕੜੀਆਂ=ਗਹਿਨਿਆਂ ਦੇ ਨਾਂ,
ਖੋਰ=ਖੋਰੀ)
ਕਲ੍ਹ ਜਾਇਕੇ ਨਾਲ ਚਵਾਇ ਚਾਵੜ, ਸਾਨੂੰ ਭੰਨ ਭੰਡਾਰ ਕਢਾਇਉ ਵੇ ।
ਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ, ਵੈਰ ਕਲ੍ਹ ਦਾ ਆਣ ਜਗਾਇਉ ਵੇ ।
ਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ, ਕਿਨ੍ਹਾਂ ਸ਼ਾਮਤਾਂ ਆਣ ਫਹਾਇਉ ਵੇ ।
ਵਾਰਿਸ ਸ਼ਾਹ ਰਜ਼ਾਇ ਦੇ ਕੰਮ ਵੇਖੋ, ਅੱਜ ਰੱਬ ਨੇ ਠੀਕ ਕੁਟਾਇਉ ਵੇ ।
(ਭੰਨ=ਭੰਡ ਕੇ, ਛੋਹਰਾਂ=ਕੁੜੀਆਂ)
ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ, ਟੂਣੇ ਹਾਰੀਏ ਆਖ ਕੀ ਆਹਨੀ ਹੈਂ ।
ਭਲਿਆਂ ਨਾਲ ਬੁਰਿਆਂ ਕਾਹੇ ਹੋਵਣੀ ਹੈਂ, ਕਾਈ ਬੁਰੇ ਹੀ ਫਾਹੁਣੇ ਫਾਹੁਨੀ ਹੈਂ ।
ਅਸਾਂ ਭੁਖਿਆਂ ਆਣ ਸਵਾਲ ਕੀਤਾ, ਕਹੀਆਂ ਗ਼ੈਬ ਦੀਆਂ ਰਿੱਕਤਾਂ ਡਾਹੁਨੀ ਹੈਂ ।
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ, ਰਾਹ ਜਾਂਦੜੇ ਮਿਰਗ ਕਿਉਂ ਫਾਹੁਨੀ ਹੈਂ ।
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ, ਹਰੀ ਸਾਖ ਨੂੰ ਮੋੜ ਕਿਉਂ ਵਾਹੁਨੀ ਹੈਂ ।
ਘਰ ਜਾਣ ਸਰਦਾਰ ਦਾ ਭੀਖ ਮਾਂਗੀ, ਸਾਡਾ ਅਰਸ਼ ਦਾ ਕਿੰਗਰਾ ਢਾਹੁਨੀ ਹੈਂ ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ, ਚੈਂਚਰ ਹਾਰੀਏ ਆਖ ਕੀ ਆਹਨੀ ਹੈਂ ।
ਰਾਹ ਜਾਂਦੜੇ ਫ਼ਕਰ ਖਹੇੜਣੀਂ ਹੈਂ, ਆ ਨਹਿਰੀਏ ਸਿੰਗ ਕਿਉਂ ਡਾਹੁਨੀ ਹੈਂ ।
ਘਰ ਪੇਈਅੜੇ ਧਰੋਹੀਆਂ ਫੇਰੀਆਂ ਨੀ, ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹੁਨੀ ਹੈਂ ।
ਆ ਵਾਸਤਾ ਈ ਨੈਣਾਂ ਗੁੰਡਿਆਂ ਦਾ, ਇਹ ਕਲ੍ਹਾ ਕਿਵੇਂ ਪਿੱਛੋਂ ਲਾਹੁਣੀ ਹੈਂ ।
ਸ਼ਿਕਾਰ ਦਰਿਆ ਵਿੱਚ ਖੇਡ ਮੋਈਏ, ਕੇਹੀਆਂ ਮੂਤ ਵਿੱਚ ਮੱਛੀਆਂ ਫਾਹੁਨੀ ਹੈਂ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਨੀ ਹੈਂ, ਅੱਖੀਂ ਨਾਲ ਕਿਉਂ ਖੱਖਰਾਂ ਲਾਹੁਨੀ ਹੈਂ ।
(ਸਾਖ=ਖੇਤੀ, ਨਹਿਰੀ=ਕੌੜ, ਢੱਗੀ ਵਹਿਰੀ…ਸਾਨ੍ਹਾਂ ਨੂੰ ਵਾਂਹਦੀ=ਮੱਛਰੀ
ਹੋਈ ਗਾਂ ਸਾਨ੍ਹਾਂ ਤੇ ਚੜ੍ਹਦੀ ਹੈ, ਕਲ੍ਹਾ=ਝਗੜਾ)
ਅਨੀ ਸੁਣੋ ਭੈਣਾਂ ਕੋਈ ਛਿਟ ਜੋਗੀ, ਵੱਡੀ ਜੂਠ ਭੈੜਾ ਕਿਸੇ ਥਾਉਂ ਦਾ ਹੈ ।
ਝਗੜੈਲ ਮਰਖਨਾਂ ਘੰਢ ਮੱਚੜ ਰੱਪੜ ਖੰਡ ਇਹ ਕਿਸੇ ਗਿਰਾਉਂ ਦਾ ਹੈ ।
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ, ਇਹ ਵਾਕਿਫ਼ ਹੀਰ ਦੇ ਨਾਉਂ ਦਾ ਹੈ ।
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ, ਆਪੇ ਲਾਂਵਦਾ ਆਪ ਬੁਝਾਉਂਦਾ ਹੈ ।
ਹੁਣੇ ਭੰਨ ਕੇ ਖੱਪਰੀ ਤੋੜ ਸੇਲ੍ਹੀ, ਨਾਲੇ ਜਟਾਂ ਦੀ ਜੂਟ ਖੁਹਾਉਂਦਾ ਹੈ ।
ਜੇ ਮੈਂ ਉਠ ਕੇ ਪਾਣ ਪੱਤ ਲਾਹ ਸੁੱਟਾਂ, ਪੈਂਚ ਇਹ ਨਾ ਕਿਸੇ ਗਿਰਾਉਂ ਦਾ ਹੈ ।
ਕੋਈ ਡੂਮ ਮੋਚੀ ਇੱਕੇ ਢੇਡ ਕੰਜਰ, ਇੱਕੇ ਚੂਹੜਾ ਕਿਸੇ ਸਰਾਉਂ ਦਾ ਹੈ ।
ਵਾਰਿਸ ਸ਼ਾਹ ਮੀਆਂ ਵਾਹ ਲਾ ਰਹੀਆਂ, ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ ।
(ਛਿਟ=ਬਹੁਤ ਬੁਰਾ,ਫਸਾਦੀ, ਘੰਡ=ਹੰਢਿਆ ਹੋਇਆ, ਰੱਪੜ ਖੰਡ=ਝਗੜਾਲੂ,
ਰੱਪੜ ਜਮੀਨ ਵਰਗਾ, ਮਰਖਨਾ=ਮਾਰਨ ਖੰਡਾ, ਜੂਟ=ਜੂੜਾ, ਢੇਡ=ਢੀਠ,ਬੇਸ਼ਰਮ,
ਬਾਜ਼ ਨਹੀਂ ਆਉਂਦਾ=ਹਟਦਾ ਨਹੀਂ,ਟਲਦਾ ਨਹੀਂ)
ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ, ਮੱਥਾ ਮੁੰਨੀਏ ਕੜਮੀਏ ਭਾਗੀਏ ਨੀ ।
ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ, ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ ।
ਫਸਾਦ ਦੀ ਫ਼ੌਜ ਦੀਏ ਪੇਸ਼ਵਾਏ, ਸ਼ੈਤਾਨ ਦੀ ਲੱਕ ਤੜਾਗੀਏ ਨੀ ।
ਅਸੀਂ ਜੱਟੀਆਂ ਨਾਲ ਜੇ ਕਰੇ ਝੇੜੇ, ਦੁਖ ਜ਼ੁਹਦ ਤੇ ਫ਼ਕਰ ਕਿਉਂ ਝਾਗੀਏ ਨੀ ।
ਮੱਥਾ ਡਾਹ ਨਾਹੀਂ ਆਓ ਛੱਡ ਪਿੱਛਾ, ਭੰਨੇ ਜਾਂਦੇ ਮਗਰ ਨਾਹੀਂ ਲਾਗੀਏ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਕਦਮ ਫੜੀਏ, ਛੱਡ ਕਿਬਰ ਹੰਕਾਰ ਤਿਆਗੀਏ ਨੀ ।
(ਮੱਥਾ ਮੁੰਨੀ=ਸਿਰ ਮੁੰਨੀ, ਕੜਮੀ=ਮੰਦਭਾਗੀ, ਛੱਪਰ ਨੱਕੀ=ਬਦਸੂਰਤ,
ਬੁਰੇ ਤੇ ਲਾਗੀਏ=ਮਾੜੇ ਕੰਮਾਂ ਤੇ ਲੱਗੀ ਹੋਈ, ਪੇਸ਼ਵਾ=ਆਗੂ,ਦੱਖਣੀ ਭਾਰਤ
ਵਿੱਚ ਮਰਹਟਿਆਂ ਦੇ ਲੀਡਰ ਨੂੰ ਪੇਸ਼ਵਾ ਕਿਹਾ ਜਾਂਦਾ ਸੀ, ਲੱਕ ਤੜਾਗੀ=
ਲੱਕ ਦੀ ਤੜਾਗੀ,ਗੂੜ੍ਹਾ ਸਾਥੀ, ਭੰਨੇ=ਦੌੜੇ,ਭੱਜੇ)
ਚੱਕੀ-ਹਾਨਿਆਂ ਵਿੱਚ ਵਿਚਾਰ ਪੌਂਦੀ, ਇਹਦੀ ਧੁੰਮ ਤਨੂਰ ਤੇ ਭੱਠ ਹੈ ਨੀ ।
ਕਮਜ਼ਾਤ ਕੁਪੱਤੜਾ ਢੀਠ ਬੈਂਡਾ, ਡਿੱਬੀਪੁਰੇ ਦੇ ਨਾਲ ਦੀ ਚੱਠ ਹੈ ਨੀ ।
ਭੇੜੂਕਾਰ ਘੁਠਾ ਠੱਗ ਮਾਝੜੇ ਦਾ, ਜੈਂਦਾ ਰੰਨ ਯਰੋਲੀ ਦਾ ਹੱਠ ਹੈ ਨੀ ।
ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ, ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ ।
ਮੁਸ਼ਟੰਡੜੇ ਤੁਰਤ ਪਛਾਣ ਲਈਦੇ, ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ ।
ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ, ਇਹ ਚੌਧਰੀ ਚੌੜ ਚੁਪੱਟ ਹੈ ਨੀ ।
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ, ਭਾਵੇਂ ਵੇਲਣੇ ਦੀ ਇਹ ਲਠ ਹੈ ਨੀ ।
ਵਾਰਿਸ ਸ਼ਾਹ ਹੈ ਇਹ ਤੇ ਰਸ ਮਿੱਠਾ, ਏਹ ਤਾਂ ਕਾਠੇ ਕਮਾਦ ਦੀ ਗੱਠ ਹੈ ਨੀ ।
(ਚੱਕੀ ਹਾਣਾ=ਜਿੱਥੇ ਬੰਦੇ ਇਕੱਠੇ ਹੁੰਦੇ ਹਨ, ਭੱਠ=ਦਾਣੇ ਆਦਿ ਭੁੰਨਣ
ਦੀ ਵੱਡੀ ਭੱਠੀ, ਬੈਂਡਾ=ਖੁੰਢਾ, ਚਠ=ਚੁੜੇਲ, ਯਰੋਲੀ=ਯਾਰ, ਹਠ=ਜ਼ਿਦ,
ਹਸ਼ਧਾਤ=ਹਸ਼ਤਧਾਤ, ਅਠਧਾਤਾ 1. ਸੋਨਾ, 2. ਚਾਂਦੀ, 3. ਲੋਹਾ, 4. ਤਾਂਬਾ,
5. ਜਿਸਤ, 6. ਪਿੱਤਲ, 7. ਸਿੱਕਾ ਅਤੇ 8 ਟੀਨ, ਕਾਠਾ=ਸਖ਼ਤ ਕਮਾਦ)
ਵਿਹੜੇ ਵਾਲੀਆਂ ਦਾਨੀਆਂ ਆਣ ਖੜ੍ਹੀਆਂ, ਕਿਉਂ ਬੋਲਦੀ ਏਸ ਦੀਵਾਨੜੇ ਨੀ ।
ਕੁੜੀਏ ਕਾਸ ਨੂੰ ਲੁਝਦੀ ਨਾਲ ਜੋਗੀ, ਇਹ ਜੰਗਲੀ ਖਰੇ ਨਿਮਾਨੜੇ ਨੀ ।
ਮੰਗ ਖਾਇਕੇ ਸਦਾ ਇਹ ਦੇਸ ਤਿਆਗਣ, ਤੰਬੂ ਆਸ ਦੇ ਇਹ ਨਾ ਤਾਣਦੇ ਨੀ ।
ਜਾਪ ਜਾਣਦੇ ਰੱਬ ਦੀ ਯਾਦ ਵਾਲਾ, ਐਡੇ ਝਗੜੇ ਇਹ ਨਾ ਜਾਣਦੇ ਨੀ ।
ਸਦਾ ਰਹਿਣ ਉਦਾਸ ਨਿਰਾਸ ਨੰਗੇ, ਬਿਰਛ ਫੂਕ ਕੇ ਸਿਆਲ ਲੰਘਾਂਵਦੇ ਨੀ ।
ਵਾਰਿਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ ।
(ਦਾਨੀਆਂ=ਅਕਲ ਵਾਲੀਆਂ, ਲੁਝਦੀ=ਲੜਦੀ)
ਨੈਣਾਂ ਹੀਰ ਦਿਆਂ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ ।
ਜਿਵੇਂ ਖ਼ਸਮ ਕੁਪੱਤੜਾ ਰੰਨ ਭੰਡੇ, ਕੀਤੀ ਗੱਲ ਨੂੰ ਪਿਆ ਘਸੀਟਦਾ ਈ ।
ਰੰਨਾਂ ਗੁੰਡੀਆਂ ਵਾਂਗ ਫ਼ਰਫ਼ੇਜ ਕਰਦਾ, ਤੋੜਣ ਹਾਰੜਾ ਲੱਗੜੀ ਪ੍ਰੀਤ ਦਾ ਈ ।
ਘਤ ਘਗਰੀ ਬਹੇ ਇਹ ਵੱਡਾ ਠੇਠਰ, ਇਹ ਉਸਤਾਦੜਾ ਕਿਸੇ ਮਸੀਤ ਦਾ ਈ ।
ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਈ ।
ਇੱਕੇ ਖ਼ੈਰ-ਹੱਥਾ ਨਹੀਂ ਇਹ ਰਾਵਲ, ਇੱਕੇ ਚੇਲੜਾ ਕਿਸੇ ਪਲੀਤ ਦਾ ਈ ।
ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ, ਨਾ ਇਹ ਚੇਲੜਾ ਕਿਸੇ ਅਤੀਤ ਦਾ ਈ ।
ਵਾਰਿਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ ।
(ਫ਼ਰਫ਼ੇਜ=ਫ਼ਰੇਬ, ਘਗਰੀ ਘਤ ਬਹਿਣਾ=ਡੇਰਾ ਲਾ ਲੈਣਾ, ਠੇਠਰ=ਗੰਵਾਰ,
ਅਤੀਤ=ਜੋਗੀ, ਅੰਤਰਾ=ਗੀਤ ਦੇ ਦੋ ਹਿੱਸੇ ਹਨ, ਇੱਕ ਮੁੜ ਮੁੜ ਦੁਹਰਾਇਆ
ਜਾਣ ਵਾਲਾ ਦੂਜਾ ਅੰਤਰਾ)
ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ ।
ਹੁਨਰ ਝੂਠ ਕਮਾਨ ਲਹੌਰ ਜੇਹੀ, ਅਤੇ ਕਾਂਵਰੂ ਜੇਡ ਨਾ ਸਿਹਰ ਹੈ ਨੀ ।
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ, ਉਹ ਨਮਰੂਦ ਦੀ ਥਾਉਂ ਬੇ ਮਿਹਰ ਹੈ ਨੀ ।
ਨਕਸ਼ ਚੀਨ ਤੇ ਮੁਸ਼ਕ ਨਾ ਖੁਤਨ ਜੇਹਾ, ਯੂਸਫ਼ ਜੇਡ ਨਾ ਕਿਸੇ ਦਾ ਚਿਹਰ ਹੈ ਨੀ ।
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ, ਰੈਨੂੰ ਦੱਸ ਖਾਂ ਕਾਸ ਦੀ ਵਿਹਰ ਹੈ ਨੀ ।
ਬਾਤ ਬਾਤ ਤੇਰੀ ਵਿੱਚ ਹੈਣ ਕਾਮਣ, ਵਾਰਿਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ ।
(ਕਾਂਵਰੂ=ਕਾਮਰੂਪ,ਪੂਰਬੀ ਬੰਗਾਲ ਦਾ ਇੱਕ ਜ਼ਿਲ੍ਹਾ ਜਿਹੜਾ ਜਾਦੂ ਟੂਣੇ ਲਈ
ਮਸ਼ਹੂਰ ਹੈ, ਚਿਹਰ=ਚਿਹਰਾ, ਕਾਮਣ=ਜਾਦੂ, ਟੂਣੇ ਵਾਲੀ, ਵਿਹਰ=ਦੁੱਖ)
ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ, ਜਗ ਆਂਵਦਾ ਨਜ਼ਰ ਜ਼ਹੂਰ ਜੇਹਾ ।
ਦਸਤਾਰ ਬਜਵਾੜਿਉਂ ਖ਼ੂਬ ਆਵੇ, ਅਤੇ ਬਾਫ਼ਤਾ ਨਹੀਂ ਕਸੂਰ ਜੇਹਾ ।
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ, ਨਹੀਂ ਚਾਨਣਾ ਚੰਦ ਦੇ ਨੂਰ ਜੇਹਾ ।
ਅੱਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਹੈ, ਅਤੇ ਢੋਲ ਨਾ ਸੋਂਹਦਾ ਦੂਰ ਜੇਹਾ ।
ਨਹੀਂ ਰੰਨ ਕੁਲੱਛਣੀ ਤੁਧ ਜੇਹੀ, ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ ।
ਸਹਿਤੀ ਜੇਡ ਨਾ ਹੋਰ ਝਗੜੈਲ ਕੋਈ, ਅਤੇ ਸੁਹਣਾ ਹੋਰ ਨਾ ਤੂਰ ਜੇਹਾ ।
ਖੇੜਿਆਂ ਜੇਡ ਨਾ ਨੇਕ ਨਸੀਬ ਕੋਈ, ਕੋਈ ਥਾਉਂ ਨਾ ਬੈਤੁਲ ਮਾਮੂਰ ਜੇਹਾ ।
ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ, ਬੁਰਾ ਨਹੀਂ ਹੈ ਕੰਮ ਫਤੂਰ ਜੇਹਾ ।
ਹਿੰਗ ਜੇਡ ਨਾ ਹੋਰ ਬਦਬੂ ਕੋਈ, ਬਾਸਦਾਰ ਨਾ ਹੋਰ ਕਚੂਰ ਜੇਹਾ ।
ਵਾਰਿਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ, ਕੋਈ ਤਾਓ ਨਾ ਤਪਤ ਤੰਦੂਰ ਜੇਹਾ ।
(ਦਸਤਾਰ=ਪਗੜੀ, ਬਾਫ਼ਤਾ=ਰੇਸ਼ਮ ਦਾ ਕੱਪੜਾ, ਕੁਲੱਛਣੀ=ਭੈੜੇ ਲੱਛਣਾਂ
ਵਾਲੀ, ਜ਼ਲਜ਼ਲਾ=ਭੁਚਾਲ, ਹਸ਼ਰ=ਕਿਆਮਤ, ਸੂਰ=ਬਿਗਲ, ਬੈਤੁਲ ਮਾਮੂਰ=
ਚੌਥੇ ਅਸਮਾਨ ਉਪਰੇ ਜ਼ਮੁਰਦ ਦੀ ਬਣੀ ਇੱਕ ਮਸਜਿਦ ।ਕਹਿੰਦੇ ਹਨ ਕਿ ਜੇ
ਕਰ ਕੋਈ ਚੀਜ਼ ਓਥੋਂ ਡਿਗ ਪਵੇ ਤਾਂ ਉਹ ਕਾਅਬੇ ਦੀ ਛਤ ‘ਤੇ ਆ ਟਿਕਦੀ ਹੈ ।
ਫਤੂਰ=ਫਸਾਦ,ਖ਼ਰਾਬੀ, ਕਚੂਰ=ਕਾਫ਼ੂਰ)
ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ, ਕਿੱਥੋਂ ਹੋਇਆ ਸੰਦਾਸ ਬੈਰਾਗ ਹੈ ਵੇ ।
ਕੇਤੀ ਰਾਹ ਹੈਂ ਜੋਗ ਦੇ ਦੱਸ ਖਾਂ ਵੇ, ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ ।
ਇਹ ਖੱਪਰੀ ਸੇਲ੍ਹੀਆਂ ਨਾਦ ਕਿੱਥੋਂ, ਕਿਸ ਬੱਧਿਆ ਜਟਾਂ ਦੀ ਪਾਗ ਹੈ ਵੇ ।
ਵਾਰਿਸ ਸ਼ਾਹ ਭਿਬੂਤ ਕਿਸ ਕੱਢਿਆ ਈ, ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ ।
(ਸੰਦਾਸ=ਸਨਿਆਸ, ਕੇਤੀ=ਕਿੰਨੇ, ਪਾਗ=ਪਗੜੀ, ਭਿਬੂਤ=ਸਰੀਰ ਉਤੇ
ਮਲੀ ਜਾਣ ਵਾਲੀ ਸੁਆਹ)
ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆਂ, ਦੇਵਦਤ ਹੈ ਗੁਰੂ ਸੰਦਾਸੀਆਂ ਦਾ ।
ਰਾਮਾਨੰਦ ਥੋਂ ਸਭ ਵੈਰਾਗ ਹੋਇਆ, ਪਰਮ ਜੋਤ ਹੈ ਗੁਰੂ ਉਦਾਸੀਆਂ ਦਾ ।
ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ, ਬਿਸ਼ਨ ਅਤੇ ਮਹੇਸ਼ ਸਭ ਰਾਸੀਆਂ ਦਾ ।
ਸੁਥਰਾ ਸੁਥਰਿਆਂ ਦਾ ਨਾਨਕ ਉਦਾਸੀਆਂ ਦਾ, ਸ਼ਾਹ ਮੱਖਣ ਹੈ ਮੁੰਡੇ ਉਪਾਸੀਆਂ ਦਾ ।
ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ, ਤੇ ਅਵੈਸ ਕਰਨੀ ਖੱਗਾਂ ਕਾਸੀਆਂ ਦਾ ।
ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ, ਤੇ ਅੰਸਾਰ ਅੰਸਾਰੀਆਂ ਤਾਸੀਆਂ ਦਾ ।
ਹੈ ਵਸ਼ਿਸ਼ਟ ਨਿਰਬਾਣ ਵੈਰਾਗੀਆਂ ਦਾ, ਸ੍ਰੀ ਕ੍ਰਿਸ਼ਨ ਭਗਵਾਨ ਉਪਾਸੀਆਂ ਦਾ ।
ਹਾਜੀ ਨੌਸ਼ਾਹ ਜਿਵੇਂ ਨੌਸ਼ਾਹੀਆਂ ਦਾ, ਅਤੇ ਭਗਤ ਕਬੀਰ ਜੌਲਾਸੀਆਂ ਦਾ ।
ਦਸਤਗੀਰ ਦਾ ਕਾਦਰੀ ਸਿਲਸਲਾ ਹੈ, ਤੇ ਫ਼ਰੀਦ ਹੈ ਚਿਸ਼ਤ ਅੱਬਾਸੀਆਂ ਦਾ ।
ਜਿਵੇਂ ਸ਼ੈਖ਼ ਤਾਹਿਰ ਪੀਰ ਹੈ ਮੋਚੀਆਂ ਦਾ, ਸ਼ਮਸ ਪੀਰ ਸੁਨਿਆਰਿਆਂ ਚਾਸੀਆਂ ਦਾ ।
ਨਾਮ ਦੇਵ ਹੈ ਗੁਰੂ ਛੀਂਬਿਆਂ ਦਾ, ਲੁਕਮਾਨ ਲੁਹਾਰ ਤਰਖਾਸੀਆਂ ਦਾ ।
ਖ਼ੁਆਜਾ ਖਿਜ਼ਰ ਹੈ ਮੇਆਂ ਮੁਹਾਣਿਆਂ ਦਾ, ਨਕਸ਼ਬੰਦ ਮੁਗ਼ਲਾਂ ਚੁਗ਼ਤਾਸੀਆਂ ਦਾ ।
ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ਼ ਹੈ ਚੂਹੜਿਆਂ ਖਾਸੀਆਂ ਦਾ ।
ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸ਼ੱਮਸ ਨਿਆਰੀਆਂ ਹਾਸੀਆਂ ਦਾ ।
ਹਜ਼ਰਤ ਸ਼ੀਸ਼ ਹੈ ਪੀਰ ਜੁਲਾਹਿਆਂ ਦਾ, ਸ਼ੈਤਾਨ ਹੈ ਪੀਰ ਮਰਾਸੀਆਂ ਦਾ ।
ਜਿਵੇਂ ਹਾਜੀ ਗਿਲਗੋ ਨੂੰ ਘੁਮਿਆਰ ਮੰਨਣ, ਹਜ਼ਰਤ ਅਲੀ ਹੈ ਸ਼ੀਆਂ ਖਾਸੀਆਂ ਦਾ ।
ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ ।
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁਖ ਪੀਰ ਹੈ ਮਸਤਿਆਂ ਪਾਸੀਆਂ ਦਾ ।
ਹੱਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ ।
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਦਾਊਦ ਹੈ ਜ਼ਰ੍ਹਾ-ਨਵਾਸੀਆਂ ਦਾ ।
ਵਾਰਿਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ, ਅਤੇ ਰਹਿਮਾਨ ਹੈ ਮੋਮਨਾਂ ਖ਼ਾਸੀਆਂ ਦਾ ।
(ਚਾਸੀ=ਕਿਸਾਨ, ਖਾਸੀ=ਕੂੜਾ ਕਰਕਟ ਚੁੱਕਣ ਵਾਲੇ, ਤਾਸੀ=ਸੋਨੇ ਦੇ ਗਹਿਣੇ
ਬਨਾਉਣ ਵਾਲੇ, ਪਾਸੀ=ਤਾੜ ਦੇ ਦਰਖੱਤ ਤੋਂ ਤਾੜੀ ਕੱਢਣ ਵਾਲਾ, ਪੀਰ=ਗੁਰੂ,
ਜ਼ਰ੍ਹਾ-ਨਵਾਸੀ=ਹਰ ਵੇਲੇ ਜ਼ੱਰਹਿ ਬਖ਼ਤਰ ਪਹਿਨਣ ਵਾਲਾ)
ਮਾਯਾ ਉਠਾਈ ਫਿਰਨ ਏਸ ਜੱਗ ਉਤੇ, ਜਿਨ੍ਹਾਂ ਭੌਣ ਤੇ ਕੁਲ ਬਿਹਾਰ ਹੈ ਵੇ ।
ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ, ਧੁਰੋਂ ਫਿਰਨ ਏਨ੍ਹਾਂਦੜੀ ਕਾਰ ਹੈ ਵੇ ।
ਸੂਰਜ ਚੰਦ ਘੋੜਾ ਅਤੇ ਰੂਹ ਚਕਲ, ਨਜ਼ਰ ਸ਼ੇਰ ਪਾਣੀ ਵਣਜਾਰ ਹੈ ਵੇ ।
ਤਾਣਾ ਤਣਨ ਵਾਲੀ ਇੱਲ ਗਧਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ ।
ਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ, ਕਿਲਾ ਤਰੱਕਲਾ ਫਿਰਨ ਵਫ਼ਾਰ ਹੈ ਵੇ ।
ਬਿੱਲੀ ਰੰਨ ਫ਼ਕੀਰ ਤੇ ਅੱਗ ਬਾਂਦੀ, ਏਨ੍ਹਾਂ ਫਿਰਨ ਘਰੋ ਘਰੀ ਕਾਰ ਹੈ ਵੇ ।
ਵਾਰਿਸ ਸ਼ਾਹ ਵੈਲੀ ਭੇਖੇ ਲਖ ਫਿਰਦੇ, ਸਬਰ ਫ਼ਕਰ ਦਾ ਕੌਲ ਕਰਾਰ ਹੈ ਵੇ ।
(ਮਾਯਾ =ਮਾਇਆ, ਭੌਣ=ਘੁੰਮਣ ਘਿਰਨ, ਬਿਹਾਰ=ਕੰਮ, ਚਕਲ=ਚੱਕਰ,
ਮਰੱਕਬ=ਸਵਾਰੀ ਦੇ ਜਾਨਵਰ ਜਾਂ ਗੱਡੀ, ਵੈਲੀ=ਵੈਲ ਵਾਲੇ)
ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ ।
ਫਿਰੇ ਕੌਲ ਜ਼ਬਾਨ ਜਵਾਨ ਰਣ ਥੀਂ, ਸਤਰਦਾਰ ਘਰ ਛੋੜ ਮਾਕੂਲ ਨਾਹੀਂ ।
ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ, ਕੁਤਬ ਕੋਹ ਕਾਅਬਾ ਹੈ ਮਾਮੂਲ ਨਾਹੀਂ ।
ਰੰਨ ਆਏ ਵਿਗਾੜ ਤੇ ਚਿਹ ਚੜ੍ਹੀ, ਫ਼ੱਕਰ ਆਏ ਜਾਂ ਕਹਿਰ ਕਲੂਲ ਨਾਹੀਂ ।
ਜ਼ਿੰਮੀਂਦਾਰ ਕਨਕੂਤੀਆਂ ਖ਼ੁਸ਼ੀ ਨਾਹੀਂ, ਅਤੇ ਅਹਿਮਕ ਕਦੇ ਮਲੂਲ ਨਾਹੀਂ ।
ਵਾਰਿਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ, ਵੇਖਾਂ ਮੰਨ ਲਏ ਕਿ ਕਬੂਲ ਨਾਹੀਂ ।
(ਰਣ=ਜੰਗ, ਕਨਕੂਤੀਆਂ=ਮਹਿਕਮਾ ਮਾਲ ਦੇ ਉਹ ਨੌਕਰ ਜਿਹੜੇ ਖੜੀ
ਫ਼ਸਲ ਦਾ ਅੰਦਾਜ਼ਾ ਲਾਉਂਦੇ ਸਨ, ਲਿਲ੍ਹ=ਬਿਨਾ ਮਤਲਬ)
ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ, ਰੰਨ ਗਧੀ ਹੈ ਜੋ ਵਫ਼ਾਦਾਰ ਨਾਹੀਂ ।
ਨਿਆਜ਼ ਬਿਨਾਂ ਹੈ ਕੰਚਨੀ ਬਾਂਝ ਭਾਵੇਂ, ਮਰਦ ਗਧਾ ਜੋ ਅਕਲ ਦਾ ਯਾਰ ਨਾਹੀਂ ।
ਬਿਨਾ ਆਦਮੀਅਤ ਨਾਹੀਂ ਇਨਸ ਜਾਪੇ, ਬਿਨਾ ਆਬ ਕੱਤਾਲ ਤਲਵਾਰ ਨਾਹੀਂ ।
ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ, ਦਮਾਂ ਬਾਝ ਜੀਵਨ ਦਰਕਾਰ ਨਾਹੀਂ ।
ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ, ਲੂਣ ਬਾਝ ਤੁਆਮ ਸਵਾਰ ਨਾਹੀਂ ।
ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ, ਤਲਬ ਬਾਝ ਫ਼ੌਜਾਂ ਭਰ ਭਾਰ ਨਾਹੀਂ ।
ਅਕਲ ਬਾਝ ਵਜ਼ੀਰ ਸਲਵਾਤ ਮੋਮਨ, ਬਿਨ ਦੀਵਾਨ ਹਿਸਾਬ ਸ਼ੁਮਾਰ ਨਾਹੀਂ ।
ਵਾਰਿਸ, ਰੰਨ, ਫ਼ਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ ।
(ਅਫਲ=ਜਿਹਨੂੰ ਫਲ ਨਾ ਲੱਗੇ, ਕੰਚਨੀ=ਨਾਚੀ, ਇਨਸ=ਇੱਕ ਆਦਮੀ, ਆਬ=
ਧਾਰ,ਤੇਜ਼ ਸ਼ਾਸ਼ਤਰ ਦੀ, ਕੱਤਾਲ=ਤਲਵਾਰ, ਇਬਾਦਤ=ਭਜਨ ਬੰਦਗੀ, ਦਮਾਂ=ਸਾਹਾਂ,
ਦਰਕਾਰ ਨਾਹੀਂ=ਨਹੀਂ ਚਾਹੀਦਾ, ਤੁਆਮ=ਖਾਣਾ, ਸਵਾਰ=ਸੁਆਦ, ਤਲਬ=ਤਨਖਾਹ,
ਸਲਵਾਤ=ਨਮਾਜ਼, ਦੀਵਾਨ=ਵਜ਼ੀਰੇ ਮਾਲ)
ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ, ਰੰਨਾਂ ਦੁਸ਼ਮਣਾਂ ਨੇਕ ਕਮਾਈਆਂ ਦੀਆਂ ।
ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ, ਪੰਜ ਸੇਰੀਆਂ ਘਟ ਧੜਵਾਈਆਂ ਦੀਆਂ ।
ਮਰਦ ਹੈਣ ਜਹਾਜ਼ ਨੇ ਕੋਕੀਆਂ ਦੇ, ਰੰਨਾਂ ਬੇੜੀਆਂ ਹੈਣ ਬੁਰਾਈਆਂ ਦੀਆਂ ।
ਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ, ਪੱਤਾ ਲਾਹ ਸੁੱਟਣ ਭਲਿਆਂ ਭਾਈਆਂ ਦੀਆਂ ।
ਹੱਡ ਮਾਸ ਹਲਾਲ ਹਰਾਮ ਕੱਪਣ, ਏਹ ਕੁਹਾੜੀਆਂ ਹੈਣ ਕਸਾਈਆਂ ਦੀਆਂ ।
ਲਬਾਂ ਲਾਹੁੰਦੀਆਂ ਸਾਫ਼ ਕਰ ਦੇਣ ਦਾੜ੍ਹੀ, ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ ।
ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ, ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ ।
ਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ, ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ ।
ਆਢਾ ਨਾਲ ਫ਼ਕੀਰਾਂ ਦੇ ਲਾਉਂਦੀਆਂ ਨੇ, ਖ਼ੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ ।
ਵਾਰਿਸ ਸ਼ਾਹ ਤੇਰੇ ਮੂੰਹ ਨਾਲ ਮਾਰਾਂ, ਪੰਡਾਂ ਬੰਨ੍ਹ ਕੇ ਸਭ ਭਲਿਆਈਆਂ ਦੀਆਂ ।
(ਕਰਮ ਦੇ ਨਕਦ=ਨੇਕ ਭਾਵ ਭਲੇ ਕੰਮ ਨੂੰ ਦੇਰ ਨਹੀਂ ਲਾਉਂਦੇ, ਕੱਪਣ=ਕੱਟਣ,
ਸਿਰ=ਭੇਦ, ਮੂੰਹ ਨਾਲ ਮਾਰਨ=ਨਾਮੰਜ਼ੂਰ ਕਰਨ)
ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ, ਹੌਂਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ ।
ਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ, ਜਿਹੀਆਂ ਮੁੰਜਰਾਂ ਬੇਟ ਦੇ ਧਾਈਆਂ ਦੀਆਂ ।
ਤਾਨਸੈਨ ਜੇਹਾ ਰਾਗ ਨਹੀਂ ਬਣਦਾ, ਲਖ ਸਫ਼ਾਂ ਜੇ ਹੋਣ ਅਤਾਈਆਂ ਦੀਆਂ ।
ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ, ਪਿਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ ।
ਸਿਰ ਮੁੰਨ ਦਾੜ੍ਹੀ ਖੇਹ ਲਾਈਆ ਈ, ਕਦਰਾਂ ਡਿੱਠੀਉਂ ਏਡੀਆਂ ਚਾਈਆਂ ਦੀਆਂ ।
ਤੇਰੀ ਚਰਾਚਰ ਬਿਰਕਦੀ ਜੀਭ ਏਵੇਂ, ਜਿਉਂ ਮੁਰਕਦੀਆਂ ਜੁੱਤੀਆਂ ਸਾਈਆਂ ਦੀਆਂ ।
ਲੰਡਿਆਂ ਨਾਲ ਘੁਲਣਾ ਮੰਦੇ ਬੋਲ ਬੋਲਣ, ਨਹੀਂ ਚਾਲੀਆਂ ਏਹ ਭਲਿਆਈਆਂ ਦੀਆਂ ।
ਨਹੀਂ ਕਾਅਬਿਉਂ ਚੂਹੜਾ ਹੋਇ ਵਾਕਿਫ, ਖ਼ਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ ।
ਨਹੀਂ ਫ਼ਕਰ ਦੇ ਭੇਤ ਦਾ ਜ਼ਰਾ ਵਾਕਿਫ, ਖ਼ਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ ।
ਚੁਤੜ ਸਵਾਹ ਭਰੇ ਵੇਖ ਮਗਰ ਲੱਗੋਂ, ਜਿਵੇਂ ਕੁੱਤੀਆਂ ਹੋਣ ਗੁਸਾਈਆਂ ਦੀਆਂ ।
ਜਿਹੜੀਆਂ ਸੂਣ ਉਜਾੜ ਵਿੱਚ ਵਾਂਗ ਖੱਚਰ, ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ ।
ਗੱਦੋਂ ਵਾਂਗ ਜਾਂ ਰਜਿਉਂ ਕਰੇਂ ਮਸਤੀ, ਕੱਛਾਂ ਸੁੰਘਨੈਂ ਰੰਨਾਂ ਪਰਾਈਆਂ ਦੀਆਂ ।
ਬਾਪੂ ਨਹੀਂ ਪੂਰਾ ਤੈਨੂੰ ਕੋਈ ਮਿਲਿਆ, ਅਜੇ ਟੋਹੀਉਂ ਬੁੱਕਲਾਂ ਮਾਈਆਂ ਦੀਆਂ ।
ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏਂ, ਖੁਰੀਆਂ ਮਹੀਂ ਨੂੰ ਲਾਉਨੈਂ ਗਾਈਆਂ ਦੀਆਂ ।
ਹਾਸਾ ਵੇਖ ਕੇ ਆਉਂਦਾ ਸਿਫ਼ਲਵਾਈ, ਗੱਲਾਂ ਤਬ੍ਹਾ ਦੀਆਂ ਵੇਖ ਸਫ਼ਾਈਆਂ ਦੀਆਂ ।
ਮੀਆਂ ਕੌਣ ਛੁਡਾਵਸੀ ਆਣ ਤੈਨੂੰ, ਧਮਕਾਂ ਪੌਣਗੀਆਂ ਜਦੋਂ ਕੁਟਾਈਆਂ ਦੀਆਂ ।
ਗੱਲਾਂ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ, ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ ।
ਪਰੀਆਂ ਨਾਲ ਕੀ ਦੇਵਾਂ ਨੂੰ ਆਖ ਲੱਗੇ, ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ ।
ਇਹ ਇਸ਼ਕ ਕੀ ਜਾਣਦੈ ਚਾਕ ਚੋਬਰ, ਖ਼ਬਰਾਂ ਜਾਣਦੈ ਰੋਟੀਆਂ ਢਾਈਆਂ ਦੀਆਂ ।
ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ, ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ ।
(ਹੋਸ=ਹਵਸ,ਲਾਲਚ ਬੇਟ ਦੇ ਧਈਆਂ=ਬੇਟ ਦੇ ਚੌਲ, ਮੁੰਜਰਾਂ=ਬੱਲੀਆਂ, ਸਿੱਟੇ,
ਅਤਾਈਆਂ=ਬੇਸੁਆਦ ਗਵੱਈਆ, ਬਿਰਕਦੀ=ਚਲਦੀ, ਚਾਲੀਆਂ=ਚਾਲੇ,ਤੌਰ ਤਰੀਕੇ,
ਮਰਕਦੀਆਂ=ਚੀਕਦੀਆਂ, ਗੁਹਾਈਆਂ=ਗੋਹੇ,ਗੁਸਈਂ=ਹਿੰਦੂ ਫ਼ਕੀਰ, ਬਾਪੂ=ਪੂਰਾ ਉਸਤਾਦ
ਸਿਫ਼ਲਵਾਈ=ਘਟੀਆਪਣ, ਖ਼ਫ਼ਾਈ=ਆਪਣੇ ਭੇਦ ਨੂੰ ਲੁਕਾਉਣ ਵਾਲਾ, ਨੇਈਂ=ਨਦੀ)
ਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ, ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ ।
ਹਾਥੀ ਨਹੀਂ ਤਸਵੀਰ ਦਾ ਕਿਲਾ ਢਾਹੇ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ ।
ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ ।
ਫਟ ਹੈਂ ਲੜਾਈ ਦੇ ਅਸਲ ਢਾਈ, ਹੋਰ ਐਵੇਂ ਪਸਾਰ ਪਸਾਰਦੇ ਨੀ ।
ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ, ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ ।
ਹਿੰਮਤ ਸੁਸਤ ਬਰੂਤ ਸਰੀਨ ਭਾਰੇ, ਇਹ ਗਭਰੂ ਕਿਸੇ ਨਾ ਕਾਰ ਦੇ ਨੀ ।
ਬੰਨ੍ਹ ਟੋਰੀਏ ਜੰਗ ਨੂੰ ਢਿੱਗ ਕਰਕੇ, ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ ।
ਸੜਣ ਕੱਪੜੇ ਹੋਣ ਤਹਿਕੀਕ ਕਾਲੇ, ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ ।
ਝੂਠੇ ਮਿਹਣਿਆਂ ਨਾਲ ਨਾ ਜੋਗ ਜਾਂਦਾ, ਸੰਗ ਗਲੇ ਨਾ ਨਾਲ ਫੁਹਾਰ ਦੇ ਨੀ ।
ਖੈਰ ਦਿੱਤਿਆਂ ਮਾਲ ਨਾ ਹੋਏ ਥੋੜ੍ਹਾ, ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ ।
ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ, ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ ।
ਤੈਂ ਤਾਂ ਫ਼ਿਕਰ ਕੀਤਾ ਸਾਨੂੰ ਮਾਰਨੇ ਦਾ, ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ ।
ਜੇਹਾ ਕਰੇ ਕੋਈ ਤੇਹਾ ਪਾਂਵਦਾ ਹੈ, ਸੱਚੇ ਵਾਇਦੇ ਪਰਵਰਦਗਾਰ ਦੇ ਨੀ ।
ਵਾਰਿਸ ਸ਼ਾਹ ਮੀਆਂ ਰੰਨ ਭੌਂਕਣੀ ਨੂੰ, ਫ਼ਕਰ ਪਾਇ ਜੜੀਆਂ ਚਾਇ ਮਾਰਦੇ ਨੀ ।
(ਫੂਈਆਂ=ਬਹਾਰੇ ਆਈ ਗਿਦੜੀਆਂ, ਸਰੀਨ=ਚੁੱਤੜ, ਬਰੂਤ=ਠੰਡ, ਲੁਹਾਰ ਦੇ
ਗੋਸ਼ਟੀ=ਲੁਹਾਰ ਕੋਲ ਬੈਠਣ ਉਠਣ ਵਾਲੇ, ਸੰਗ=ਪੱਥਰ, ਚੁਣੇ=ਚੁਗੇ, ਪੈਜ਼ਾਰ=ਜੁੱਤੀ,
ਪਰਵਰਦਗਾਰ=ਪਾਲਣਹਾਰ, ਜੜੀਆਂ=ਜਾਦੂ ਟੂਣੇ ਨਾਲ ਲੱਗਾ ਇੱਕ ਰੋਗ ਜਿਹੜਾ
ਅਖੀਰ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ)
ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ, ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ ।
ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ, ਜਿਵੇਂ ਖਿਸਕਦਾ ਕੁਫ਼ਰ ਹੈ ਬਾਂਗ ਕੋਲੋਂ ।
ਸਿਰੀ ਕੱਜ ਕੇ ਟੁਰੇਂਗਾ ਜਹਿਲ ਜੱਟਾ, ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ ।
ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ, ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ ।
ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ, ਆਇ ਰੰਨਾਂ ਦੇ ਡਰੀਂ ਉਪਾਂਗ ਕੋਲੋਂ ।
ਐਵੇਂ ਖ਼ੌਫ਼ ਪੌਸੀ ਤੈਨੂੰ ਮਾਰਨੇ ਦਾ, ਜਿਵੇਂ ਢੱਕ ਦਾ ਪੈਰ ਉਲਾਂਘ ਕੋਲੋਂ ।
ਵਾਰਿਸ ਸ਼ਾਹ ਇਹ ਜੋਗੀੜਾ ਮੋਇਆ ਪਿਆਸਾ, ਪਾਣੀ ਦੇਣਗੀਆਂ ਜਦੋਂ ਪੁੜਸਾਂਗ ਕੋਲੋਂ ।
(ਭੀਲ=ਭੀਲ ਕੌਮ ਜਿਹੜੀ ਵਿੰਧੀਆਚਲ ਪਰਬਤ ਕੋਲ ਬਸੀ ਹੋਈ ਹੈ, ਕਜ ਕੇ=
ਢਕ ਕੇ, ਜਹਿਲ=ਜਾਹਿਲ,ਗੰਵਾਰ, ਝਲਾਂਗ=ਸਵੇਰਾ, ਉਪਾਂਗ=ਉਪ ਅੰਗ,ਕਿਸੇ ਅੰਗ)
ਕੇਹੀਆਂ ਆਣ ਪੰਚਾਇਤਾਂ ਜੋੜੀਆਂ ਨੀ, ਅਸੀਂ ਰੰਨ ਨੂੰ ਰੇਵੜੀ ਜਾਣਨੇ ਹਾਂ ।
ਫੜੀਏ ਚਿੱਥ ਕੇ ਲਈਏ ਲੰਘਾ ਪਲ ਵਿੱਚ, ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ ।
ਲੋਕ ਜਾਗਦੇ ਮਹਿਰੀਆਂ ਨਾਲ ਪਰਚਣ, ਅਸੀਂ ਖ਼ੁਆਬ ਅੰਦਰ ਮੌਜਾਂ ਮਾਣਨੇ ਹਾਂ ।
ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ ।
ਫੂਈ ਮਗਰ ਲੱਗੀ ਇਸ ਦੀ ਮੌਤ ਆਹੀ, ਵਾਰਿਸ ਸ਼ਾਹ ਹੁਣ ਮਾਰ ਕੇ ਰਾਣਨੇ ਹਾਂ ।
(ਰੇਵੜੀ=ਰਿਉੜੀ, ਨਜ਼ਰ ਵਿੱਚ ਛਾਣਨਾ=ਜਾਚਣਾ, ਰਾਣਨੇ=ਪੈਰਾਂ ਥੱਲੇ ਮਿਧਣਾਂ)
ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ, ਕਟਕ ਮਾਘ ਵਿੱਚ ਮਨ੍ਹਾ ਹਨ੍ਹੇਰੀਆਂ ਨੀ ।
ਰੋਵਣ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮੰਦੇਰੀਆਂ ਨੀ ।
ਚੁਗਲੀ ਖਾਵੰਦਾਂ ਦੀ ਬਦੀ ਨਾਲ ਮੀਏਂ, ਖਾਇ ਲੂਣ ਹਰਾਮ ਬਦ-ਖ਼ੈਰੀਆਂ ਨੀ ।
ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ ।
ਚੋਰੀ ਨਾਲ ਰਫ਼ੀਕ ਦੇ ਦਗ਼ਾ ਪੀਰਾਂ, ਪਰ ਨਾਰ ਪਰ ਮਾਲ ਉਸੀਰੀਆਂ ਨੀ ।
ਗ਼ੀਬਤ ਤਰਕ ਸਲਵਾਤ ਤੇ ਝੂਠ ਮਸਤੀ, ਦੂਰ ਕਰਨ ਫਰਿਸ਼ਤਿਆਂ ਤੀਰੀਆਂ ਨੀ ।
ਲੜਣ ਨਾਲ ਫ਼ਕੀਰ ਸਰਦਾਰ ਯਾਰੀ, ਕੱਢ ਘੱਤਣਾ ਮਾਲ ਵਸੇਰੀਆਂ ਨੀ ।
ਮੁੜਣ ਕੌਲ ਜ਼ਬਾਨ ਦਾ ਫਿਰਨ ਪੀਰਾਂ, ਬੁਰਿਆਂ ਦਿਨਾਂ ਦਿਆਂ ਇਹ ਭੀ ਫੇਰੀਆਂ ਨੀ ।
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ, ਖ਼ਚਰਵਾਦੀਆਂ ਇਹ ਸਭ ਤੇਰੀਆਂ ਨੀ ।
ਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ, ਯਾਦ ਰੱਖ ਨਸੀਹਤਾਂ ਮੇਰੀਆਂ ਨੀ ।
ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ, ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ ।
ਬਦਰੰਗ ਨੂੰ ਰੰਗ ਕੇ ਰੰਗ ਲਾਇਉ, ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ ।
ਏਹਾ ਘੱਤ ਕੇ ਜਾਦੂੜਾ ਕਰੂੰ ਕਮਲੀ, ਪਈ ਗਿਰਦ ਮੇਰੇ ਘੱਤੀਂ ਫੇਰੀਆਂ ਨੀ ।
ਵਾਰਿਸ ਸ਼ਾਹ ਅਸਾਂ ਨਾਲ ਜਾਦੂਆਂ ਦੇ, ਕਈ ਰਾਣੀਆਂ ਕੀਤੀਆਂ ਚੇਰੀਆਂ ਨੀ ।
(ਮਜਲਿਸ=ਮਹਿਫ਼ਲ, ਖਾ ਲੂਣ ਕਰੇ ਬਦਖ਼ੈਰੀਆਂ=ਨਮਕਹਰਾਮੀ, ਰਫ਼ੀਕ=ਸਾਥੀ,
ਪਰ ਨਾਰ=ਪਰਾਈ ਇਸਤਰੀ, ਪਰ ਮਾਲ=ਪਰਾਇਆ ਮਾਲ, ਉਸੀਰੀ=ਕਿਸੇ ਚੀਜ਼
ਨੂੰ ਪ੍ਰਾਪਤ ਕਰਨ ਲਈ ਹਰ ਵੇਲੇ ਕੁੜ੍ਹਨਾ,ਸੜਣਾਂ, ਗ਼ੀਬਤ=ਚੁਗ਼ਲੀ, ਤੀਰੀ=ਉੜਾਨ,
ਚੇਰੀ=ਚੇਲੀ)
ਅਸਾਂ ਜਾਦੂੜੇ ਘੋਲ ਕੇ ਸਭ ਪੀਤੇ, ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ ।
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ, ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ ।
ਸਕੇ ਭਾਈਆਂ ਨੂੰ ਕਰਨ ਨਫ਼ਰ ਰਾਜੇ, ਅਤੇ ਰਾਜ ਬਹਾਂਵਦੇ ਸਾਲਿਆਂ ਨੂੰ ।
ਸਿਰਕੱਪ ਰਸਾਲੂ ਨੂੰ ਵਖ਼ਤ ਪਾਇਆ, ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ ।
ਰਾਵਣ ਲੰਕ ਲੁਟਾਇਕੇ ਗਰਦ ਹੋਇਆ, ਸੀਤਾ ਵਾਸਤੇ ਭੇਖ ਵਿਖਾਲਿਆਂ ਨੂੰ ।
ਯੂਸਫ਼ ਬੰਦ ਵਿੱਚ ਪਾ ਜ਼ਹੀਰ ਕੀਤਾ, ਸੱਸੀ ਵਖ਼ਤ ਪਾਇਆ ਊਠਾਂ ਵਾਲਿਆਂ ਨੂੰ ।
ਰਾਂਝਾ ਚਾਰ ਕੇ ਮਹੀਂ ਫ਼ਕੀਰ ਹੋਇਆ, ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ ।
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ, ਤੇ ਜਲਾਲੀ ਦੇ ਵੇਖ ਲੈ ਚਾਲਿਆਂ ਨੂੰ ।
ਫੋਗੂ ਉਮਰ ਬਾਦਸ਼ਾਹ ਖ਼ੁਆਰ ਹੋਇਆ, ਮਿਲੀ ਮਾਰਵਣ ਢੋਲ ਦੇ ਰਾਲਿਆਂ ਨੂੰ ।
ਵਲੀ ਬਲਮ ਬਾਊਰ ਈਮਾਨ ਦਿੱਤਾ, ਵੇਖ ਡੋਬਿਆ ਬੰਦਗੀ ਵਾਲਿਆਂ ਨੂੰ ।
ਮਹੀਂਵਾਲ ਤੋਂ ਸੋਹਣੀ ਰਹੀ ਏਵੇਂ, ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ ।
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ, ਡੋਬ ਡਾਬ ਕੇ ਖੱਟਿਆ ਘਾਲਿਆਂ ਨੂੰ ।
ਰੰਨਾ ਮਾਰ ਲੜਾਏ ਇਮਾਮ-ਜ਼ਾਦੇ, ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ ।
ਵਾਰਿਸ ਸ਼ਾਹ ਤੂੰ ਜੋਗੀਆ ਕੌਣ ਹੁੰਨੈਂ, ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ ।
(ਘੋਲ ਕੇ ਪੀਤੇ=ਖ਼ਤਮ ਕਰ ਦਿੱਤੇ, ਨਫ਼ਰ=ਗੁਲਾਮ,ਦਾਸ, ਜ਼ਹੀਰ=ਦੁਖੀ,
ਸਿਰਕੱਪ=ਗੱਖਰਫ਼ਤਿ ਹੂਡੀ ਰਾਜਾ ਜੋ ਵੈਰੀਆਂ ਦੇ ਸਿਰ ਕਪ (ਵਢ) ਲੈਂਦਾ ਸੀ।
ਰਸਾਲੂ=ਸਲਵਾਨ ਦਾ ਪੁੱਤਰ ਅਤੇ ਪੂਰਨ ਭਗਤ ਦਾ ਭਰਾ, ਰਾਲਿਆਂ=ਮਿਲਾਪ,
ਫੋਗੂ ਉਮਰ=ਊਮਰ ਸੂਮਰ ਸਿੰਧ ਦਾ ਇੱਕ ਅਮੀਰ ਜੋ ਅਰਬੀ ਨਸਲ ਦਾ ਸੀ ।
ਜਦ ਢੋਲਾ ਮਾਰਵਣ ਨੂੰ ਲੈ ਕੇ ਪੁਗਲ ਤੋਂ ਗਿਆ ਤਾਂ ਰਾਹ ਵਿੱਚ ਇਸ ਅਮੀਰ ਨੇ
ਮਾਰਵਣ ਨੂੰ ਖੋਹਣ ਦਾ ਯਤਨ ਕੀਤਾ ਪਰ ਮਾਰਵਣ ਦੇ ਇਸ਼ਾਰੇ ਨਾਲ ਢੋਲੇ ਨੇ ਓਥੋਂ
ਅਪਣਾ ਉਠ, ਜਿਸ ਦੀ ਇੱਕ ਲੱਤ ਬੱਧੀ ਸੀ, ਉਸੇ ਤਰ੍ਹਾਂ ਭਜਾ ਲਿਆ ਅਤੇ ਰਾਣੀ
ਨੂੰ ਬਚਾ ਕੇ ਲੈ ਗਿਆ, ਵਲੀ ਬਲਮ ਬਾਊਰ=ਕੁਰਬਾਨੀਆਂ ਦਾ ਇੱਕ ਮਸ਼ਹੂਰ ਵਲੀ ।
ਜਦ ਹਜ਼ਰਤ ਮੂਸਾ ਨੇ ਮਦਾਇਨ ਵਾਲਿਆਂ ਉਪਰ ਹਮਲਾ ਕੀਤਾ ਤਾਂ ਓਥੋਂ ਦੇ ਬਾਦਸ਼ਾਹ
ਨੇ ਬਲਮ ਬਾਊਰ ਨੂੰ ਕਿਹਾ ਕਿ ਉਹ ਮੂਸਾ ਨੂੰ ਬਦ ਦੁਆਂ ਦੇਵੇ ।ਉਹਨੇ ਬਦਦੁਆ ਲਈ
ਹੱਥ ਉਪਰ ਨੂੰ ਚੁੱਕੇ ਪਰ ਮੂੰਹੋਂ ਬਦਦੁਆ ਨਾ ਨਿਕਲੀ, ਅਠਾਰਾਂ ਖੂਹਣੀ=ਮਹਾਂਭਾਰਤ ਦੇ
ਯੁੱਧ ਵਿੱਚ, ਆਖਿਆ ਜਾਂਦਾ ਹੈ ਕਿ ਦੋਵੇਂ ਪਾਸਿਆਂ ਦੀਆਂ ਫ਼ੌਜਾਂ ਦੀ ਗਿਣਤੀ ਅਠਾਰਾਂ
ਖੂਹਣੀਆਂ ਸੀ ।ਪਾਂਡੋਆਂ ਦਾ ਲਸ਼ਕਰ ਸਤ ਖੂਹਣੀਆਂ ਅਤੇ ਕੌਰਵਾਂ ਦਾ ਗਿਆਰਾਂ
ਖੂਹਣੀਆਂ, ਹਾਲੇ ਭਰਨੇ=ਖਰਾਜ ਭਰਨਾ,ਮਾਲੀਆ ਜਾਂ ਮਾਮਲਾ, ਇਮਾਮ-ਜ਼ਾਦੇ=
ਇਮਾਮ ਹਸਨ ਹਜਰਤ ਅਲੀ ਦੇ ਵੱਡੇ ਪੁੱਤਰ (24. 670 ਈ), ਹਜ਼ਰਤ ਅਲੀ ਦੇ
ਸ਼ਹੀਦ ਹੋਣ ਪਿੱਛੋਂ ਕੂਫਾ ਦੇ ਲੋਕਾਂ ਇਨ੍ਹਾਂ ਨੂੰ ਛੇ ਕੁ ਮਹੀਨੇ ਖਲੀਫਾ ਮੰਨ ਲਿਆ ।
ਅਮੀਰ ਮੁਆਵੀਆ ਨਾਲ ਕੁਝ ਇੱਕ ਸ਼ਰਤਾਂ ਤੇ ਆਪ ਨੇ ਉਸ ਦੇ ਹੱਕ ਵਿੱਚ ਖਿਲਾਫ਼ਤ
ਛੱਡ ਦਿੱਤੀ ।ਮੁਆਵੀਆਂ ਦੇ ਮਰਨ ਪਿੱਛੋਂ ਉਹਦਾ ਪੁੱਤਰ ਤਖ਼ਤ ਤੇ ਬੈਠਾ ।ਉਸ ਨੇ ਜੈਨਬ
ਨਾਮੀ ਬੀਵੀ ਰਾਹੀਂ ਇਮਾਮ ਹਸਨ ਨੂੰ ਜ਼ਹਿਰ ਦਵਾ ਦਿੱਤੀ)
ਆ ਨੱਢੀਏ ਗ਼ੈਬ ਕਿਉਂ ਵਿੱਢਿਆ ਈ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ ।
ਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ, ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀ ।
ਬੇਕਸਾਂ ਦਾ ਕੋਈ ਨਾ ਰੱਬ ਬਾਝੋਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ ।
ਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ, ਅੱਗੇ ਮਿਲਣਗੀਆਂ ਉਸ ਭਲਿਆਈਆਂ ਨੀ ।
ਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ, ਵਾਰਿਸ ਸ਼ਾਹ ਜੋ ਕਰਨ ਬੁਰਿਆਈਆਂ ਨੀ ।
(ਗ਼ੈਬ ਵਿਢਨਾ=ਵਾਧੂ ਦੀ ਲੜਾਈ ਛੇੜਣੀ, ਬੇਕਸ=ਕਮਜ਼ੋਰ,ਨਿਮਾਣਾ, ਜ਼ਬੂਨ =ਬੁਰਾ)
ਮਰਦ ਸਾਦ ਹਨ ਚਿਹਰੇ ਨੇਕੀਆਂ ਦੇ, ਸੂਰਤ ਰੰਨ ਦੀ ਮੀਮ ਮੌਕੂਫ਼ ਹੈ ਨੀ ।
ਮਰਦ ਆਲਮ ਫਾਜ਼ਲ ਅੱਜਲ ਕਾਬਲ, ਕਿਸੇ ਰੰਨ ਨੂੰ ਕੌਣ ਵਕੂਫ਼ ਹੈ ਨੀ ।
ਸਬਰ ਫ਼ਰ੍ਹਾ ਹੈ ਮੰਨਿਆ ਨੇਕ ਮਰਦਾਂ, ਏਥੇ ਸਬਰ ਦੀ ਵਾਗ ਮਾਤੂਫ਼ ਹੈ ਨੀ ।
ਦਫਤਰ ਮਕਰ ਫ਼ਰੇਬ ਤੇ ਖ਼ਚਰਵਾਈਆਂ, ਏਹਨਾਂ ਪਿਸਤਿਆਂ ਵਿੱਚ ਮਲਫ਼ੂਫ਼ ਹੈ ਨੀ ।
ਰੰਨ ਰੇਸ਼ਮੀ ਕੱਪੜਾ ਮਨ੍ਹਾ ਮੁਸਲੇ, ਮਰਦ ਜੌਜ਼ਕੀਦਾਰ ਮਸ਼ਰੂਫ਼ ਹੈ ਨੀ ।
ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ, ਅਤੇ ਰੰਨ ਮਸਵਾਕ ਦਾ ਸੂਫ਼ ਹੈ ਨੀ ।
(ਸਾਦ=ਸਾਦੇ,ਨਿਰਾਸਰੇ, ਮੌਕੂਫ਼=ਰੱਦ ਕੀਤੀ ਹੋਈ, ਵਕੂਫ਼=ਅਕਲ,ਸਮਝ,
ਫਰ੍ਹਾ=ਲਗਾਮ, ਮਾਤੂਫ਼=ਮੁੜੀ ਹੋਈ, ਮਲਫ਼ੂਫ਼=ਲਪੇਟਿਆ ਹੋਇਆ, ਮਸ਼ਰੂਫ਼=
ਮਾਣਯੋਗ, ਮਸਵਾਕ=ਦਾਤਣ, ਸੂਫ਼=ਚਿਥਿਆ ਹੋਇਆ ਬੁਰਸ਼ ਵਰਗਾ)
ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋਵੇ ।
ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ ।
ਗਾਉਂ ਸੋਈ ਜੋ ਸਿਆਲ ਵਿਚ ਦੁੱਧ ਦੇਵੇ, ਬਾਦਸ਼ਾਹ ਜੋ ਨਿੱਤ ਸ਼ੱਬਾਨ ਹੋਵੇ ।
ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ, ਪਿਆਦਾ ਸੋਈ ਜੋ ਭੂਤ ਮਸਾਣ ਹੋਵੇ ।
ਇਮਸਾਕ ਹੈ ਅਸਲ ਅਫ਼ੀਮ ਬਾਝੋਂ, ਗ਼ੁੱਸੇ ਬਿਨਾ ਫ਼ਕੀਰ ਦੀ ਜਾਨ ਹੋਵੇ ।
ਰੋਗ ਸੋਈ ਜੋ ਨਾਲ ਇਲਾਜ ਹੋਵੇ, ਤੀਰ ਸੋਈ ਜੋ ਨਾਲ ਕਮਾਨ ਹੋਵੇ ।
ਕੰਜਰ ਸੋਈ ਜੋ ਗ਼ੈਰਤਾਂ ਬਾਝ ਹੋਵਣ, ਜਿਵੇਂ ਭਾਂਬੜਾ ਬਿਨਾਂ ਇਸ਼ਨਾਨ ਹੋਵੇ ।
ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ, ਜੱਲਾਦ ਜੋ ਮਿਹਰ ਬਿਨ ਖ਼ਾਨ ਹੋਵੇ ।
ਕਵਾਰੀ ਸੋਈ ਜੋ ਕਰੇ ਹਿਆ ਬਹੁਤੀ, ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ ।
ਬਿਨਾ ਚੋਰ ਤੇ ਜੰਗ ਦੇ ਦੇਸ ਵਸੇ, ਪਟ ਸੂਈ ਬਿਨ ਅੰਨ ਦੀ ਪਾਣ ਹੋਵੇ ।
ਸਈਅਦ ਸੋਈ ਜੋ ਸੂਮ ਨਾ ਹੋਵੇ ਕਾਇਰ, ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ ।
ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ, ਅਤੇ ਆਦਮੀ ਬੇਨੁਕਸਾਨ ਹੋਵੇ ।
ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ, ਮਤਾਂ ਮੰਗਣੋਂ ਕੋਈ ਵਧਾਣ ਹੋਵੇ ।
ਵਾਰਿਸ ਸ਼ਾਹ ਫ਼ਕੀਰ ਬਿਨ ਹਿਰਸ ਗ਼ਫ਼ਲਤ, ਯਾਦ ਰੱਬ ਦੀ ਵਿੱਚ ਮਸਤਾਨ ਹੋਵੇ ।
(ਕੁਲ ਪਾਤ=ਖ਼ਾਨਦਾਨ ਦੀ ਇੱਜ਼ਤ, ਸ਼ਬਾਨ=ਰਖਿਅਕ ਆਜੜੀ, ਇਮਸਾਕ=
ਬੰਧੇਜ, ਬਾਝ ਜ਼ਬਾਨ=ਘਟ ਬੋਲੇ, ਜ਼ਾਨੀ=ਭੋਗੀ, ਸੂਮ=ਕੰਜੂਸ, ਵਧਾਣ=ਵਾਧਾ)
ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਸੱਭੋ ਮਿਹਨਤਾਂ ਪੇਟ ਦੇ ਕਾਰਨੇ ਨੀ ।
ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੱਯਦ-ਜ਼ਾਦਿਆਂ ਨੇ ਗਧੇ ਚਾਰਨੇ ਨੀ ।
ਪੇਟ ਵਾਸਤੇ ਪਰੀ ਤੇ ਹੂਰ-ਜ਼ਾਦਾਂ, ਜਾਣ ਜਿੰਨ ਤੇ ਭੂਤ ਦੇ ਵਾਰਨੇ ਨੀ ।
ਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ, ਹੋਇ ਪਾਹਰੂ ਹੋਕਰੇ ਮਾਰਨੇ ਨੀ ।
ਪੇਟ ਵਾਸਤੇ ਸਭ ਖ਼ਰਾਬੀਆਂ ਨੇ, ਪੇਟ ਵਾਸਤੇ ਖ਼ੂਨ ਗੁਜ਼ਾਰਨੇ ਨੀ ।
ਪੇਟ ਵਾਸਤੇ ਫ਼ੱਕਰ ਤਸਲੀਮ ਤੋੜਣ, ਸਭੇ ਸਮਝ ਲੈ ਰੰਨੇ ਗਵਾਰਨੇ ਨੀ ।
ਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ, ਅਤੇ ਹੋ ਚੁੱਕੇ ਵੱਡੇ ਕਾਰਨੇ ਨੀ ।
ਗਾਹਵਣ ਹੋਰ ਤੇ ਰਾਹਕ ਨੇ ਹੋਰ ਇਸ ਦੇ, ਖ਼ਾਵੰਦ ਹੋਰ ਦਮ ਹੋਰਨਾਂ ਮਾਰਨੇ ਨੀ ।
ਮਿਹਰਬਾਨ ਜੇ ਹੋਵੇ ਫ਼ਕੀਰ ਇੱਕ ਪਲ, ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇ ।
ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਨੇ ਕੰਮ ਸਵਾਰਨੇ ਨੀ ।
ਵਾਰਿਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ, ਭਾਂਡੇ ਬੋਲ ਕੇ ਹੀ ਮੂਹਰੇ ਮਾਰਨੇ ਨੀ ।
(ਕਾਰ ਸਾਜ਼=ਕੰਮ ਬਣਾਉਣ ਵਾਲਾ, ਹੋਕਰੇ=ਲਲਕਾਰੇ, ਰਾਹਕ=ਕਾਸ਼ਤਕਾਰ)
ਰੱਬ ਜੇਡ ਨਾ ਕੋਈ ਹੈ ਜੱਗ ਦਾਤਾ, ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ ।
ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ, ਰਾਜ ਹਿੰਦ ਪੰਜਾਬ ਦਾ ਬਾਬਰੀ ਵੇ ।
ਚੰਦ ਜੇਡ ਚਾਲਾਕ ਨਾ ਸਰਦ ਕੋਈ, ਹੁਕਮ ਜੇਡ ਨਾ ਕਿਸੇ ਅਕਾਬਰੀ ਵੇ ।
ਬੁਰਾ ਕਸਬ ਨਾ ਨੌਕਰੀ ਜੇਡ ਕੋਈ, ਯਾਦ ਹੱਕ ਦੀ ਜੇਡ ਅਕਾਬਰੀ ਵੇ ।
ਮੌਤ ਜੇਡ ਨਾ ਸਖ਼ਤ ਹੈ ਕੋਈ ਚਿੱਠੀ, ਓਥੇ ਕਿਸੇ ਦੀ ਨਹੀਉਂ ਨਾਬਰੀ ਵੇ ।
ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ, ਕਮਜ਼ਾਤ ਨੂੰ ਹੁਕਮ ਹੈ ਖ਼ਾਬਰੀ ਵੇ ।
ਰੰਨ ਵੇਖਣੀ ਐਬ ਫ਼ਕੀਰ ਤਾਈਂ, ਭੂਤ ਵਾਂਗ ਹੈ ਸਿਰਾਂ ਤੇ ਟਾਬਰੀ ਵੇ ।
ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ, ਦਾੜ੍ਹੀ ਸ਼ੇਖ਼ ਦੀ ਹੋ ਗਈ ਝਾਬਰੀ ਵੇ ।
(ਸਾਬਰੀ=ਸਬਰ, ਬਾਬਰੀ=ਬਾਬਰ ਦਾ ਰਾਜ, ਅਕਾਬਰੀ=ਵਡਿਆਈ,
ਨਾਬਰੀ=ਨਾਂਹ,ਇਨਕਾਰ, ਖ਼ਾਬਰੀ=ਟੁੱਟੀ ਸੜ੍ਹਕ, ਝਾਬਰੀ=ਐਬ ਢਕਣ
ਦਾ ਇੱਕ ਵਸੀਲਾ)
ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ, ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ ।
ਸਭ ਖ਼ਲਕ ਦਾ ਵੇਖ ਕੇ ਲਉ ਮੁਜਰਾ, ਕਰੋ ਦੀਦ ਇਸ ਜਗ ਦੇ ਪੇਖਣੇ ਨੂੰ ।
ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ, ਜ਼ਰਾ ਜਾਇ ਕੇ ਅੱਖੀਆਂ ਸੇਕਣੇ ਨੂੰ ।
ਸੱਭਾ ਦੀਦ ਮੁਆਫ਼ ਹੈ ਆਸ਼ਕਾਂ ਨੂੰ, ਰੱਬ ਨੈਣ ਦਿੱਤੇ ਜਗ ਵੇਖਣੇ ਨੂੰ ।
ਮਹਾਂ ਦੇਵ ਜਹਿਆਂ ਪਾਰਬਤੀ ਅੱਗੇ, ਕਾਮ ਲਿਆਉਂਦਾ ਸੀ ਮਥਾ ਟੇਖਣੇ ਨੂੰ ।
ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ, ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ ।
ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ, ਅੰਤ ਸੱਦੀਏਂਗਾ ਲੇਖਾ ਲੇਖਣੇ ਨੂੰ ।
(ਲਉ ਮੁਜਰਾ=ਸਲਾਮ ਕਬੂਲ ਕਰੋ, ਛੇਕਣਾ=ਰਦ ਕਰ ਦੇਣਾ, ਲੇਖਾ ਲੇਖਣੇ
ਨੂੰ =ਕੀਤੇ ਕੰਮਾਂ ਦਾ ਲੇਖਾ ਦੇਣ ਲਈ)
ਜੇਹੀ ਨੀਤ ਹਈ ਤੇਹੀ ਮੁਰਾਦ ਮਿਲੀਆ, ਘਰੋ ਘਰੀ ਛਾਈ ਸਿਰ ਪਾਵਨਾ ਹਂੈ ।
ਫਿਰੇਂ ਮੰਗਦਾ ਭੌਂਕਦਾ ਖ਼ੁਆਰ ਹੁੰਦਾ, ਲਖ ਦਗ਼ੇ ਪਖੰਡ ਕਮਾਵਣਾ ਹੈਂ ।
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ, ਹੱਥਾ ਖਾਵਣਾ ਅਤੇ ਹੰਢਾਵਣਾ ਹੈਂ ।
ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ, ਵਾਰਿਸ ਸ਼ਾਹ ਕਿਉਂ ਜੀਊ ਭਰਮਾਵਣਾ ਹੈਂ ।
(ਛਾਈ=ਸੁਆਹ, ਸੋਇਨਾ ਰੁਪੜਾ=ਸੋਨਾ ਚਾਂਦੀ)
ਸੋਇਨਾ ਰੁਪੜਾ ਸ਼ਾਨ ਸਵਾਣੀਆਂ ਦਾ, ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ ।
ਗਧਾ ਉੜਦਕਾਂ ਨਾਲ ਨਾ ਹੋਇ ਘੋੜਾ, ਬਾਂਝ ਪਰੀ ਨਾ ਹੋਏ ਯਰੋਲੀਏ ਨੀ ।
ਰੰਗ ਗੋਰੜੇ ਨਾਲ ਤੂੰ ਜਗ ਮੁੱਠਾ, ਵਿੱਚੋਂ ਗੁਣਾਂ ਦੇ ਕਾਰਨੇ ਪੋਲੀਏ ਨੀ ।
ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇਂ, ਚੋਰਾਂ ਯਾਰਾਂ ਦੇ ਵਿੱਚ ਵਿਚੋਲੀਏ ਨੀ ।
ਅਸਾਂ ਪੀਰ ਕਿਹਾ ਤੂੰ ਹੀਰ ਆਖੇਂ, ਭੁਲ ਗਈ ਹੈਂ ਸੁਣਨ ਵਿੱਚ ਭੋਲੀਏ ਨੀ ।
ਅੰਤ ਇਹ ਜਹਾਨ ਹੈ ਛੱਡ ਜਾਣਾ, ਐਡੇ ਕੁਫ਼ਰ ਅਪਰਾਧ ਕਿਉਂ ਤੋਲੀਏ ਨੀ ।
ਫ਼ਕਰ ਅਸਲ ਅੱਲਾਹ ਦੀ ਹੈਣ ਮੂਰਤ, ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ ।
ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ, ਨੈਣਾਂ ਵਾਲੀਏ ਸ਼ੋਖ਼ ਮਮੋਲੀਏ ਨੀ ।
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ, ਅੱਬਾ ਜਿਊਣੀਏ ਆਲੀਏ ਭੋਲੀਏ ਨੀ ।
ਵਾਰਿਸ ਸ਼ਾਹ ਕੀਤੀ ਗੱਲ ਹੋਇ ਚੁੱਕੀ, ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ ।
(ਅਸੀਲ=ਭਲੀ ਮਾਨਸ, ਯਰੋਲੀਏ=ਰਾਂਝਾ ਨਫ਼ਰਤ ਨਾਲ ਸਹਿਤੀ ਨੂੰ ਕਹਿੰਦਾ
ਹੈ ਕਿ ਉਹ ਉਹਦੀ ਯਾਰੀ ਬਾਰੇ ਜਾਣਦਾ ਹੈ, ਬੂਬਕੇ=ਬੇਸਮਝ ਕੁਆਰੀ ਕੁੜੀ)
ਛੇੜ ਖ਼ੁੰਦਰਾਂ ਭੇੜ ਮਚਾਵਣਾ ਏਂ, ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ ।
ਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ, ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ ।
ਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇ ।
ਜੁੱਤ ਘੇਰਨੀ ਕੁਤਕੇ ਅਤੇ ਸੋਟੇ, ਇਹ ਇਲਾਜ ਨੇ ਚਿਤੜਾਂ ਮੋਟਿਆਂ ਦੇ ।
ਲਪੜ ਸ਼ਾਹ ਦਾ ਬਾਲਕਾ ਸ਼ਾਹ ਝੱਖੜ, ਤੈਂਥੇ ਵੱਲ ਹਨ ਵੱਡੇ ਲਪੋਟਿਆਂ ਦੇ ।
ਵਾਰਿਸ ਸ਼ਾਹ ਰੋਡਾ ਸਿਰ ਕੰਨ ਪਾਟੇ, ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ ।
(ਖੁੰਦਰਾਂ=ਛੇੜਾਂ ਛੇੜਣੀਆਂ, ਮੋਲ੍ਹੀ=ਨਿੱਕਾ ਮੋਲ੍ਹਾ, ਪਿਸਤਾ=ਕਿਸੇ ਬੀਜ ਦਾ
ਮਗ਼ਜ਼, ਘੇਰਨੀ=ਚਰਖੇ ਦੀ ਹੱਥੀ, ਲੱਪੜ=ਝਗੜਾਲੂ, ਲਪੋਟਾ=ਵੱਡੀਆਂ ਗੱਪਾਂ
ਮਾਰਨ ਵਾਲਾ)
ਫ਼ਕਰ ਸ਼ੇਰ ਦਾ ਆਖਦੇ ਹੈਣ ਬੁਰਕਾ, ਭੇਤ ਫ਼ੱਕਰ ਦਾ ਮੂਲ ਨਾ ਖੋਲ੍ਹੀਏ ਨੀ ।
ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ ।
ਸਰੇ ਖ਼ੈਰ ਸੋ ਹੱਸ ਕੇ ਆਣ ਦੀਚੇ, ਲਈਏ ਦੁਆ ਤੇ ਮਿੱਠੜਾ ਬੋਲੀਏ ਨੀ ।
ਲਈਏ ਅੱਘ ਚੜ੍ਹਾਇਕੇ ਵੱਧ ਪੈਸਾ, ਪਰ ਤੋਲ ਥੀਂ ਘੱਟ ਨਾ ਤੋਲੀਏ ਨੀ ।
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ, ਨੀ ਬੇਸ਼ਰਮ ਕੁਪੱਤੀਏ ਲੋਲ੍ਹੀਏ ਨੀ ।
ਮਸਤੀ ਨਾਲ ਫ਼ਕੀਰਾਂ ਨੂੰ ਦਏਂ ਗਾਲੀਂ, ਵਾਰਿਸ ਸ਼ਾਹ ਦੋ ਠੋਕ ਨਾ ਬੋਲੀਏ ਨੀ ।
(ਫ਼ਕਰ ਸ਼ੇਰ ਦਾ ਬੁਰਕਾ=ਫ਼ਕੀਰ ਅਸਲ ਵਿੱਚ ਰੱਬ ਦੇ ਸ਼ੇਰ ਹਨ ਜਿਨ੍ਹਾਂ ਨੇ
ਫ਼ਕੀਰੀ ਦਾ ਬੁਰਕਾ ਪਾਇਆ ਹੋਇਆ ਹੈ, ਸ਼ੱਕਰ ਵਿੱਚ ਪਿਆਜ਼ ਘੋਲਣਾ=
ਕੰਮ ਵਿਗਾੜਣਾ, ਸਰੇ ਖ਼ੈਰ=ਜੇ ਖ਼ੈਰ (ਭਿਖਿਆ) ਸਰਦੀ ਹੈ, ਦੋ ਠੋਕ=ਕਣਕ
ਦੇ ਦੋ ਮੋਟੇ ਰੋਟ ਖਾ ਕੇ)
ਅਸੀਂ ਭੂਤ ਦੀ ਅਕਲ ਗਵਾ ਦੇਈਏ, ਸਾਨੂੰ ਲਾ ਬਿਭੂਤ ਡਰਾਉਨਾ ਹੈਂ ।
ਤ੍ਰਿੰਞਣ ਵੇਖ ਕੇ ਵਹੁਟੀਆਂ ਛੈਲ ਕੁੜੀਆਂ, ਓਥੇ ਕਿੰਗ ਦੀ ਤਾਰ ਵਜਾਉਨਾ ਹੈਂ ।
ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ, ਭਲਾ ਆਪ ਤੂੰ ਕੌਣ ਸਦਾਉਨਾ ਹੈਂ ।
ਉਹ ਪਈ ਹੈਰਾਨ ਹੈ ਨਾਲ ਜ਼ਹਿਮਤ, ਘੜੀ ਘੜੀ ਕਿਉਂ ਪਿਆ ਅਕਾਉਨਾ ਹੈਂ ।
ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ, ਝਾੜੇ ਗ਼ੈਬ ਦੇ ਕਾਸ ਨੂੰ ਪਾਉਨਾ ਹੈਂ ।
ਚੋਰ ਚੂਹੜੇ ਵਾਂਗ ਹੈ ਟੇਢ ਤੇਰੀ, ਪਿਆਜਾਪਦਾ ਸਿਰੀ ਭਨਾਉਨਾ ਹੈਂ ।
ਕਦੀ ਭੂਤਨਾ ਹੋਇਕੇ ਝੁੰਡ ਖੋਲੇਂ, ਕਦੀ ਜੋਗ ਧਾਰੀ ਬਣ ਆਉਨਾ ਹੈਂ ।
ਇੱਟ ਸਿੱਟ ਫਗਵਾੜ ਤੇ ਕੁਆਰ ਗੰਦਲ, ਇਹ ਬੂਟੀਆਂ ਖੋਲ੍ਹ ਵਿਖਾਉਨਾ ਹੈਂ ।
ਦਾਰੂ ਨਾ ਖ਼ਿਤਾਬ ਨਾ ਹੱਥ ਸ਼ੀਸ਼ੀ, ਆਖ ਕਾਸ ਦਾ ਵੈਦ ਸਦਾਉਨਾ ਹੈਂ ।
ਜਾ ਘਰੋਂ ਅਸਾਡਿਉਂ ਨਿਕਲ ਭੁੱਖੇ, ਹੁਣੇ ਜਟਾਂ ਦੀ ਜੂਟ ਖੋਹਾਉਨਾ ਹੈਂ ।
ਖੋਹ ਬਾਬਰੀਆਂ ਖਪਰੀ ਭੰਨ ਤੋੜੂੰ, ਹੁਣ ਹੋਰ ਕੀ ਮੂੰਹੋਂ ਅਖਾਉਨਾ ਹੈਂ ।
ਰੰਨਾ ਬਲਮ ਬਾਉਰ ਦਾ ਦੀਨ ਖੋਹਿਆ, ਵਾਰਿਸ ਸ਼ਾਹ ਤੂੰ ਕੌਣ ਸਦਾਉਨਾ ਹੈਂ ।
(ਰਮਜ਼=ਇਸ਼ਾਰੇ, ਜ਼ਹਿਮਤ=ਬੀਮਾਰੀ,ਤਕਲੀਫ਼, ਅਕਾਉਣਾ=ਦੁਖੀ ਕਰਨਾ,
ਇਟ ਸਿਟ, ਫਗਵਾੜ, ਕਵਾਰ ਗੰਦਲ=ਤਿੰਨ ਬੂਟੀਆਂ ਹਨ, ਖੋਹ ਬਾਬਰੀਆ=
ਵਾਲ ਪੁਟ ਕੇ)
ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ, ਅਨੀ ਗੁੰਡੀਏ ਠੇਠਰੇ ਜੱਟੀਏ ਨੀ ।
ਕਰਾਮਾਤ ਫ਼ਕੀਰ ਦੀ ਵੇਖ ਨਾਹੀਂ, ਖ਼ੈਰ ਰਬ ਤੋਂ ਮੰਗ ਕੁਪੱਤੀਏ ਨੀ ।
ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੈ, ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ ।
ਮਸਤੀ ਨਾਲ ਤਕੱਬਰੀ ਰਾਤ ਦਿਨੇ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ ।
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ ।
ਪੜ੍ਹ ਫੂਕੀਏ ਇੱਕ ਅਜ਼ਮਤ ਸੈਫ਼ੀ, ਜੜ ਜਿੰਨ ਤੇ ਭੂਤ ਦੀ ਪੱਟੀਏ ਨੀ ।
ਤੇਰੀ ਭਾਬੀ ਦੇ ਦੁਖੜੇ ਦੂਰ ਹੋਵਣ, ਅਸੀਂ ਮਿਹਰ ਜੇ ਚਾਇ ਪਲੱਟੀਏ ਨੀ ।
ਮੂੰਹੋਂ ਮਿਠੜਾ ਬੋਲ ਤੇ ਮੋਮ ਹੋ ਜਾ, ਤਿੱਖੀ ਹੋ ਨਾ ਕਮਲੀਏ ਜੱਟੀਏ ਨੀ ।
ਜਾਂਦੇ ਸਭ ਆਜ਼ਾਰ ਯਕੀਨ ਕਰਕੇ, ਵਾਰਿਸ ਸ਼ਾਹ ਦੇ ਪੈਰ ਜੇ ਚੱਟੀਏ ਨੀ ।
(ਅਜ਼ਮਤ=ਤਲਿਸਮੀ ਦੁਆ ਦਾ ਅਸਰ, ਸੈਫ਼ੀ=ਦੁਸ਼ਮਣ ਦਾ ਵਾਰ ਉਤਾਰਨ
ਲਈ ਅਟਲ ਤਾਸੀਰ ਵਾਲੀ ਦੁਆ, ਕਿਹਾ ਜਾਂਦਾ ਹੈ ਕਿ ਸੈਫ਼ੀ ਵਾਲੇ ਪੁਰਸ਼
ਦੇ ਕਬਜ਼ੇ ਵਿੱਚ ਸੱਤਰ ਹਜ਼ਾਰ ਜਿੰਨ ਅਤੇ ਸੱਤਰ ਹਜ਼ਾਰ ਫ਼ਰਿਸ਼ਤੇ ਹੁੰਦੇ ਹਨ,
ਆਜ਼ਾਰ=ਦੁਖ)
ਫ਼ਰਫ਼ੇਜੀਆ ਬੀਰ ਬੈਤਾਲਿਆ ਵੇ, ਔਖੇ ਇਸ਼ਕ ਦੇ ਝਾੜਣੇ ਪਾਵਣੇ ਵੇ ।
ਨੈਣਾਂ ਵੇਖ ਕੇ ਮਾਰਨੀ ਫੂਕ ਸਾਹਵੇਂ, ਸੁੱਤੇ ਪਰੇਮ ਦੇ ਨਾਗ ਜਗਾਵਣੇ ਵੇ ।
ਕਦੋਂ ‘ਯੂਸਫ਼ੀ ਤਿਬ ਮੀਜ਼ਾਨ’ ਪੜ੍ਹਿਉਂ, ‘ਦਸਤੂਰ ਇਲਾਜ’ ਸਿਖਾਵਣੇ ਵੇ ।
‘ਕੁਰਤਾਸ ਸਕੰਦਰੀ’ ‘ਤਿੱਬ ਅਕਬਰ’, ਜ਼ਖੀਰਿਉਂ ਬਾਬ ਸੁਣਾਵਣੇ ਵੇ ।
‘ਕਾਨੂੰਨ ਮੌਜਜ਼’ ‘ਤੁਹਫ਼ਾ ਮੋਮਨੀਨ’ ਵੀ, ‘ਕਿਫ਼ਾਇਆ ਮਨਸੂਰੀ’ ਥੀਂ ਪਾਵਣੇ ਵੇ ।
‘ਪਰਾਨ ਸੰਗਲੀ’ ਵੇਦ ਮਨੌਤ ਸਿਮ੍ਰਿਤਿ, ‘ਨਿਰਘੰਟ’ ਦੇ ਧਿਆਇ ਫੁਲਾਵਣੇ ਵੇ ।
‘ਕਰਾਬਾਦੀਨ’ ‘ਸ਼ਿਫ਼ਾਈ’ ਤੇ ‘ਕਾਦਰੀ’ ਵੀ, ‘ਮੁਤਫ਼ਰਿਕ ਤਿੱਬਾ’ ਪੜ੍ਹ ਜਾਵਣੇ ਵੇ ।
‘ਰਤਨ ਜੋਤ’ ‘ਬਲਮੀਕ ਤੇ ਸਾਂਕ’ ‘ਸੌਛਨ’ ‘ਸੁਖਦੇਉ ਗੰਗਾ’ ਤੈਂਥੇ ਆਵਣੇ ਵੇ ।
ਫ਼ੈਲਸੂਫ਼ ਜਹਾਨ ਦੀਆਂ ਅਸੀਂ ਰੰਨਾਂ, ਸਾਡੇ ਮਕਰ ਦੇ ਭੇਤ ਕਿਸ ਪਾਵਣੇ ਵੇ ।
ਅਫ਼ਲਾਤੂਨ ਸ਼ਾਗਿਰਦ ਗ਼ਲਾਮ ਅਰੱਸਤੂ, ਲੁਕਮਾਨ ਥੀਂ ਪੈਰ ਧੁਆਵਣੇ ਵੇ ।
ਗੱਲਾਂ ਚਾਇ ਚਵਾਇ ਦੀਆਂ ਬਹੁਤ ਕਰਨੈਂ, ਇਹ ਰੋਗ ਨਾ ਤੁਧ ਥੀਂ ਜਾਵਣੇ ਵੇ ।
ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰੰਨਾਂ ਵਿਲਾਵਣੇ ਵੇ ।
ਜਿਹੜੇ ਮਕਰ ਦੇ ਪੈਰ ਖਿਲਾਰ ਬੈਠੇ, ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ ।
ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ, ਹੱਡ ਗੋਡੜੇ ਤਿਨ੍ਹਾਂ ਭੰਨਾਵਣੇ ਵੇ ।
ਵਾਰਿਸ ਸ਼ਾਹ ਇਹ ਮਾਰ ਹੈ ਵਸਤ ਐਸੀ, ਜਿੰਨ ਭੂਤ ਤੇ ਦੇਵ ਨਿਵਾਵਣੇ ਵੇ ।
(ਬੀਰ ਬੈਤਾਲਾ=ਜਿੰਨ, ਭੂਤ ਅਤੇ ਮਸਾਣ ਆਦਿ ਦਾ ਇਲਾਜ ਕਰਨ ਵਾਲਾ,
ਤਿੱਬ,ਹਿਕਮਤ ਦੀਆਂ ਕਿਤਾਬਾਂ=ਤਿੱਬ ਯੂਸਫ਼ੀ, ਮੀਜ਼ਾਨੁਲ ਤਿੱਬ, ਦਸਤੂਰੁਲ ਇਲਾਜ,
ਕੁਰਤਾਸ ਸਕੰਦਰੀ, ਤਿੱਬ ਅਕਬਰ ਜ਼ਖੀਰਾ,ਤੁਹਫਾ=-ਏ-ਮੋਮਨੀਨ, ਕਿਫ਼ਾਇਆ
ਮਨਸੂਰੀ, ਪਰਾਨ ਸੰਗਲੀ, ਵੇਦ ਮਨੌਤ, ਸਿਮਰਿਤ ਨਿਰਘੰਟ, ਕਰਾਬਾਦੀਨ ਸਫ਼ਾਈ,
ਕਰਾਬਾਦੀਨ ਕਾਦਰੀ, ਮੁਤਫ਼ਰਿਕ ਤਿੱਬ, ਰਤਨ ਜੋਤ=ਮਸਾਲੇ ਵਿੱਚ ਪਾਉਣ ਲਈ ਇੱਕ
ਵਸਤ ਖਾਣਾ ਬਨਾਉਣ ਵਿੱਚ ਵਰਤੀ ਜਾਂਦੀ ਹੈ ਅਤੇ ਦਵਾਈ ਦੇ ਤੌਰ ਤੇ ਵੀ ਵਰਤੀ ਜਾਂਦੀ
ਹੈ ਤੇ ਇਹਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ, ਸਾਂਕ ਬਲਮੀਕ=ਇੱਕ ਗਰਭ ਸਹਾਇਕ ਬੂਟੀ,
ਫ਼ੈਲਸੂਫ਼=ਚਾਲਾਕ,ਹੁਸ਼ਿਆਰ, ਅਫ਼ਲਾਤੂਨ ਯੂਨਾਨ ਦਾ ਜਗਤ ਪ੍ਰਸਿੱਧ ਫ਼ਿਲਾਸਫ਼ਰ,
ਜਿਹੜਾ ਸੁਕਰਾਤ ਦਾ ਸ਼ਾਗਿਰਦ ਸੀ । ਸੁਕਰਾਤ ਨੂੰ ਉਹਦੇ ਨੌਜਵਾਨਾਂ ਨੂੰ ਕੀਤੇ ਪ੍ਰਵਚਨਾਂ
ਕਰਕੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ)
ਏਹਾ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਹੈਂ ਜਿਹੜੀ ਟਰਕਦੀ ਹੈ ।
ਖ਼ੈਰ ਮੰਗਨੇ ਗਏ ਫ਼ਕੀਰ ਤਾਈਂ, ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ ।
ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ, ਜਿਹੜੀ ਖ਼ੈਰ ਦੇ ਦੇਣ ਤੋਂ ਝੁਰਕਦੀ ਹੈ ।
ਐਡੀ ਪੀਰਨੀ ਇੱਕੇ ਪਹਿਲਵਾਨਣੀ ਹੈ, ਇੱਕੇ ਕੰਜਰੀ ਇਹ ਕਿਸੇ ਤੁਰਕ ਦੀ ਹੈ ।
ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੋਂ ਸਰਦ ਪਾਣੀ ਵੇਖੋ ਬੁਰਕਦੀ ਹੈ ।
ਰੰਨ ਘੰਡ ਨੂੰ ਜਦੋਂ ਪੈਜ਼ਾਰ ਵੱਜਣ, ਓਥੋਂ ਚੁਪ ਚੁਪਾਤੜੀ ਛੁਰਕਦੀ ਹੈ ।
ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ, ਜਿਹੜੀ ਜ਼ੁਲਫ਼ ਗੱਲ੍ਹਾਂ ਉਤੇ ਲੁੜਕਦੀ ਹੈ ।
ਸਿਆਣੇ ਜਾਣਦੇ ਹਨ ਧਣੀ ਜਾਏ ਝੋਟੀ, ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ ।
ਫ਼ਕਰ ਜਾਣ ਮੰਗਨ ਖ਼ੈਰ ਭੁਖ ਮਰਦੇ, ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ ।
ਲੰਡੀ ਪਾਹੜੀ ਨੂੰ ਖੇਤ ਹੱਥ ਆਇਆ, ਪਈ ਉਪਰੋਂ ਉਪਰੋਂ ਮੁਰਕਦੀ ਹੈ ।
ਵਾਰਿਸੇ ਮੌਰ ਫੁਰਦੇ ਅਤੇ ਲਣ ਚੁੱਤੜ, ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ ।
(ਟਰਕਦੀ=ਵਾਧੂ ਬੋਲਦੀ, ਝੁਰਕਦੀ=ਪਿੱਛੇ ਹਟਦੀ, ਬੁਰਕਦੀ=ਛਿੜਕਦੀ,
ਛੁੜਕਦੀ=ਦੌੜ ਜਾਂਦੀ, ਧਣੀ ਜਾਏ=ਨਵੀਂ ਹੋ ਜਾਏ, ਸਗ=ਕੁਤਾ, ਮੁਰਕਦੀ=ਖਾਂਦੀ)
ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ ।
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ ।
ਉਹ ਵਾਹਨਾਂ ਜਾਣ ਕਬਾਬ ਹੋਈਆਂ, ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ ।
ਇੱਕ ਦਿਨ ਉਹ ਫੇਰਸਨ ਆਣ ਘੋੜੇ, ਕਿੜਾਂ ਜਿਨ੍ਹਾਂ ਦੀਆਂ ਨਿੱਤ ਸੁਣੀਦੀਆਂ ਨੀ ।
ਥੋੜ੍ਹੀਆਂ ਕਰਨ ਸੁਹਾਗ ਦੀਆਂ ਉਹ ਆਸਾਂ, ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੀ ।
ਜੋਕਾਂ ਇੱਕ ਦਿਨ ਪਕੜ ਨਚੂਹਣਗੀਆਂ, ਅਣਪੁਣੇ ਲਹੂ ਨਿਤ ਪੀਂਦੀਆਂ ਨੀ ।
ਦਿਲ ਮਾਲ ਦੀਚੇ ਲੱਖ ਕੰਜਰੀ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੀ ।
ਇੱਕ ਦਿਹੁੰ ਪਕੜੀਆਂ ਜਾਣਗੀਆਂ ਹਾਕਮਾ ਥੇ, ਪਰ ਸੇਜ ਜੋ ਨਿਤ ਚੜ੍ਹੀਂਦੀਆਂ ਨੀ ।
ਇੱਕ ਦਿਨ ਗੜੇ ਵਸਾਇ ਸਨ ਉਹ ਘਟਾਂ, ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੀ ।
ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ, ਮੁਸ਼ਕਾਂ ਕਿਸੇ ਦੀਆਂ ਅੱਜ ਬਝੀਂਦੀਆਂ ਨੀ ।
(ਵਾਹਨਾਂ=ਹਿਰਨੀਆਂ, ਹਈੜਿਆਂ=ਸ਼ਿਕਾਰੀਆਂ, ਕਿੜਾਂ=ਭਿਣਕ,ਨਚੂਹਣਾ=
ਨਿਚੋੜਣਾ, ਪਰ ਸੇਜ=ਪਰਾਈ ਸੇਜ, ਹਾਠਾਂ ਜੋੜ=ਇਕੱਠੀਆਂ ਹੋ ਕੇ,ਜੁੜ ਕੇ)
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜ਼ੁਹਦ ਕਮਾਵਨੇ ਹਾਂ ।
ਮਕਰ ਫ਼ਨ ਨੂੰ ਭੰਨ ਕੇ ਸਾਫ਼ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ ।
ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜ਼ਾਤ ਗਵਾਵਨੇ ਹਾਂ ।
ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ ।
ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸੂਰਾ, ਜੜ੍ਹਾਂ ਵੈਰ ਦੀਆਂ ਪੁੱਟ ਵਗਾਹਵਨੇ ਹਾਂ ।
ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ ।
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ, ਐਤਵਾਰ ਮਸਾਣ ਜਗਾਵਨੇ ਹਾਂ ।
ਜਿਹੜੀ ਗੱਭਰੂ ਤੋਂ ਰੰਨ ਰਹੇ ਵਿਟਰ, ਲੌਂਗ ਮੰਦਰੇ ਚਾ ਖਵਾਵਨੇ ਹਾਂ ।
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ, ਫੁਲ ਮੰਦਰ ਕੇ ਚਾਇ ਸੁੰਘਾਵਨੇ ਹਾਂ ।
ਉਹਨਾਂ ਵਹੁਟੀਆਂ ਦੇ ਦੁਖ ਦੂਰ ਦਰਦ ਜਾਂਦੇ, ਪੜ੍ਹ ਹਿੱਕ ਤੇ ਹੱਥ ਫਿਰਾਵਨੇ ਹਾਂ ।
ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ, ਦੰਦ ਭੰਨ ਕੇ ਲਿਟਾਂ ਮੁਨਾਵਨੇ ਹਾਂ ।
ਜਾਂ ਸਿਹਰ ਜਾਦੂ ਚੜ੍ਹੇ ਭੂਤ ਕੁੱਦੇ, ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ ।
ਕਿਸੇ ਨਾਲ ਜੇ ਵੈਰ ਵਰੋਧ ਹੋਵੇ, ਉਹਨੂੰ ਭੂਤ ਮਸਾਣ ਚਿਮੜਾਵਨੇ ਹਾਂ ।
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ, ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ ।
ਜੈਂਦੇ ਨਾਲ ਮੁਦੱਪੜਾ ਠੀਕ ਹੋਵੇ, ਉਹਨੂੰ ਬੀਰ ਬੈਤਾਲ ਪਹੁੰਚਾਵਨੇ ਹਾਂ ।
ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ, ਹੁਕਮ ਰੱਬ ਦੇ ਨਾਲ ਪੁਟਾਵਨੇ ਹਾਂ ।
ਵਾਰਿਸ ਸ਼ਾਹ ਜੇ ਹੋਰ ਨਾ ਦਾਉ ਲੱਗੇ, ਸਿਰ ਪ੍ਰੇਮ ਦੀਆਂ ਜੜੀਆਂ ਪਾਵਨੇ ਹਾਂ ।
(ਸੂਰਾ ਯਾਸੀਨ=ਜਿਹੜੀ ਆਮ ਕਰਕੇ ਮੁਸ਼ਕਿਲ ਵੇਲੇ ਪੜ੍ਹੀ ਦਾ ਹੈ ਅਤੇ ਹਰ
ਕੰਮ ਵਿੱਚ ਸੌਖ ਪੈਦਾ ਕਰਦਾ ਹੈ, ਸਾਏ=ਪਰਛਾਵੇਂ, ਹੁੱਬ=ਪਿਆਰ, ਤਸਮੀਆ=
ਬਿਸਮਿੱਲਾ ਉਲ ਰਹਿਮਾਨ ਉਲ ਰਹੀਮ, ਵਿਟਰ=ਨਾਰਾਜ਼, ਗੰਡਾ=ਧਾਗਾ,
ਮੁਦੱਪੜਾ=ਦੁਸ਼ਮਣੀ)
ਮਹਿਬੂਬ ਅੱਲਾਹ ਦੇ ਲਾਡਲੇ ਹੋ, ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ ।
ਕੋਈ ਗੁਝੜਾ ਰੋਗ ਹੈ ਏਸ ਧਾਣਾ, ਪਈ ਨਿੱਤ ਇਹ ਰਹੇ ਰੰਜੂਲ ਹੈ ਜੀ ।
ਹੱਥੋਂ ਲੁੜ੍ਹੀ ਵੰਿਹਦੀ ਲਾਹੂ ਲੱਥੜੀ ਵੀ, ਦੇਹੀ ਹੋ ਜਾਂਦੀ ਮਖ਼ਤੂਲ ਹੈ ਜੀ ।
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ, ਹਰ ਕਿਸੇ ਦੇ ਨਾਲ ਮਾਕੂਲ ਹੈ ਜੀ ।
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ, ਇਹ ਵਹੁਟੜੀ ਘਰੇ ਦਾ ਮੂਲ ਹੈ ਜੀ ।
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ, ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ ।
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ, ਜੋ ਕੁੱਝ ਆਖਦੀ ਸਭ ਕਬੂਲ ਹੈ ਜੀ ।
ਵਾਰਿਸ ਪਲੰਘ ਤੇ ਕਦੇ ਨਾ ਉਠ ਬੈਠੇ, ਸਾਡੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ ।
(ਧਾਉਣਾ=ਹਮਲਾ ਕਰਨਾ, ਲਾਹੂਲੱਥੜੀ=ਭੁਸ ਜਾਂ ਸਾਹ ਦਾ ਰੋਗੀ,
ਮਖ਼ਤੂਲ=ਪਾਗ਼ਲ, ਡੰਡੂਲ=ਪੇਟ ਦਰਦ)
ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ, ਦੇਇ ਵੇਦਨਾ ਸਭ ਬਤਾਇ ਮੈਨੂੰ ।
ਨਾੜ ਵੇਖ ਕੇ ਕਰਾਂ ਇਲਾਜ ਇਸਦਾ, ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ ।
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਿਰ, ਮਜ਼ਾ ਮੂੰਹ ਦਾ ਦੇਇ ਬਤਾਏ ਮੈਨੂੰ ।
ਵਾਰਿਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ, ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ ।
(ਕਾਰ=ਇਲਾਜ, ਵੇਦਨਾ=ਦੁਖ,ਰੋਗ, ਨਾੜ=ਨਬਜ਼, ਸਤ=ਹਿੰਮਤ,ਤਾਕਤ,
ਬਿਲਕ=ਪਕੜ)
ਖੰਘ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਹਾਂ ।
ਕੌਲੰਜ ਤਪਦਿਕ ਤੇ ਮੁਹਰਕਾ ਤੱਪ ਹੋਵੇ, ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ ।
ਸਰਸਾਮ ਸੌਦਾਇ ਜ਼ੁਕਾਮ ਨਜ਼ਲਾ, ਇਹ ਸ਼ਰਬਤਾਂ ਨਾਲ ਪਟਾਵਨੇ ਹਾਂ ।
ਸੰਨ ਨਫ਼ਖ਼ ਇਸਤਸਕਾ ਹੋਵੇ, ਲਹਿਮ ਤਬਲ ਤੇ ਵਾਉ ਵੰਜਾਵਨੇ ਹਾਂ ।
ਲੂਤ ਫੋੜਿਆਂ ਅਤੇ ਗੰਭੀਰ ਚੰਬਲ, ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ ।
ਹੋਵੇ ਪੁੜਪੁੜੀ ਪੀੜ ਕਿ ਅੱਧ ਸੀਸੀ, ਖੱਟਾ ਦਹੀਂ ਉੱਤੇ ਉਹਦੇ ਪਾਵਨੇ ਹਾਂ ।
ਅਧਰੰਗ ਮੁਖ-ਭੈਂਗੀਆ ਹੋਵੇ ਜਿਸ ਨੂੰ, ਸ਼ੀਸ਼ਾ ਹਲਬ ਦਾ ਕਢ ਵਿਖਾਵਨੇ ਹਾਂ ।
ਮਿਰਗੀ ਹੋਵਸ ਤਾਂ ਲਾਹ ਕੇ ਪੈਰ ਛਿੱਤਰ, ਉਹ ਨੱਕ ਤੇ ਚਾਇ ਸੁੰਘਾਵਨੇ ਹਾਂ ।
ਝੋਲਾ ਮਾਰ ਜਾਏ ਟੰਗ ਸੁੰਨ ਹੋਵੇ, ਤਦੋਂ ਪੈਨ ਦਾ ਤੇਲ ਮਲਾਵਨੇ ਹਾਂ ।
ਰੰਨ ਮਰਦ ਨੂੰ ਕਾਮ ਜੇ ਕਰੇ ਗ਼ਲਬਾ, ਧਨੀਆਂ ਭਿਉਂ ਕੇ ਚਾ ਪਿਲਾਵਨੇ ਹਾਂ ।
ਨਾਮਰਦ ਨੂੰ ਚੀਚ ਵਹੁਟੀਆਂ ਦਾ, ਤੇਲ ਕੱਢ ਕੇ ਨਿੱਤ ਮਲਾਵਨੇ ਹਾਂ ।
ਜੇ ਕਿਸੇ ਨੂੰ ਬਾਦ ਫ਼ਰੰਗ ਹੋਵੇ, ਰਸਕਪੂਰ ਤੇ ਲੌਂਗ ਦਿਵਾਵਨੇ ਹਾਂ ।
ਪਰਮੇਉ ਸੁਜ਼ਾਕ ਤੇ ਛਾਹ ਮੂਤੀ, ਉਹਨੂੰ ਇੰਦਰੀ ਝਾੜ ਦਿਵਾਵਨੇ ਹਾਂ ।
ਅਤੀਸਾਰ ਨਬਾਹੀਆਂ ਸੂਲ ਜਿਹੜੇ, ਈਸਬਗੋਲ ਹੀ ਘੋਲ ਪਿਵਾਵਨੇ ਹਾਂ ।
ਵਾਰਿਸ ਸ਼ਾਹ ਜਿਹੜੀ ਉਠ ਬਹੇ ਨਾਹੀ,ਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ ।
(ਖੁਰਕ=ਖਾਜ, ਅੱਖ ਆਈ=ਅੱਖ ਦੁਖਣਾ, ਕੌਲੰਜ=ਪੇਟ ਦਾ ਸਖ਼ਤ ਦਰਦ,
ਤਪ ਮੁਹਰਕਾ=ਟਾਈਫਾਇਡ, ਨਫ਼ਖ਼=ਅਫਾਰਾ, ਇਸਤਸਕਾ,ਲਹਿਮ ਤਬਲ=
ਪੇਟ ਦਾ ਰੋਗ, ਇਹ ਦੋ ਭਾਂਤ ਦਾ ਹੁੰਦੇ 1. ਲਹਿਮ ਦੇ ਰੋਗ ਵਿੱਚ ਪੇਟ ਵਧ
ਜਾਂਦਾ ਹੈ ।2. ਤਬਲ ਦੇ ਰੋਗ ਵਿੱਚ ਪੇਟ ਤਬਲੇ ਵਾਂਗੂੰ ਕਸ ਹੋ ਜਾਂਦਾ ਹੈ,
ਲੂਤ, ਫੋੜੇ, ਗੰਭੀਰ, ਚੰਬਲ=ਚਮੜੀ ਦੇ ਰੋਗ, ਪੁੜਪੁੜੀ ਪੀੜ=ਪੁੜਪੁੜੀ
ਦਾ ਦਰਦ, ਅਧ ਸੀਸੀ=ਅੱਧਾ ਸਿਰ ਦੁਖਣਾ ਭੈਂਗੀਆ=ਮੂੰਹ ਵਿੰਗਾ ਹੋ
ਜਾਣਾ,ਲਕਵਾ, ਸ਼ੀਸ਼ਾ ਹਲਬ=ਸ਼ਾਮ ਦੇਸ ਦੇ ਹਲਥ ਸ਼ਹਿਰ ਦਾ ਸ਼ੀਸ਼ਾ,
ਜਿਹੜਾ ਜਾਦੂ ਲਈ ਮਸ਼ਹੂਰ ਹੈ, ਪੈਨ=ਇੱਕ ਪੰਛੀ ਜਿਹਦਾ ਤੇਲ ਮਾਲਿਸ਼
ਲਈ ਵਰਤਿਆ ਜਾਂਦਾ ਹੈ, ਚੀਚ ਵਹੁਟੀ=ਚੀਜ ਵਹੁਟੀ,ਵੀਰ ਵਹੁਟੀ,
ਬਾਦ ਫ਼ਰਮਗ=ਆਤਸ਼ਕ, ਪਰਮੇਉ=ਪੇਸ਼ਾਬ ਜਲ ਕੇ ਆਉਣਾ, ਇੰਦਰੀ
ਝਾੜ=ਮਸਾਨੇ ਦੀ ਸਫ਼ਾਈ ਲਈ ਪੇਸ਼ਾਬ ਲਿਆਉਣ ਵਾਲੀ ਦਵਾਈ,
ਅਤੀਸਾਰ=ਬਾਰ ਬਾਰ ਟੱਟੀ ਜਾਣਾ, ਨਬਾਹੀਆਂ=ਦਰਦ ਨਾਲ ਟੱਟੀਆਂ
ਲਗਣਾ)
ਲਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ ।
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ, ਕਿਸੇ ਵੈਦਗੀ ਨਾਲ ਨਾ ਮੋੜਨੀ ਵੇ ।
ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ, ਸੋਈ ਖ਼ੈਰ ਹੈ ਅਸਾਂ ਨਾ ਲੋੜਨੀ ਵੇ ।
ਵਾਰਿਸ ਸ਼ਾਹ ਆਜ਼ਾਰ ਹੋਰ ਸਭ ਮੁੜਦੇ, ਇਹ ਕਤੱਈ ਨਾ ਕਿਸੇ ਨੇ ਮੋੜਨੀ ਵੇ ।
ਤੈਨੂੰ ਆਖਦਾ ਹਾਂ ਹੌਲੀ ਗੱਲ ਕਰੀਏ, ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ ।
ਜੋ ਕੁੱਝ ਕਹਿਣ ਫ਼ਕੀਰ ਸੋ ਰੱਬ ਆਖੇ, ਆਖੇ ਫ਼ਕਰ ਦੇ ਥੋਂ ਨਾਹੀਂ ਨੱਸੀਏ ਨੀ ।
ਹੋਵੇ ਖ਼ੈਰ ਤੇ ਦੇਹੀ ਦਾ ਰੋਗ ਜਾਏ, ਨਿਤ ਪਹਿਨੀਏ ਖਾਈਏ ਵੱਸੀਏ ਨੀ ।
ਭਲਾ ਬੁਰਾ ਜੋ ਵੇਖੀਏ ਮਸ਼ਟ ਕਰੀਏ, ਭੇਤ ਫ਼ਕਰ ਦਾ ਮੂਲ ਨਾ ਦੱਸੀਏ ਨੀ ।
ਹੱਥ ਬੰਨ੍ਹ ਫ਼ਕੀਰ ਤੇ ਸਿਦਕ ਕੀਜੇ, ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ ।
ਦੁਖ ਦਰਦ ਤੇਰੇ ਸਭ ਜਾਣ ਕੁੜੀਏ, ਭੇਤ ਜੀਊ ਦਾ ਖੋਲ੍ਹ ਕੇ ਦੱਸੀਏ ਨੀ ।
ਮੁਖ ਖੋਲ੍ਹ ਵਿਖਾਇ ਜੋ ਹੋਵੇ ਚੰਗੀ, ਅਨੀ ਭੋਲ-ਇਆਣੀਏ ਸੱਸੀਏ ਨੀ ।
ਰੱਬ ਆਣ ਸਬੱਬ ਜਾਂ ਮੇਲਦਾ ਈ, ਖ਼ੈਰ ਹੋਇ ਜਾਂਦੀ ਨਾਲ ਲੱਸੀਏ ਨੀ ।
ਸੁਲ੍ਹਾ ਕੀਤਿਆਂ ਫ਼ਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕੱਸੀਏ ਨੀ ।
ਤੇਰੇ ਦਰਦ ਦਾ ਸਭ ਇਲਾਜ ਮੈਂਥੇ, ਵਾਰਿਸ ਸ਼ਾਹ ਨੂੰ ਵੇਦਨਾ ਦੱਸੀਏ ਨੀ ।
(ਮਸ਼ਟ ਕਰੀਏ=ਚੁਪ ਕਰੀਏ, ਖੱਸੀਏ=ਖੋਹੀਏ)
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ, ਖੋਹ ਸਭ ਨਵਾਲੀਆਂ ਸੱਟੀਆਂ ਨੀ ।
ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ, ਪਰ ਏਸ ਵਿਹੜੇ ਵਿੱਚ ਜੱਟੀਆਂ ਨੀ ।
ਅਸਾਂ ਏਤਨੀ ਗੱਲ ਮਾਲੂਮ ਕੀਤੀ, ਇਹ ਜੱਟੀਆਂ ਮੁਲਕ ਦੀਆਂ ਫੱਟੀਆਂ ਨੀ ।
ਡੂਮਾਂ ਰਾਵਲਾਂ ਕਾਉਂ ਤੇ ਜੱਟੀਆਂ ਦੀਆਂ, ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ ।
ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ, ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ ।
ਪੋਲੇ ਢਿਡ ਤੇ ਅਕਲ ਦੀ ਮਾਰ ਵਾਰਿਸ, ਛਾਹਾਂ ਪੀਣ ਤਰਬੇਹੀਆਂ ਖੱਟੀਆਂ ਨੀ ।
(ਪੋਲੇ ਢਿਡ=ਹਾਮਲਾ, ਤਰਬੇਹੀ=ਤਿਬੇਹੀ,ਤਿੰਨਾਂ ਡੰਗਾਂ ਦੀ ਬੇਹੀ, ਛਾਹ=ਲੱਸੀ)
ਹੌਲੀ ਸਹਿਜ ਸੁਭਾਉ ਦੀ ਗੱਲ ਕੀਚੈ, ਨਾਹੀਂ ਕੜਕੀਏ ਬੋਲੀਏ ਗੱਜੀਏ ਨੀ ।
ਲਖ ਝੁਟ ਤਰਲੇ ਫਿਰੇ ਕੋਈ ਕਰਦਾ, ਦਿੱਤੇ ਰੱਬ ਦੇ ਬਾਝ ਨਾ ਰੱਜੀਏ ਨੀ ।
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਲਖ ਔਗੁਣਾਂ ਹੋਣ ਤਾਂ ਕੱਜੀਏ ਨੀ ।
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ, ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ ।
ਚੌਦਾਂ ਤਬਕ ਨੌ ਖੰਡ ਦੀ ਖ਼ਬਰ ਸਾਨੂੰ, ਮੂੰਹ ਫ਼ਕਰ ਥੋਂ ਕਾਸ ਨੂੰ ਕੱਜੀਏ ਨੀ ।
ਜੈਂਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ, ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ ।
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ, ਏਸ ਅਕਲ ਦੇ ਨਾਲ ਕੁਚੱਜੀਏ ਨੀ ।
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ, ਮੂੰਹ ਫ਼ਕਰ ਥੋਂ ਕਾਸਨੂੰ ਲੱਜੀਏ ਨੀ ।
ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ, ਜਦੋਂ ਆਪਣੀ ਜਾਨ ਨੂੰ ਤੱਜੀਏ ਨੀ ।
(ਚੌਦਾਂ ਤਬਕ=ਸੱਤ ਅਸਮਾਨ ਅਤੇ ਸੱਤ ਪਤਾਲ, ਨੌਖੰਡ=ਸਾਰੀ ਧਰਤੀ,
ਆਲਮ=ਜਹਾਨ)
ਕੇਹੀ ਵੈਦਗੀ ਆਣ ਮਚਾਈਆ ਹੀ, ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ ।
ਵਾਂਗ ਚੌਧਰੀ ਆਣ ਕੇ ਪੈਂਚ ਬਨਿਉਂ, ਕਿਸ ਚਿੱਠੀਆਂ ਘਲ ਸਦਾਇਆ ਹੈਂ ।
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ, ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ ।
ਵੱਡੇ ਦਗ਼ੇ ਤੇ ਫੰਧ ਫ਼ਰੇਬ ਪੜ੍ਹਿਉਂ, ਐਵੇਂ ਕੰਨ ਪੜਾ ਗਵਾਇਆ ਹੈਂ ।
ਨਾ ਤੂੰ ਜਟ ਰਹਿਉਂ ਨਾ ਤੂੰ ਫ਼ਕੀਰ ਹੋਇਉਂ, ਐਵੇਂ ਮੁੰਨ ਕੇ ਘੋਨ ਕਰਾਇਆ ਹੈਂ ।
ਨਾ ਜੰਮਿਉਂ ਨਾ ਕਿਸੇ ਮਤ ਦਿੱਤੀ, ਮੁੜ ਪੁੱਟ ਕੇ ਕਿਸੇ ਨਾ ਲਾਇਆ ਹੈਂ ।
ਬੁਰੇ ਦਿਹਾਂ ਦੀਆਂ ਫੇਰੀਆਂ ਏਹ ਹੈ ਨੀ, ਅੱਜ ਰਬ ਨੇ ਠੀਕ ਕੁਟਾਇਆ ਹੈਂ ।
ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈਂ ।
(ਸ਼ਾਹ ਭੋਲੂ=ਬਾਂਦਰ)
ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ, ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ ।
ਪੈਰੀਂ ਬੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ ਬੱਲੀਆਂ ਨੀ ।
ਕੇਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ, ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ ।
ਕਿਸੇ ਏਸ ਨੂੰ ਚਾ ਮਸਾਨ ਘੱਤੇ, ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ ।
ਸਹੰਸ ਵੇਦ ਤੇ ਧੂਪ ਹੋਰ ਫੁਲ ਹਰਮਲ, ਹਰੇ ਸ਼ਰੀਂਹ ਦੀਆਂ ਛਮਕਾਂ ਗਿੱਲੀਆਂ ਨੀ ।
ਝਬ ਕਰਾਂ ਮੈਂ ਜਤਨ ਝੜ ਜਾਨ ਕਾਮਣ, ਅਨੀ ਕਮਲੀਉ ਹੋਇਉ ਨਾ ਢਿੱਲੀਆਂ ਨੀ ।
ਹਥ ਫੇਰ ਕੇ ਧੂਪ ਦੇਇ ਕਰਾਂ ਝਾੜਾ, ਫਿਰੇਂ ਮਾਰਦੀ ਨੈਣ ਤੇ ਖਿੱਲੀਆਂ ਨੀ ।
ਰੱਬ ਵੈਦ ਪੱਕਾ ਘਰ ਘੱਲਿਆ ਜੇ, ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ ।
ਵਾਰਿਸ ਸ਼ਾਹ ਪ੍ਰੇਮ ਦੀ ਜੜੀ ਘੱਤੀ, ਨੈਣਾਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ ।
(ਸਿੱਲੀਆਂ=ਚੋਰਾਂ ਵਾਂਗੂੰ ਤਾੜਣਾ, ਟਰਪੱਲੀਆਂ=ਪਖੰਡੀ ਗੱਲਾਂ, ਸਹੰਸ=ਹਜ਼ਾਰ,
ਖਿੱਲੀਆਂ ਮਾਰਨਾ=ਹੱਸਣਾ ਟੱਪਣਾ, ਪੂਰਬਾਂ ਦਿੱਲੀਆਂ=ਦਿੱਲੀ ਦੱਖਣ,ਦੂਰ ਦੂਰ)
ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ, ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ ।
ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ, ਕਦੀ ਜੋਤਰਾ ਮੂਲ ਨਾ ਵਾਹਿਆ ਈ ।
ਕਿਸੇ ਜੋਗੀੜੇ ਠਗ ਫ਼ਕੀਰ ਕੀਤੋਂ, ਅਨਜਾਣ ਕਕੋਹੜਾ ਫਾਹਿਆ ਈ ।
ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਊ, ਕਿਸੇ ਨਾਲ ਨਾ ਕੌਲ ਨਿਬਾਹਿਆ ਈ ।
ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ, ਉਸ ਦਾ ਅਰਸ਼ ਦਾ ਕਿੰਗਰਾ ਢਾਹਿਆ ਈ ।
ਪੇਟ ਰੱਖ ਕੇ ਆਪਣਾ ਪਾਲਿਉ ਈ, ਕਿਤੇ ਰੰਨ ਨੂੰ ਚਾਇ ਤਰਾਹਿਆ ਈ ।
ਡੱਬੀਪੁਰੇ ਦਿਆ ਝੱਲ ਵਲੱਲਿਆ ਵੇ, ਅਸਾਂ ਨਾਲ ਕੀ ਖਚਰ ਪੌ ਚਾਹਿਆ ਈ ।
ਸਵਾਹ ਲਾਈਆ ਪਾਣ ਨਾ ਲਥੀਆਈ, ਐਵੇਂ ਕਪੜਾ ਚੀਥੜਾ ਲਾਹਿਆ ਈ ।
ਵਾਰਿਸ ਆਖਨੀ ਹਾਂ ਟਲ ਜਾਹ ਸਾਥੋਂ, ਗਾਂਡੂ ਸਾਥ ਲੱਧੋ ਹੁੰਡ ਵਧਾਇਆ ਈ ।
(ਕਕੋਹੜਾ=ਤਿੱਖੀ ਆਵਾਜ਼ ਵਾਲਾ ਪਾਣੀ ਦਾ ਪੰਛੀ, ਤਜਿਆ=ਛਡਿਆ,
ਆਪਣਾ ਪੇਟ ਪਾਲਣਾ=ਖੁਦਗ਼ਰਜ਼, ਪਾਣ ਲੱਥਣੀ=ਸੁਭਾ ਬਦਲਣਾ)
ਮਾਨ ਮੱਤੀਏ ਰੂਪ ਗੁਮਾਨ ਭਰੀਏ, ਭੈੜ ਕਾਰੀਏ ਗਰਬ ਗਹੇਲੀਏ ਨੀ ।
ਐਡੇ ਫ਼ਨ ਫ਼ਰੇਬ ਕਿਉਂ ਖੇਡਨੀ ਹੈਂ, ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ ।
ਏਸ ਹੁਸਨ ਦਾ ਨਾ ਗੁਮਾਨ ਕੀਚੈ, ਮਾਨ ਮੱਤੀਏ ਰੂਪ ਰੁਹੇਲੀਏ ਨੀ ।
ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ, ਵੱਡੀ ਹੀਰ ਦੀ ਅੰਗ ਸਹੇਲੀਏ ਨੀ ।
ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ, ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ ।
ਕੇਹਾ ਵੈਰ ਫ਼ਕੀਰ ਦੇ ਨਾਲ ਚਾਇਉ, ਪਿੱਛਾ ਛੱਡ ਅਨੋਖੀਏ ਲੇਲੀਏ ਨੀ ।
ਇਹ ਜੱਟੀ ਸੀ ਕੂੰਜ ਤੇ ਜਟ ਉੱਲੂ, ਪਰ ਬੱਧਿਆ ਜੇ ਗੁਲ ਖੇਲੀਏ ਨੀ ।
ਵਾਰਿਸ ਜਿਨਸ ਦੇ ਨਾਲ ਹਮਜਿਨਸ ਬਣਦੀ ਭੌਰ ਤਾਜ਼ਣਾਂ ਗਧੇ ਨਾਲ ਮੇਲੀਏ ਨੀ ।
(ਗਰਬ ਗਹੇਲੀ=ਹੰਕਾਰੀ ਹੋਈ, ਰੋਹੇਲੀ=ਗੁਲਾਮ ਕਾਦਰ ਰੋਹੇਲਾ ਦਾ ਸਿਪਾਹੀ,
ਖੇਲਾ=ਜਵਾਨ ਸਾਨ੍ਹ ਜਾਂ ਝੋਟਾ, ਹਮ ਜਿਣਸ=ਇੱਕੋ ਜਿਣਸ ਦੇ, ਜਿਵੇਂ ਬਾਜ਼ ਤੇ
ਕਬੂਤਰ ਦੋ ਵੱਖਰੀਆਂ ਜਿਣਸਾਂ ਹਨ, ਭੌਰ ਤਾਜ਼ਣ=ਮੁਸ਼ਕੀ ਰੰਗ ਦੀ ਅਰਬੀ ਘੋੜੀ,
ਮੇਲਣਾ=ਬੱਚੇ ਲੈਣ ਲਈ ਨਵੀਂ ਕਰਾਉਣਾ)
ਹੀਰ ਕੰਨ ਧਰਿਆ ਇਹ ਕੌਣ ਆਇਆ, ਕੋਈ ਇਹ ਤਾਂ ਹੈ ਦਰਦ ਖ਼ਾਹ ਮੇਰਾ ।
ਮੈਨੂੰ ਭੌਰ ਤਾਜ਼ਣ ਜਿਹੜਾ ਆਖਦਾ ਹੈ, ਅਤੇ ਗਧਾ ਬਣਾਇਆ ਸੂ ਚਾ ਖੇੜਾ ।
ਮਤਾਂ ਚਾਕ ਮੇਰਾ ਕਿਵੇਂ ਆਣ ਭਾਸੇ, ਏਸੇ ਨਾਲ ਮੈਂ ਉਠ ਕੇ ਕਰਾਂ ਝੇੜਾ ।
ਵਾਰਿਸ ਸ਼ਾਹ ਮਤ ਕੰਨ ਪੜਾਇ ਰਾਂਝਾ, ਘਤ ਮੁੰਦਰਾਂ ਮੰਨਿਆਂ ਹੁਕਮ ਮੇਰਾ ।
(ਕੰਨ ਧਰਿਆ=ਖ਼ਿਆਲ ਨਾਲ ਸੁਣਿਆ, ਦਰਦ ਖ਼ਾਹ=ਹਮਦਰਦ)
ਬੋਲੀ ਹੀਰ ਵੇ ਅੜਿਆ ਜਾਹ ਸਾਥੋਂ, ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ ।
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ, ਵਿੱਚੋਂ ਜੀਊ ਦਾ ਭੇਤ ਚਾਇ ਦੱਸੀਏ ਕਿਉਂ ।
ਜੇ ਤੂੰ ਅੰਤ ਰੰਨਾ ਵਲ ਵੇਖਣਾ ਸੀ, ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ ।
ਜੇ ਤਾਂ ਆਪ ਇਲਾਜ ਨਾ ਜਾਣੀਏ ਵੇ, ਜਿੰਨ ਭੂਤ ਤੇ ਜਾਦੂੜੇ ਦੱਸੀਏ ਕਿਉਂ ।
ਫ਼ਕੀਰ ਭਾਰੜੇ ਗੋਰੜੇ ਹੋਇ ਰਹੀਏ, ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਉਂ ।
ਜਿਹੜਾ ਕੰਨ ਲਪੇਟ ਕੇ ਨੱਸ ਜਾਏ, ਮਗਰ ਲੱਗ ਕੇ ਓਸ ਨੂੰ ਧੱਸੀਏ ਕਿਉਂ ।
ਵਾਰਿਸ ਸ਼ਾਹ ਉਜਾੜ ਦੇ ਵਸਦਿਆਂ ਨੂੰ, ਆਪ ਖ਼ੈਰ ਦੇ ਨਾਲ ਫੇਰ ਵੱਸੀਏ ਕਿਉਂ ।
(ਧੱਸੀਏ=ਵੜੀਏ, ਜਾਦੂੜੇ=ਜਾਦੂ, ਭਾਰੜੇ ਗੋਰੜੇ=ਚੁਪ ਚਾਪ,ਸੰਜੀਦਾ, ਖਰਖੱਸ=
ਖਰਮਸਤੀ)
ਘਰੋਂ ਸੱਖਣਾ ਫ਼ਕਰ ਨਾ ਡੂਮ ਜਾਇ, ਅਨੀ ਖੇੜਿਆਂ ਦੀਏ ਗ਼ਮਖ਼ੋਰੀਏ ਨੀ ।
ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ, ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ ।
ਘਰੋਂ ਸਰੇ ਸੋ ਫ਼ਕਰ ਨੂੰ ਖੈਰ ਦੀਜੇ, ਨਹੀਂ ਤੁਰਤ ਜਵਾਬ ਦੇ ਟੋਰੀਏ ਨੀ ।
ਵਾਰਿਸ ਸ਼ਾਹ ਕੁੱਝ ਰੱਬ ਦੇ ਨਾਮ ਦੀਚੈ, ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ ।
(ਸੱਖਣਾ=ਖ਼ਾਲੀ)
ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ ।
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ ।
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਊ ਦਾ ਰੋਗ ਗਵਾਂਵਦਾ ਈ ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ ।
ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੀਊੜਾ ਲੋਕ ਵਲਾਂਵਦਾ ਈ ।
ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ ।
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ ।
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ ।
(ਜੀਊੜਾ ਵਲਾਉਂਦੇ=ਤਸੱਲੀ ਦਿੰਦੇ, ਘਿਉ ਦੇ ਦੀਵੇ ਬਾਲਣੇ=ਖ਼ੁਸ਼ੀਆਂ ਕਰਨੀਆਂ)
ਜਦੋਂ ਤੀਕ ਜ਼ਿਮੀਂ ਅਸਮਾਨ ਕਾਇਮ, ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ ।
ਸੱਭਾ ਕਿਬਰ ਹੰਕਾਰ ਗੁਮਾਨ ਲੱਦੇ, ਆਪੋ ਵਿੱਚ ਇਹ ਅੰਤ ਨੂੰ ਢਹਿਣਗੇ ਨੀ ।
ਇਸਰਾਫ਼ੀਲ ਜਾਂ ਸੂਰ ਕਰਨਾਇ ਫੂਕੇ, ਤਦ ਜ਼ਿਮੀਂ ਅਸਮਾਨ ਸਭ ਢਹਿਣਗੇ ਨੀ ।
ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ, ਰੂਹ ਦੋਜ਼ਖਾਂ ਸਤ ਇਹ ਰਹਿਣਗੇ ਨੀ ।
ਕੁੱਰਾ ਸੁਟ ਕੇ ਪ੍ਰਸ਼ਨ ਮੈਂ ਲਾਂਵਦਾ ਹਾਂ, ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ ।
ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ ।
(ਵਾਹ ਵਹਿਣਗੇ=ਦੁਨੀਆਂ ਦਾ ਕਾਰੋਬਾਰ ਚਲਦਾ ਰਹੇਗਾ, ਇਸਰਾਫ਼ੀਲ ਸੂਰ
ਕਰਨਾਇ=ਕਿਆਮਤ ਵਾਲੇ ਦਿਨ ਜਦੋਂ ਇਸਰਾਫ਼ੀਲ ਬਿਗਲ ਵਜਾਵੇਗਾ, ਇਹ
ਸੱਤ=1. ਕੁਰਸੀ 2. ਅਰਸ਼, 3. ਲੋਹਫੱਟੀ, 4. ਕਲਮ, 5. ਜੰਨਤ, 6. ਦੋਜ਼ਖ,
7. ਰੂਹ, ਕੁੱਰਾ ਸੁਟ= ਜੋਤਿਸ਼ ਨਾਲ ਪਤਾ ਕਰਨਾ, ਫ਼ਾਲ ਘੱਤਾਂ=ਸ਼ਗਨ ਦੱਸਾਂ)
ਤੁਸੀਂ ਛੱਤਿਆਂ ਨਾਲ ਉਹ ਮੱਸ ਭਿੰਨਾ, ਤਦੋਂ ਦੋਹਾਂ ਜਾ ਜੀਊ ਰਲ ਗਿਆ ਸੀ ਨੀ ।
ਓਸ ਵੰਝਲੀ ਨਾਲ ਤੂੰ ਨਾਲ ਲਟਕਾਂ, ਜੀਊ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ ।
ਉਹ ਇਸ਼ਕ ਦੇ ਹੱਟ ਵਿਕਾਇ ਰਹਿਆ, ਮਹੀਂ ਕਿਸੇ ਦੀਆਂ ਚਾਰਦਾ ਪਿਆ ਸੀ ਨੀ ।
ਨਾਲ ਸ਼ੌਕ ਮਹੀਂ ਉਹ ਚਾਰਦਾ ਸੀ, ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ ।
ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ, ਟਮਕ ਚਾਇਕੇ ਨਾਲ ਲੈ ਗਿਆ ਸੀ ਨੀ ।
ਹੁਣ ਕੰਨ ਪੜਾ ਫ਼ਕੀਰ ਹੋਇਆ, ਨਾਲ ਜੋਗੀਆਂ ਦੇ ਰਲ ਗਿਆ ਸੀ ਨੀ ।
ਅੱਜ ਪਿੰਡ ਤੁਸਾਡੜੇ ਆ ਵੜਿਆ, ਅਜੇ ਲੰਘ ਕੇ ਅਗ੍ਹਾਂ ਨਾ ਗਿਆ ਸੀ ਨੀ ।
ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ, ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ ।
ਵਾਰਿਸ ਸ਼ਾਹ ਮੈਂ ਪੱਤਰੀ ਭਾਲ ਡਿੱਠੀ, ਕੁੱਰਾ ਇਹ ਨਜ਼ੂਮ ਦਾ ਪਿਆ ਸੀ ਨੀ ।
(ਛੱਤੀ=ਕੁਆਰੀ, ਮਸ ਭਿੰਨਾਂ=ਮੁਛ ਫੁਟਦੀ, ਲਟਕ=ਸਜਣੀ ਦੀ ਨਖਰੀਲੀ
ਚਾਲ, ਲੁੜ੍ਹ ਗਿਆ=ਬਰਬਾਦ ਹੋ ਗਿਆ)
ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ, ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ ।
ਕੰਨ ਪਾੜ ਫ਼ਕੀਰ ਹੋ ਜਾਣ ਰਾਜੇ, ਦਰਦ ਮੰਦ ਫਿਰਨ ਵਿੱਚ ਬਾਰ ਦੇ ਨੇ ।
ਰੰਨਾਂ ਵਾਸਤੇ ਕੰਨ ਪੜਾਇ ਰਾਜੇ, ਸੱਭਾ ਜ਼ਾਤ ਸਿਫ਼ਾਤ ਨਿਘਾਰਦੇ ਨੇ ।
ਭਲੇ ਦਿੰਹੁ ਤੇ ਨੇਕ ਨਸੀਬ ਹੋਵਣ, ਸੱਜਨ ਆ ਬਹਿਸਣ ਕੋਲ ਯਾਰ ਦੇ ਨੇ ।
ਵਾਰਿਸ ਸ਼ਾਹ ਜਾਂ ਜ਼ੌਕ ਦੀ ਲੱਗੇ ਗੱਦੀ, ਜੌਹਰ ਨਿਕਲੇ ਅਸਲ ਤਲਵਾਰ ਦੇ ਨੇ ।
(ਗਦੀ=ਢਾਲ ਦਾ ਵਿਚਕਾਰਲਾ ਹਿੱਸਾ ਜਿੱਥੇ ਫੜਣ ਵਾਲਾ ਹੱਥ ਪਾਉਂਦਾ ਹੈ)
ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ, ਉਹ ਰਾਹਕਾਂ ਵੱਢ ਕੇ ਗਾਹ ਲਇਆ ।
ਲਾਵੇਹਾਰ ਰਾਖੇ ਸਭ ਵਿਦਾ ਹੋਏ, ਨਾਉਮੀਦ ਹੋ ਕੇ ਜੱਟ ਰਾਹ ਪਇਆ ।
ਜਿਹੜੇ ਬਾਜ਼ ਥੋਂ ਕਾਂਉ ਨੇ ਕੂੰਜ ਖੋਹੀ, ਸਬਰ ਸ਼ੁਕਰ ਕਰ ਬਾਜ਼ ਫ਼ਨਾ ਥਇਆ ।
ਦੁਨੀਆਂ ਛੱਡ ਉਦਾਸੀਆਂ ਬੰਨ੍ਹ ਲਈਆਂ, ਸੱਯਦ ਵਾਰਿਸੋਂ ਹੁਣ ਵਾਰਿਸ ਸ਼ਾਹ ਭਇਆ ।
(ਰਾਹਕਾਂ=ਮੁਜਾਰਾ, ਲਾਵੇਹਾਰ=ਫਸਲ ਵੱਢਣ ਵਾਲੇ ਲਾਵੇ, ਫ਼ਨਾ=ਫ਼ਨਾਹ,
ਜੀਂਦਾ ਹੀ ਮਰ ਗਿਆ, ਉਦਾਸੀ=ਉਦਾਸੀ ਫ਼ਕੀਰ)
ਹੀਰ ਉਠ ਬੈਠੀ ਪਤੇ ਠੀਕ ਲੱਗੇ, ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ ।
ਇਹ ਤਾਂ ਜੋਗੀੜਾ ਪੰਡਤ ਠੀਕ ਮਿਲਿਆ, ਬਾਤਾਂ ਆਖਦਾ ਖ਼ੂਬ ਕਰਾਰੀਆਂ ਨੀ ।
ਪਤੇ ਵੰਝਲੀ ਦੇ ਏਸ ਠੀਕ ਦਿੱਤੇ, ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ ।
ਵਾਰਿਸ ਸ਼ਾਹ ਇਹ ਇਲਮ ਦਾ ਧਨੀ ਡਾਢਾ, ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੀ ।
(ਇਲਮ ਦਾ ਧਨੀ=ਬਹੁਤ ਇਲਮ ਵਾਲਾ)
ਭਲਾ ਦੱਸ ਖਾਂ ਜੋਗੀਆ ਚੋਰ ਸਾਡਾ, ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ ।
ਵੇਖਾਂ ਆਪ ਹੁਣ ਕਿਹੜੀ ਤਰਫ਼ ਫਿਰਦਾ, ਅਤੇ ਮੁਝ ਗ਼ਰੀਬ ਨੂੰ ਕੁੱਠ ਗਿਆ ।
ਰੁਠੇ ਆਦਮੀ ਘਰਾਂ ਵਿੱਚ ਆਣ ਮਿਲਦੇ, ਗੱਲ ਸਮਝ ਜਾਂ ਬੱਧੜੀ ਮੁੱਠ ਗਿਆ ।
ਘਰੇ ਵਿੱਚ ਪੌਂਦਾ ਗੁਣਾਂ ਸੱਜਣਾਂ ਦਾ, ਯਾਰ ਹੋਰ ਨਾਹੀਂ ਕਿਤੇ ਗੁੱਠ ਗਿਆ ।
ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ, ਕਿਤੇ ਮਹਿਲ ਨਾਲ ਮਾੜੀਆਂ ਉੱਠ ਗਿਆ ।
ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ, ਵਾਰਿਸ ਸ਼ਾਹ ਜਦੋਕਣਾ ਰੁੱਠ ਗਿਆ ।
(ਕੁੱਠ ਗਿਆ=ਮਾਰ ਗਿਆ, ਗੁੱਠੇ=ਪਾਸੇ, ਜਦੋਕਣਾ=ਜਿਸ ਵੇਲੇ ਦਾ,
ਬੱਧੜੀ ਮੁੱਠ=ਚੁਪ ਕਰਕੇ, ਗੁਣਾ ਪੌਣਾ=ਵੰਡ ਕਰਨ ਵੇਲੇ ਕੁਦਰਤ ਤੇ
ਛੱਡ ਦੇਣਾ)
ਏਸ ਘੁੰਡ ਵਿੱਚ ਬਹੁਤ ਖ਼ਵਾਰੀਆਂ ਨੇ, ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ ।
ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ ।
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ, ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ ।
ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ ।
ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ ।
ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ ।
(ਤਾੜਣਾ=ਬੰਦ ਕਰਨਾ)
ਅੱਖੀਂ ਸਾਮ੍ਹਣੇ ਚੋਰ ਜੇ ਆਇ ਫਾਸਣ, ਕਿਉਂ ਦੁੱਖ ਵਿੱਚ ਆਪ ਨੂੰ ਗਾਲੀਏ ਵੇ ।
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ, ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ ।
ਅੱਗ ਬੁਝੀ ਨੂੰ ਧੀਰੀਆਂ ਲੱਖ ਦਿੱਚਣ, ਬਿਨਾ ਫੂਕ ਮਾਰੇ ਨਾ ਬਾਲੀਏ ਵੇ ।
ਹੀਰ ਵੇਖ ਕੇ ਤੁਰਤ ਪਛਾਣ ਲੀਤਾ, ਹੱਸ ਆਖਦੀ ਬਾਤ ਸੰਭਾਲੀਏ ਵੇ ।
ਸਹਿਤੀ ਪਾਸ ਨਾ ਦੇਵਣਾ ਭੇਤ ਮੂਲੇ, ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ ।
ਵੇਖ ਮਾਲ ਚੁਰਾਇਕੇ ਪਿਆ ਮੁੱਕਰ, ਰਾਹ ਜਾਂਦੜਾ ਕੋਈ ਨਾ ਭਾਲੀਏ ਵੇ ।
ਵਾਰਿਸ ਸ਼ਾਹ ਮਲਖੱਈਆਂ ਨੂੰ ਮਾਲ ਲੱਧਾ, ਚਲੋ ਕੁੱਜੀਆਂ ਬਦਰ ਪਵਾਲੀਏ ਵੇ ।
(ਫਾਸਣ=ਆ ਜਾਵਣ, ਧੀਰੀਆਂ ਦੇਣਾ=ਛੇੜਨਾ, ਮਲਖੱਈਆਂ=ਮਾਲ ਦੇ ਮਾਲਕ)
ਕਹੀ ਦੱਸਣੀ ਅਕਲ ਸਿਆਣਿਆਂ ਨੂੰ, ਕਦੀ ਨਫ਼ਰ ਕਦੀਮ ਸੰਭਾਲੀਏ ਨੀ ।
ਦੌਲਤਮੰਦ ਨੂੰ ਜਾਣਦਾ ਸਭ ਕੋਈ, ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ ।
ਗੋਦੀ ਬਾਲ ਢੰਡੋਰੜਾ ਜਗ ਸਾਰੇ, ਜੀਊ ਸਮਝ ਲੈ ਖੇੜਿਆਂ ਵਾਲੀਏ ਨੀ ।
ਸਾੜ ਘੁੰਡ ਨੂੰ ਖੋਲ ਕੇ ਵੇਖ ਨੈਣਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ ।
ਵਾਰਿਸ ਸ਼ਾਹ ਏਹ ਇਸ਼ਕ ਦਾ ਗਾਉ ਤਕੀਆ, ਅਨੀ ਹੁਸਨ ਦੀ ਗਰਮ ਨਿਹਾਲੀਏ ਨੀ ।
(ਸੁਜਾਖਾ=ਸੂਝ ਅੱਖਾਂ,ਅਕਲਮੰਦ, ਗੋਦੀ ਬਾਲ, ਢੰਡੋਰਾ ਜੱਗ ਵਿੱਚ=ਗੁਆਚੀ
ਵਸਤ ਕੋਲ ਹੁੰਦਿਆਂ ਏਧਰ ਓਧਰ ਭਾਵ ਦੂਰ ਪਰੇ ਭਾਲਨਾ, ਗਾਉ ਤਕੀਆ=
ਵੱਡਾ ਸਿਰ੍ਹਾਣਾ, ਨਿਹਾਲੀ=ਰਜਾਈ)
ਸਹਿਤੀ ਸਮਝਿਆ ਇਹ ਰਲ ਗਏ ਦੋਵੇਂ, ਲਈਆਂ ਘੁਟ ਫ਼ਕੀਰ ਬਲਾਈਆਂ ਨੀ ।
ਇਹ ਵੇਖ ਫ਼ਕੀਰ ਨਿਹਾਲ ਹੋਈ, ਜੜੀਆਂ ਏਸ ਨੇ ਘੋਲ ਪਿਵਾਈਆਂ ਨੀ ।
ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ, ਅਨੀ ਭਾਬੀਏ ਘੋਲ ਘੁਮਾਈਆਂ ਨੀ ।
ਏਸ ਜੋਗੀੜੇ ਨਾਲ ਤੂੰ ਖੌਝ ਨਾਹੀਂ, ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ ।
ਮਤਾਂ ਘੱਤ ਜਗ-ਧੂੜ ਤੇ ਕਰੂ ਕਮਲੀ, ਗੱਲਾਂ ਏਸ ਦੇ ਨਾਲ ਕੀ ਲਾਈਆਂ ਨੀ ।
ਇਹ ਖ਼ੈਰ ਨਾ ਭਿਛਿਆ ਲਏ ਦਾਣੇ, ਕਿੱਥੋਂ ਕੱਢੀਏ ਦੁਧ ਮਲਾਈਆਂ ਨੀ ।
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ, ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ ।
ਖ਼ੈਰ ਘਿਨ ਕੇ ਜਾ ਫ਼ਰਫ਼ੇਜੀਆ ਵੇ, ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ ।
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ, ਏਥੇ ਕਈ ਵਲੱਲੀਆਂ ਪਾਈਆਂ ਨੀ ।
ਵਾਰਿਸ ਸ਼ਾਹ ਗ਼ਰੀਬ ਦੀ ਅਕਲ ਘੁੱਥੀ, ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ ।
(ਜਗ-ਧੂੜ=ਕਿਸੇ ਨੂੰ ਖ਼ਾਬੂ ਕਰਨ ਦਾ ਤਵੀਤ, ਘੁਥੀ=ਜਾਂਦੀ ਰਹੀ)
ਮੈਂ ਇਕੱਲੜਾ ਗੱਲ ਨਾ ਜਾਣਨਾ ਹਾਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ ।
ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਪਾਈ ਬੈਠੀ ਹੈਂ ਸੁਰਮ-ਸਲਾਈਆਂ ਨੀ ।
ਪੈਰ ਪਕੜ ਫ਼ਕੀਰ ਦੇ ਦੇ ਭਿਛਿਆ, ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ ।
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਗ਼ੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ ।
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ, ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ ।
ਜਿਸ ਰੱਬ ਦੇ ਅਸੀਂ ਫ਼ਕੀਰ ਹੋਏ, ਵੇਖ ਕੁਦਰਤਾਂ ਓਸ ਵਿਖਾਈਆਂ ਨੀ ।
ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ, ਤਾਂਹੀ ਗਾਲ੍ਹੀਆਂ ਦੇਣੀਆਂ ਲਾਈਆਂ ਨੀ ।
ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ ।
(ਮਾਲਜ਼ਾਦੀ=ਕੰਜਰੀ, ਬਣਾ=ਬਣਤਰ, ਗਿਆ ਮੋਇਆ=ਗਿਆ ਗੁਜ਼ਰਿਆ,
ਅੱਤਾਂ=ਅੱਤ ਦਾ ਬਹੁ=ਵਚਨ, ਤੱਤੀ=ਗਰਮ)
ਪਤੇ ਡਾਚੀਆਂ ਦੇ ਪੂਰੇ ਲਾਵਨਾ ਹੈਂ, ਦੇਂਦਾ ਮਿਹਣੇ ਸ਼ਾਮਤਾਂ ਚੌਰੀਆਂ ਵੇ ।
ਮੱਥਾ ਡਾਹਿਉ ਨਾਲ ਕਵਾਰੀਆਂ ਦੇ, ਤੇਰੀਆਂ ਲੌਂਦੀਆਂ ਜੋਗੀਆ ਮੌਰੀਆਂ ਵੇ ।
ਤੇਰੀ ਜੀਭ ਮਵੇਸੀਆ ਹੱਥ ਇੱਲਤ, ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ ।
ਖ਼ੈਰ ਮਿਲੇ ਸੋ ਲਏਂ ਨਾ ਨਾਲ ਮਸਤੀ, ਮੰਗੇਂ ਦੁੱਧ ਤੇ ਪਾਨ ਗਲੌਰੀਆਂ ਵੇ ।
ਰੁਗ ਦੇਣ ਆਟਾ ਇੱਕੇ ਟੁਕ ਚੱਪਾ, ਭਰ ਦੇਣ ਨਾ ਜੱਟੀਆਂ ਕੌਰੀਆਂ ਵੇ ।
ਏਸ ਅੰਨ ਨੂੰ ਢੂੰਡਦੇ ਉਹ ਫਿਰਦੇ, ਚੜ੍ਹਨ ਹਾਥੀਆਂ ਤੇ ਹੋਵਣ ਚੋਰੀਆਂ ਵੇ ।
ਸੋਟਾ ਵੱਡਾ ਇਲਾਜ ਕੁਪੱਤਿਆਂ ਦਾ, ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ ।
ਵੱਡੇ ਕਮਲਿਆਂ ਦੀ ਅਸਾਂ ਭੰਗ ਝਾੜੀ, ਏਥੇ ਕਈ ਫ਼ਕੀਰੀਆਂ ਸੌਰੀਆਂ ਵੇ ।
ਵਾਰਿਸ ਮਾਰ ਸਵਾਰਦੇ ਭੂਤ ਰਾਕਸ਼, ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ ।
(ਜੀਭ ਮਵੇਸੀਆ=ਜੀਭ ਦੀ ਬਵਾਸੀਰ,ਬੋਲਦਾ ਬਹੁਤ ਹੈ, ਫਲੌਰੀਆਂ=ਪਕੌੜੀਆਂ,
ਕੌਰੀ=ਪਾਣੀ ਵਾਲੀ ਘਰੋਟੀ, ਚੌਰੀ=ਚੌਰ ਹੋਣੀ, ਤੌਰੀਆਂ=ਤੌਰ ਤਰੀਕੇ, ਅਪੌੜ=
ਉਲਟੀ ਅਕਲ ਵਾਲੀ)
ਬੁਰਾ ਖਹਿਣ ਫ਼ਕੀਰਾਂ ਦੇ ਨਾਲ ਪਈਆਂ, ਅਠਖੇਲ ਬੁਰਿਆਰ ਉਚੱਕੀਆਂ ਨੀ ।
ਰਾਤਬ ਖਾਇਕੇ ਹੰਜਰਨ ਵਿੱਚ ਤੱਲੇ, ਮਾਰਨ ਲੱਤ ਇਰਾਕੀਆਂ ਬੱਕੀਆਂ ਨੀ ।
ਇੱਕ ਭੌਂਕਦੀ ਦੂਸਰੀ ਦਏ ਟਿਚਕਰ, ਇਹ ਨਨਾਣ ਭਾਬੀ ਦੋਵੇਂ ਸਕੀਆਂ ਨੀ ।
ਏਥੇ ਬਹੁਤ ਫ਼ਕੀਰ ਜ਼ਹੀਰ ਕਰਦੇ, ਖ਼ਰ ਦੇਂਦੀਆਂ ਦੇਂਦੀਆਂ ਅੱਕੀਆਂ ਨੀ ।
ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ, ਰੰਨਾਂ ਤਿਨ੍ਹਾਂ ਦੀਆਂ ਨਹੀਉਂ ਸਕੀਆਂ ਨੀ ।
ਨਾਲੇ ਢਿੱਡ ਖੁਰਕਣ ਨਾਲੇ ਦੁਧ ਰਿੜਕਣ, ਅਤੇ ਚਾਟੀਆਂ ਕੁੱਤਿਆਂ ਲੱਕੀਆਂ ਨੀ ।
ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ, ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ ।
ਲੜੋ ਨਹੀਂ ਜੇ ਚੰਗੀਆਂ ਹੋਵਣਾ ਜੇ, ਵਾਰਿਸ ਸ਼ਾਹ ਤੋਂ ਲਉ ਦੋ ਫੱਕੀਆਂ ਨੀ ।
(ਬੁਰਿਆਰ=ਬੁਰੀਆਂ, ਰਾਤਬ=ਘੋੜੇ ਦਾ ਖਾਣਾ, ਹੰਜਰਨਾ=ਚੰਗਾ ਖਾਣਾ ਪੀਣਾ ਪਰ
ਮਾਲਕ ਦੇ ਖ਼ਾਬੂ ਨਾ ਆਉਣਾ,ਹਿਣਕਣਾ, ਇਰਾਕੀ ਬੱਕੀ=ਇਰਾਕ ਦੇਸ਼ ਦੀਆਂ ਘੋੜੀਆਂ,
ਡੱਬੀਆਂ ਪਾ ਕੇ=ਡੱਬੀ ਵਿੱਚ ਪਾ ਕੇ, ਕਹਾਣੀ ਦੱਸੀ ਜਾਂਦੀ ਹੈ ਕਿ ਇੱਕ ਸਾਧ ਔਰਤਾਂ ਦੀ
ਬੇਵਫ਼ਾਈ ਤੋਂ ਤੰਗ ਆ ਗਿਆ ਸੀ ।ਉਹਨੇ ਇੱਕ ਸੁੰਦਰ ਇਸਤਰੀ ਨਾਲ ਸ਼ਾਦੀ ਕੀਤੀ
ਅਤੇ ਜਾਦੂ ਦੇ ਜ਼ੋਰ ਨਾਲ ਉਸ ਨੂੰ ਇੱਕ ਡੱਬੀ ਵਿੱਚ ਪਾ ਲਿਆ ।ਉਹ ਡੱਬੀ ਨੂੰ ਹਰ ਵੇਲੇ
ਆਪਣੇ ਵਾਲਾਂ ਵਿੱਚ ਲੁਕਾਈ ਰਖਦਾ ।ਦਿਲ ਪਰਚਾਵੇ ਲਈ ਕਦੇ ਕਦੇ ਉਹਨੂੰ ਬਾਹਰ
ਕੱਢਦਾ ।ਉਸ ਸੁੰਦਰੀ ਨੇ ਵੀ ਆਪਣਾ ਯਾਰ ਡੱਬੀ ਵਿੱਚ ਪਾਕੇ ਸਿਰ ਵਿੱਚ ਲੁਕਾਇਆ
ਸੀ ।ਇੱਕ ਦਿਨ ਉਸ ਸਾਧੂ ਨੇ ਨਦੀ ਵਿੱਚ ਨਹਾਉਣ ਵੇਲੇ ਆਪਣੀ ਘਰ ਵਾਲੀ ਨੂੰ
ਨਦੀ ਦੇ ਕੰਢੇ ਆਪਣੇ ਕੱਪੜਿਆਂ ਦੀ ਰਾਖੀ ਛੱਡ ਦਿੱਤਾ ।ਮੌਕਾ ਤਾੜ ਕੇ ਪਤਨੀ
ਆਪਣੇ ਯਾਰ ਨੂੰ ਡੱਬੀ ਵਿੱਚੋਂ ਕੱਢ ਕੇ ਲਾਗੇ ਇੱਕ ਬਿਰਛ ਉਹਲੇ ਉਹਦੇ ਨਾਲ ਮਸਤ
ਹੋ ਗਈ ।ਨਦੀ ਕੰਢੇ ਬੈਠੇ ਕਿਸੇ ਹੋਰ ਪੁਰਸ਼ ਨੇ ਸਭ ਕੁੱਝ ਦੇਖ ਲਿਆ ।ਉਸ ਨੇ
ਤਿਕਾਲਾਂ ਨੂੰ ਸਾਧੂ ਨੂੰ ਆਪਣੇ ਘਰ ਪ੍ਰੀਤੀ ਭੋਜਨ ਤੇ ਸੱਦਿਆ ।ਖਾਣ ਵੇਲੇ ਉਹਨੇ
ਸਾਧੂ ਅੱਗੇ ਤਿੰਨ ਥਾਲੀਆਂ ਪ੍ਰੋਸ ਦਿੱਤੀਆਂ ।ਜਦੋਂ ਉਹਨੇ ਪੁੱਛਿਆ ਤਾਂ ਘਰ ਵਾਲੇ
ਨੇ ਕਿਹਾ ਕਿ ਇੱਕ ਥਾਲੀ ਤੁਹਾਡੀ ਪਤਨੀ ਲਈ ਹੈ । ਪਰ ਜਦੋਂ ਤੀਜੀ ਥਾਲੀ
ਦੀ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਇਹ ਉਹਦੀ ਪਤਨੀ ਦੇ ਯਾਰ ਵਾਸਤੇ ਹੈ
ਤਾਂ ਕਿ ਉਹ ਭੁੱਖਾ ਨਾ ਰਹੇ ਤਾਂ ਸਾਧੂ ਨੂੰ ਸਾਰਾ ਪਤਾ ਲੱਗਾ, ਕੁਤੇ ਲੱਕੀ=ਢਿਡ
ਮੋਟੇ ਲੱਕ ਪਤਲੇ ਵਾਲੀ, ਵਾਇਕੇ=ਸੁੜ੍ਹਕੇ, ਫੱਕੀ=ਪੀਸੀ ਹੋਈ ਦਵਾਈ)
ਅਨੀ ਵੇਖੋ ਨੀ ਵਾਸਤਾ ਰੱਬ ਦਾ ਜੇ, ਵਾਹ ਪੈ ਗਿਆ ਨਾਲ ਕੁਪੱਤਿਆਂ ਦੇ ।
ਮਗਰ ਹਲਾਂ ਦੇ ਚੋਬਰਾਂ ਲਾਇ ਦੀਚਣ, ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ ।
ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ, ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ ।
ਇਹ ਪੁਰਾਣੀਆਂ ਲਾਨ੍ਹਤਾਂ ਹੈਣ ਜੋਗੀ, ਗੱਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ ।
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ, ਭੇੜ ਪਾਇ ਬਹੇਂ ਨਾਲ ਡੱਟਿਆਂ ਦੇ ।
ਵਾਰਿਸ ਸ਼ਾਹ ਮੀਆਂ ਖਹਿੜੇ ਨਾ ਪਵੀਏ, ਕੰਨ ਪਾਟਿਆਂ ਰਬ ਦਿਆਂ ਪੱਟਿਆਂ ਦੇ ।
(ਡੱਟਿਆਂ=ਢੱਠਿਆਂ)
ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ, ਗੱਲਾਂ ਨਹੀਂ ਸੁਣੀਆਂ ਕੰਨ-ਪਾਟਿਆਂ ਦੀਆਂ ।
ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ, ਵੱਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ ।
ਗਿੱਠ ਗਿੱਠ ਵਧਾਇਕੇ ਵਾਲ ਨਾਖ਼ੁਨ, ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ ।
ਵਾਰਿਸ ਸ਼ਾਹ ਇਹ ਮਸਤ ਕੇ ਪਾਟ ਲੱਥੇ, ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ ।
(ਰੋਕ=ਨਕਦ, ਲਾਂਗੜ=ਲੰਗੋਟੀ, ਪਾਟ ਲੱਥੇ=ਖਾ ਖਾ ਕੇ ਪਾਟਣੇ ਆਏ ਹਨ)
ਇਹ ਮਿਸਲ ਮਸ਼ਹੂਰ ਜਹਾਨ ਸਾਰੇ, ਜੱਟੀ ਚਾਰੇ ਹੀ ਥੋਕ ਸਵਾਰਦੀ ਹੈ ।
ਉਨ ਤੁੰਬਦੀ ਮਨ੍ਹੇ ‘ਤੇ ਬਾਲ ਲੇੜ੍ਹੇ, ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ ।
ਬੰਨ੍ਹ ਝੇੜੇ ਫ਼ਕੀਰ ਦੇ ਨਾਲ ਲੜਦੀ, ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ ।
ਵਾਰਿਸ ਸ਼ਾਹ ਦੋ ਲੜਣ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਹੈ ।
(ਹਾਕਰੇ=ਉੜਾਵੇ, ਬਾਲ ਲੇੜ੍ਹੇ=ਬਾਲ ਦੁਧ ਚੁੰਘੇ)
ਮੇਰੇ ਹੱਥ ਲੌਂਦੇ ਤੇਰੀ ਲਵੇਂ ਟੋਟਣ, ਕੋਈ ਮਾਰਸੀਗਾ ਨਾਲ ਮੁਹਲਿਆਂ ਦੇ ।
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ, ਕਰੇਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ ।
ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ, ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ ।
ਵਾਰਿਸ ਹੱਡ ਤੇਰੇ ਘਾਟ ਵਾਂਗ ਛੜੀਅਨ, ਨਾਲ ਕੁਤਕਿਆਂ ਪੌਲਿਆਂ ਮੁਹਲਿਆਂ ਦੇ ।
(ਚਾਵੜਾਂ=ਸ਼ਰਾਰਤਾਂ, ਚੁਹਲ ਮੁਹਲ=ਹਾਸਾ ਮਖੌਲ, ਪੌਲੇ=ਜੁੱਤੀਆਂ)
ਤੇਰੇ ਮੌਰ ਲੌਂਦੇ ਫਾਟ ਖਾਣ ਉੱਤੇ, ਮੇਰੀ ਫਰਕਦੀ ਅੱਜ ਮੁਤਹਿਰ ਹੈ ਨੀ ।
ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ, ਅੱਜ ਦੋਹਾਂ ਦੀ ਵੱਡੀ ਕੁਦਹਿੜ ਹੈ ਨੀ ।
ਚਿੱਭੜ ਵਾਂਗ ਤੇਰੇ ਬੀਉ ਕੱਢ ਸੁੱਟਾਂ, ਮੈਨੂੰ ਆਇਆ ਜੋਸ਼ ਦਾ ਕਹਿਰ ਹੈ ਨੀ ।
ਏਸ ਭੇਡ ਦੇ ਖ਼ੂਨ ਤੋਂ ਕਿਸੇ ਚਿੜ੍ਹ ਕੇ, ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ ।
ਉਜਾੜੇ-ਖ਼ੋਰ ਗੱਦੋਂ ਵਾਂਗ ਕੁੱਟੀਏਂਗੀ, ਕੇਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ ।
ਵਾਰਿਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ, ਕਿਸ ਛਡਾਵਣੀ ਵਿਹਰ ਤੇ ਕਹਿਰ ਹੈ ਨੀ ।
(ਫਾਟ=ਭੁੰਨੇ ਹੋਏ ਜੌਂ, ਲੌਂਦੇ=ਚਾਹੁਣ, ਕੁਦਹਿੜ=ਕੁਦਨਾ, ਬਿਉ=ਬੀ ਭਾਵ ਬੀਜ,
ਚਿੜ੍ਹ=ਚਿੜ, ਵਿਹਰ ਤੇ ਕਹਿਰ=ਵਿਹਰਨੇ ਵਾਲੇ ਉਤੇ ਕਹਿਰ ਟੁੱਟਦਾ ਹੈ)
ਅਸੀਂ ਸਬਰ ਕਰਕੇ ਚੁਪ ਹੋ ਬੈਠੇ, ਬਹੁਤ ਔਖੀਆਂ ਇਹ ਫ਼ਕੀਰੀਆਂ ਨੇ ।
ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੇ, ਜਿਸਦੇ ਹੱਸ ਦੇ ਨਾਲ ਜ਼ੰਜੀਰੀਆਂ ਨੇ ।
ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ ।
ਤੁਸੀਂ ਕਰੋ ਹਿਆ ਕਵਾਰੀਉ ਨੀ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ ।
ਵਾਂਗ ਬੁਢਿਆਂ ਕਰੇ ਪੱਕਚੰਡ ਗੱਲਾਂ, ਮੱਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ ।
ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ, ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ ।
ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ, ਮੇਰੀ ਉਂਗਲੀ ਉਂਗਲੀ ਪੀਰੀਆਂ ਨੇ ।
ਵਾਰਿਸ ਸ਼ਾਹ ਫ਼ੌਜਦਾਰ ਦੇ ਮਾਰਨੇ ਨੂੰ, ਸੈਨਾਂ ਮਾਰੀਆਂ ਵੇਖ ਕਸ਼ਮੀਰੀਆਂ ਨੇ ।
(ਕੰਨ ਪਾਟੇ=ਕੰਨਾਂ ਵਿੱਚ ਛੇਦ, ਹੁੰਡਵੀ=ਹੁੰਡੀ,ਇਕਰਾਰਨਾਮਾ, ਪੱਕਚੰਡ=
ਸਿਆਣਿਆਂ ਵਾਲੀਆਂ ਗੱਲਾਂ, ਤਲੇਟੀ=ਕਿਸੇ ਚੀਜ਼ ਦਾ ਥੱਲੇ ਦਾ ਭਾਗ,
ਸੈਨਾਂ=ਸੈਨਤਾਂ)
ਸੈਨੀ ਮਾਰ ਕੇ ਹੀਰ ਨੇ ਜੋਗੀੜੇ ਨੂੰ, ਕਹਿਆ ਚੁਪ ਕਰ ਏਸ ਭਕਾਉਨੀ ਹਾਂ ।
ਤੇਰੇ ਨਾਲ ਜੇ ਏਸ ਨੇ ਵੈਰ ਚਾਇਆ, ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ ।
ਕਰਾਂ ਗਲੋਂ ਗਲਾਇਣ ਨਾਲ ਇਸ ਦੇ, ਗਲ ਏਸਦੇ ਰੇਸ਼ਟਾ ਪਾਉਨੀ ਹਾਂ ।
ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ, ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ ।
(ਸੈਨੀ=ਸੈਨਤ,ਇਸ਼ਾਰਾ, ਕਰਾਂ ਗਲੋਂ ਗਲਾਇਨ=ਗੱਲ ਵਧਾ ਲੈਣੀ, ਰੇਸ਼ਟਾ=
ਝਗੜਾ)
ਹੀਰ ਆਖਦੀ ਏਸ ਫ਼ਕੀਰ ਨੂੰ ਨੀ, ਕੇਹਾ ਘਤਿਉ ਗ਼ੈਬ ਦਾ ਵਾਇਦਾ ਈ ।
ਏਨ੍ਹਾਂ ਆਜਜ਼ਾਂ ਭੌਰ ਨਿਮਾਣਿਆਂ ਨੂੰ, ਪਈ ਮਾਰਨੀ ਹੈਂ ਕੇਹਾ ਫ਼ਾਇਦਾ ਈ ।
ਅੱਲਾਹ ਵਾਲਿਆਂ ਨਾਲ ਕੀ ਵੈਰ ਪਈਏਂ, ਭਲਾ ਕਵਾਰੀਏ ਏਹ ਕੀ ਕਾਇਦਾ ਈ ।
ਪੈਰ ਚੁੰਮ ਫ਼ਕੀਰ ਦੀ ਟਹਿਲ ਕੀਚੈ, ਏਸ ਕੰਮ ਵਿੱਚ ਖ਼ੈਰ ਦਾ ਜ਼ਾਇਦਾ ਈ ।
ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ, ਕੌਣ ਜਾਣਦਾ ਕਿਹੜੀ ਜਾਇ ਦਾ ਈ ।
ਵਾਰਿਸ ਸ਼ਾਹ ਫ਼ਕੀਰ ਜੇ ਹੋਣ ਗ਼ੁੱਸੇ, ਖ਼ੌਫ਼ ਸ਼ਹਿਰ ਨੂੰ ਕਹਿਤ ਵਬਾਇ ਦਾ ਈ ।
(ਖ਼ੈਰ=ਭਲਾਈ, ਜ਼ਾਇਦਾ=ਜ਼ਿਆਦਾ, ਕੁਤਕਾ=ਡੰਡਾ, ਵਬਾ=ਬਿਮਾਰੀ,
ਕਹਿਤ=ਕਾਲ,ਭੁਖਮਰੀ)
ਭਾਬੀ ਇੱਕ ਧਿਰੋਂ ਲੜੇ ਫ਼ਕੀਰ ਸਾਨੂੰ, ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ ।
ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ, ਕਾਹਿ ਪੁੱਛੀਏ ਭਾ ਕਸਤੂਰੀਆਂ ਦੇ ।
ਏਨ੍ਹਾਂ ਜੋਗੀਆਂ ਦੇ ਨਾਹੀਂ ਵੱਸ ਕਾਈ, ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ ।
ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾਹਿ ਖਹਿਣ ਕੀਚੈ ਨਾਲ ਭੂਰੀਆਂ ਦੇ ।
ਜਾਣ ਸਹਿਤੀਏ ਫ਼ੱਕਰ ਨੀ ਨਾਗ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ ।
ਕੋਈ ਦੇ ਬਦ ਦੁਆ ਤੇ ਗਾਲ ਸੁੱਟੇ, ਪਿੱਛੋਂ ਫ਼ਾਇਦੇ ਕੀ ਏਨ੍ਹਾਂ ਝੂਰੀਆਂ ਦੇ ।
ਲਛੂ ਲਛੂ ਕਰਦੀ ਫਿਰੇਂ ਨਾਲ ਫੱਕਰਾਂ, ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ ।
ਵਾਰਿਸ ਸ਼ਾਹ ਫ਼ਕੀਰ ਦੀ ਰੰਨ ਵੈਰਨ, ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ ।
(ਕਾਹਿ=ਕਿਉਂ, ਲਛੂ ਲਛੂ ਕਰਦੀ=ਗੱਲਾਂ ਬਾਤਾਂ ਨਾਲ ਲੜਣ ਦਾ ਸੱਦਾ ਦਿੰਦੀ,
ਅੰਗੂਰੀ=ਪੌਦੇ ਦੇ ਤਾਜ਼ੇ ਫੁੱਟੇ ਪੱਤੇ)
ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ, ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ ।
ਜਿਹੜੀ ਦੀਦ ਵਿਖਾਇਕੇ ਕਰੇ ਆਕੜ, ਮੈਂ ਤਾਂ ਪਟ ਸੁੱਟਾਂ ਏਹਦੀਆਂ ਚੌੜੀਆਂ ਨੀ ।
ਗੁਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ, ਜਿੱਥੇ ਅਕਲਾਂ ਅਸਾਡੀਆਂ ਦੌੜੀਆ ਨੀ ।
ਮਾਰ ਮੁਹਲੀਆਂ ਸੱਟਾਂ ਸੂ ਭੰਨ ਟੰਗਾਂ, ਫਿਰੇ ਢੂੰਡਦਾ ਕਾਠ ਕਠੌਰੀਆਂ ਨੀ ।
ਜਿੰਨ ਭੂਤ ਤੇ ਦੇਉ ਦੀ ਅਕਲ ਜਾਵੇ, ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਨਾਲ ਲੜਨਾ, ਕੱਪਣ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ ।
(ਹਥੌੜੀਆਂ=ਹੱਥ ਕੰਙਨ, ਕਾਠ ਕਠੌਰੀਆਂ=ਵਸਾਖੀਆਂ,ਫਹੁੜੀਆਂ)
ਹਾਏ ਹਾਏ ਫ਼ਕੀਰ ਨੂੰ ਬੁਰਾ ਬੋਲੇਂ, ਬੁਰੇ ਸਹਿਤੀਏ ਤੇਰੇ ਅਪੌੜ ਹੋਏ ।
ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ, ਸਣੇ ਜਾਨ ਤੇ ਮਾਲ ਦੇ ਚੌੜ ਹੋਏ ।
ਕੰਨ ਪਾਟਿਆਂ ਨਾਲ ਜਿਸ ਚਿਹ ਬੱਧੀ, ਪਸ-ਪੇਸ਼ ਥੀਂ ਅੰਤ ਨੂੰ ਰੌੜ ਹੋਏ ।
ਰਹੇ ਔਤ ਨਖੱਤਰੀ ਰੰਡ ਸੁੰਞੀ, ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ ।
ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ, ਜਿਹੜੇ ਆਸ਼ਕ ਫ਼ਕੀਰ ਤੇ ਭੌਰ ਹੋਏ ।
ਵਾਰਿਸ ਸ਼ਾਹ ਲੜਾਈ ਦਾ ਮੂਲ ਬੋਲਣ, ਵੇਖ ਦੋਹਾਂ ਦੇ ਲੜਨ ਦੇ ਤੌਰ ਹੋਏ ।
(ਅਪੌੜ=ਪੁਠੇ ਕੰਮ, ਚਿਹ=ਜ਼ਿੱਦ, ਨਖੱਤਰੀ=ਬੇਨਸੀਬ ਔਰਤ, ਚੌੜ=ਬਰਬਾਦ,
ਤਿਹਾਂ=ਤਿੰਨਾਂ,ਆਸ਼ਕ,ਫ਼ਕੀਰ,ਭੌਰ)
ਭਾਬੀ ਏਸ ਜੇ ਗਧੇ ਦੀ ਅੜੀ ਬੱਧੀ, ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ ।
ਇਹ ਮਾਰਿਆ ਏਸ ਜਹਾਨ ਤਾਜ਼ਾ, ਅਸੀਂ ਰੋਜ਼ੇ-ਮੀਸਾਕ ਦੀਆਂ ਮਾਰੀਆਂ ਹਾਂ ।
ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ, ਅਸੀਂ ਚਿਹ ਦੀਆਂ ਤੇਜ਼ ਕਟਾਰੀਆਂ ਹਾਂ ।
ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ, ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ ।
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ, ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ ।
ਇਹ ਆਪ ਨੂੰ ਮਰਦ ਸਦਾਂਵਦਾ ਹੈ, ਅਸੀਂ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ ।
ਏਸ ਚਾਕ ਦੀ ਕੌਣ ਮਜਾਲ ਹੈ ਨੀ, ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ ।
ਵਾਰਿਸ ਸ਼ਾਹ ਵਿੱਚ ਹੱਕ ਸਫ਼ੈਦ-ਪੋਸ਼ਾਂ, ਅਸੀਂ ਹੋਲੀ ਦੀਆਂ ਰੰਗ ਪਿਚਕਾਰੀਆਂ ਹਾਂ ।
(ਚਹਿ ਚਹਾਰੀਆਂ=ਜ਼ਿਦ ਦੀਆਂ ਪੱਕੀਆਂ, ਰੋਜ਼-ਏ-ਮੀਸਾਕ=ਰਬ ਨਾਲ ਕੌਲ
ਇਕਰਾਰ ਦਾ ਦਿਨ, ਇਸ਼ਰਤ=ਐਸ਼ ਆਰਾਮ, ਮਾੜੀਆਂ=ਮਹਿਲ, ਰਾਜੇ ਭੋਜ=
ਰਾਜੇ ਭੋਗ ਦੀ ਬੇਵਫ਼ਾ ਪਤਨੀ ਉਸ ਦੇ ਕਿਸੇ ਛੋਟੀ ਪੱਧਰ ਦੇ ਨੌਕਰ ਨੂੰ ਪਿਆਰ
ਕਰਨ ਲੱਗੀ ।ਰਾਜੇ ਨੂੰ ਪਤਾ ਲੱਗਣ ਤੇ ਰਾਣੀ ਨੇ ਆਖਿਆ ਕਿ ਉਹ ਉਸ ਪੁਰਸ਼
ਨੂੰ ਕੀ ਆਖੇ ਭਾਵ ਉਹ ਉਹਦੇ ਬਰਾਬਰ ਦਾ ਨਹੀਂ ।ਰਾਣੀ ਨੇ ਆਪਣੇ ਯਾਰ
ਪਿਆਰੇ ਨੂੰ ਇਹ ਸਾਬਤ ਕਰਨ ਲਈ ਕਿ ਰਾਜਾ ਕੁੱਝ ਕਰਨ ਜੋਗਾ ਨਹੀਂ ਉਹਦੇ
ਸਾਮ੍ਹਣੇ ਰਾਜੇ ਉਤੇ ਸਵਾਰੀ ਕਰ ਲਈ, ਹੋਰੀ=ਹੋਲੀ)
ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ, ਹੱਥ ਧੋ ਜਹਾਨ ਥੀਂ ਚੱਲੀਆਂ ਨੀ ।
ਆ ਟਲੀਂ ਕਵਾਰੀਏ ਡਾਰੀਏ ਨੀ, ਕੋਹੀਆਂ ਚਾਈਓਂ ਭਵਾਂ ਅਵੱਲੀਆਂ ਨੀ ।
ਹੈਣ ਵੱਸਦੇ ਮੀਂਹ ਭੀ ਹੋ ਨੀਂਵੇਂ, ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ ।
ਕਾਰੇ ਹੱਥੀਆਂ ਕਵਾਰੀਆਂ ਵਿਹੁ-ਭਰੀਆਂ, ਭਲਾ ਕੀਕਰੂੰ ਰਹਿਣ ਨਚੱਲੀਆਂ ਨੀ ।
ਮੁਣਸ ਮੰਗਦੀਆਂ ਜੋਗੀਆਂ ਨਾਲ ਲੜ ਕੇ, ਰਾਤੀਂ ਔਖੀਆਂ ਹੋਣ ਇਕੱਲੀਆਂ ਨੀ ।
ਪੱਛੀ ਚਰਖੜਾ ਰੁਲੇ ਹੈ ਸੜਨ ਜੋਗਾ, ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ ।
ਜਿੱਥੇ ਗਭਰੂ ਹੋਣ ਜਾ ਖਹੇਂ ਆਪੇ, ਪਰ੍ਹੇ ਮਾਰ ਕੇ ਬਹੇਂ ਪਥੱਲੀਆਂ ਨੀ ।
ਟਲ ਜਾ ਫ਼ਕੀਰ ਥੋਂ ਗੁੰਡੀਏ ਨੀ, ਵਾਰਿਸ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ ।
(ਹੱਥ ਧੋ=ਖ਼ਾਲੀ)
ਭਲਾ ਦੱਸ ਭਾਬੀ ਕੇਹਾ ਵੈਰ ਚਾਇਉ, ਭਈਆਂ ਪਿੱਟਿਆਂ ਨੂੰ ਪਈ ਲੂਹਨੀ ਹੈਂ ।
ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ, ਘਾ ਅੱਲੜੇ ਪਈ ਖਨੂੰਹਨੀ ਹੈਂ ।
ਆਪ ਛਾਨਣੀ ਛੇੜਦੀ ਦੀ ਦੋਹਨੀ ਨੂੰ, ਐਵੇਂ ਕੰਡਿਆਂ ਤੋਂ ਪਈ ਧੂਹਨੀ ਹੈਂ ।
ਸੋਹਨੀ ਹੋਈ ਹੈਂ ਨਹੀਂ ਤੂੰ ਗ਼ੈਬ ਚਾਇਆ, ਖੂਨ ਖ਼ਲਕ ਦਾ ਪਈ ਨਚੂਹਨੀ ਹੈਂ ।
ਆਪ ਚਾਕ ਹੰਢਾਇਕੇ ਛੱਡ ਆਈਏਂ, ਹੋਰ ਖ਼ਲਕ ਨੂੰ ਪਈ ਵਡੂਹਨੀ ਹੈਂ ।
ਆਖ ਭਾਈ ਨੂੰ ਹੁਣੇ ਕੁਟਾਇ ਘੱਤੂੰ, ਜੇਹੇ ਅਸਾਂ ਨੂੰ ਮੇਹਣੇ ਲੂਹਨੀ ਹੈਂ ।
ਆਪ ਕਮਲੀ ਲੋਕਾਂ ਦੇ ਸਾਂਗ ਲਾਏਂ, ਖੱਚਰਵਾਈਆਂ ਦੀ ਵੱਡੀ ਖੂਹਨੀ ਹੈਂ ।
ਵਾਰਿਸ ਸ਼ਾਹ ਕੇਹੀ ਬਘਿਆੜੀ ਏਂ ਨੀ, ਮੁੰਡੇ ਮੋਹਣੀ ਤੇ ਵੱਡੀ ਸੂਹਣੀ ਹੈਂ ।
(ਅੱਲੜੇ=ਤਾਜ਼ੇ, ਵਡੂਹਨੀ=ਬਦਨਾਮ ਕਰਦੀ, ਸੂਹਣੀ=ਸੂਹ ਲੈਣ ਵਾਲੀ)
ਖ਼ੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ, ਅੱਖੀਂ ਵੇਖਦਿਆਂ ਹੋਰ ਦੀਆਂ ਹੋਰ ਹੋਈਆਂ ।
ਅਤੇ ਦੁਧ ਦੀਆਂ ਧੋਤੀਆਂ ਨੇਕ ਨੀਤਾਂ, ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ ।
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ, ਇਹ ਉਲਟ ਅਵੱਲੀਆਂ ਜ਼ੋਰ ਹੋਈਆਂ ।
ਬਦਜ਼ੇਬ ਤੇ ਕੋਝੀਆਂ ਭੇਡ ਮੂੰਹੀਆਂ, ਆਕੇ ਹੁਸਨੇ ਦੇ ਬਾਗ਼ ਦੀਆਂ ਮੋਰ ਹੋਈਆਂ ।
ਇਹ ਚੁਗ਼ਲ ਬਲੋਚਾਂ ਦੇ ਨੇਹੁੰ ਮੁੱਠੀ, ਅੰਨ੍ਹੀਂ ਡੌਰ ਘੂਠੀ ਮਨਖੋਰ ਹੋਈਆਂ ।
ਇਹਦੀ ਬਣਤ ਵੇਖੋ ਨਾਲ ਨਖ਼ਰਿਆਂ ਦੇ, ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ ।
ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ, ਫਿਰਨ ਮੰਡੀਆਂ ਵਿੱਚ ਲਲੋਰ ਹੋਈਆਂ ।
ਵਾਰਿਸ ਸ਼ਾਹ ਝਨ੍ਹਾਉਂ ਤੇ ਧੁਮ ਇਹਦੀ, ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ ।
(ਬਦਜ਼ੇਬ=ਕੋਝਾ, ਭੇਡ ਮੂੰਹੀਆਂ=ਭੱਦੀਆਂ, ਘੂਠੀ=ਚੁਪ ਗੁਪ, ਜਿਹੜੀ ਖੁਲ੍ਹ ਕੇ ਦਿਲ
ਦੀ ਗੱਲ ਨਾ ਕਰੇ)
ਲੜੇ ਜੱਟ ਤੇ ਕੁੱਟੀਏ ਡੂਮ ਨਾਹੀਂ, ਸਿਰ ਜੋਗੀੜੇ ਦੇ ਗੱਲ ਆਈਆ ਈ ।
ਆ ਕੱਢੀਏ ਵੱਢੀਏ ਇਹ ਫਸਤਾ, ਜਗਧੂੜ ਕਾਈ ਏਸ ਪਾਈਆ ਈ ।
ਏਸ ਮਾਰ ਮੰਤਰ ਵੈਰ ਪਾਇ ਦਿੱਤਾ, ਚਾਣਚੱਕ ਦੀ ਪਈ ਲੜਾਈਆ ਈ ।
ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ, ਵਾਰਿਸ ਗੱਲ ਫ਼ਕੀਰ ਤੇ ਆਈਆ ਈ ।
(ਫਸਤਾ ਵੱਢੀਏ=ਝਗੜਾ ਮੁਕਾਈਏ, ਚਾਣਚਕ=ਅਚਾਨਕ)
ਸਹਿਤੀ ਆਖਿਆ ਉਠ ਰਬੇਲ ਬਾਂਦੀ, ਖ਼ੈਰ ਪਾ ਫ਼ਕੀਰ ਨੂੰ ਕੱਢੀਏ ਨੀ ।
ਆਟਾ ਘੱਤ ਕੇ ਰੁਗ ਕਿ ਬੁਕ ਚੀਣਾਂ, ਵਿੱਚੋਂ ਅਲਖ ਫ਼ਸਾਦ ਦੀ ਵੱਢੀਏ ਨੀ ।
ਦੇ ਭਿਛਿਆ ਵਿਹੜਿਉਂ ਕਢ ਆਈਏ, ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ ।
ਅੰਮਾਂ ਆਵੇ ਤਾਂ ਭਾਬੀ ਤੋਂ ਵੱਖ ਹੋਈਏ, ਸਾਥ ਉੱਠ ਬਲੇਦੇ ਦਾ ਛੱਡੀਏ ਨੀ ।
ਆਵੇ ਖੋਹ ਨਵਾਲੀਆਂ ਹੀਰ ਸੁੱਟੀਏ, ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ ।
ਵਾਂਗ ਕਿਲਾ ਦੀਪਾਲਪੁਰ ਹੋ ਆਕੀ, ਝੰਡਾ ਵਿੱਚ ਮਵਾਸ ਦੇ ਗੱਡੀਏ ਨੀ ।
ਵਾਰਿਸ ਸ਼ਾਹ ਦੇ ਨਾਲ ਦੋ ਹੱਥ ਕਰੀਏ, ਅਵੇ ਉੱਠ ਤੂੰ ਸਾਰ ਦੀਏ ਹੱਡੀਏ ਨੀ ।
(ਰਬੇਲ ਬਾਂਦੀ=ਨੌਕਰਾਣੀ, ਹੋੜਾ ਵਿੱਚ ਬਰੂੰਹ=ਦਰਵਾਜ਼ਾ ਬੰਦ ਕਰੀਏ,
ਬਲੇਦਾ=ਬਲਦ, ਆਕੀ=ਬਾਗੀ, ਮਵਾਸ=ਫ਼ਨਾਹ ਘਰ)
ਬਾਂਦੀ ਹੋ ਗ਼ੁੱਸੇ ਨੱਕ ਚਾੜ੍ਹ ਉਠੀ, ਬੁਕ ਚੀਣੇ ਦਾ ਚਾਇ ਉਲੇਰਿਆ ਸੂ ।
ਧਰੋਹੀ ਰੱਬ ਦੀ ਖ਼ੈਰ ਲੈ ਜਾ ਸਾਥੋਂ, ਹਾਲ ਹਾਲ ਕਰ ਪੱਲੂੜਾ ਫੇਰਿਆ ਸੂ ।
ਬਾਂਦੀ ਲਾਡ ਦੇ ਨਾਲ ਚਵਾਇ ਕਰਕੇ, ਧੱਕਾ ਦੇ ਨਾਥ ਨੂੰ ਗੇਰਿਆ ਸੂ ।
ਲੈ ਕੇ ਖ਼ੈਰ ਤੇ ਖੱਪਰਾ ਜਾ ਸਾਥੋਂ, ਓਸ ਸੁੱਤੜੇ ਨਾਗ ਨੂੰ ਛੇੜਿਆ ਸੂ ।
ਛਿੱਬੀ ਗੱਲ੍ਹ ਵਿੱਚ ਦੇ ਪਸ਼ਮ ਪੁੱਟੀ, ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ ।
ਵਾਰਿਸ ਸ਼ਾਹ ਫਰੰਗ ਦੇ ਬਾਗ਼ ਵੜ ਕੇ, ਵੇਖ ਕਲਾ ਦੇ ਖੂਹ ਨੂੰ ਗੇੜਿਆ ਸੂ ।
(ਪੱਲੂੜਾ ਫੇਰਨਾ=ਦੂਰ ਖੜ੍ਹੇ ਨੂੰ ਮਦਦ ਦਾ ਇਸ਼ਾਰਾ ਕਰਨਾ, ਪਸ਼ਮ=ਵਾਲ,
ਫਰੰਗ=ਅੰਗਰੇਜ਼)
ਰਾਂਝਾ ਵੇਖ ਕੇ ਬਹੁਤ ਹੈਰਾਨ ਹੋਇਆ, ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ ।
ਗ਼ੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ, ਜੀਊ ਵਿੱਚ ਕਲੀਲੀਆਂ ਚਾੜ੍ਹੀਆਂ ਨੀ ।
ਚੀਣਾ ਚੋਗ ਚਮੂਣਿਆ ਆਣ ਪਾਇਉ, ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀ ।
ਜਿਸ ਤੇ ਨਬੀ ਦਾ ਰਵਾ ਦਰੂਦ ਨਾਹੀਂ, ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ ।
ਜਿਸ ਦਾ ਪੱਕੇ ਪਰਾਉਂਠਾ ਨਾ ਮੰਡਾ, ਪੰਡ ਨਾ ਬੱਝੇ ਵਿੱਚ ਸਾੜ੍ਹੀਆਂ ਨੀ ।
ਡੁੱਬ ਮੋਏ ਨੇ ਕਾਸਬੀ ਵਿੱਚ ਚੀਣੇ, ਵਾਰਿਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ ।
ਨੈਣੂੰ ਯੂਸ਼ਬਾ ਬੋਲ ਅਬੋਲ ਕਹਿ ਕੇ, ਡੁੱਬੇ ਆਪਣੇ ਆਪਣੀ ਵਾਰੀਆਂ ਨੀ ।
ਅਵੋ ਭਿੱਛਿਆ ਘੱਤਿਉ ਆਣ ਚੀਣਾ, ਨਾਲ ਫ਼ਕਰ ਦੇ ਘੋਲੀਉਂ ਯਾਰੀਆਂ ਨੀ ।
ਔਹ ਲੋਹੜਾ ਵੱਡਾ ਕਹਿਰ ਕੀਤੋ, ਕੰਮ ਡੋਬ ਸੁੱਟਿਆ ਰੰਨਾਂ ਡਾਰੀਆਂ ਨੀ ।
ਵਾਰਿਸ ਖੱਪਰੀ ਚਾ ਪਲੀਤ ਕੀਤੀ, ਪਈਆਂ ਧੋਣੀਆਂ ਸੇਹਲੀਆਂ ਸਾਰੀਆਂ ਨੀ ।
(ਦੁਧ ਵਿੱਚ ਅੰਬ ਦੀਆਂ ਫਾੜੀਆਂ=ਕੰਮ ਵਿਗੜ ਜਾਣਾ, ਕਲੀਲੀਆਂ
ਚਾੜ੍ਹੀਆਂ=ਗ਼ੁੱਸੇ ਵਿੱਚ ਦੰਦ ਪੀਹਣ ਲੱਗਾ,ਕਚੀਚੀਆਂ ਵੱਟੀਆਂ, ਚਮੂਣੀ=
ਛੋਟੀ ਚਿੜੀ, ਦਾੜ੍ਹੀ ਮੁਨਣੀ=ਬੇਇਜ਼ਤੀ ਕਰਨੀ, ਦਰੂਦ ਰਵਾ ਨਹੀਂ=
ਫ਼ਾਤਿਹ ਪੜ੍ਹਨਾ ਠੀਕ ਨਹੀਂ, ਅਖੀਂ ਨਹੀਂ ਭਰਦੀਆਂ=ਬਹੁਤ ਬਰੀਕ ਹੈ,
ਕਾਸਬੀ=ਜੁਲਾਹਾ)
ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ, ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ ।
ਅੰਨ ਚੀਣੇ ਦਾ ਖਾਵੀਏ ਨਾਲ ਲੱਸੀ, ਸਵਾਦ ਦੁੱਧ ਦਾ ਟੁਕੜਿਆਂ ਰੁੱਖਿਆਂ ਦਾ ।
ਬਣਨ ਪਿੰਨੀਆਂ ਏਸ ਦੇ ਚਾਉਲਾਂ ਦੀਆਂ, ਖਾਵੇ ਦੇਣ ਮਜ਼ਾ ਚੋਖਾ ਚੁੱਖਿਆਂ ਦਾ ।
ਵਾਰਿਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ, ਇਹ ਚਾਲੜਾ ਲੁੱਚਿਆਂ ਭੁੱਖਿਆਂ ਦਾ ।
(ਚੋਖਾ=ਵੱਧ, ਚੁਖਿਆਂ ਦਾ=ਟੋਟੇ ਕੀਤੀਆਂ)
ਚੀਣਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ, ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ ।
ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ, ਵੱਢ ਸੁੱਟਣਾ ਲੁੰਗ ਪਲਾਹਮਣਾਂ ਨੀ ।
ਜ਼ਹਿਰ ਜੀਂਵਦੇ ਨੂੰ ਅੰਨ ਸੰਨ੍ਹ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਹਮਣਾ ਨੀ ।
ਵਾਰਿਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ, ਸੰਖ ਮੁੱਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੀ ।
(ਕੈਫ਼=ਨਸ਼ਾ, ਲੁੰਗ ਪਲਾਹਮਨ=ਕੂੰਬਲਾਂ, ਸੰਨ੍ਹ=ਲਕਵਾ, ਧਰਨ=ਰੱਖਣਾ)
ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ, ਅੰਨ ਆਬੇ-ਹਿਆਤ ਹੈ ਭੁੱਖਿਆਂ ਨੂੰ ।
ਬੁੱਢਾ ਹੋਵਸੇਂ ਲਿੰਗ ਜਾ ਰਹਿਣ ਟੁਰਨੋਂ, ਫਿਰੇਂ ਢੂੰਡਦਾ ਟੁੱਕਰਾਂ ਰੁੱਖਿਆਂ ਨੂੰ ।
ਕਿਤੇ ਰੰਨ ਘਰ ਬਾਰ ਨਾ ਅੱਡਿਆ ਈ, ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ ।
ਵਾਰਿਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ, ਓਹਨਾਂ ਲੁੱਚਿਆਂ ਭੁੱਖਿਆਂ ਸੁੱਕਿਆਂ ਨੂੰ ।
(ਤੀਰ ਤੁੱਕੇ=ਕਿਸੇ ਪਿੰਡ ਵਿੱਚ ਇੱਕ ਭੋਲਾ ਪੁਰਸ਼ ਰਹਿੰਦਾ ਸੀ ।ਉਹਦੇ ਘਰ ਵਾਲੀ
ਨੇ ਉਹਨੂੰ ਕਮਾਈ ਕਰਨ ਲਈ ਪਰਦੇਸ ਭੇਜ ਦਿੱਤਾ ਅਤੇ ਪਿੱਛੋਂ ਇਕ ਬਦਚਲਨ
ਨਾਲ ਫਸ ਗਈ ।ਉਹ ਪੁਰਸ਼ ਕੁੱਝ ਸਮੇ ਪਿੱਛੋਂ ਘਰ ਆਇਆ ।ਉਹ ਬਹੁਤਾ ਸਮਾਂ
ਘਰ ਹੀ ਰਹਿੰਦਾ ਜਿਸ ਕਰਕੇ ਘਰ ਵਾਲੀ ਬਹੁਤ ਤੰਗ ਸੀ ।ਅਖ਼ੀਰ ਘਰਵਾਲੀ ਦੇ
ਯਾਰ ਨੇ ਉਹਦੇ ਪਤੀ ਨਾਲ ਦੋਸਤੀ ਜ਼ਾਹਰ ਕੀਤੀ ।ਪਤੀ ਨੂੰ ਤੀਰ ਅੰਦਾਜ਼ੀ ਦੀ
ਕਲਾ ਸਿੱਖਣ ਲਈ ਮਨਾਇਆ ਅਤੇ ਆਪਣਾ ਸ਼ਗਿਰਦ ਥਾਪਿਆ ।ਜਦੋਂ ਘਰਵਾਲੀ
ਦਾ ਮਾਲਕ ਤੀਰ (ਤੁੱਕਾ) ਚਲਾਉਂਦਾ ਤਾਂ ਆਸ਼ਕ ਚਕ ਕੇ ਲਿਆਉਂਦਾ ਅਤੇ ਫਿਰ
ਦੂਜੀ ਬਾਰੀ ਦਿੰਦਾ ।ਆਸ਼ਕ ਦੇ ਤੁੱਕੇ ਦਿਨੋ ਦਿਨ ਦੂਰ ਜਾਣ ਲੱਗੇ ।ਕਈ ਵਾਰੀ ਉਹ
ਚੁਕ ਕੇ ਲਿਆਉਣ ਨੂੰ 30-40 ਮਿੰਟ ਲੱਗਦੇ ।ਓਨੀ ਦੇਰ ਵਿੱਚ ਉਹ ਉਹਦੀ ਘਰ
ਵਾਲੀ ਨਾਲ ਮੌਜਾਂ ਕਰਦਾ ।ਇੱਕ ਵਾਰ ਘਰ ਵਾਲਾ ਸ਼ੱਕ ਕਾਰਨ ਤੀਰ ਚੁੱਕਣ ਗਿਆ
ਰਸਤੇ ਵਿੱਚੋਂ ਦੋ ਚਾਰ ਮਿੰਟ ਵਿੱਚ ਮੁੜ ਆਇਆ ਅਤੇ ਆਪਣੀ ਪਤਨੀ ਅਤੇ ਆਸ਼ਕ
ਨੂੰ ਮੌਕੇ ਤੇ ਨੱਪ ਲਿਆ ।ਉਸ ਨੇ ਉਹਨੂੰ ਕੁੱਟ ਕੁੱਟ ਕੇ ਪਿੰਡੋਂ ਕੱਢ ਦਿੱਤਾ ।ਉਹ ਦੂਰ
ਦੇ ਇੱਕ ਪਿੰਡ ਜਾ ਵਸਿਆ ।ਇੱਕ ਵਾਰੀ ਇਸਤਰੀ ਦਾ ਮਾਲਕ ਉਸ ਪਿੰਡ ਇੱਕ
ਜਨੇਤੇ ਗਿਆ ਉਸ ਬਦਮਾਸ਼ ਨੂੰ ਮਿਲ ਪਿਆ ਅਤੇ ਉਹਨੂੰ ਪੁੱਛਿਆ ਕਿ ਉਹਨੇ ਕਿਤੇ
ਘਰ ਬਾਰ ਵਸਾ ਲਿਆ ਹੈ ਜਾਂ ਹਾਲੀਂ ਤੀਰ ਤੁੱਕੇ ਹੀ ਚਲਾਉਂਦਾ ਹੈ, ਅੰਨ=ਰੋਟੀ,
ਆਬੇ-ਹਿਆਤ=ਅੰਮ੍ਰਿਤ, ਅੱਡਿਆ=ਵਸਾਇਆ)
ਜੋਗੀ ਗ਼ਜ਼ਬ ਦੇ ਸਿਰ ਤੇ ਸੱਟ ਖੱਪਰ, ਪਕੜ ਉਠਿਆ ਮਾਰ ਕੇ ਛੌੜਿਆ ਈ ।
ਲੈ ਕੇ ਫਾਹੁੜੀ ਘੁਲਣ ਨੂੰ ਤਿਆਰ ਹੋਇਆ, ਮਾਰ ਵਿਹੜੇ ਦੇ ਵਿੱਚ ਅਪੌੜਿਆ ਈ ।
ਸਾੜ ਬਾਲ ਕੇ ਜੀਊ ਨੂੰ ਖ਼ਾਕ ਕੀਤਾ, ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈ ।
ਜੇਹਾ ਜ਼ਕਰੀਆ ਖ਼ਾਨ ਮੁਹਿੰਮ ਕਰਕੇ, ਲੈ ਕੇ ਤੋਪ ਪਹਾੜ ਨੂੰ ਦੌੜਿਆ ਈ ।
ਜੇਹਾ ਮਹਿਰ ਦੀ ਸਥ ਦਾ ਬਾਨ-ਭੁੱਚਰ, ਵਾਰਿਸ ਸ਼ਾਹ ਫ਼ਕੀਰ ਤੇ ਦੌੜਿਆ ਈ ।
(ਅਪੌੜਿਆ=ਪਿੱਛੇ ਮੁੜਿਆ, ਕੌੜ੍ਹਿਆ=ਕੁੜ੍ਹਿਆ,ਜਲ ਭੁੱਜ ਗਿਆ,
ਬਾਨ-ਭੁੱਚਰ=ਮੋਟਾ ਕੁੱਤਾ)
ਹੱਥ ਚਾਇ ਮੁਤਹਿਰੜੀ ਕੜਕਿਆ ਈ, ਤੈਨੂੰ ਆਉਂਦਾ ਜਗ ਸਭ ਸੁੰਞ ਰੰਨੇ ।
ਚਾਵਲ ਨਿਹਮਤਾਂ ਕਣਕ ਤੂੰ ਆਪ ਖਾਏਂ, ਖ਼ੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ ।
ਖੜ ਦਹੇ ਚੀਣਾ ਘਰ ਖ਼ਾਵੰਦਾਂ ਦੇ, ਨਹੀਂ ਮਾਰ ਕੇ ਕਰੂੰਗਾ ਮੁੰਜ ਰੰਨੇ ।
ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ, ਲਾ ਬਹੀਏਂ ਜੇ ਵੈਰ ਦੀ ਝੁੰਜ ਰੰਨੇ ।
ਸਿਰ ਫਾਹੁੜੀ ਮਾਰ ਕੇ ਦੰਦ ਝਾੜੂੰ, ਟੰਗਾਂ ਭੰਨ ਕੇ ਕਰੂੰਗਾ ਲੁੰਜ ਰੰਨੇ ।
ਤੇਰੀ ਵਰੀ-ਸੂਈ ਹੁਣੇ ਫੋਲ ਸੁੱਟਾਂ, ਜਹੀ ਰਹੇਂਗੀ ਉਂਜ ਦੀ ਉਂਜ ਰੰਨੇ ।
ਵਾਰਿਸ ਸ਼ਾਹ ਸਿਰ ਚਾੜ੍ਹ ਵਿਗਾੜੀਏਂ ਤੂੰ, ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ ।
(ਸੁੰਞ=ਸੁੰਞਾਂ, ਖੁੰਝ=ਗਲਤੀ, ਮੁੰਜ ਕਰਨੀ=ਮੁੰਜ ਵਾਂਗੂ ਕੁੱਟੂੰ, ਚੂੜੀਆਂ ਕੱਢਣਾ=
ਬਾਹੋਂ ਫੜ ਕੇ ਝਟਕਾ ਦੇਣਾ, ਵਰੀ ਸੂਈ ਫੋਲ ਸੁੱਟਾਂ=ਵਰੀ ਭਾਵ ਸਹੁਰਿਆਂ ਨੇ
ਵਰੀ ਵਿੱਚ ਦਿੱਤਾ ਸਮਾਨ,ਭਾਵ ਤੇਰੇ ਸਾਰੇ ਭੇਦ ਫੋਲ ਦੇਵਾਂਗਾ, ਕੁੰਜ=ਹਾਥੀ ਦਾ
ਵਿਖਾਵੇ ਦਾ ਦੰਦ, ਲੁੰਜ=ਲੂਲ੍ਹਾ,ਲੰਗੜਾ)
ਬਾਂਦੀ ਹੋਇਕੇ ਚੁਪ ਖਲੋ ਰਹੀ, ਸਹਿਤੀ ਆਖਦੀ ਖ਼ੈਰ ਨਾ ਪਾਇਉ ਕਿਉਂ ।
ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ, ਏਸ ਨਾਲ ਤੂੰ ਭੇੜ ਮਚਾਇਉ ਕਿਉਂ ।
ਆਪ ਜਾਇ ਕੇ ਦੇ ਜੇ ਹੈ ਲੈਂਦਾ, ਘਰ ਮੌਤ ਦੇ ਘਤ ਫਹਾਇਉ ਕਿਉਂ ।
ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ, ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ ।
ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ, ਮੂੰਹ ਸ਼ੇਰ ਦੇ ਮਾਸ ਫਹਾਇਉ ਕਿਉਂ ।
ਵਾਰਿਸ ਸ਼ਾਹ ਮੀਆਂ ਏਸ ਮੋਰਨੀ ਨੇ, ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ ।
(ਲੀਕ=ਬਦਨਾਮੀ ਦਾ ਧੱਬਾ, ਦਵਾਲੇ ਲਾਹੀਕੇ=ਬਾਜ਼ ਦੇ ਤਸਮੇ ਖੋਲ੍ਹ ਕੇ)
ਝਾਟਾ ਖੋਹ ਕੇ ਮੀਢੀਆਂ ਪੁੱਟ ਘੱਤੂੰ, ਗੁੱਤੋਂ ਪਕੜ ਕੇ ਦਿਉਂ ਵਿਲਾਵੜਾ ਨੀ ।
ਜੇ ਤਾਂ ਪਿੰਡ ਦਾ ਖ਼ੌਫ਼ ਵਿਖਾਵਨੀ ਹੈਂ, ਲਿਖਾਂ ਪਸ਼ਮ ਤੇ ਇਹ ਗਿਰਾਂਵੜਾ ਨੀ ।
ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ, ਨਹੀਂ ਹੋਵਣਾ ਸਹਿਜ ਮਿਲਾਵੜਾ ਨੀ ।
ਲਤ ਮਾਰ ਕੇ ਛੜੂੰਗਾ ਚਾਇ ਗੁੰਬੜ, ਕਢ ਆਈ ਹੈਂ ਢਿਡ ਜਿਉਂ ਤਾਵੜਾ ਨੀ ।
ਸਣੇ ਕਵਾਰੀ ਦੇ ਮਾਰ ਕੇ ਮਿੱਝ ਕਢੂੰ, ਚੁਤੜ ਘੜੂੰਗਾ ਨਾਲ ਫਹਾਵੜਾ ਨੀ ।
ਹੱਥ ਲਗੇ ਤਾਂ ਸੁਟੂੰਗਾ ਚੀਰ ਰੰਨੇ, ਕਢ ਲਊਂਗਾ ਸਾਰੀਆਂ ਕਾਵੜਾਂ ਨੀ ।
ਤੁਸੀਂ ਤਰੈ ਘੁਲਾਟਣਾਂ ਜਾਣਦਾ ਹਾਂ, ਕੱਢਾ ਦੋਹਾਂ ਦਾ ਪੋਸਤਿਆਵੜਾ ਨੀ ।
ਵਾਰਿਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ, ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ ।
(ਪਸ਼ਮ ਤੇ ਲਿਖਣਾ=ਕੋਈ ਪਰਵਾਹ ਨਾ ਕਰਨਾ, ਮਦੱਪੜਾ=ਨੇੜਤਾ, ਗੁੰਬੜ=
ਮੋਟਾ ਢਿੱਡ, ਗੋਗੜ, ਤਾਵੜਾ=ਤੌੜਾ, ਕਵਾਰੀ=ਕੁਆਰੀ ਭਾਵ ਹੀਰ, ਘੁਲ੍ਹਾਟਾਂ=
ਪਹਿਲਵਾਨਣੀ, ਪੋਸਤਿਆਵੜਾ=ਕਚੂਮਰ)
ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ, ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ ।
ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ, ਲੱਖ ਵਾਹਰਾਂ ਦਏ ਜੇ ਘੱਲ ਕੇ ਨੀ ।
ਜੇਹਾ ਮਾਰ ਚਿਤੌੜ ਗੜ੍ਹ ਸ਼ਾਹ ਅਕਬਰ, ਢਾਹ ਮੋਰਚੇ ਲਏ ਮਚੱਲਕੇ ਨੀ ।
ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾਂ, ਨਾਲ ਮਸਤੀਆਂ ਆਂਵਦੀ ਚੱਲ ਕੇ ਨੀ ।
ਤੇਰੀ ਪਕੜ ਸੰਘੀ ਜਿੰਦ ਕੱਢ ਸੁੱਟਾਂ, ਮੇਰੇ ਖੁੱਸ ਨਾ ਜਾਣਗੇ ਤੱਲਕੇ ਨੀ ।
ਭਲਾ ਆਖ ਕੀ ਖੱਟਣਾ ਵੱਟਣਾ ਹਈ, ਵਾਰਿਸ ਸ਼ਾਹ ਦੇ ਨਾਲ ਪਿੜ ਮੱਲ ਕੇ ਨੀ ।
(ਪਥੱਲ=ਉਲਟਾ ਕੇ, ਮਚੱਲਕੇ=ਇਕਰਾਰ ਨਾਮੇ, ਤੱਲਕੇ=ਜਗੀਰ)
ਬੋਲੀ ਹੀਰ ਮੀਆਂ ਪਾ ਖ਼ਾਕ ਤੇਰੀ, ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ ।
ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ, ਲੋਕਾਂ ਵਾਂਗ ਨਾ ਮਿੱਠੀਆਂ ਮੇਸਣਾਂ ਹਾਂ ।
ਅਸੀਂ ਜੋਗੀਆ ਪੈਰ ਦੀ ਖ਼ਾਕ ਤੇਰੀ, ਨਾਹੀਂ ਖੋਟੀਆਂ ਅਤੇ ਮਲਖੇਸਣਾਂ ਹਾਂ ।
ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ, ਅਸੀਂ ਜੱਟੀਆਂ ਹਾਂ ਕਿ ਕੁਰੇਸ਼ਣਾਂ ਹਾਂ ।
(ਪਾਇ ਖ਼ਾਕ=ਪੈਰਾਂ ਦੀ ਮਿੱਟੀ, ਪਿੱਛਾ ਟੁੱਟੀ=ਜਿਹਦੀ ਪੁਸ਼ਤ ਪਨਾਹ ਕਰਨ
ਵਾਲਾ ਕੋਈ ਨਾ ਹੋਵੇ, ਚੌਂਪ=ਚਾਉ, ਮਿੱਠੀ ਮੇਸਣੀ=ਚੁਪ ਐਪਰ ਖਚਰੀ,
ਕੁਰੇਸ਼ਣਾਂ=ਕੁਰੈਸ਼ੀ ਖ਼ਾਨਦਾਨ ਦੀਆਂ, ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ
ਦਾ ਨਾਮ ਕੁਰੈਸ਼ ਹੈ)
ਨਵੀਂ ਨੂਚੀਏ ਕੱਚੀਏ ਯਾਰਨੀਏ ਨੀ, ਕਾਰੇ-ਹੱਥੀਏ ਚਾਕ ਦੀਏ ਪਿਆਰੀਏ ਨੀ ।
ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ, ਬੇਲੀ ਘੇਰ ਲੈ ਜਾਣੀਏ ਡਾਰੀਏ ਨੀ ।
ਆਪ ਭਲੀ ਹੋ ਬਹੇਂ ਤੇ ਅਸੀਂ ਬੁਰੀਆਂ, ਕਰੇਂ ਖਚਰ-ਪੌ ਰੂਪ ਸ਼ਿੰਗਾਰੀਏ ਨੀ ।
ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ ।
ਆਉ ਜੋਗੀ ਨੂੰ ਲਈਂ ਛੁਡਾ ਸਾਥੋਂ, ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ ।
ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਨੀ ।
(ਕਾਰੇ ਹੱਥੀ=ਹੁਸ਼ਿਆਰ, ਚਲਾਕ)
ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ, ਜੋਗੀ ਵੇਖਦੇ ਤੁਰਤ ਹੀ ਰੱਜ ਪਿਆ ।
ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ, ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ ।
ਇਹ ਲੈ ਮਕਰਿਆ ਠਕਰਿਆ ਰਾਵਲਾ ਵੇ, ਕਾਹੇ ਵਾਚਨਾ ਏਂ ਐਡ ਧਰੱਜ ਪਿਆ ।
ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ, ਫੱਟ ਜੋਗੀ ਦੇ ਕਾਲਜੇ ਵੱਜ ਪਿਆ ।
ਵਾਰਿਸ ਸ਼ਾਹ ਸ਼ਰਾਬ ਖ਼ਰਾਬ ਹੋਇਆ, ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ ।
(ਰੱਜ ਪਿਆ=ਦੁਖੀ ਹੋਇਆ, ਸ਼ੀਸਾ=ਪਿਆਲਾ, ਸੰਗ=ਪੱਥਰ,
ਕਾਲਜੇ ਵੱਜ ਪਿਆ=ਬਹੁਤ ਤਕਲੀਫ਼ ਹੋਈ)
ਖ਼ੈਰ ਫ਼ਕਰ ਨੂੰ ਅਕਲ ਦੇ ਨਾਲ ਦੀਚੈ, ਹੱਥ ਸੰਭਲ ਕੇ ਬੁੱਕ ਉਲਾਰੀਏ ਨੀ ।
ਕੀਚੈ ਐਡ ਹੰਕਾਰ ਨਾ ਜੋਬਨੇ ਦਾ, ਘੋਲ ਘੱਤੀਏ ਮਸਤ ਹੰਕਾਰੀਏ ਨੀ ।
ਹੋਈਉਂ ਮਸਤ ਗਰੂਰ ਤਕੱਬਰੀ ਦਾ, ਲੋੜ੍ਹ ਘਤਿਉਂ ਰੰਨੇ ਡਾਰੀਏ ਨੀ ।
ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ, ਛਲ ਜਾਇਸੀ ਰੂਪ ਵਿਚਾਰੀਏ ਨੀ ।
ਠੂਠਾ ਭੰਨ ਫ਼ਕੀਰ ਨੂੰ ਪੱਟਿਉ ਈ, ਸ਼ਾਲਾ ਯਾਰ ਮਰੀ ਅਨੀ ਡਾਰੀਏ ਨੀ ।
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ, ਵਾਰਿਸ ਪੱਤਣੇ ਦੀਏ ਵਣਜਾਰੀਏ ਨੀ ।
(ਸ਼ਾਲਾ=ਰਬ ਕਰੇ)
ਘੋਲ ਘਤਿਉਂ ਯਾਰ ਦੇ ਨਾਉਂ ਉਤੋਂ, ਮੂੰਹੋਂ ਸੰਭਲੀਂ ਜੋਗੀਆਂ ਆਰਿਆ ਵੇ ।
ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ, ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ ।
ਮਾਉਂ ਸੁਣਦਿਆਂ ਪੁਣੇਂ ਤੂੰ ਯਾਰ ਮੇਰਾ, ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ ।
ਰੁਗ ਆਟੇ ਦਾ ਹੋਰ ਲੈ ਜਾ ਸਾਥੋਂ, ਕਿਵੇਂ ਵੱਢ ਫ਼ਸਾਦ ਹਰਿਆਰਿਆ ਵੇ ।
ਤੈਥੇ ਆਦਮੀਗਰੀ ਦੀ ਗੱਲ ਨਾਹੀਂ, ਰੱਬ ਚਾਇ ਬਥੁੰਨ ਉਸਾਰਿਆ ਵੇ ।
ਵਾਰਿਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ, ਐਵੇਂ ਮੁਫ਼ਤ ਵਿੱਚ ਜਾਏਂਗਾ ਮਾਰਿਆ ਵੇ ।
(ਮਾਂ ਸੁਣਦਿਆਂ=ਮਾਂ ਸਾਹਮਣੇ, ਪੁਣੇਂ=ਗਾਲਾਂ ਕੱਢੇਂ, ਆਦਮੀਗਰੀ=
ਇਨਸਾਨੀਅਤ, ਬਥੁੰਨ=ਬੇਢਬਾ,ਪਸੂ, ਅਸਾਡੇ=ਸਾਡੇ ਟੱਬਰ ਦੇ ਬੰਦੇ ਨੂੰ)
ਜੇ ਤੈਂ ਪੋਲ ਕਢਾਵਣਾ ਨਾ ਆਹਾ, ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ ।
ਜੇ ਤੈਂ ਕਵਾਰਿਆਂ ਯਾਰ ਹੰਢਾਵਣੇ ਸਨ, ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ ।
ਖ਼ੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ ।
ਭਰਜਾਈ ਨੂੰ ਮਿਹਣਾ ਚਾਕ ਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ ।
ਬੋਤੀ ਹੋ ਬਲੋਚ ਦੇ ਹੱਥ ਆਈਏਂ, ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ ।
ਵਾਰਿਸ ਸ਼ਾਹ ਜਾਂ ਆਕਬਤ ਖ਼ਾਕ ਹੋਣਾ, ਏਥੇ ਆਪਣੀ ਸ਼ਾਨ ਵਧਾਈਏ ਕਿਉਂ ।
(ਪੋਲ ਕਢਾਵਣਾ=ਪੋਲ ਜ਼ਾਹਰ ਕਰਾਉਣਾ, ਬੋਤੀ=ਊਠਣੀ ਕਵਾਰ ਦੀ ਜੜ੍ਹ
ਭਨਾਈਏ=ਕਵਾਰ ਪੁਣਾ ਬਰਬਾਦ ਕਰਾਉਣਾ, ਆਕਬਤ=ਅੰਤ)
ਜੋ ਕੋ ਜੰਮਿਆ ਮਰੇਗਾ ਸਭ ਕੋਈ, ਘੜ੍ਹਿਆ ਭੱਜਸੀ ਵਾਹ ਸਭ ਵਹਿਣਗੇ ਵੇ ।
ਮੀਰ ਪੀਰ ਵਲੀ ਗ਼ੌਸ ਕੁਤਬ ਜਾਸਣ, ਇਹ ਸਭ ਪਸਾਰੜੇ ਢਹਿਣਗੇ ਵੇ ।
ਜਦੋਂ ਰਬ ਆਮਾਲ ਦੀ ਖ਼ਬਰ ਪੁੱਛੇ, ਹਥ ਪੈਰ ਗਵਾਹੀਆਂ ਕਹਿਣਗੇ ਵੇ ।
ਭੰਨੇਂ ਠੂਠੇ ਤੋਂ ਐਡ ਵਧਾ ਕੀਤੋ, ਬੁਰਾ ਤੁਧ ਨੂੰ ਲੋਕ ਸਭ ਕਹਿਣਗੇ ਵੇ ।
ਜੀਭ ਬੁਰਾ ਬੋਲੇਸਿਆ ਰਾਵਲਾ ਵੇ, ਹੱਡ ਪੈਰ ਸਜ਼ਾਈਆਂ ਲੈਣਗੇ ਵੇ ।
ਕੁਲ ਚੀਜ਼ ਫ਼ਨਾਹ ਹੋ ਖ਼ਾਕ ਰਲਸੀ, ਸਾਬਤ ਵਲੀ ਅੱਲਾਹ ਦੇ ਰਹਿਣਗੇ ਵੇ ।
ਠੂਠਾ ਨਾਲ ਤਕਦੀਰ ਦੇ ਭੱਜ ਪਿਆ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਵੇ ।
(ਵਾਹ=ਨਦੀ, ਆਮਾਲ=ਅਮਲ ਦਾ ਬਹੁ-ਵਚਨ,ਕੰਮ, ਵਧਾ ਕੀਤਾ=ਵੱਡੀ
ਗੱਲ ਬਣਾ ਲਈ, ਰਲਸੀ=ਰਲੇਗੀ)
ਸ਼ਾਲਾ ਕਹਿਰ ਪੌਸੀ ਛੁੱਟੇ ਬਾਜ਼ ਪੈਣੀ, ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ ।
ਲੱਕ ਬੰਨ੍ਹ ਕੇ ਰੰਨੇ ਘੁਲ੍ਹੱਕੜੇ ਨੀ, ਮਾੜਾ ਵੇਖ ਫ਼ਕੀਰ ਨੂੰ ਮਾਰਨੀ ਹੈਂ ।
ਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ, ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂ ।
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ, ਬਿਨਾ ਹੁਕਮ ਦੇ ਖ਼ੂਨ ਗੁਜ਼ਾਰਨੀ ਹੈਂ ।
ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ, ਅਸੀਂ ਬੋਦਲੇ ਹਾਂ ਤਾਂ ਤੂੰ ਮਾਰਨੀ ਹੈਂ ।
ਠੂਠਾ ਫੇਰ ਦਰੁਸਤ ਕਰ ਦੇਹ ਮੇਰਾ, ਹੋਰ ਆਖ ਕੀ ਸੱਚ ਨਿਤਾਰਨੀ ਹੈਂ ।
ਲੋਕ ਆਖਦੇ ਹਨ ਇਹ ਕੁੜੀ ਕਵਾਰੀ, ਸਾਡੇ ਬਾਬ ਦੀ ਧਾੜਵੀ ਧਾਰਨੀ ਹੈਂ ।
ਐਡੇ ਫ਼ਨ ਫ਼ਰੇਬ ਹਨ ਯਾਦ ਤੈਨੂੰ, ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂ ।
ਘਰ ਵਾਲੀਏ ਵਹੁਟੀਏ ਬੋਲ ਤੂੰ ਵੀ, ਕਹੀ ਜੀਊ ਵਿੱਚ ਸੋਚ ਵਿਚਾਰਨੀ ਹੈਂ ।
ਸਵਾ ਮਣੀ ਮੁਤਹਿਰ ਪਈ ਫਰਕਦੀ ਹੈ, ਕਿਸੇ ਯਾਰਨੀ ਦੇ ਸਿਰ ਮਾਰਨੀ ਹੈਂ ।
ਇੱਕ ਚੋਰ ਤੇ ਦੂਸਰੀ ਚਤਰ ਬਣੀਉਂ, ਵਾਰਿਸ ਸ਼ਾਹ ਹੁਣ ਢਾਇ ਕੇ ਮਾਰਨੀ ਹੈਂ ।
(ਸ਼ਾਲਾ=ਰਬ ਚਾਹੇ, ਲਾਡ ਭੰਗਾਰਨੀ=ਮਖੌਲ ਕਰਦੀ,ਗੱਲਾਂ ਮਾਰਦੀ, ਘੁਲੱਕੜੀ=
ਘੁਲਣ ਵਾਲੀ, ਹਾਲ ਹੀ ਹਾਲ ਪੁਕਾਰਨਾ=ਹਾਏ ਹਾਏ ਕਰਨਾ,ਰੌਲਾ ਪਾਉਣਾ,
ਧਾੜਵੀ=ਧਾੜਾ ਮਾਰਨ ਵਾਲੀ, ਮੁਰਦਾਰ=ਗੰਦਾ,ਹਰਾਮੀ)
ਹੀਰ ਆਖਦੀ ਇਹ ਚਵਾਇ ਕੇਹਾ, ਠੂਠਾ ਭੰਨ ਫ਼ਕੀਰਾਂ ਨੂੰ ਮਾਰਨਾ ਕੀ ।
ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ, ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ ।
ਜਿਹੜੇ ਕੰਨ ਪੜਾਇ ਫ਼ਕੀਰ ਹੋਏ, ਭਲਾ ਉਨ੍ਹਾਂ ਦਾ ਪੜਤਨਾ ਪਾੜਣਾ ਕੀ ।
ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ, ਸੌਰੇ ਕੰਮ ਨੂੰ ਚਾ ਵਿਗਾੜਨਾ ਕੀ ।
ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇਂ, ਘਰ ਚੱਕ ਕੇ ਏਸ ਲੈ ਜਾਵਣਾ ਕੀ ।
ਮੇਰੇ ਬੂਹਿਉਂ ਫ਼ਕਰ ਕਿਉਂ ਮਾਰਿਉ ਈ, ਵਸਦੇ ਘਰਾਂ ਤੋਂ ਫ਼ਕਰ ਮੋੜਾਵਣਾ ਕੀ ।
ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ, ਏਥੋਂ ਕਵਾਰੀਏ ਤੁਧ ਲੈ ਜਾਵਣਾ ਕੀ ।
ਬੋਲ੍ਹ ਰਾਹਕਾਂ ਦੇ ਹੌਸ ਚੂਹੜੇ ਦੀ, ਮਰਸ਼ੂ ਮਰਸ਼ੂ ਦਿਨ ਰਾਤ ਕਰਾਵਣਾ ਕੀ ।
ਵਾਰਿਸ ਸ਼ਾਹ ਇਹ ਹਿਰਸ ਬੇਫ਼ਾਇਦਾ ਈ, ਓੜਕ ਏਸ ਜਹਾਨ ਤੋਂ ਚਾਵਣਾ ਕੀ ।
(ਚਵਾ=ਚਾ, ਸੌਰੇ=ਸੰਵਾਰੇ ਹੋਏ, ਚੰਗੇ ਭਲੇ, ਖੁਣਸ=ਵੈਰ,ਝਗੜਾ, ਹੌਸ=ਆਕੜ,
ਮਰਸ਼ੂ ਮਰਸ਼ੂ ਕਰਨਾ=ਜਾਇਦਾਦ ਦੇ ਝਗੜੇ ਵਿੱਚ ਗਲਤ ਗੱਲਾਂ ਕਰਨੀਆਂ)
ਭਲਾ ਆਖ ਕੀ ਆਂਹਦੀ ਏਂ ਨੇਕ ਪਾਕੇ, ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ ।
ਘਰ ਵਾਰ ਤੇਰਾ ਅਸੀਂ ਕੋਈ ਹੋਈਆਂ, ਜਾਪੇ ਲੱਦ ਕੇ ਘਰੋਂ ਜਹਾਜ਼ ਆਈ ।
ਮੁੰਡੇ ਮੋਹਣੀਏਂ ਤੇ ਝੋਟੇ ਦੋਹਣੀਏਂ ਨੀ, ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ ।
ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਅਜੇ ਤੀਕ ਨਾ ਯਾਦ ਹਜਾਜ਼ ਆਈ ।
(ਨੇਕ ਪਾਕ=ਭਲੀਮਾਨਸ ਅਤੇ ਪਵਿੱਤਰ, ਜਾਪੇ=ਜਾਪਦਾ ਹੈ, ਝੋਟੇ ਦੋਹਣੀ=ਝੋਟੇ
ਚੋਂਦੀ ਏਂ,ਔਖੇ ਤੇ ਨਾ ਹੋਣ ਵਾਲੇ ਕੰਮ ਕਰਦੀ ਹੈਂ, ਹਜਾਜ਼=ਸਊਦੀ ਅਰਬ ਦਾ ਇੱਕ
ਸੂਬਾ ਹੈ ਮੱਕਾ ਮੁਅੱਜ਼ਮਾ ਅਤੇ ਮਦੀਨਾ ਮਨੱਵਰਾ ਦੇ ਪਵਿੱਤਰ ਸ਼ਹਿਰ ਇਸੇ ਸੂਬੇ ਵਿੱਚ
ਸਥਿਤ ਹਨ)
ਇਹ ਮਸਤ ਫ਼ਕੀਰ ਨਾ ਛੇੜ ਲੀਕੇ, ਕੋਈ ਵੱਡਾ ਫਸਾਦ ਗਲ ਪਾਸੀਆ ਨੀ ।
ਮਾਰੇ ਜਾਣ ਖੇੜੇ ਉਜੜ ਜਾਣ ਮਾਪੇ, ਤੁਧ ਲੰਡੀ ਦਾ ਕੁੱਝ ਨਾ ਜਾਸੀਆ ਨੀ ।
ਪੈਰ ਪਕੜ ਫ਼ਕੀਰ ਦੇ ਕਰਸ ਰਾਜ਼ੀ, ਨਹੀਂ ਏਸ ਦੀ ਆਹ ਪੈ ਜਾਸੀਆ ਨੀ ।
ਵਾਰਿਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ, ਜਾ ਗੋਰ ਅੰਦਰ ਪਛੋਤਾਸੀਆ ਨੀ ।
(ਕਰਸ ਰਾਜ਼ੀ=ਉਸ ਨੂੰ ਰਾਜ਼ੀ ਕਰ)
ਤੇਰੇ ਜੇਹੀਆਂ ਲੱਖ ਪੜ੍ਹਾਈਆਂ ਮੈਂ, ਤੇ ਉਡਾਈਆਂ ਨਾਲ ਅੰਗੂਠਿਆਂ ਦੇ ।
ਤੈਨੂੰ ਸਿੱਧ ਕਾਮਲ ਵਲੀ ਗੌਂਸ ਦਿੱਸੇ, ਮੈਨੂੰ ਠੱਗ ਦਿੱਸੇ ਭੇਸ ਝੂਠਿਆਂ ਦੇ ।
ਸਾਡੇ ਖੌਂਸੜੇ ਨੂੰ ਯਾਦ ਨਹੀਂ ਚੋਬਰ, ਭਾਵੇਂ ਆਣ ਲਾਵੇ ਢੇਰ ਠੂਠਿਆਂ ਦੇ ।
ਇਹ ਮਸਤ ਮਲੰਗ ਮੈਂ ਮਸਤ ਏਦੂੰ, ਇਸ ਥੇ ਮਕਰ ਹਨ ਟੁਕੜਿਆਂ ਜੂਠਿਆਂ ਦੇ ।
ਵਾਰਿਸ ਸ਼ਾਹ ਮੀਆਂ ਨਾਲ ਚਵਾੜੀਆਂ ਦੇ, ਲਿੰਙ ਸੇਕੀਏ ਚੋਬਰਾਂ ਘੂਠਿਆਂ ਦੇ ।
(ਚਵਾੜੀਆਂ=ਬਾਂਸਾਂ)
ਏਸ ਫ਼ੱਕਰ ਦੇ ਨਾਲ ਕੀ ਵੈਰ ਪਈਏਂ, ਉਧਲ ਜਾਇਸੈਂ ਤੈਂ ਨਹੀਂ ਵੱਸਣਾ ਈ ।
ਠੂਠਾ ਭੰਨ ਫ਼ਕੀਰ ਨੂੰ ਮਾਰਨੀ ਹੈਂ, ਅੱਗੇ ਰੱਬ ਦੇ ਆਖ ਕੀ ਦੱਸਣਾ ਈ ।
ਤੇਰੇ ਕਵਾਰ ਨੂੰ ਖ਼ਵਾਰ ਸੰਸਾਰ ਕਰਸੀ, ਏਸ ਜੋਗੀ ਦਾ ਕੁਝ ਨਾ ਘੱਸਣਾ ਈ ।
ਨਾਲ ਚੂਹੜੇ ਖੱਤਰੀ ਘੁਲਣ ਲੱਗੇ, ਵਾਰਿਸ ਸ਼ਾਹ ਫਿਰ ਮੁਲਕ ਨੇ ਹੱਸਣਾ ਈ ।
(ਕਵਾਰ ਨੂੰ ਖ਼ਵਾਰ ਕਰਨਾ=ਉਧਾਲੀ ਗਈ ਔਰਤ ਉਤੇ ਹਰ ਥਾਂ ਹਮਲੇ ਕਰਨੇ,
ਚੂਹੜੇ ਦਾ ਖ਼ਤਰੀ ਘੋਲ=ਹਰ ਹਾਲਤ ਵਿੱਚ ਖ਼ਤਰੀ ਦਾ ਨੁਕਸਾਨ ਹੈ,ਮਾੜੇ ਨੂੰ
ਮਾਰਨਾ ਵੀ ਬੇਇਜ਼ਤੀ ਹੈ ਅਤੇ ਉਸ ਤੋਂ ਮਾਰ ਖਾਣੀ ਵੀ ਨਿਰਾਦਰੀ)
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ, ਇੱਕੇ ਭਾਬੀਏ ਤੁਧ ਮਰਾਇਸਾਂ ਨੀ ।
ਰੋਵਾਂ ਮਾਰ ਭੁੱਬਾਂ ਭਾਈ ਆਂਵਦੇ ਤੇ,ਤੈਨੂੰ ਖ਼ਾਹ-ਮਖ਼ਾਹ ਕੁਟਾਇਸਾਂ ਨੀ ।
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ, ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ ।
ਇੱਕੇ ਮਾਰੀਏਂ ਤੂੰ ਇੱਕੇ ਇਹ ਜੋਗੀ, ਇਹੋ ਘਗਰੀ ਚਾਇ ਵਿਛਾਇਸਾਂ ਨੀ ।
ਸੀਤਾ ਦਹਿਸਿਰੇ ਨਾਲ ਜੋ ਗਾਹ ਕੀਤਾ, ਕੋਈ ਵੱਡਾ ਕਮੰਦ ਪਵਾਇਸਾਂ ਨੀ ।
ਰੰਨ ਤਾਹੀਂ ਜਾਂ ਘਰੋਂ ਕਢਾਇ ਤੈਨੂੰ, ਮੈਂ ਮੁਰਾਦ ਬਲੋਚ ਹੰਢਾਇਸਾਂ ਨੀ ।
ਸਿਰ ਏਸ ਦਾ ਵਢ ਕੇ ਅਤੇ ਤੇਰਾ, ਏਸ ਠੂਠੇ ਦੇ ਨਾਲ ਰਲਾਇਸਾਂ ਨੀ ।
ਰਖ ਹੀਰੇ ਤੂੰ ਏਤਨੀ ਜਮ੍ਹਾਂ ਖ਼ਾਤਰ, ਤੇਰੀ ਰਾਤ ਨੂੰ ਭੰਗ ਲੁਹਾਇਸਾਂ ਨੀ ।
ਮੈਂ ਕੁਟਾਇਸਾਂ ਅਤੇ ਮਰਾਇਸਾਂ ਨੀ, ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ ।
ਵਾਰਿਸ ਸ਼ਾਹ ਕੋਲੋਂ ਭੰਨਾਇ ਟੰਗਾਇਸਾਂ ਨੀ, ਤੇਰੇ ਲਿੰਙ ਸਭ ਚੂਰ ਕਰਾਇਸਾਂ ਨੀ ।
(ਦਹਿਸਿਰਾ=ਰਾਵਣ, ਜੋ ਗਾਹ=ਜਿੱਦਾਂ ਕਰੇ, ਜਮ੍ਹਾਂ ਖ਼ਾਤਰ ਰੱਖ=ਤਸੱਲੀ ਰੱਖ)
ਖ਼ੂਨ ਭੇਡ ਦੇ ਜੇ ਪਿੰਡ ਮਾਰ ਲਈਏ, ਉਜੜ ਜਾਏ ਜਹਾਨ ਤੇ ਜੱਗ ਸਾਰਾ ।
ਹੱਥੋਂ ਜੂਆਂ ਦੇ ਜੁੱਲ ਜੇ ਸੁੱਟ ਵੇਚਣ, ਕੀਕੂੰ ਕੱਟੀਏ ਪੋਹ ਤੇ ਮਾਘ ਸਾਰਾ ।
ਤੇਰੇ ਭਾਈ ਦੀ ਭੈਣ ਨੂੰ ਖੜੇ ਜੋਗੀ, ਹੱਥ ਲਾਏ ਮੈਨੂੰ ਕਈ ਹੋਸ ਕਾਰਾ ।
ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ, ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ ।
ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ, ਆਖ ਕਵਾਰੀਏ ਪਾਇਉ ਤੂੰ ਕੇਹਾ ਆੜਾ ।
ਵਾਰਿਸ ਖੋਹ ਕੇ ਚੂੰਡੀਆਂ ਤੇਰੀਆਂ ਨੂੰ, ਕਰਾਂ ਖ਼ੂਬ ਪੈਜ਼ਾਰ ਦੇ ਨਾਲ ਝਾੜਾ ।
(ਜੁੱਲ=ਜੁੱਲੀ, ਹੋਸ=ਹੋਵੇਗਾ, ਭੰਗ ਝਾੜੇ=ਮੈਨੂੰ ਕੁੱਟੇ, ਆੜਾ=ਝਗੜਾ, ਪੈਜ਼ਾਰ=
ਜੁੱਤੀ, ਝਾੜਾ ਕਰਨਾ=ਭੂਤ ਲਾਹੁਣੇ)
ਕੱਜਲ ਪੂਛਲਿਆਲੜਾ ਘਤ ਨੈਣੀਂ, ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ ।
ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ, ਛੱਲੇ ਘਤ ਕੇ ਰੰਗ ਵਟਾਵਨੀ ਹੈਂ ।
ਅਤੇ ਆਸ਼ਕਾਂ ਨੂੰ ਦਿਖਲਾਵਨੀ ਹੈਂ, ਨੱਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ ।
ਬਾਂਕੀ ਭਖ ਰਹੀ ਚੋਲੀ ਬਾਫ਼ਤੇ ਦੀ, ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ ।
ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖ਼ੂਨੀ, ਰਾਹ ਜਾਂਦੜੇ ਮਿਰਗ ਫਹਾਵਨੀ ਹੈਂ ।
ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ, ਅਖੀਂ ਪਾ ਸੁਰਮਾ ਮਟਕਾਵਨੀ ਹੈਂ ।
ਮਲ ਵੱਟਣਾਂ ਲੋੜ੍ਹ ਦੰਦਾਸੜੇ ਦਾ, ਜ਼ਰੀ ਬਾਦਲਾ ਪਟ ਹੰਢਾਵਨੀ ਹੈਂ ।
ਤੇੜ ਚੂੜੀਆਂ ਪਾ ਕੇ ਕਹਿਰ ਵਾਲਾ, ਕੁੰਜਾਂ ਘਤ ਕੇ ਲਾਵਣਾ ਲਾਵਨੀ ਹੈਂ ।
ਨਵਾਂ ਵੇਸ ਤੇ ਵੇਸ ਬਣਾਵਨੀ ਹੈਂ, ਲਏਂ ਫੇਰੀਆਂ ਤੇ ਘੁਮਕਾਵਨੀ ਹੈਂ ।
ਨਾਲ ਹੁਸਨ ਗੁਮਾਨ ਦੇ ਪਲੰਘ ਬਹਿ ਕੇ, ਹੂਰ ਪਰੀ ਦੀ ਭੈਣ ਸਦਾਵਨੀ ਹੈਂ ।
ਪੈਰ ਨਾਲ ਚਵਾਇ ਦੇ ਚਾਵਨੀ ਹੈਂ, ਲਾਡ ਨਾਲ ਗਹਿਣੇ ਛਨਕਾਵਨੀ ਹੈਂ ।
ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਞਣਾਂ ਦੀ, ਖ਼ਾਤਰ ਤਲੇ ਨਾ ਕਿਸੇ ਲਿਆਵਨੀ ਹੈਂ ।
ਵੇਖ ਹੋਰਨਾਂ ਨੱਕ ਚੜ੍ਹਾਵਨੀ ਹੈਂ, ਬੈਠੀ ਪਲੰਘ ਤੇ ਤੂਤੀਏ ਲਾਵਨੀ ਹੈਂ ।
ਮਹਿੰਦੀ ਲਾਇ ਹੱਥੀਂ ਪਹਿਨ ਜ਼ਰੀ ਜ਼ੇਵਰ, ਸੋਇਨ ਮਿਰਗ ਦੀ ਸ਼ਾਨ ਗਵਾਵਨੀ ਹੈਂ ।
ਪਰ ਅਸੀਂ ਭੀ ਨਹੀਂ ਹਾਂ ਘਟ ਤੈਥੋਂ, ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ ।
ਸਾਡੇ ਚੰਨ ਸਰੀਰ ਮਥੈਲੀਆਂ ਦੇ, ਸਾਨੂੰ ਚੂਹੜੀ ਹੀ ਨਜ਼ਰ ਆਵਨੀ ਹੈਂ ।
ਨਾਢੂ ਸ਼ਾਹ ਦੀ ਰੰਨ ਹੋ ਪਲੰਘ ਬਹਿ ਕੇ, ਸਾਡੇ ਜੀਊ ਨੂੰ ਜ਼ਰਾ ਨਾ ਭਾਵਨੀ ਹੈਂ ।
ਤੇਰਾ ਕੰਮ ਨਾ ਕੋਈ ਵਗਾੜਿਆ ਮੈਂ, ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ ।
ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ, ਜੈਂਦੀ ਚਾਵੜਾਂ ਪਈ ਦਖਾਵਨੀ ਹੈਂ ।
ਤੇਰਾ ਯਾਰ ਜਾਨੀ ਅਸਾਂ ਨਾ ਭਾਵੇ, ਹੁਣੇ ਹੋਰ ਕੀ ਮੂੰਹੋਂ ਅਖਾਵਨੀ ਹੈਂ ।
ਸੱਭਾ ਅੜਤਨੇ ਪੜਤਨੇ ਪਾੜ ਸੁੱਟੂੰ, ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ ।
ਵੇਖ ਜੋਗੀ ਨੂੰ ਮਾਰ ਖਦੇੜ ਕੱਢਾਂ, ਵੇਖਾਂ ਓਸਨੂੰ ਆਇ ਛੁਡਾਵਨੀ ਹੈਂ ।
ਤੇਰੇ ਨਾਲ ਜੋ ਕਰਾਂਗੀ ਮੁਲਕ ਵੇਖੇ, ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ ।
ਤੁੱਧ ਚਾਹੀਦਾ ਕੀ ਏਸ ਗੱਲ ਵਿੱਚੋਂ, ਵਾਰਿਸ ਸ਼ਾਹ ਤੇ ਚੁਗ਼ਲੀਆਂ ਲਾਵਨੀ ਹੈਂ ।
(ਪੂਛਲਿਆਲੜਾ=ਪੂਛਾਂ ਵਾਲਾ, ਪਲਮਾ ਜ਼ੁਲਫਾਂ=ਜ਼ੁਲਫਾਂ ਖਿਲਾਰ ਕੇ, ਭਖ
ਰਹੀ=ਚਮਕਾਂ ਮਾਰਦੀ, ਅੱਲੀਆਂ=ਕਿਨਾਰੀਆਂ, ਜ਼ਰੀ=ਸੁਨਹਿਰੀ ਤਾਰਾਂ ਵਾਲੀ,
ਬਾਦਲਾ=ਚਾਂਦੀ ਰੰਗਾ, ਚੂੜੀਆਂ=ਇੱਕ ਭਾਂਤ ਦਾ ਧਾਰੀਦਾਰ ਕੱਪੜਾ, ਲਾਵਣ=
ਕੱਪੜੇ ਤੇ ਲੱਗੀ ਕੋਰ, ਖ਼ਾਤਰ ਤਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਨਾ ਸਮਝਣਾ,
ਮਥੈਲੀ=ਮਨਮੋਹਣੀ, ਅੜਤਣੇ ਪੜਤਣੇ ਪਾੜ ਸੁਟੂੰ=ਸਾਰੇ ਭੇਤ ਫੋਲ ਦੇਊਂ, ਖਦੇੜ
ਕੱਢਾਂ=ਕੁਟ ਕੁਟ ਕੇ ਭਜਾ ਦੇਣਾ)
ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ ਕਿਉਂ ਪਈ ਬਣਾਵਨੀ ਹੈਂ ।
ਭਲਾ ਜੀਊ ਕਿਉਂ ਭਰਮਾਵਨੀ ਹੈਂ, ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ ।
ਲੱਗੀ ਵੱਸ ਤੇ ਖੂਹ ਵਿਚ ਪਾਵਨੀ ਹੈਂ, ਸੜੇ ਕਾਂਦ ਕਿਉਂ ਲੂਤੀਆਂ ਲਾਵਨੀ ਹੈਂ ।
ਐਡੀ ਲਟਕਣੀ ਨਾਲ ਕਿਉਂ ਕਰੇਂ ਗੱਲਾਂ, ਸੈਦੇ ਨਾਲ ਨਿਕਾਹ ਪੜ੍ਹਾਵਨੀ ਹੈਂ ।
ਵਾਰਿਸ ਨਾਲ ਉਠ ਜਾ ਤੂੰ ਉੱਧਲੇ ਨੀ, ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ ।
(ਚਿੱਬੇ=ਵਿੰਗੇ ਟੇਢੇ, ਕਾਂਦ=ਅੰਗਾਰੀ, ਲੂਤੀ=ਅੱਗ)
ਸਹਿਤੀ ਨਾਲ ਲੌਂਡੀ ਹੱਥੀਂ ਪਕੜ ਮੋਲ੍ਹੇ, ਜੈਂਦੇ ਨਾਲ ਛੜੇਂਦੀਆਂ ਚਾਵਲੇ ਨੂੰ ।
ਗਿਰਦ ਆ ਭਵੀਆਂ ਵਾਂਗ ਜੋਗਣਾਂ ਦੇ, ਤਾਉ ਘੱਤਿਉ ਨੇ ਓਸ ਰਾਵਲੇ ਨੂੰ ।
ਖਪਰ ਸੇਲ੍ਹੀਆਂ ਤੋੜ ਕੇ ਗਿਰਦ ਹੋਈਆਂ, ਢਾਹ ਲਿਉ ਨੇ ਸੋਹਣੇ ਸਾਂਵਲੇ ਨੂੰ ।
ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ, ਬਾਹਰ ਕੁਟਿਉ ਨੇ ਲਟ-ਬਾਵਲੇ ਨੂੰ ।
ਘੜੀ ਘੜੀ ਵਲਾਇ ਕੇ ਵਾਰ ਕੀਤਾ, ਓਹਨਾਂ ਕੁੱਟਿਆ ਸੀ ਏਸ ਲਾਡਲੇ ਨੂੰ ।
ਵਾਰਿਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ, ਠੰਡਾ ਕੀਤੋ ਨੇ ਓਸ ਉਤਾਵਲੇ ਨੂੰ ।
(ਗਿਰਦ ਆਣ ਭਵੀਆਂ=ਆਲੇ ਦੁਆਲੇ ਘੁੰਮੀਆਂ,ਘੇਰ ਲਿਆ, ਉਤਾਵਲਾ=
ਜੋਸ਼ੀਲਾ, ਤੇਜ਼)
ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ, ਕਾਰੇ ਵੇਖ ਲੈ ਮੁੰਡੀਆਂ ਮੁੰਨੀਆਂ ਦੇ ।
ਨਿਕਲ ਝੁੱਟ ਕੀਤਾ ਸਹਿਤੀ ਰਾਵਲੇ ਤੇ, ਪਾਸੇ ਭਨ੍ਹਿਉਂ ਨੇ ਨਾਲ ਕੂਹਣੀਆਂ ਦੇ ।
ਜਟ ਮਾਰ ਮਧਾਣੀਆਂ ਫੇਹ ਸੁੱਟਿਆ, ਸਿਰ ਭੰਨਿਆਂ ਨਾਲ ਦਧੂਣੀਆਂ ਦੇ ।
ਢੋ ਕਟਕ ਹੁਸੈਨ ਖ਼ਾਨ ਨਾਲ ਲੜਿਆ, ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਦੇ ।
(ਕਟਕ ਢੋ ਕੇ=ਫ਼ੌਜ ਲਿਆ ਕੇ, ਹੁਸੈਨ ਖਾਂ…ਚੂਹਣੀਆਂ=ਨਵਾਬ ਹੁਸੈਨ ਖਾਂ
ਪੇਸ਼ਗੀ ਦੀ ਜੰਗ ਅਬਦਲ ਸਮਦ ਹਾਕਮ ਲਹੌਰ ਨਾਲ ਚੂਨੀਆਂ ਵਿੱਚ ਹੋਈ ਸੀ)
ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ, ਮਾਰੂ ਮਾਰਿਆ ਭੂਤ ਫ਼ਤੂਰ ਦੇ ਨੇ ।
ਵੇਖ ਪਰੀ ਦੇ ਨਾਲ ਖ਼ਮ ਮਾਰਿਆ ਈ, ਏਸ ਫ਼ਰੇਸ਼ਤੇ ਬੈਤ ਮਾਅਮੂਰ ਦੇ ਨੇ ।
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ ।
ਡੇਰਾ ਬਖਸ਼ੀ ਦਾ ਮਾਰ ਕੇ ਲੁੱਟ ਲੀਤਾ, ਪਾਈ ਫ਼ਤਹਿ ਪਠਾਣ ਕਸੂਰ ਦੇ ਨੇ ।
ਜਦੋਂ ਨਾਲ ਟਕੋਰ ਦੇ ਗਰਮ ਹੋਇਆ, ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ ।
ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ ।
(ਮਾਰੂ=ਐਲਾਨੇ ਜੰਗ ਦਾ ਨਗਾਰਾ, ਖ਼ਮ ਮਾਰਿਆ=ਥਾਪੀ ਮਾਰੀ, ਬੈਤ ਮਾਅਮੂਰ=
ਖ਼ਾਨਾ ਕਾਅਬਾ, ਫ਼ਤੂਰ ਦਾ ਭੂਤ=ਫਸਾਦ ਦਾ ਸ਼ੈਤਾਨ)
ਦੋਵੇਂ ਮਾਰ ਸਵਾਰੀਆਂ ਰਾਵਲੇ ਨੇ, ਪੰਜ ਸੱਤ ਫਾਹੁੜੀਆਂ ਲਾਈਆਂ ਸੂ ।
ਗੱਲਾਂ ਪੁੱਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ ।
ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ, ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ ।
ਖੋਹ ਚੂੰਡੀਆਂ ਗੱਲ੍ਹਾਂ ਤੇ ਮਾਰ ਹੁੱਜਾਂ, ਦੋ ਦੋ ਧੌਣ ਦੇ ਮੁੱਢ ਟਿਕਾਈਆਂ ਸੂ ।
ਜੇਹਾ ਰਿਛ ਕਲੰਦਰਾਂ ਘੋਲ ਪੌਂਦਾ, ਸੋਟੇ ਚੁਤੜੀਂ ਲਾ ਨਚਾਈਆਂ ਸੂ ।
ਗਿੱਟੇ ਲੱਕ ਠਕੋਰ ਕੇ ਪਕੜ ਤੱਗੋਂ, ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ ।
ਜੋਗੀ ਵਾਸਤੇ ਰਬ ਦੇ ਲੜੇ ਨਾਹੀਂ, ਹੀਰ ਅੰਦਰੋਂ ਆਖ ਛੁਡਾਈਆਂ ਸੂ ।
ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ, ਪੰਜ ਸੱਤ ਮੁਸ਼ਟੰਡੀਆਂ ਆ ਗਈਆਂ ।
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, ਦੋ ਦੋ ਅਲੀ-ਉਲ-ਹਿਸਾਬ ਟਿਕਾ ਗਈਆਂ ।
ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ, ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ ।
ਬਾਜ਼ ਤੋੜ ਕੇ ਤੁਆਮਿਉਂ ਲਾਹਿਉ ਨੇ, ਮਾਸ਼ੂਕ ਦੀ ਦੀਦ ਹਟਾ ਗਈਆਂ ।
ਧੱਕਾ ਦੇ ਕੇ ਸੱਟ ਪਲੱਟ ਉਸ ਨੂੰ, ਹੋੜਾ ਵੱਡਾ ਮਜ਼ਬੂਤ ਫਹਾ ਗਈਆਂ ।
ਸੂਬੇਦਾਰ ਤਗ਼ਈਅਰ ਕਰ ਕੱਢਿਉ ਨੇ, ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ ।
ਅੱਗੇ ਵੈਰ ਸੀ ਨਵਾਂ ਫਿਰ ਹੋਰ ਹੋਇਆ, ਵੇਖ ਭੜਕਦੀ ਤੇ ਭੜਕਾ ਗਈਆਂ ।
ਘਰੋਂ ਕੱਢ ਅਰੂੜੀ ਤੇ ਸੱਟਿਉ ਨੇ, ਬਹਿਸ਼ਤੋਂ ਕੱਢ ਕੇ ਦੋਜ਼ਖ਼ੇ ਪਾ ਗਈਆਂ ।
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ, ਕੋਈ ਜਾਦੂੜਾ ਘੋਲ ਪਿਵਾ ਗਈਆਂ ।
ਅੱਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ, ਉਤੋਂ ਨਵਾਂ ਪਸਾਰ ਬਣਾ ਗਈਆਂ ।
ਵਾਰਿਸ ਸ਼ਾਹ ਮੀਆਂ ਨਵਾਂ ਸਿਹਰ ਹੋਇਆ, ਪਰੀਆਂ ਜਿੰਨ ਫ਼ਰਿਸ਼ਤੇ ਨੂੰ ਲਾ ਗਈਆਂ ।
(ਤਾਕ ਚੜ੍ਹਾ ਗਈਆਂ=ਬੰਦ ਕਰ ਗਈਆਂ, ਤੁਅਮਾ=ਬਾਜ਼ ਨੂੰ ਸ਼ਿਕਾਰ ਲਈ ਤਿਆਰ
ਕਰਨ ਵਾਸਤੇ ਉਹਦੇ ਮੂੰਹ ਨੂੰ ਲਾਇਆ ਮਾਸ, ਫਹਾ ਗਈਆਂ=ਫਸਾ ਜਾਂ ਅੜਾ ਗਈਆਂ,
ਤਗ਼ਈਅਰ=ਬਦਲ ਕੇ, ਵਾਇਦਾ=ਮੁਸ਼ਕਿਲ,ਸਮੱਸਿਆ, ਅਰੂੜੀ=ਢੇਰ, ਸਿਹਰ=ਜਾਦੂ)
ਘਰੋਂ ਕੱਢਿਆ ਅਕਲ ਸ਼ਊਰ ਗਇਆ, ਆਦਮ ਜੰਨਤੋ ਕੱਢ ਹੈਰਾਨ ਕੀਤਾ ।
ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ, ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ ।
ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ, ਨਮਰੂਦ ਮੱਛਰ ਪਰੇਸ਼ਾਨ ਕੀਤਾ ।
ਵਾਰਿਸ ਸ਼ਾਹ ਹੈਰਾਨ ਹੋ ਰਹਿਆ ਜੋਗੀ, ਜਿਵੇਂ ਨੂਹ ਹੈਰਾਨ ਤੂਫ਼ਾਨ ਕੀਤਾ ।
(ਅਕਲ ਸ਼ਊਰ ਗਿਆ=ਮਤ ਮਾਰੀ ਗਈ, ਰਦ ਕਰ ਦਿੱਤਾ=ਨਾਪਸੰਦ ਕਰ
ਦਿੱਤਾ, ਸ਼ੱਦਾਦ=ਆਦ ਕੌਮ ਦਾ ਇੱਕ ਬਾਦਸ਼ਾਹ, ਨਮਰੂਦ=ਹਜ਼ਰਤ ਮੂਸਾ ਦੇ
ਸਮੇਂ ਦਾ ਬਾਦਸ਼ਾਹ ਇਸ ਨੇ ਵੀ ਰੱਬ ਹੋਣ ਦਾ ਦਾਅਵਾ ਕੀਤਾ ਸੀ ।ਇਸ ਨੇ
ਇਬਰਾਹੀਮ ਨੂੰ ਅੱਗ ਵਿੱਚ ਸੁੱਟਿਆ ਪਰ ਅੱਗ ਰਬ ਦੇ ਹੁਕਮ ਨਾਲ ਗੁਲਜ਼ਾਰ
ਬਣ ਗਈ । ਇੱਕ ਮੱਛਰ ਦੇ ਨਾਸ ਵਿੱਚ ਵੜ ਜਾਣ ਨਾਲ ਇਹਦੀ ਮੌਤ ਹੋਈ)
ਹੀਰ ਚੁਪ ਬੈਠੀ ਅਸੀਂ ਕੁਟ ਕੱਢੇ, ਸਾਡਾ ਵਾਹ ਪਿਆ ਨਾਲ ਡੋਰਿਆਂ ਦੇ ।
ਉਹ ਵੇਲੜਾ ਹੱਥ ਨਾ ਆਂਵਦਾ ਹੈ, ਲੋਕ ਦੇ ਰਹੇ ਲਖ ਢੰਡੋਰਿਆਂ ਦੇ ।
ਇੱਕ ਰੰਨ ਗਈ ਦੂਆ ਆਉਣ ਗਿਆ, ਲੋਕ ਸਾੜਦੇ ਨਾਲ ਨਿਹੋਰਿਆਂ ਦੇ ।
ਨੂੰਹਾਂ ਰਾਜਿਆਂ ਤੇ ਰੰਨਾਂ ਡਾਢਿਆਂ ਦੀਆਂ, ਕੀਕੂੰ ਹੱਥ ਆਵਣ ਨਾਲ ਜ਼ੋਰਿਆਂ ਦੇ ।
ਅਸਾਂ ਮੰਗਿਆ ਉਨ੍ਹਾਂ ਨਾਂ ਖ਼ੈਰ ਕੀਤਾ, ਮੈਨੂੰ ਮਾਰਿਆ ਨਾਲ ਫਹੌੜਿਆਂ ਦੇ ।
ਵਾਰਿਸ ਜ਼ੋਰ ਜ਼ਰ ਜ਼ਾਰੀਆਂ ਯਾਰੀਆਂ ਦੇ, ਸਾਏ ਜ਼ਰਾਂ ਤੇ ਨਾ ਕਮਜ਼ੋਰਿਆ ਦੇ ।
(ਡੋਰਾ=ਬੋਲਾ,ਜਿਹਨੂੰ ਉੱਚਾ ਸੁਣੇ, ਜ਼ੋਰੀ=ਤਾਕਤ)
ਧੂੰਆਂ ਹੂੰਝਦਾ ਰੋਇਕੇ ਢਾਹ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ ।
ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ ।
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ, ਸਾਥ ਫ਼ਜ਼ਲ ਦਾ ਲੱਦ ਕੇ ਮੋੜਿਉ ਕਿਉਂ ।
ਵਾਰਿਸ ਸ਼ਾਹ ਇਬਾਦਤਾਂ ਛਡ ਕੇ ਤੇ, ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ ।
(ਢਾਹ=ਧਾਹ)
ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ, ਸਭ ਡੰਡੀਆਂ ਗ਼ਮਾਂ ਨੇ ਮੱਲੀਆਂ ਨੇ ।
ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ ।
ਜਿੱਥੇ ਸ਼ੀਂਹ ਬੁੱਕਣ ਸ਼ੂਕਣ ਨਾਗ ਕਾਲੇ, ਬਘਿਆੜ ਘੱਤਣ ਨਿਤ ਜੱਲੀਆਂ ਨੇ ।
ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਢੀ, ਤੇਗਾਂ ਵੱਜੀਆਂ ਆਣ ਅਵੱਲੀਆਂ ਨੇ ।
ਕੀਤੀਆਂ ਮਿਹਨਤਾਂ ਵਾਰਿਸਾ ਦੁਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਿਚੱਲੀਆਂ ਨੇ ।
(ਤਾਂਘ=ਖਾਹਿਸ਼,ਅਰਮਾਨ, ਜੱਲੀਆਂ ਘੱਤਣ=ਚਾਂਭੜਾਂ ਪਾਉਂਦੇ)
ਰੋਂਦਾ ਕਾਸਨੂੰ ਬੀਰ ਬੈਤਾਲੀਆ ਵੇ, ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ ।
ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁਖ ਤਾਪ ਮੀਆਂ ।
ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ ।
ਜ਼ੋਰ ਆਪਣਾ ਫ਼ਕਰ ਨੂੰ ਯਾਦ ਆਇਆ, ਬਾਲਨਾਥ ਮੇਰਾ ਗੁਰੂ ਬਾਪ ਮੀਆਂ ।
ਵਾਰਿਸ ਸ਼ਾਹ ਭੁਖਾ ਬੂਹੇ ਰੋਏ ਬੈਠਾ, ਦੇਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ ।
ਕਰਾਮਾਤ ਜਗਾਇ ਕੇ ਸਿਹਰ ਫੂਕਾਂ, ਜੜ੍ਹ ਖੇੜਿਆਂ ਦੀ ਮੁਢੋਂ ਪੱਟ ਸੁੱਟਾਂ ।
ਫ਼ੌਜਦਾਰ ਨਾਹੀਂ ਪਕੜ ਕਵਾਰੜੀ ਨੂੰ, ਹੱਥ ਪੈਰ ਤੇ ਨੱਕ ਕੰਨ ਕੱਟ ਸੁੱਟਾਂ ।
ਨਾਲ ਫ਼ੌਜ ਨਾਹੀਂ ਦਿਆਂ ਫੂਕ ਅੱਗਾਂ, ਕਰ ਮੁਲਕ ਨੂੰ ਚੌੜ ਚੁਪੱਟ ਸੁੱਟਾਂ ।
‘ਅਲਮਾਤਰਾ ਕੈਫ਼ਾ ਬੁਦੂ ਕੱਹਾਰ’ ਪੜ੍ਹ ਕੇ, ਨਈਂ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ ।
ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ, ਵਾਂਗ ਟਾਟ ਦੀ ਤਪੜੀ ਛੱਟ ਸੁਟਾਂ ।
ਪੰਜ ਪੀਰ ਜੇ ਬਹੁੜਨ ਆਣ ਮੈਨੂੰ, ਦੁਖ ਦਰਦ ਕਜੀਅੜੇ ਕੱਟ ਸੱਟਾਂ ।
ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ, ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ ।
ਜਟ ਵਟ ਤੇ ਪਟ ਤੇ ਫਟ ਬੱਧੇ, ਵਰ ਦੇਣ ਸਿਆਣਿਆਂ ਸੱਤ ਸੁਟਾਂ ।
ਪਾਰ ਹੋਵੇ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ ।
ਵਾਰਿਸ ਸ਼ਾਹ ਮਾਸ਼ੂਕ ਜੇ ਮਿਲੇ ਖ਼ਿਲਵਤ, ਸਭ ਜੀਊ ਦੇ ਦੁਖ ਉਲੱਟ ਸੁੱਟਾਂ ।
(ਸਿਹਰ ਫੂਕਾਂ=ਜਾਦੂ ਕਰਾਂ, ਅਲਮਾਤਰਾ ਕੈਫ਼ਾ=ਸੂਰਾ ਫ਼ੀਲ
ਜਿਸ ਵਿੱਚ ਅਬਰਹਿ ਦੇ ਹਾਥੀਆਂ ਤੇ ਅਬਾਬੀਲਾਂ ਦੇ ਲਸ਼ਕਰ ਵੱਲੋਂ ਹਮਲੇ
ਦਾ ਵਰਣਨ ਹੈ ।ਆਬਬੀਲਾਂ ਨੇ ਕੰਕਰੀਆਂ ਮਾਰ ਮਾਰ ਕੇ ਹਾਥੀਆਂ ਦਾ
ਕਚੂਮਰ ਕੱਢ ਦਿੱਤਾ, ਬੁਦੂ ਕੱਹਾਰ=ਇਹ ਇੱਕ ਜਲਾਲੀ ਅਮਲ ਹੈ ਜਿਹੜਾ
ਵੈਰੀ ਉਤੇ ਗ਼ਾਲਬ ਆਉਣ ਲਈ ਪੜ੍ਹਿਆ ਜਾਂਦਾ ਹੈ, ਨਈਂ ਵਹਿੰਦੀਆਂ=
ਵਗਦੀਆਂ ਨਦੀਆਂ ਨੂੰ ਅੱਖ ਦੇ ਫੋਰੇ ਵਿੱਚ ਸੁਕਾ ਕੇ ਉਨ੍ਹਾਂ ਨੂੰ ਮਿੱਟੀ ਨਾਲ
ਭਰ ਦੇਵਾਂ, ਕਜੀਅੜੇ=ਕਜ਼ੀਏ, ਝੱਟ ਸੁੱਟਾਂ=ਖ਼ਾਲੀ ਕਰ ਦੇਵਾਂ)