ਹੀਰ ਵਾਰਿਸ ਸ਼ਾਹ (ਭਾਗ-5)
ਦਿਲ ਫ਼ਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਊ ਗ਼ੋਤੇ ਲਖ ਖਾਇ ਬੈਠਾ ।
ਸੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ, ਕਾਲੇ ਬਾਗ਼ ਵਿਚ ਢੇਰ ਮਚਾਇ ਬੈਠਾ ।
ਅਖੀਂ ਮੀਟ ਕੇ ਰਬ ਧਿਆਨ ਧਰ ਕੇ, ਚਾਰੋਂ ਤਰਫ਼ ਹੈ ਧੂੰਨੜਾ ਲਾਇ ਬੈਠਾ ।
ਵਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ, ਉੱਥੇ ਵਲਗਣਾਂ ਖ਼ੂਬ ਬਣਾਇ ਬੈਠਾ ।
ਅਸਾਂ ਕੱਚ ਕੀਤਾ ਰੱਬ ਸਚ ਕਰਸੀ, ਇਹ ਆਖ ਕੇ ਵੈਲ ਜਗਾਇ ਬੈਠਾ ।
ਭੜਕੀ ਅੱਗ ਜਾਂ ਤਾਉਣੀ ਤਾਉ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾਇ ਬੈਠਾ ।
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ, ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ ।
ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਈ, ਜਿਸ ਵੇਲੜੇ ਅੱਖੀਆਂ ਲਾਇ ਬੈਠਾ ।
(ਸੱਥੋਂ=ਸਥ ਵਿੱਚੋਂ, ਧੂੰਨੜਾ=ਧੂੰਆਂ, ਵੈਲ=ਐਬ, ਅਹਿਦੀ=ਪਿਆਦਾ,
ਤਾਉਨੀ=ਭੱਠੀ)
ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਘੱਤੇ ਜੱਲੀਆਂ ਚਿੱਲੇ ਵਿੱਚ ਹੋਇ ਰਹਿਆ ।
ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨੇ ਰਾਤ ਖ਼ੁਦਾਇ ਥੇ ਰੋਇ ਰਹਿਆ ।
ਵਿੱਚ ਯਾਦ ਖ਼ੁਦਾਇ ਦੀ ਮਹਿਵ ਰਹਿੰਦਾ, ਕਦੀ ਬੈਠ ਰਹਿਆ ਕਦੀ ਸੋਇ ਰਹਿਆ ।
ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ ।
(ਮਹਿਵ=ਲੱਗਾ ਹੋਇਆ)
ਨਿਉਲੀ ਕਰਮ ਕਰਦਾ ਕਦੀ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਹਿਆ ।
ਕਦੀ ਨਖੀ ਤਪ ਸ਼ਾਮ ਤਪ ਪੌਣ ਭਖੀ, ਸਦਾ-ਬਰਤ ਨੇਮੀ ਚਿੱਤ ਲਾਇ ਰਹਿਆ ।
ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੀ ਜੋਗ ਜਤੀ ਚਿਤ ਲਾਇ ਰਹਿਆ ।
ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ, ਅਲਫ ਸਿਆਹ ਮੱਥੇ ਉੱਤੇ ਲਾਇ ਰਹਿਆ ।
ਆਵਾਜ਼ ਆਇਆ ਬੱਚਾ ਰਾਂਝਣਾ ਵੋ, ਤੇਰਾ ਸੁਬ੍ਹਾ ਮੁਕਾਬਲਾ ਆਇ ਰਹਿਆ ।
(ਨਖੀ ਤਪ=ਸਰੀਰ ਦਾ ਸਾਰਾ ਭਾਰ ਹੱਥਾਂ ਅਤੇ ਪੈਰਾਂ ਦੇ ਪੰਜਿਆਂ ਤੇ ਪਾਉਣਾ,
ਪੌਣ ਭੱਖੀ=ਅਪਣੇ ਅੰਦਰ ਸਾਫ਼ ਹਵਾ ਖਿਚਣਾ ਅਤੇ ਗੰਦੀ ਹਵਾ ਬਾਹਰ ਕੱਢਣਾ,
ਨਿਉਲੀ ਕਰਮ=ਯੋਗ ਅਭਿਆਸ ਵਿੱਚ ਛੇ ਕਰਮ ਹਨ: 1. ਨਿਉਲੀ ਕਰਮ, 2
ਨੇਤੀ ਕਰਮ, 3. ਧੇਤੀ ਕਰਮ, 4. ਦਸਤੀ ਕਰਮ, 5. ਤਰਾਟਕ, 6 ਕਪਾਲ ਭਾਤੀ,
ਅਰਧ ਤਪ=ਆਕਾਸ਼ ਵਲ ਮੂੰਹ ਕਰਕੇ ਬਾਹਾਂ ਖੜੀਆਂ ਕਰਕੇ ਕੀਤੀ ਹੋਈ ਕਸਰਤ,
ਗਰਾਸ=ਬੁਰਕੀ, ਮਕਜ਼ੂਬ=ਰਬ ਦੀ ਯਾਦ ਵਿੱਚ ਡੁਬਾ ਹੋਇਆ)
ਰੋਜ਼ ਜੁੰਮੇ ਦੇ ਤ੍ਰਿੰਞਣਾਂ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ ।
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ, ਫਿਰਨ ਘੋੜੇ ਤੇ ਰੱਬ ਮਹੇਲੀਆਂ ਦੇ ।
ਵਾਂਗ ਸ਼ਾਹ ਪਰੀਆਂ ਛਣਾਂ ਛਣ ਛਣਕਣ, ਵੱਡੇ ਤ੍ਰਿੰਞਣ ਨਾਲ ਸਹੇਲੀਆਂ ਦੇ ।
ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਬ ਗਹੇਲੀਆਂ ਦੇ ।
ਵੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ ।
ਵਾਰਿਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ ।
(ਧੂੜ ਘੱਤੀ=ਧੂੜ ਪੱਟੀ, ਅਰਬੇਲੀਆਂ=ਮੁਟਿਆਰਾਂ, ਪਾਸਣੇ ਛੁਟਣਾ=ਦੌੜ
ਆਰੰਭ ਕਰਨਾ, ਮਹਿਕਾਰ=ਮਹਿਕ, ਉਸ਼ਨਾਕ=ਸ਼ੌਕ ਵਾਲੇ)
ਧੂੰਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸੇਲ੍ਹੀਆਂ ਭੰਗ ਖਿਲਾਰੀਆਂ ਨੇ ।
ਡੰਡਾ ਕੂੰਡਾ ਭੰਗ ਅਫੀਮ ਕੋਹੀ, ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ ।
ਧੂੰਆਂ ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ ।
ਸਾਫ਼ਾ ਸੰਗਲੀ ਚਿਮਟਾ ਭੰਗ ਕੱਕੜ, ਨਾਦ ਸਿਮਰਨਾ ਧੂਪ ਖਿਲਾਰੀਆਂ ਨੇ ।
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ, ਬਾਹਰ ਸੁੱਟਿਆ ਕੱਢ ਪਸਾਰੀਆਂ ਨੇ ।
ਕਰਨ ਹਲੂ ਹਲੂ ਤੇ ਮਾਰ ਹੇਕਾਂ, ਦੇਣ ਧੀਰੀਆਂ ਤੇ ਖਿੱਲੀ ਮਾਰੀਆਂ ਨੇ ।
ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜੀਆਂ ਨੇ ।
(ਕੋਹੀ=ਇੱਕ ਨਸ਼ੇ ਵਾਲੀ ਬੂਟੀ, ਗਾਹ ਘਤਣਾ=ਗਾਹੁਣਾ, ਸਾਫ਼ਾ=ਸਾਫ਼ੀ,
ਕੱਕੜ=ਕੱਚਾ ਤਮਾਖੂ, ਸਿਮਰਨਾ=ਮਾਲਾ, ਬੁਹਾਰ=ਬੁਹਾਰੀ ਨਾਲ ਹੂੰਝ ਕੇ,
ਧੂਫ਼=ਅਗਰ ਬੱਤੀ, ਹਲੂ ਹਲੂ=ਇਕੱਠੀਆਂ ਹੋ ਕੇ ਜੈਕਾਰੇ ਆਦਿ ਛੱਡਣੇ,
ਦਲਾਂ=ਸਿੱਖ ਫ਼ੌਜਾਂ)
ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ਬਖੂਨ ਤੇ ਤਿਆਰ ਹੋ ਸੱਜਿਆ ਈ ।
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ, ਉਠ ਬੋਤੀਆਂ ਦੇ ਮਨ੍ਹੇ ਗੱਜਿਆ ਈ ।
ਸਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆਇ ਸੋਇਨ ਚਿੜੀ ਉਤੇ ਵੱਜਿਆ ਈ ।
ਹਾਇ ਹਾਇ ਮਾ-ਮੁੰਡੀਏ ਜਾਹ ਨਾਹੀਂ, ਪਰੀ ਵੇਖ ਅਵਧੂਤ ਨਾ ਲੱਜਿਆ ਈ ।
ਨੰਗੀ ਹੋ ਨੱਠੀ ਸੱਟ ਸਤਰ ਜ਼ੇਵਰ, ਸੱਭਾ ਜਾਨ ਭਿਆਣੀਆਂ ਤੱਜਿਆ ਈ ।
ਮਲਕੁਲਮੌਤ ਅਜ਼ਾਬ ਦੇ ਕਰੇ ਨੰਗੀ, ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ ।
ਉਤੋਂ ਨਾਦ ਵਜਾਇਕੇ ਕਰੇ ਨਾਹਰਾ, ਅਖੀਂ ਲਾਲ ਕਰਕੇ ਮੂੰਹ ਟੱਡਿਆ ਈ ।
ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ ।
(ਮੋਰਚੇ ਤੰਗ ਢੁੱਕੇ=ਮੋਰਚੇ ਨੇੜੇ ਲੱਗੇ, ਸ਼ਬਖੂਨ=ਰਾਤ ਵੇਲੇ ਚੋਰੀ ਹਮਲਾ ਕਰਨਾ,
ਥੜਾ=ਚੋਰ ਫੜਣ ਲਈ ਜਾਂ ਦੁਸ਼ਮਣ ਦੇ ਰਾਹ ਵਿੱਚ ਹਥਿਆਰਬੰਦ ਆਦਮੀਆਂ ਦਾ
ਲੁਕ ਕੇ ਬੈਠਣਾ, ਅਵਧੂਤ=ਬਿਭੂਤ ਮਲਣ ਵਾਲਾ ਨੰਗਾ ਸਾਧੂ, ਜਾਨ ਭਿਆਣੀ=
ਆਪਣੀ ਬੱਚਤ ਲਈ ਘਬਰਾਈ ਹੋਈ, ਮਲਕੁਲਮੌਤ=ਮੌਤ ਦਾ ਫ਼ਰਿਸ਼ਤਾ,ਜਮਦੂਤ,
ਅਜ਼ਾਬ=ਦੁਖ, ਪਰੀ ਪਕੜੀ=ਕੁੜੀ ਫੜ ਲਈ, ਹਸ਼ਰ ਦਾ ਸੂਰ=ਕਿਆਮਤ ਦਾ ਨਾਦ)
ਕੁੜੀ ਆਖਿਆ ਮਾਰ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ ।
ਲੱਗੇ ਫਾਹੁੜੀ ਬਾਹੁੜੀ ਮਰਾਂ ਜਾਨੋਂ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ ।
ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ ।
ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ, ਇੱਕਸ ਲਤ ਲੱਗੇ ਮਰ ਜਾਨੀਆਂ ਵੇ ।
ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇਹੜਾ ਜਾਨੀਆਂ ਵੇ ।
ਮੇਰੀ ਤਾਈ ਹੈ ਜਿਹੜੀ ਤੁੱਧ ਬੇਲਣ, ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ ।
ਤੇਰੇ ਵਾਸਤੇ ਓਸਦੀ ਕਰਾਂ ਮਿੰਨਤ, ਜਾਇ ਹੀਰ ਅੱਗੇ ਟਟਿਆਨੀਆਂ ਵੇ ।
ਵਾਰਿਸ ਆਖ ਕੀਕੂੰ ਆਖਾਂ ਜਾਇ ਉਸ ਨੂੰ, ਅਵੇ ਇਸ਼ਕ ਦੇ ਕੰਮ ਦਿਆ ਬਾਨੀਆਂ ਵੇ ।
(ਇੱਕਸ=ਇੱਕੋਬੇਲਣ=ਸਹੇਲੀ, ਟਟਿਆਨੀਆਂ=ਟਟ੍ਹੀਰੀ ਦੀ ਅਵਾਜ਼ ਵਾਂਗ ਤਰਲਾ)
ਜਾਇ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ ।
ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ, ਉਹ ਘੱਤ ਮਜੀਠ ਗ਼ਮ ਲਾਲ ਕੀਤੋ ।
ਦਾਨਾ ਬੇਗ ਦੇ ਮਗਰ ਜਿਉਂ ਪਏ ਗ਼ਿਲਜ਼ੀ ਡੇਰਾ, ਲੁੱਟ ਕੇ ਚਾਇ ਕੰਗਾਲ ਕੀਤੋ ।
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ, ਚਾਇ ਅੰਦਰੋਂ ਬਾਹਰੋਂ ਲਾਲ ਕੀਤੋ ।
ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ, ਪੱਟ ਪੱਟ ਕੇ ਚੱਕ ਦਾ ਤਾਲ ਕੀਤੋ ।
ਚਿਹਰੀਂ ਸ਼ਾਦ ਬਹਾਲੀਆਂ ਖੇੜਿਆਂ ਨੂੰ, ਬਰਤਰਫ਼ੀਆਂ ਤੇ ਮਹੀਂਵਾਲ ਕੀਤੋ ।
ਫ਼ਤਿਹਾਬਾਦ ਚਾਇ ਦਿਤੀਆ ਖੇੜਿਆਂ ਨੂੰ, ਭਾਰਾ ਰਾਂਝਣੇ ਦੇ ਵੈਰੋਵਾਲ ਕੀਤੋ ।
ਛੱਡ ਨੱਠੀ ਏ ਸਿਆਲ ਤੇ ਮਹੀਂ ਮਾਹੀ, ਵਿੱਚ ਖੇੜਿਆਂ ਦੇ ਆਇ ਜਾਲ ਕੀਤੋ ।
ਜਾਂ ਮੈਂ ਗਿਆ ਵਿਹੜੇ ਸਹਿਤੀ ਨਾਲ ਰਲ ਕੇ, ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ ।
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ, ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ ।
ਭਲੇ ਚੌਧਰੀ ਦਾ ਪੁਤ ਚਾਕ ਹੋਇਆ, ਚਾਇ ਜਗ ਉੱਤੇ ਮਹੀਂਵਾਲ ਕੀਤੋ ।
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ, ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ ।
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ, ਵਾਰਿਸ ਸ਼ਾਹ ਫ਼ਕੀਰ ਨਿਹਾਲ ਕੀਤੋ ।
(ਦੀਨਾ ਬੇਗ=ਅਹਿਮਦ ਸ਼ਾਹ ਅਬਦਾਲੀ ਨੇ 1762-63 ਵਿੱਚ ਪੰਜਾਬ ਤੇ
ਹਮਲਾ ਕੀਤਾ ਅਤੇ ਬਹੁਤ ਤਬਾਹੀ ਕੀਤੀ ਸੀ, ਤਿਲਾ ਕੁੰਦ=ਝੂਠਾ ਸੋਨਾ,
ਚਿਹਰੀਂ ਸ਼ਾਦ ਬਹਾਲੀਆਂ=ਖੇੜਿਆਂ ਦੀ ਆਸਾਮੀ ਨੂੰ ਬਹਾਲ ਅਤੇ ਮੰਨ ਲਿਆ
ਹੈ ਤੇ ਮੱਝਾਂ ਚਾਰਨ ਵਾਲੇ ਨੂੰ ਹਟਾ ਦਿੱਤਾ ਹੈ ।ਅਜਿਹੇ ਸਮੇਂ ਖੇੜਿਆਂ ਦੇ ਚਿਹਰੇ
ਤੇ ਖ਼ੁਸ਼ੀਆਂ, ਫ਼ਤਿਹਾਬਾਦ ਅਤੇ ਵੈਰੋਵਾਲ ਸਤਲੁਜ ਨਦੀ ਦੇ ਕੰਢੇ ਦੋ ਪਿੰਡ ਹਨ।
ਵਾਰਿਸ ਨੇ ਦੋਨਾਂ ਪਿੰਡਾਂ ਦਾ ਜ਼ਿਕਰ ਚਿੰਨ੍ਹਾਤਮਕ ਤੌਰ ਤੇ ਕੀਤਾ ਹੈ ।ਖੇੜਿਆਂ ਦੇ
ਹੱਥ ‘ਫ਼ਤਹਿ’ ਭਾਵ ਜਿੱਤ ਅਤੇ ਰਾਂਝੇ ਦੇ ਹਿੱਸੇ ‘ਵੈਰ’ ਆਇਆ, ਥਰਕੇ=ਕੰਬੇ)
ਕੁੜੀ ਆਪਣਾ ਆਪ ਛੁੜਾ ਨੱਠੀ, ਤੀਰ ਗ਼ਜ਼ਬ ਦਾ ਜੀਊ ਵਿੱਚ ਕੱਸਿਆ ਈ ।
ਸਹਿਜੇ ਆ ਕੇ ਹੀਰ ਦੇ ਕੋਲ ਬਹਿ ਕੇ, ਹਾਲ ਓਸ ਨੂੰ ਖੋਲ੍ਹ ਕੇ ਦੱਸਿਆ ਈ ।
ਛਡ ਨੰਗ ਨਾਮੂਸ ਫ਼ਕੀਰ ਹੋਇਆ, ਰਹੇ ਰੋਂਦੜਾ ਕਦੀ ਨਾ ਹੱਸਿਆ ਈ ।
ਏਸ ਹੁਸਨ ਕਮਾਨ ਨੂੰ ਹੱਥ ਫੜਕੇ, ਆ ਕਹਿਰ ਦਾ ਤੀਰ ਕਿਉਂ ਕੱਸਿਆ ਈ ।
ਘਰੋਂ ਮਾਰ ਕੇ ਮੁਹਲਿਆਂ ਕਢਿਆ ਈ, ਜਾ ਕੇ ਕਾਲੜੇ ਬਾਗ਼ ਵਿੱਚ ਵੱਸਿਆ ਈ ।
ਵਾਰਿਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ, ਨੀਰ ਓਸ ਦੇ ਨੈਣਾਂ ਥੀਂ ਵੱਸਿਆ ਈ ।
(ਕਹਿਰ ਦਾ ਤੀਰ ਕੱਸਿਆ=ਕਹਿਰ ਕੀਤਾ)
ਕੁੜੀਏ ਵੇਖ ਰੰਝੇਟੜੇ ਕੱਚ ਕੀਤਾ, ਖੋਲ੍ਹ ਜੀਊ ਦਾ ਭੇਤ ਪਸਾਰਿਉ ਨੇ ।
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਉਸ ਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇ ।
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ, ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ ।
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ, ਐਵੇਂ ਬੋਲਣੋਂ ਅਗਨ ਸੰਘਾਰਿਉ ਨੇ ।
ਯੂਸਫ਼ ਬੋਲ ਕੇ ਬਾਪ ਤੇ ਖ਼ਾਬ ਦੱਸੀ, ਉਸ ਨੂੰ ਖੂਹ ਦੇ ਵਿੱਚ ਉਤਾਰਿਉ ਨੇ ।
ਵਾਰਿਸ ਸ਼ਾਹ ਕਾਰੂੰ ਨੂੰ ਸਣੇ ਦੌਲਤ, ਹੇਠ ਜ਼ਿਮੀਂ ਦੇ ਚਾਇ ਨਿਘਾਰਿਉ ਨੇ ।
(ਭੇਤ ਪਸਾਰਨਾ=ਭੇਤ ਦੱਸ ਦੇਣਾ, ਸੰਘਾਰਿਉ=ਮਾਰਿਆ ਗਿਆ)
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ, ਜਦੋਂ ਉਸ ਦਾ ਜੀਊ ਤੂੰ ਖੱਸਿਆ ਸੀ ।
ਉਹਦੀ ਨਜ਼ਰ ਦੇ ਸਾਮ੍ਹਣੇ ਖੇਡਦੀ ਸੈਂ, ਮੁਲਕ ਓਸ ਦੇ ਬਾਬ ਦਾ ਵੱਸਿਆ ਸੀ ।
ਆ ਸਾਹੁਰੇ ਵਹੁਟੜੀ ਹੋਇ ਬੈਠੀ, ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ ।
ਆਇਆ ਹੋ ਫ਼ਕੀਰ ਤਾਂ ਲੜੇ ਸਹਿਤੀ, ਗੜਾ ਕਹਿਰ ਦਾ ਓਸ ਤੇ ਵੱਸਿਆ ਸੀ ।
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ, ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ ।
ਪਿੱਛਾ ਦੇ ਨਾ ਮਾੜਿਆਂ ਜਾਣ ਕੇ ਨੀ, ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ ।
ਡੋਲੀ ਚੜ੍ਹੀ ਤਾਂ ਯਾਰ ਤੋਂ ਛੁੱਟ ਪਈਏਂ, ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ ।
ਜਦੋਂ ਮਹੀਂ ਨੂੰ ਕੂਚ ਦਾ ਹੁਕਮ ਕੀਤਾ, ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ ।
ਜਦੋਂ ਰੂਹ ਇਕਰਾਰ ਇਖ਼ਰਾਜ ਕੀਤਾ, ਤਦੋਂ ਜਾਇ ਕਲਬੂਤ ਵਿੱਚ ਧੱਸਿਆ ਸੀ ।
ਜਿਹੜੇ ਨਿਵੇਂ ਸੋ ਉਹ ਹਜ਼ੂਰ ਹੋਏ, ਵਾਰਿਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ ।
(ਖੱਸਿਆ=ਲੁੱਟਿਆ, ਬਾਬ ਦਾ=ਭਾ ਦਾ, ਗੜਾ=ਅਹਿਣ, ਤੰਗ ਤੋਬਰਾ ਕੱਸਣਾ=
ਘੋੜੇ ਨੂੰ ਸਵਾਰੀ ਲਈ ਤਿਆਰ ਕਰਨਾ, ਨਫ਼ਰ=ਨੌਕਰ, ਇਖ਼ਰਾਜ=ਖ਼ਾਰਜ ਹੋਣਾ,
ਨਿਕਲ ਜਾਣਾ, ਨਿਵੇਂ=ਝੁਕੇ)
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ, ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ ।
ਨੈਣਾਂ ਤੇਰਿਆਂ ਜੱਟ ਨੂੰ ਕਤਲ ਕੀਤਾ, ਚਾਕ ਹੋਇਕੇ ਖੋਲ੍ਹੀਆਂ ਚਾਰ ਰਹਿਆ ।
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ, ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ ।
ਅੰਤ ਕੰਨ ਪੜਾ ਫ਼ਕੀਰ ਹੋਇਆ, ਘਤ ਮੁੰਦਰਾਂ ਵਿੱਚ ਉਜਾੜ ਰਹਿਆ ।
ਓਸ ਵਤਨ ਨਾ ਮਿਲੇ ਤੂੰ ਸਤਰਖ਼ਾਨੇ, ਥੱਕ ਹੁੱਟ ਕੇ ਅੰਤ ਨੂੰ ਹਾਰ ਰਹਿਆ ।
ਤੈਨੂੰ ਚਾਕ ਦੀ ਆਖਦਾ ਜਗ ਸਾਰਾ, ਇਵੇਂ ਓਸ ਨੂੰ ਮਿਹਣੇ ਮਾਰ ਰਹਿਆ ।
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ, ਉਹ ਨਫ਼ਸ ਤੇ ਹਿਰਸ ਨੂੰ ਮਾਰ ਰਹਿਆ ।
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ, ਵਾਰਿਸ ਵਿੱਚ ਡੁੱਬਾ ਇੱਕੇ ਪਾਰ ਰਹਿਆ ।
(ਥੱਕ ਹੁਟ=ਥੱਕ ਟੁੱਟ ਕੇ, ਤਵੱਕਲੀ=ਵਾਰਿਸ ਨੇ ਤੁਵੱਕਲੀ ਦਾ ਪੰਜਾਬੀਕਰਣ
ਕੀਤਾ ਹੈ, ਭਰੋਸੇ ਨਾਲ, ਸ਼ਕਰ ਗੰਜ ਮਸਊਦ=ਬਾਬਾ ਫਰੀਦ ਨੂੰ ਸ਼ਕਰਗੰਜ ਦੇ
ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਭਗਤੀ ਅਤੇ ਰਿਆਜ਼ਤ
ਬਾਰੇ ਬਹੁਤ ਕਹਾਣੀਆਂ ਮਸ਼ਹੂਰ ਹਨ ।ਉਹ ਰੱਬ ਦੀ ਯਾਦ ਵਿੱਚ ਸੁੱਕ ਕੇ
ਪਿੰਜਰ ਹੋ ਗਏ ਸਨ)
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ, ਜਾ ਲਾ ਲੈ ਜ਼ੋਰ ਜੋ ਲਾਵਣਾ ਈ ।
ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ, ਚਾਰ ਚਸ਼ਮ ਦਾ ਕਟਕ ਲੜਾਵਣਾ ਈ ।
ਲਖ ਜ਼ੋਰ ਤੂੰ ਲਾ ਜੋ ਲਾਵਣਾ ਈ, ਅਸਾਂ ਬੱਧਿਆਂ ਬਾਝ ਨਾ ਆਵਣਾ ਈ ।
ਸੁਰਮਾ ਅੱਖੀਆਂ ਦੇ ਵਿੱਚ ਪਾਵਣਾ ਈ, ਅਸਾਂ ਵੱਡਾ ਕਮੰਦ ਪਵਾਵਣਾ ਈ ।
ਰੁਖ਼ ਦੇ ਕੇ ਯਾਰ ਭਤਾਰ ਤਾਈਂ, ਸੈਦਾ ਰਾਂਝੇ ਦੇ ਨਾਲ ਲੜਾਵਣਾ ਈ ।
ਠੰਢਾ ਹੋਏ ਬੈਠਾ ਸੈਦਾ ਵਾਂਗ ਦਹਿਸਰ, ਸੋਹਣੀ ਲੰਕ ਨੂੰ ਓਸ ਲੁਟਾਵਣਾ ਈ ।
ਰਾਂਝੇ ਕੰਨ ਪੜਾਇਕੇ ਜੋਗ ਲੀਤਾ, ਅਸਾਂ ਇਸ਼ਕ ਦਾ ਜੋਗ ਲੈ ਲਾਵਣਾ ਈ ।
ਵਾਰਿਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ, ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ ।
(ਚਾਰ ਚਸ਼ਮ=ਅੱਖਾਂ ਮੇਲਣੀਆਂ, ਬਧਿਆਂ ਬਾਝ=ਬਗ਼ੈਰ ਸ਼ਾਦੀ ਦੇ, ਲਾਵਾਂ ਵੇਲ
ਲਾੜੇ ਲਾੜੀ ਦਾ ਪੱਲਾ ਬੰਨਿਆਂ ਜਾਂਦਾ ਹੈ, ਭੱਤਾਰ=ਕੰਤ,ਖਾਵੰਦ, ਹਾਸਲ ਬਾਗ਼=
ਫਲ,ਆਮਦਨੀ)
ਆਕੀ ਹੋਇਕੇ ਖੇੜਿਆਂ ਵਿੱਚ ਵੜੀ ਏਂ, ਇਸ਼ਕ ਹੁਸਨ ਦੀ ਵਾਰਿਸੇ ਜੱਟੀਏ ਨੀ ।
ਪਿੱਛਾ ਅੰਤ ਨੂੰ ਦੇਵਣਾ ਹੋਵੇ ਜਿਸ ਨੂੰ, ਝੁੱਗਾ ਓਸ ਦਾ ਕਾਸ ਨੂੰ ਪੱਟੀਏ ਨੀ ।
ਜਿਹੜਾ ਵੇਖ ਕੇ ਮੁੱਖ ਨਿਹਾਲ ਹੋਵੇ, ਕੀਚੈ ਕਤਲ ਨਾ ਹਾਲ ਪਲੱਟੀਏ ਨੀ ।
ਇਹ ਆਸ਼ਕੀ ਵੇਲ ਅੰਗੂਰ ਦੀ ਏ, ਮੁੱਢੋਂ ਏਸ ਨੂੰ ਪੁੱਟ ਨਾ ਸੱਟੀਏ ਨੀ ।
ਇਹ ਜੋਬਨਾ ਨਿੱਤ ਨਾ ਹੋਵਣਾ ਈ, ਛਾਉਂ ਬੱਦਲਾਂ ਜਦੀ ਜਾਣ ਜੱਟੀਏ ਨੀ ।
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ, ਨਿਤ ਢਾਂਵਦੀ ਸੈਂ ਉਹ ਨੂੰ ਢੱਟੀਏ ਨੀ ।
ਪਿੱਛਾ ਨਾਹਿ ਦੀਚੇ ਸੱਚੇ ਆਸ਼ਕਾਂ ਨੂੰ, ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ ।
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ, ਤੀਰ ਮਾਰ ਕੇ ਆਪ ਨਾ ਛੱਪੀਏ ਨੀ ।
ਅੱਠੇ ਪਹਿਰ ਵਿਸਾਰੀਏ ਨਹੀਂ ਸਾਹਿਬ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ ।
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ, ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ ।
ਉਠ ਝਬਦੇ ਜਾਇਕੇ ਹੋ ਹਾਜ਼ਿਰ, ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ ।
ਮਿੱਠੀ ਚਾਟ ਹਲਾਇਕੇ ਤੋਤੜੇ ਨੂੰ, ਪਿੱਛੋਂ ਕੰਕਰੀ ਰੋੜ ਨਾ ਘੱਤੀਏ ਨੀ ।
(ਜੋਬਨਾ=ਜਵਾਨੀ, ਸਾਹਿਬ=ਮਾਲਿਕ, ਤੋਤੜਾ=ਤੋਤਾ, ਛੁੱਟੜਾਂ=ਆਜ਼ਾਦ
ਔਰਤਾਂ, ਮੌਲੀ ਮਹਿੰਦੀ=ਸੁਹਾਗ ਦੀ ਨਿਸ਼ਾਨੀ)
ਜਿਵੇਂ ਮੁਰਸ਼ਦਾਂ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੇਰੇ ।
ਕਰੀਂ ਸਭ ਤਕਸੀਰ ਮੁਆਫ ਸਾਡੀ, ਪੈਰੀਂ ਪਵਾਂ ਮਨਾਏਂ ਜੇ ਨਾਲ ਮੇਰੇ ।
ਬਖ਼ਸ਼ੇ ਨਿਤ ਗੁਨਾਹ ਖੁਦਾਇ ਸੱਚਾ, ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ ।
ਵਾਰਿਸ ਸ਼ਾਹ ਮਨਾਵੜਾ ਅਸਾਂ ਆਂਦਾ, ਸਾਡੀ ਸੁਲਾਹ ਕਰਾਂਵਦਾ ਨਾਲ ਤੇਰੇ ।
(ਜਾ ਢਹਿਣ=ਪੈਰੀਂ ਪੈਂਦੇ ਹਨ, ਤਾਲਬ=ਲੋੜਵੰਦ)
ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ, ਸਿਰੋਪਾ ਲਏ ਖ਼ੁਸ਼ੀ ਹਾਂ ਹੋਇ ਰਹੇ ।
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ, ਮਾਰੇ ਸ਼ਰਮ ਦੇ ਅੰਦਰੇ ਰੋਇ ਰਹੇ ।
ਗ਼ੁੱਸੇ ਨਾਲ ਇਹ ਵਾਲ ਪੈਕਾਨ ਵਾਂਗੂੰ, ਸਾਡੇ ਜੀਊ ਤੇ ਵਾਲ ਗਡੋਇ ਰਹੇ ।
ਨੀਲ ਮੱਟੀਆਂ ਵਿੱਚ ਡੁਬੋਇ ਰਹੇ, ਲੱਖ ਲੱਖ ਮੈਲੇ ਨਿਤ ਧੋਇ ਰਹੇ ।
ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ, ਲਖ ਸੂਹੇ ਦੇ ਵਿੱਚ ਸਮੋਇ ਰਹੇ ।
(ਸਿਰੋਪਾ=ਸਿਰ ਤੋਂ ਪੈਰਾਂ ਤੱਕ ਮਾਣ ਦਾ ਲਿਬਾਸ, ਪੈਕਾਨ=ਤੀਰ)
ਹੀਰ ਆਣ ਜਨਾਬ ਵਿੱਚ ਅਰਜ਼ ਕੀਤਾ, ਨਿਆਜ਼ਮੰਦ ਹਾਂ ਬਖ਼ਸ਼ ਮੈਂ ਗ਼ੋਲੀਆਂ ਨੀ ।
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ, ਜੋ ਕੁਝ ਲੜਦਿਆਂ ਤੁੱਧ ਨੂੰ ਬੋਲੀਆਂ ਨੀ ।
ਅੱਛੀ ਪੀੜ-ਵੰਡਾਵੜੀ ਭੈਣ ਮੇਰੀ, ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ ।
ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ, ਦੂਣਾ ਬੋਲ ਲੈ ਜੋ ਕੁੱਝ ਬੋਲੀਆਂ ਨੀ ।
ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ, ਸਭੇ ਤੇਰੀਆਂ ਢਾਂਡੀਆਂ ਖੋਲ੍ਹੀਆਂ ਨੀ ।
ਮੇਰਾ ਯਾਰ ਆਇਆ ਚਲ ਵੇਖ ਆਈਏ, ਪਈ ਮਾਰਦੀ ਸੈਂ ਨਿਤ ਬੋਲੀਆਂ ਨੀ ।
ਜਿਸ ਜ਼ਾਤ ਸਿਫ਼ਾਤ ਚੌਧਰਾਈ ਛੱਡੀ, ਮੇਰੇ ਵਾਸਤੇ ਚਾਰੀਆ ਖੋਲੀਆਂ ਨੀ ।
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ, ਜਿਸ ਚੂੰਡੀਆਂ ਕਵਾਰ ਦੀਆਂ ਖੋਲ੍ਹੀਆਂ ਨੀ ।
ਵਾਰਿਸ ਸ਼ਾਹ ਗੁਮਰ ਦੇ ਨਾਲ ਬੈਠਾ, ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ ।
(ਜਨਾਬ=ਦਰਗਾਹ, ਨਿਆਜ਼ਮੰਦ=ਮੁਹਤਾਜ, ਗੋਲੀ=ਨੌਕਰ, ਦੂਣਾ=ਦੁੱਗਣਾਂ,
ਢਾਂਡੀਆਂ ਖੋਲੀਆਂ=ਪਸ਼ੂ, ਗੁਮਰ=ਗ਼ੁੱਸੇ)
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ, ਉਹਨੂੰ ਰਬ ਨਾ ਅਰਸ਼ ਤੇ ਚਾੜ੍ਹਨਾ ਏਂ ।
ਝੂਠ ਬੋਲਿਆਂ ਜਿਨ੍ਹਾਂ ਵਿਆਜ ਖਾਧੇ, ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ ।
ਅਸੀਂ ਜੀਊ ਦੀ ਮੇਲ ਚੁਕਾਇ ਬੈਠੇ, ਵਤ ਕਰਾਂ ਨਾ ਸੀਵਣਾ ਪਾੜਨਾ ਏਂ ।
ਸਾਨੂੰ ਮਾਰ ਲੈ ਭਈਅੜਾ-ਪਿੱਟੜੀ ਨੂੰ, ਚਾੜ੍ਹ ਸੀਖ ਉੱਤੇ ਜੇ ਤੂੰ ਚਾੜ੍ਹਨਾ ਏਂ ।
ਅੱਗੇ ਜੋਗੀ ਥੋਂ ਮਾਰ ਕਰਾਈਆ ਈ, ਹੁਣ ਹੋਰ ਕੀ ਪੜਤਣਾ ਪਾੜਨਾ ਏਂ ।
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ, ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ ।
ਘਰ ਬਾਰ ਥੀਂ ਚਾਇ ਜਵਾਬ ਦਿੱਤਾ, ਹੋਰ ਆਖ ਕੀ ਸੱਚ ਨਿਤਾਰਨਾ ਏਂ ।
ਮੇਰੇ ਨਾਲ ਨਾ ਵਾਰਿਸਾ ਬੋਲ ਐਵੇਂ, ਮਤਾਂ ਹੋ ਜਾਈ ਕੋਈ ਕਾਰਨਾ ਏਂ ।
(ਤੌਕ=ਪੰਜਾਲੀ, ਵਤ=ਦੁਬਾਰਾ, ਪਾੜਨਾਂ ਸੀਵਣਾ=ਫਫਾਕੁਟਣੀਆਂ ਵਾਲਾ
ਕੰਮ, ਤੌਬਾ ਤੁਨ ਨਸੂਹਨ= ਕਹਿੰਦੇ ਹਨ ਕਿ ਇੱਕ ਸੁਹਣੇ ਚੌਦਾਂ ਵਰ੍ਹਿਆਂ ਦੇ
ਮੁੰਡੇ ਨੇ ਲੜਕੀ ਦਾ ਰੂਪ ਧਾਰ ਕੇ ਸ਼ਾਹੀ ਮਹਲ ਵਿੱਚ ਨੌਕਰੀ ਕਰ ਲਈ,
ਉੱਥੇ ਉਹ ਰਾਣੀ ਨਾਲ ਨਜਾਇਜ਼ ਸਬੰਧ ਕਾਇਮ ਕਰ ਬੈਠਾ ।ਇੱਕ ਦਿਨ
ਰਾਣੀ ਦਾ ਕੀਮਤੀ ਹਾਰ ਗੁਆਚ ਗਿਆ ।ਰਾਜੇ ਨੇ ਸਾਰੀਆਂ ਨੌਕਰਾਨੀਆਂ
ਨੂੰ ਨੰਗਾ ਕਰਕੇ ਤਲਾਸ਼ੀ ਲੈਣ ਦਾ ਹੁਕਮ ਦਿੱਤਾ ।ਨਸੂਹ ਨੂੰ ਹੱਥਾਂ ਪੈਰਾਂ ਦੀਆਂ
ਪੈ ਗਈਆਂ । ਉਸ ਨੇ ਰੱਬ ਅੱਗੇ ਗਿੜਗਿੜਾ ਕੇ ਅਰਦਾਰ ਕੀਤੀ ਕਿ ਜੇ ਮੈਂ
ਹੁਣ ਬਚ ਜਾਵਾਂ ਤਾਂ ਸਾਰੀ ਉਮਰ ਬਦਕਾਰੀ ਅਤੇ ਗੁਨਾਹ ਤੋਂ ਤੌਬਾ ਕਰ
ਲਵਾਂਗਾ ।ਰਬ ਦੀ ਕੁਦਰਤ ਗੁਆਚਾ ਹੋਇਆ ਹਾਰ ਮਿਲ ਗਿਆ ਅਤੇ ਨਸੂਹ
ਨੇ ਬਾਕੀ ਸਾਰੀ ਉਮਰ ਨੇਕੀ ਦੀ ਜ਼ਿੰਦਗੀ ਵਿੱਚ ਬਤੀਤ ਕੀਤੀ)
ਆ ਸਹਿਤੀਏ ਵਾਸਤਾ ਰੱਬ ਦਾ ਈ, ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ ।
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ, ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ ।
ਕੰਮ ਬੰਦ ਹੋਵੇ ਪਰਦੇਸੀਆਂ ਦਾ, ਨਾਲ ਮਿਹਰ ਦੇ ਓਸ ਨੂੰ ਖੋਲ੍ਹੀਏ ਨੀ ।
ਤੇਰੇ ਜੇਹੀ ਨਿਨਾਣ ਹੋ ਮੇਲ ਕਰਨੀ, ਜੀਊ ਜਾਨ ਭੀ ਓਸ ਤੋਂ ਘੋਲੀਏ ਨੀ ।
ਜੋਗੀ ਚਲ ਮਨਾਈਏ ਬਾਗ਼ ਵਿੱਚੋਂ, ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ ।
ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ, ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ ।
ਚਲ ਨਾਲ ਮੇਰੇ ਜੀਵੇਂ ਭਾਗ ਭਰੀਏ, ਮੇਲੇ ਕਰਨੀਏ ਵਿੱਚ-ਵਿਚੋਲੀਏ ਨੀ ।
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ, ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ ।
(ਵੰਡਾਵਾੜੇ=ਵੰਡਾਉਣ ਵਾਲੇ, ਬਿਸੀਅਰ=ਜ਼ਹਿਰੀਲੇ,ਵਿਸ ਭਰੇ)
ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋ ਇਬਲੀਸ ਭੀ ਨੱਚਦਾ ਏ ।
ਤਿਵੇਂ ਸਹਿਤੀ ਦੇ ਜੀਊ ਵਿੱਚ ਖ਼ੁਸ਼ੀ ਹੋਈ, ਜੀਊ ਰੰਨ ਦਾ ਛੱਲੜਾ ਕੱਚ ਦਾ ਏ ।
ਜਾ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ ।
ਵਾਰਿਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ ।
(ਕਜ਼ਾ=ਸਵੇਰ ਦੀ ਨਮਾਜ਼ ਖਰਾਬ ਹੋ ਜਾਵੇ)
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ, ਚਾਇ ਕਪੜੇ ਵਿੱਚ ਲੁਕਾਇਆ ਈ ।
ਜੇਹਾ ਵਿੱਚ ਨਮਾਜ਼ ਵਿਸ਼ਵਾਸ ਗ਼ੈਬੋਂ, ਅਜ਼ਾਜ਼ੀਲ ਬਣਾ ਲੈ ਆਇਆ ਈ ।
ਉੱਤੇ ਪੰਜ ਰੁਪਏ ਸੂ ਰੋਕ ਰੱਖੇ, ਜਾਇ ਫ਼ਕਰ ਥੇ ਫੇਰੜਾ ਪਾਇਆ ਈ ।
ਜਦੋਂ ਆਂਵਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭਵਾਇਆ ਈ ।
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਉ ਦੋਜ਼ਖ਼ੇ ਦਾ ਕੇਹਾ ਆਇਆ ਈ ।
ਤਲਬ ਮੀਂਹ ਦੀ ਵਗਿਆ ਆਣ ਝੱਖੜ, ਯਾਰੋ ਆਖ਼ਰੀ ਦੌਰ ਹੁਣ ਆਇਆ ਈ ।
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਈ ।
ਆਮਿਲ ਚੋਰ ਤੇ ਚੌਧਰੀ ਜਟ ਹਾਕਮ, ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ ।
(ਵਿਸ਼ਵਾਸ=ਪੂਰਾ ਯਕੀਨ, ਤਾਉ=ਸੇਕ)
ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ, ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ ।
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ, ਕੁੱਤਾ ਕੁੱਕੜੀ ਬਕਰੀ ਉੱਠ ਸਾਰੇ ।
ਏਹਾ ਮੂਲ ਫ਼ਸਾਦ ਦਾ ਹੋਏ ਪੈਦਾ, ਜਿਨ੍ਹਾਂ ਸਭ ਜਗਤ ਦੇ ਮੌਲ ਮਾਰੇ ।
ਆਦਮ ਕਢ ਬਹਿਸ਼ਤ ਥੀਂ ਖ਼ਵਾਰ ਕੀਤਾ, ਇਹ ਡਾਇਣਾਂ ਧੁਰੋਂ ਹੀ ਕਰਨ ਕਾਰੇ ।
ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ, ਇਹਨਾਂ ਰਾਉ ਰਜ਼ਾਦੜੇ ਸਿੱਧ ਮਾਰੇ ।
ਵਾਰਿਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ, ਅਤੇ ਮਹਿਰੀਆਂ ਵਿੱਚ ਨੇ ਐਬ ਭਾਰੇ ।
(ਮੂਲ=ਜੜ੍ਹ, ਮੌਲ=ਹਰਿਆਈ, ਫ਼ਸਾਦ ਦੀਆਂ ਅੱਠ ਜੜ੍ਹਾਂ=1. ਰੰਨ, 2 ਛੋਕਰਾ,
3.ਜਿੰਨ, 4. ਰਾਵਲ, 5. ਕੁੱਤਾ, 6. ਕੁਕੜੀ, 7.ਬੱਕਰੀ, 8. ਊਠ, ਰਜ਼ਾਦੜੇ=
ਰਾਏਜ਼ਾਦੜੇ ਭਾਵ ਬਾਦਸ਼ਾਹਾਂ ਦੇ ਪੁੱਤ)
ਸਹਿਤੀ ਆਖਿਆ ਪੇਟ ਨੇ ਖ਼ੁਆਰ ਕੀਤਾ, ਕਣਕ ਖਾ ਬਹਿਸ਼ਤ ਥੀਂ ਕੱਢਿਆ ਈ ।
ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ, ਰੱਸਾ ਆਸ ਉਮੀਦ ਦਾ ਵੱਢਿਆ ਈ ।
ਆਖ ਰਹੇ ਫ਼ਰੇਸ਼ਤੇ ਕਣਕ ਦਾਣਾ, ਨਹੀਂ ਖਾਵਣਾ ਹੁਕਮ ਕਰ ਛੱਡਿਆ ਈ ।
ਸਗੋਂ ਆਦਮੇ ਹੱਵਾ ਨੂੰ ਖ਼ਵਾਰ ਕੀਤਾ, ਸਾਥ ਓਸ ਦਾ ਏਸ ਨਾ ਛੱਡਿਆ ਈ ।
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ, ਮੂੰਹ ਝੂਠ ਦਾ ਕਾਸ ਨੂੰ ਟੱਡਿਆ ਈ ।
ਮਰਦ ਚੋਰ ਤੇ ਠੱਗ ਜਵਾਰੀਏ ਨੇ, ਸਾਥ ਬਦੀ ਦਾ ਨਰਾਂ ਨੇ ਲੱਦਿਆ ਈ ।
ਫਰਕਾਨ ਵਿੱਚ ‘ਫ਼ਨਕਰੂ’ ਰੱਬ ਕਿਹਾ, ਜਦੋਂ ਵਹੀ ਰਸੂਲ ਨੇ ਸੱਦਿਆ ਈ ।
ਵਾਰਿਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ, ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ ।
(ਮੈਲ=ਰੀਝ, ਹੱਵਾ=ਪਹਿਲੀ ਔਰਤ ਜਿਹੜੀ ਰਬ ਨੇ ਪੈਦਾ ਕੀਤੀ, ਬਾਬਾ ਆਦਮ ਦੀ
ਸਾਥਣ, ਫ਼ਨਕਰੂ=ਤਦੋਂ ਵਿਆਹ ਕਰ ਲਵੋ ਜਿਹੜੀ ਤੁਹਾਨੂੰ ਔਰਤਾਂ ਵਿੱਚੋਂ ਪਸੰਦ ਆਵੇ)
ਰੰਨਾਂ ਦਹਿਸਿਰੇ ਨਾਲ ਕੀ ਗਾਹ ਕੀਤਾ, ਰਾਜੇ ਭੋਜ ਨੂੰ ਦੇ ਲਗਾਮੀਆਂ ਨੀ ।
ਸਿਰਕੱਪ ਤੇ ਨਾਲ ਸਲਵਾਹਨੇ ਦੇ, ਵੇਖ ਰੰਨਾਂ ਨੇ ਕੀਤੀਆਂ ਖ਼ਾਮੀਆਂ ਨੀ ।
ਮਰਦ ਹੈਣ ਸੋ ਰੱਖਦੇ ਹੇਠ ਸੋਟੇ, ਸਿਰ ਚਾੜ੍ਹੀਆਂ ਨੇ ਇਹਨਾਂ ਕਾਮੀਆਂ ਨੀ ।
ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ, ਕੌਣ ਤਿਨ੍ਹਾਂ ਦੀਆਂ ਭਰੇਗਾ ਹਾਮੀਆਂ ਨੀ ।
(ਸਿਰ ਕੱਪ=ਇੱਕ ਧੋਖੇ ਅਤੇ ਜੂਏਬਾਜ਼ ਰਾਜਾ ਸੀ ਜਿਹੜਾ ਵੈਰੀ ਨੂੰ ਹਰਾ ਕੇ
ਉਹਦਾ ਸਿਰ ਵੱਢ ਦਿੰਦਾ ਸੀ ।ਰਾਜਾ ਰਸਾਲੂ ਆਪਣੀ ਜਲਾਵਤਨੀ ਦੇ ਦਿਨਾਂ
ਵਿੱਚ ਇਹਦੀ ਰਾਜਧਾਨੀ ਜਾ ਪੁੱਜਾ ।ਓਥੇ ਉਹਨੇ ਸਰਕੱਪ ਦੀ ਬੇਈਮਾਨੀ ਦਾ
ਭੇਦ ਲੱਭਿਆ।ਸਿਰਕਪ ਨੇ ਚੂਹੇ ਪਾਲੇ ਹੋਏ ਸਨ ਜਿਹੜੇ ਵੈਰੀ ਦੀਆਂ ਨਰਦਾਂ
ਅੱਗੇ ਪਿੱਛੇ ਕਰ ਦਿੰਦੇ ਸਨ ।ਏਸ ਕੰਮ ਲਈ ਉਹ ਖੇਡ ਦੇ ਵਿਚਕਾਰ ਬੱਤੀ ਬੁਝਾ
ਦਿੰਦਾ ਸੀ ।ਰਸਾਲੂ ਨੇ ਇਸ ਦਾ ਪਤਾ ਲਾ ਲਿਆ ਅਤੇ ਚੂਹਿਆਂ ਦੇ ਮੁਕਾਬਲੇ ਤੇ
ਇੱਕ ਬਿੱਲੀ ਲੈ ਗਿਆ ।ਨਰਦਾਂ ਅੱਗੇ ਪਿੱਛੇ ਕਰਨ ਦੀ ਥਾਂ ਚੂਹੇ ਡਰਦੇ ਲੁਕ ਗਏ,
ਸਿਰਕੱਪ ਤੇ ਸਲਵਾਨ=ਰਾਜੇ ਸਿਰਕਪ ਦੀ ਧੀ ਰਾਣੀ ਕੋਕਲਾਂ ਸੀ, ਰਾਜਾ ਰਸਾਲੂ ਨੇ
ਇਹਨੂੰ ਇਹਦੇ ਪਿਉ ਕੋਲੋਂ ਜੂਏ ਵਿੱਚ ਜਿੱਤ ਲਿਆ ਅਤੇ ਏਹਨੂੰ ਇੱਕ ਮਹਿਲ ਵਿੱਚ
ਰੱਖ ਕੇ ਇੱਕ ਤੋਤਾ ਇਹਦੀ ਰਾਖੀ ਲਈ ਛੱਡ ਦਿੱਤਾ।ਰਾਣੀ ਨੇ ਪਿੱਛੋਂ ਹੋਡੀ ਰਾਜੇ
ਨਾਲ ਅੱਖਾਂ ਲੜਾ ਲਈਆਂ ।ਉਹ ਰਾਣੀ ਨੂੰ ਮਹਿਲਾਂ ਦੇ ਪਿੱਛੋਂ ਲਾਹ ਕੇ ਲੇ ਗਿਆ ।
ਰਾਜੇ ਦੇ ਆਉਣ ਤੇ ਤੋਤੇ ਨੇ ਉਹਨੂੰ ਸਾਰੀ ਗੱਲ ਦੱਸੀ ।ਰਾਜਾ ਦੁਖੀ ਹੋ ਕੇ ਆਪਣੇ
ਭਰਾ ਪੂਰਨ ਭਗਤ ਵਾਂਗੂੰ ਸਾਧ ਹੋ ਗਿਆ)
ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ, ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ ।
ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਤਰ ਦੀਆਂ ਬੀਵੀਆਂ ਨੇ ।
ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ, ਇੱਕ ਹਾਰ ਸ਼ਿੰਗਾਰ ਵਿੱਚ ਖੀਵੀਆਂ ਨੇ ।
ਵਾਰਿਸ ਸ਼ਾਹ ਹਿਆਉ ਦੇ ਨਾਲ ਅੰਦਰ, ਅੱਖੀਂ ਹੇਠ ਜ਼ਿਮੀਂ ਦੇ ਸੀਵੀਆਂ ਨੇ ।
ਵਫ਼ਾਦਾਰ ਨਾ ਰੰਨ ਜਹਾਨ ਉੱਤੇ, ਪੈਂਦੀ ਸ਼ੇਰ ਦੇ ਨੱਕ ਵਿੱਚ ਨੱਥ ਨਾਹੀਂ ।
ਗਧਾ ਨਹੀਂ ਕੁਲੱਦ ਮਨਖੱਟ ਖੋਜਾ, ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ ।
ਨਾਮਰਦ ਦੇ ਵਾਰ ਨਾ ਕਿਸੇ ਗਾਂਵੀਂ, ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ ।
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾਂ, ਜ਼ੋਰ ਨਈਂ ਦਾ ਚੜ੍ਹੇ ਅਗੱਥ ਨਾਹੀਂ ।
ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ, ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ ।
ਵਾਰਿਸ ਸ਼ਾਹ ਉਹ ਆਪ ਹੈ ਕਰਨਹਾਰਾ, ਇਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ ।
(ਨੱਥ ਨਾਹੀਂ=ਬਸ ਵਿੱਚ ਨਹੀਂ, ਕੁਲੱਦ=ਜਿਹੜਾ ਲੱਦਣ ਦੇ ਕੰਮ ਨਾ ਆਵੇ,
ਮਨਖੱਟ=ਜਿਹੜਾ ਕੁੱਝ ਖੱਟੇ ਨਾ, ਅਗੱਥ=ਤੂਫ਼ਾਨ, ਕੱਥ=ਵਰਣਨ ਯੋਗ)
ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ, ਅਤੇ ਮਰਨ ਤੇ ਸੋਹੰਦੇ ਵੈਣ ਮੀਆਂ ।
ਘਰ ਬਾਰ ਦੀ ਜ਼ੇਬ ਤੇ ਹੈਣ ਜ਼ੀਨਤ, ਨਾਲ ਤ੍ਰੀਮਤਾਂ ਸਾਕ ਤੇ ਸੈਣ ਮੀਆਂ ।
ਇਹ ਤ੍ਰੀਮਤਾਂ ਸੇਜ ਦੀਆਂ ਵਾਰਿਸੀ ਨੇ, ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ ।
ਵਾਰਿਸ ਸ਼ਾਹ ਇਹ ਜੋਰੂਆਂ ਜੋੜਦੀਆਂ ਨੇ, ਅਤੇ ਮਹਿਰੀਆਂ ਮਹਿਰ ਦੀਆਂ ਹੈਣ ਮੀਆਂ ।
(ਜ਼ੇਬ ਅਤੇ ਜ਼ੀਨਤ=ਸਜਾਵਟ, ਵਾਰਿਸੀ=ਹੱਕਦਾਰ, ਜੋਰੂ=ਪਤਨੀ)
ਸੱਚ ਆਖ ਰੰਨੇ ਕੇਹੀ ਧੁੰਮ ਚਾਈਆ, ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ ।
ਦਹਿਸਿਰ ਮਾਰਿਆ ਭੇਤ ਘਰੋਗੜੇ ਨੇ, ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ ।
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ, ਮਾਰੇ ਤੁਸਾਂ ਦੇ ਸਭ ਨਿਖੁੱਟਿਆ ਜੇ ।
ਕਤਲ ਇਮਾਮ ਹੋਏ ਕਰਬਲਾ ਅੰਦਰ, ਮਾਰ ਦੀਨ ਦਿਆਂ ਵਾਰਿਸਾਂ ਸੁੱਟਿਆ ਜੇ ।
ਜੋ ਕੋ ਸ਼ਰਮ ਹਿਆਂ ਦਾ ਆਦਮੀ ਸੀ, ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ ।
ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ, ਪਿੱਛਾ ਏਸ ਦਾ ਆਣ ਕਿਉ ਖੁੱਟਿਆ ਜੇ ।
(ਧੁੰਮ=ਰੌਲਾ, ਘਰੋਗੜੇ=ਘਰ ਦੇਨਿਖੁੱਟਿਆ=ਖ਼ਤਮ ਹੋ ਗਏ, ਕਰਬਲਾ=ਇਰਾਕ
ਵਿੱਚ ਇੱਕ ਜਗਤਪ੍ਰਸਿੱਧ ਸ਼ਹਿਰ ਜਿਹੜਾ ਫਰਾਤ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ
ਹੋਇਆ ਹੈ ।ਏਥੇ 10 ਅਕਤੂਬਰ 680 ਨੂੰ ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦੇ ਪੁੱਤਰ
ਹੁਸੈਨ ਨੂੰ ਯਜ਼ੀਦ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਮਾਰਿਆ ।ਇਮਾਮ ਦਾ ਮਕਬਰਾ
ਏਥੇ ਬਣਾਇਆ ਗਿਆ ਹੈ ।ਬਹੁਤ ਮੁਸਲਮਾਨ ਇਸ ਦੇ ਆਸ ਪਾਸ ਮੁਰਦੇ ਦਫ਼ਨ
ਕਰਨੇ ਪਸੰਦ ਕਰਦੇ ਹਨ, ਖੁੱਟਿਆ=ਪੁੱਟਿਆ)
ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖ਼ਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ ।
ਜਿਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ, ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ ।
ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ, ਵੱਤ ਕਿਸੇ ਨਾ ਜਗ ਤੇ ਆਵਨਾ ਹੈਂ ।
ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਸਾਥੋਂ ਆਪਣਾ ਆਪ ਛੁਪਾਵਨਾ ਹੈਂ ।
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ ।
ਚਾਕ ਸੱਦ ਕੇ ਬਾਗ਼ ਥੀਂ ਕਢ ਛੱਡੂੰ, ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ ।
ਅੰਨ ਖ਼ਾਨਾਂ ਹੈਂ ਰੱਜ ਕੇ ਗਧੇ ਵਾਂਗੂੰ, ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ ।
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ, ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ ।
(ਖ਼ਾਤਰ ਥੱਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਮੰਨਦਾ ਨਹੀਂ, ਵੱਤ=ਫਿਰ,
ਚਲਨ=ਚਾਲੇ,ਕੰਮਕਾਰ)
ਬਾਗ਼ ਛੱਡ ਗਏ ਗੋਪੀ ਚੰਦ ਜੇਹੇ, ਸ਼ੱਦਾਦ ਫ਼ਰਊਨ ਕਹਾਇ ਗਿਆ ।
ਨੌਸ਼ੇਰਵਾਂ ਛੱਡ ਬਗ਼ਦਾਦ ਟੁਰਿਆ, ਉਹ ਅਪਦੀ ਵਾਰ ਲੰਘਾਇ ਗਿਆ ।
ਆਦਮ ਛਡ ਬਹਿਸ਼ਤ ਦੇ ਬਾਗ ਢੱਠਾ, ਭੁਲੇ ਵਿਸਰੇ ਕਣਕ ਨੂੰ ਖਾਇ ਗਿਆ ।
ਫ਼ਰਊਨ ਖ਼ੁਦਾ ਕਹਾਇਕੇ ਤੇ, ਮੂਸਾ ਨਾਲ ਉਸ਼ਟੰਡ ਉਠਾਇ ਗਿਆ ।
ਨਮਰੂਦ ਸ਼ੱਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਇ ਗਿਆ ।
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ, ਬੰਨ੍ਹ ਸਿਰੇ ਤੇ ਪੰਡ ਉਠਾਇ ਗਿਆ ।
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿਖਾਸਰੋਂ ਇੰਦ ਲੁਟਾਇ ਗਿਆ ।
ਸੁਲੇਮਾਨ ਸਿਕੰਦਰੋਂ ਲਾਇ ਸੱਭੇ, ਸੱਤਾਂ ਨਵਾਂ ਤੇ ਹੁਕਮ ਚਲਾਇ ਗਿਆ ।
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ, ਜਿਹੜਾ ਆਪ ਖ਼ੁਦਾ ਕਹਾਇ ਗਿਆ ।
ਮੋਇਆ ਬਖ਼ਤੁਲ ਨੁਸਰ ਜਿਹੜਾ ਚਾੜ੍ਹ ਡੋਲਾ, ਸੱਚੇ ਰਬ ਨੂੰ ਤੀਰ ਚਲਾਇ ਗਿਆ ।
ਤੇਰੇ ਜੇਹੀਆਂ ਕੇਤੀਆਂ ਹੋਈਆਂ ਨੇ, ਤੈਨੂੰ ਚਾ ਕੀ ਬਾਗ਼ ਦਾ ਆਇ ਗਿਆ ।
ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਇ ਗਿਆ ।
(ਗੋਪੀਚੰਦ ਰਾਜਾ=ਬੰਗਾਲ ਦੇਸ਼ ਵਿੱਚ ਰੰਗਪੁਰ (ਰੰਗਵਤੀ) ਦਾ ਰਾਜਾ ਸੀ ਜੋ
ਭਰਥਰੀ ਹਰੀ ਦੀ ਭੈਣ ਮੰਨਾਵਤੀ ਦਾ ਪੁੱਤਰ ਅਤੇ ਪਾਟਮਦੇਵੀ ਦਾ ਪਤੀ ਸੀ ।
ਇਹ ਵੈਰਾਗ ਦੇ ਕਾਰਨ ਰਾਜ ਤਿਆਗ ਕੇ ਜਲੰਧਰ ਨਾਥ ਜੋਗੀ ਦਾ ਚੇਲਾ ਹੋਇਆ,
ਸ਼ੱਦਾਦ=ਜ਼ਾਲਮ ਬਾਦਸ਼ਾਹ, ਸਾਸਾਨ ਦੇ ਮਸ਼ਹੂਰ ਬਾਦਸ਼ਾਹ ਕਬਾਦ ਦਾ ਪੁੱਤਰ,
ਤਖ਼ਤ ਤੇ ਬਹਿੰਦਿਆਂ ਹੀ ਇਹਨੇ ਸਾਰੇ ਭਰਾਵਾਂ ਅਤੇ ਉਨ੍ਹਾਂ ਦੀ ਸੰਤਾਨ ਨੂੰ
ਕਤਲ ਕਰਵਾ ਦਿੱਤਾ ਸੀ, ਨੌਸ਼ੇਰਵਾਂ ਆਦਲ=ਇਹਨੇ ਚਿੱਟੋ ਹੂਣਾਂ ਦਾ ਬਾਰ
ਬਾਰ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ।ਆਪਣੀ ਪਰਬੰਧਕੀ
ਯੋਗਤਾ ਕਾਰਨ ਪ੍ਰਸਿੱਧ ਹੈ ।ਨੌਸ਼ੇਰਵਾਂ ਦਾ ਸ਼ਾਬਦਿਕ ਅਰਥ ‘ਅਮਰ’ ਹੈ
ਪਰ ਫਿਰ ਵੀ ਉਹ ਮਰ ਗਿਆ, ਸੁਲੇਮਾਨ=ਹਜ਼ਰਤ ਦਾਊਦ ਦਾ ਪੁੱਤਰ, ਰੱਬ
ਦਾ ਨਬੀ=ਬੈਤੁਲਮਕੱਦਸ ਦੀ ਨੀਂਹ ਇਸ ਨੇ ਰੱਖੀ ਸੀ ।ਇਹ ਜਿੰਨਾ ਪਰੀਆਂ
ਦਾ ਬਾਦਸ਼ਾਹ ਸੀ ਤੇ ਪੰਛੀਆਂ ਦੀਆਂ ਬੋਲੀਆਂ ਸਮਝਦਾ ਸੀ ।ਇੱਕ ਵਾਰੀ ਰੱਬ
ਦਾ ਕਹਿਰ ਨਾਜ਼ਲ ਹੋਇਆ ।ਜਿਸ ਕਾਰਨ ਇਹਨੂੰ ਭੱਠੀ ਵਾਲੀ ਦਾ ਭੱਠ ਝੋਕਣਾ
ਪਿਆ ਸੀ, ਉਸ਼ਟੰਡ=ਚਲਾਕ,ਝੂਠਾ, ਸੁਲੇਮਾਨ ਸਿਕੰਦਰੋਂ=ਸੁਲੇਮਾਨ ਤੋਂ ਲੈ ਕੇ
ਸਿਕੰਦਰ ਤੱਕ ਕਈ ਯੂਨਾਨੀ ਬਾਦਸ਼ਾਹ ਹੋਏ ਜਿਨ੍ਹਾਂ ਨੇ ਸਤ ਦੀਪਾਂ ਅਤੇ ਨੌਂ ਖੰਡਾਂ
ਉੱਤੇ ਹੁਕਮ ਚਲਾਏ ਪਰ ਅਸਲੀ ਸਫ਼ਲਤਾ ਉਨ੍ਹਾਂ ਨੂੰ ਵੀ ਨਾ ਮਿਲੀ, ਬਖ਼ਤੁਲ
ਨੁਸਰ ਦਾ ਡੋਲਾ=ਬਖ਼ਤੁਲ ਨੁਸਰ ਦਾ ਉੜਣ ਖਟੋਲਾ, ਉਹ ਬਾਬਲ ਰਾਜ ਦਾ ਬਾਦਸ਼ਾਹ
ਸੀ ।ਉਹਨੇ ਇੱਕ ਉੜਣ ਖਟੋਲਾ ਬਣਾਇਆ ਹੋਇਆ ਸੀ ਜਿਸ ਨਾਲ ਚੌਂਹੀਂ ਪਾਸੀਂ
ਚਾਰ ਬਾਂਸ ਸਨ ।ਉਨ੍ਹਾਂ ਉੱਤੇ ਮਾਸ ਬੱਧਾ ਸੀ ।ਬਾਂਸਾਂ ਦੇ ਥੱਲੇ ਚਾਰ ਬਾਜ਼ ਸਨ ।ਉਹ
ਮਾਸ ਖਾਣ ਲਈ ਉੱਪਰ ਉਡਦੇ ਤੇ ਉੜਣ ਖਟੋਲਾ ਉੱਪਰ ਨੂੰ ਉੜਦਾ ।ਬਾਦਸ਼ਾਹ ਖਟੋਲੇ
ਦੇ ਵਿਚਕਾਰ ਤੀਰ ਕਮਾਨ ਲੈ ਕੇ ਬੈਠਦਾ ਤੇ ਅਸਮਾਨ ਵਿੱਚ ਤੀਰ ਚਲਾਉਂਦਾ ।ਫਿਰ
ਖਟੋਲਾ ਧਰਤੀ ਤੇ ਉਤਾਰ ਕੇ ਲੋਕਾਂ ਨੂੰ ਮਾਸ ਅਤੇ ਇੱਕ ਖੂਨ ਦਾ ਪਿਆਲਾ ਦਿਖਾ ਕੇ
ਕਹਿੰਦਾ ਕਿ ਮੈਂ ਤੁਹਾਡੇ ਰੱਬ ਨੂੰ ਖ਼ਤਮ ਕਰ ਆਇਆ ਹਾਂ ।ਉਹਨੂੰ ਵੀ ਮੌਤ ਆ ਗਈ,
ਕੇਤੀਆਂ=ਕਿੰਨੀਆਂ)
ਪੰਡ ਝਗੜਿਆਂ ਦੀ ਕੇਹੀ ਖੋਲ੍ਹ ਬੈਠੋਂ, ਵੱਡਾ ਮਹਿਜ਼ਰੀ ਘੰਡ ਲਟ ਬਾਵਲਾ ਵੇ ।
ਅਸਾਂ ਇੱਕ ਰਸਾਇਣ ਹੈ ਢੂਡ ਆਂਦੀ, ਭਲਾ ਦੱਸ ਖਾਂ ਕੀ ਹੈ ਰਾਵਲਾ ਵੇ ।
ਉੱਤੇ ਰੱਖਿਆ ਕੀ ਏ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ ।
ਦੱਸੇ ਬਿਨਾਂ ਨਾ ਜਾਪਦੀ ਜ਼ਾਤ ਭੈੜੀ, ਛੜੇ ਬਾਝ ਨਾ ਥੀਂਵਦਾ ਚਾਵਲਾ ਵੇ ।
ਕੀ ਰੋਕ ਹੈ ਕਾਸਦੀ ਇਹ ਬਾਸਨ, ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ ।
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ ।
(ਮਹਿਜ਼ਰੀ=ਥਾਨੇ ਅਤੇ ਅਦਾਲਤਾਂ ਵਿੱਚ ਫਿਰਨ ਵਾਲਾ,ਅਰਜ਼ੀ ਪਰਚੇ
ਕਰਨ ਵਾਲਾ, ਰਸਾਇਣ=ਕੀਮੀਆ, ਚਤਰਾਵਲਾ=ਚਤਰ,ਚਲਾਕ, ਬਾਸਨ=
ਬਰਤਨ)
ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ, ਕੇਹਾ ਘੱਤਿਉ ਆਣ ਵਸੂਰਿਆ ਈ ।
ਕਰੇਂ ਚਾਵੜਾਂ ਚਿੱਘੜਾਂ ਨਾਲ ਮਸਤੀ, ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ ।
ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ, ਐਵਂੇ ਜੋਗੀ ਨੂੰ ਚਾ ਵਡੂਰਿਆ ਈ ।
ਉੱਤੇ ਪੰਜ ਪੈਸੇ ਨਾਲ ਰੋਕ ਧਰਿਉ, ਖੰਡ ਚਾਵਲਾਂ ਦਾ ਥਾਲ ਪੂਰਿਆ ਈ ।
(ਵਸੂਰਾ=ਸ਼ਕ ਸ਼ੁਬਾ, ਚਿਘੜਾਂ=ਮਜ਼ਾਕ, ਪੂਰਿਆ=ਸਜਾਇਆ ਹੋਇਆ)
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ ।
ਅੰਨਾਂ ਭੇਜਿਆ ਅੰਬ ਅਨਾਰ ਵੇਖਣ, ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ ।
ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ ।
ਅੰਨ੍ਹਾਂ ਮੋਹਰੀ ਲਾਈਏ ਕਾਫ਼ਲੇ ਦਾ, ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ ।
ਖੱਚਰਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ ।
ਵਾਰਿਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ ।
(ਦਾਂਦ ਪਤਾਲੂ=ਬਲਦਾਂ ਦੇ ਪਤਾਲੂ, ਸੰਭਾਲੂ=ਇੱਕ ਦਰਖ਼ਤ, ਚਾਲੂਆਂ=ਤੁਰਨ
ਵਾਲੇ,ਸਾਥ, ਤੰਦੂਰ.. ਸਾਲੂਆਂ=ਕਮਲਾ ਬੰਦਾ ਅੱਗ ਦੀ ਲਾਲੀ ਅਤੇ ਕੱਪੜੇ ਦੀ
ਲਾਲੀ ਵਿੱਚ ਫ਼ਰਕ ਨਹੀਂ ਦਸ ਸਕਿਆ)
ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੀ, ਕੇਹਾ ਸ਼ੱਕ ਦਿਲ ਆਪਣੇ ਪਾਇਉ ਈ ।
ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ, ਕੇਹਾ ਆਣ ਕੇ ਮਗ਼ਜ਼ ਖਪਾਇਉ ਈ ।
ਜਾਹ ਵੇਖ ਜੋ ਵਸਵਸਾ ਦੂਰ ਹੋਵੀ, ਕੇਹਾ ਡੌਰੂੜਾ ਆਣ ਵਜਾਇਉ ਈ ।
ਸ਼ੱਕ ਮਿਟੀ ਜੋ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਉ ਈ ।
(ਆਵੀ=ਆਵੇ, ਰਬ ਤਹਿਕੀਕ ਕਰਸੀ=ਰਬ ਉਹੀ ਕਰੇਗਾ, ਵਸਵਸਾ=ਸ਼ਕ,
ਡੌਰੂੜਾ=ਡੌਰੂ)
ਸਹਿਤੀ ਖੋਲ੍ਹ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ ।
ਛੁਟਾ ਤੀਰ ਫ਼ਕੀਰ ਦੇ ਮੁਅਜਜ਼ੇ ਦਾ, ਵਿੱਚੋਂ ਕੁਫ਼ਰ ਦਾ ਜੀਊ ਪਰੋ ਗਿਆ ।
ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ ।
ਗਰਮ ਗ਼ਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ਫ਼ ਦੀ ਨਾਲ ਸਮੋ ਗਿਆ ।
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ, ਓਸ ਖੋਹ ਲਿਆ ਉਹ ਰੋ ਗਿਆ ।
ਮਰਨ ਵਕਤ ਹੋਇਆ ਸੱਭੋ ਖ਼ਤਮ ਲੇਖਾ, ਜੋ ਕੋ ਜੰਮਿਆਂ ਝੋਵਣੇ ਝੋ ਗਿਆ ।
ਵਾਰਿਸ ਸ਼ਾਹ ਜੋ ਕੀਮੀਆ ਨਾਲ ਛੁੱਥਾ, ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ ।
(ਮੁਅਜਜ਼ੇ=ਕਰਾਮਾਤਾਂ, ਆਤਿਸ਼=ਅੰਗਾਰ, ਆਬ=ਪਾਣੀ, ਕਸ਼ਫ਼=ਢਕੀ ਹੋਈ
ਵਸਤ ਬਾਰੇ ਗ਼ੈਬ ਦੇ ਇਲਮ ਨਾਲ ਪਤਾ ਕਰ ਲੈਣਾ, ਛੁੱਥਾ=ਛੋਹਿਆ ਗਿਆ,
ਝੋਵਣੇ ਝੋ ਗਿਆ=ਕੰਮ ਕਰ ਗਿਆ)
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ ।
ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ, ਨਿਤ ਪਾਂਵਦੀ ਰਹਾਂਗੀ ਫੇਰੀਆਂ ਮੈਂ ।
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਦਿਲ ਜਾਨ ਥੀਂ ਤੁਧ ਤੇ ਹੇਰੀਆਂ ਮੈਂ ।
ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਕਸ਼ਫ਼ ਦੇ ਹੁਕਮ ਨੇ ਘੇਰੀਆਂ ਮੈਂ ।
ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ, ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ ।
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ, ਤੇਰੇ ਇਸਮ ਦੇ ਹੁੱਬ ਦੀ ਟੇਰੀਆਂ ਮੈਂ ।
ਇੱਕ ਫ਼ੱਕਰ ਅੱਲਾਹ ਦਾ ਰੱਖ ਤਕਵਾ, ਹੋਰ ਢਾਹ ਬੈਠੀ ਸੱਭੇ ਢੇਰੀਆਂ ਮੈਂ ।
ਪੂਰੀ ਨਾਲ ਹਿਸਾਬ ਨਾ ਹੋ ਸਕਾਂ, ਵਾਰਿਸ ਸ਼ਾਹ ਕੀ ਕਰਾਂਗੀ ਸ਼ੇਰੀਆਂ ਮੈਂ ।
(ਇਸਮ=ਰਬ ਦਾ ਨਾਂ, ਟੇਰਨਾ=ਕਿਸੇ ਸਾਜ਼ ਨੂੰ ਸੁਰ ਕਰਨਾ, ਤਕਵਾ=
ਸਹਾਰਾ, ਢੇਰੀਆਂ ਢਾਹ ਦੇਣਾ=ਆਸ ਛੱਡ ਦੇਣੀ)
ਘਰ ਆਪਣੇ ਵਿੱਚ ਚਵਾਇ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ ।
ਨਾਲ ਜੋਗੀਆਂ ਮੋਰਚਾ ਲਾਇਉਈ, ਰੱਜੇ ਜਟ ਵਾਂਗੂੰ ਵੱਡੀ ਫੂਕੀਏਂ ਨੀ ।
ਜਦੋਂ ਬੰਨ੍ਹ ਝੇੜੇ ਥੱਕ ਹੁਟ ਰਹੀਏ, ਜਾਇ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ ।
ਕਢ ਗਾਲੀਆਂ ਸਣੇ ਰਬੇਲ ਬਾਂਦੀ ਘਿਨ ਮੋਲ੍ਹੀਆਂ ਅਸਾਂ ਤੇ ਘੂਕੀਏਂ ਨੀ ।
ਭਲੋ ਭਲੀ ਜਾਂ ਡਿਠੋ ਈ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ ।
ਵਾਰਿਸ ਸ਼ਾਹ ਥੀਂ ਪੁਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ ।
ਸਾਨੂੰ ਬਖਸ਼ ਅੱਲਾਹ ਦੇ ਨਾਂਉ ਮੀਆਂ, ਸਾਥੋਂ ਭੁੱਲਿਆਂ ਇਹ ਗੁਨਾਹ ਹੋਇਆ ।
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਧੁਰੋਂ ਆਦਮੋਂ ਭੁਲਣਾ ਰਾਹ ਹੋਇਆ ।
ਆਦਮ ਭੁਲ ਕੇ ਕਣਕ ਨੂੰ ਖਾ ਬੈਠਾ, ਕਢ ਜੰਨਤੋਂ ਹੁਕਮ ਫ਼ਨਾਹ ਹੋਇਆ ।
ਸ਼ੈਤਾਨ ਉਸਤਾਦ ਫ਼ਰਿਸ਼ਤਿਆਂ ਦਾ, ਭੁੱਲਾ ਸਿਜਦਿਉਂ ਕੁਫ਼ਰ ਦੇ ਰਾਹ ਹੋਇਆ ।
ਮੁਢੋਂ ਰੂਹ ਭੁੱਲਾ ਕੌਲ ਵਿਚ ਵੜਿਆ, ਜੁੱਸਾ ਛੱਡ ਕੇ ਅੰਤ ਫ਼ਨਾਹ ਹੋਇਆ ।
ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ, ਵਾਰਦ ਓਸ ਤੇ ਕਹਿਰ ਅੱਲਾਹ ਹੋਇਆ ।
ਭੁਲ ਜ਼ਕਰੀਏ ਲਈ ਫ਼ਨਾਹ ਹੇਜ਼ਮ, ਆਰੇ ਨਾਲ ਉਹ ਚੀਰ ਦੋ ਫਾਹ ਹੋਇਆ ।
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ ।
(ਕੱਚਾ ਸ਼ੀਰ=ਕੱਚਾ ਦੁੱਧ, ਕਿਬਰ=ਗਰੂਰ, ਕੌਲ ਵੜਿਆ=ਕਾਲਬ ਵਿੱਚ ਦਾਖਲ
ਹੋਇਆ, ਜੁੱਸਾ=ਤਾਕਤ, ਹੇਜ਼ਮ=ਸੁੱਕਾ ਦਰਖ਼ਤ,ਬਾਲਣ ਯੋਗ ਲਕੜੀ, ਜ਼ਕਾਤ=
ਖ਼ੈਰਾਤ,ਸਦਕਾ, ਦੋ ਫਾਹ=ਦੋ ਫਾਕੜਾਂ, ਪੌਲੇ=ਜੁੱਤੀਆਂ, ਹਜ਼ਰਤ ਜ਼ਕਰੀਆ=
ਆਪ ਹਜ਼ਰਤ ਸੁਲੇਮਾਨ ਬਿਨ ਦਾਊਦ ਦੀ ਸੰਤਾਨ ਵਿੱਚੋਂ ਸਨ ।ਜਦੋਂ ਇਨ੍ਹਾਂ
ਪਿੱਛੇ ਇਸਰਾਈਲੀ ਕਾਤਲ ਦੌੜੇ ਤਾਂ ਆਪ ਇੱਕ ਸ਼ਰੀਂਹ ਦੇ ਦਰਖ਼ਤ ਵਿੱਚ
ਲੁਕ ਗਏ ਐਪਰ ਪੁਸ਼ਾਕ ਦਾ ਇੱਕ ਸਿਰਾ ਬਾਹਰ ਰਹਿ ਗਿਆ ।ਵੈਰੀਆਂ ਨੇ
ਨਿਸ਼ਾਨੀ ਨੂੰ ਵੇਖ ਕੇ ਦਰਖ਼ਤ ਨੂੰ ਆਰੇ ਨਾਲ ਚੀਰ ਦਿੱਤਾ ਅਤੇ ਆਪ ਵੀ
ਵਿੱਚੇ ਚੀਰੇ ਗਏ)
ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ ।
ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ ।
ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ ।
ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ ।
ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ ।
(ਪੇਈੜੇ=ਪੇਕੇ, ਲੂਠਿਆਂ=ਝੁਲਸੇ ਹੋਏ)
ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ, ਹੱਕ ਤਿਨ੍ਹਾਂ ਦਾ ਖ਼ੂਬ ਮਾਮੂਲ ਕੀਤਾ ।
ਜਦੋਂ ਮੁਸ਼ਰਿਕਾਂ ਆਣ ਸਵਾਲ ਕੀਤਾ, ਤਦੋਂ ਚੰਨ ਦੋ-ਖੰਨ ਰਸੂਲ ਕੀਤਾ ।
ਕਢ ਪੱਥਰੋਂ ਊਠਣੀ ਰਬ ਸੱਚੇ, ਕਰਾਮਾਤ ਪੈਗ਼ੰਬਰੀ ਮੂਲ ਕੀਤਾ ।
ਵਾਰਿਸ ਸ਼ਾਹ ਨੇ ਕਸ਼ਫ਼ ਦਿਖਾਇ ਦਿੱਤਾ, ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ ।
(ਮਾਮੂਲ=ਨਿਤ ਦਾ ਆਮ ਕੰਮ, ਮਸ਼ਰਿਕਾਂ=ਮੂਰਤੀ ਪੂਜਾ, ਦੋ-ਖੰਨ=ਦੋ ਟੁਕੜੇ)
ਫਿਰੇਂ ਜ਼ੋਮ ਦੀ ਭਰੀ ਤੇ ਸਾਣ ਚੜ੍ਹੀ, ਆ ਟਲੀਂ ਨੀ ਮੁੰਡੀਏ ਵਾਸਤਾ ਈ ।
ਮਰਦ ਮਾਰ ਮੁਰੱਕਣੇ ਜੰਗ-ਬਾਜ਼ੇ, ਮਾਨ ਮੱਤੀਏ ਗੁੰਡੀਏ ਵਾਸਤਾ ਈ ।
ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ, ਲਿਆ ਹੀਰ ਨੀ ਨੱਢੀਏ ਵਾਸਤਾ ਈ ।
ਵਾਰਿਸ ਸ਼ਾਹ ਸਮਝਾਇ ਜਟੇਟੜੀ ਨੂੰ, ਲਾਹ ਦਿਲੇ ਦੀ ਘੁੰਢੀਏ ਵਾਸਤਾ ਈ ।
(ਜ਼ੋਮ=ਗੁਮਾਨ, ਸਾਣ ਚੜ੍ਹੀ=ਤਿੱਖੀ)
ਜੀਕੂੰ ਤੁਸੀਂ ਫ਼ਰਮਾਉ ਸੋ ਜਾ ਆਖਾਂ, ਤੇਰੇ ਹੁਕਮ ਦੀ ਤਾਬਿਆ ਹੋਈਆਂ ਮੈਂ ।
ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ, ਭੁੱਲੀ ਵਿਸਰੀ ਆਣ ਵਗੋਈਆਂ ਮੈਂ ।
ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ, ਕਾਸਦ ਹੋਇਕੇ ਜਾ ਖਲੋਈਆਂ ਮੈਂ ।
ਵਾਰਿਸ ਸ਼ਾਹ ਦੇ ਮੁਅਜਜ਼ੇ ਸਾਫ਼ ਕੀਤੀ, ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ ।
(ਆਣ ਵਗੋਈਆਂ=ਸਿੱਧੇ ਰਾਹ ਆ ਗਈ ਹਾਂ, ਕਾਸਦ=ਸੁਨੇਹਾ ਲਿਜਾਣ
ਵਾਲਾ, ਸਾਫ਼=ਨੇਕ ਨੀਤ, ਬਦਖੋਈ=ਬੁਰੀ ਆਦਤ)
ਲਿਆ ਹੀਰ ਸਿਆਲ ਜੋ ਦੀਦ ਕਰੀਏ, ਆ ਜਾਹ ਵੋ ਦਿਲਬਰਾ ਵਾਸਤਾ ਈ ।
ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ, ਘੁੰਢ ਲਾਹ ਵੋ ਦਿਲਬਰਾ ਵਾਸਤਾ ਈ ।
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ, ਮਿਸਲ ਮਾਹ ਵੋ ਦਿਲਬਰਾ ਵਾਸਤਾ ਈ ।
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ, ਗਲੋਂ ਲਾਹ ਵੋ ਦਿਲਬਰਾ ਵਾਸਤਾ ਈ ।
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ, ਤੇਰੀ ਚਾਹ ਵੋ ਦਿਲਬਰਾ ਵਾਸਤਾ ਈ ।
ਲੋੜ੍ਹੇ ਲੁਟਿਆਂ ਨੈਣਾਂ ਦੀ ਝਾਕ ਦੇ ਕੇ, ਲੁੜ੍ਹ ਜਾਹ ਵੋ ਦਿਲਬਰਾ ਵਾਸਤਾ ਈ ।
ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ, ਮੂੰਹ ਘਾਹ ਵੋ ਦਿਲਬਰਾ ਵਾਸਤਾ ਈ ।
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ, ਮਿਲ ਜਾਹ ਵੋ ਦਿਲਬਰਾ ਵਾਸਤਾ ਈ ।
ਵਾਰਿਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ, ਸਿਰੋਂ ਲਾਹ ਵੋ ਦਿਲਬਰਾ ਵਾਸਤਾ ਈ ।
(ਵੋ=ਓ, ਝਾਕ=ਆਸ, ਚੱਕਰ ਘਤ=ਕੁੰਡਲੀ ਮਾਰਕੇ, ਮੂੰਹ ਵਿੱਚ ਘਾਹ ਲੈ ਕੇ=
ਮੇਰਾ ਵਾਸਤਾ ਹੈ, ਨਿਆਜ਼=ਨਮਾਜ਼, ਆਜਜ਼ੀ)
ਲੈ ਕੇ ਸੋਹਣੀ ਮੋਹਣੀ ਇੰਦਰਾਣੀ, ਮਿਰਗ-ਨੈਣੀ ਨੂੰ ਜਾਇਕੇ ਘੱਲਨੀ ਹਾਂ ।
ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ, ਬਾਂਦੀ ਹੋਇਕੇ ਘਰਾਂ ਨੂੰ ਚੱਲਨੀ ਹਾਂ ।
ਪੀਰੀ ਪੀਰ ਦੀ ਵੇਖ ਮੁਰੀਦ ਹੋਈ, ਤੇਰੇ ਪੈਰ ਹੀ ਆਣ ਕੇ ਮੱਲਨੀ ਹਾਂ ।
ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ, ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ ।
ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ, ਦੀ ਦਰਬਾਰ ਅੱਲਾਹ ਦਾ ਮੱਲਨੀ ਹਾਂ ।
(ਅਜ਼ਮਤ=ਵਡਿਆਈ, ਪੈਰ ਮੱਲਨੀ ਹਾਂ=ਪੈਰਾਂ ਵਿੱਚ ਬਹਿੰਦੀ ਹਾਂ,ਸ਼ਰਨ
ਆਉਂਦੀ ਹਾਂ, ਝੱਲਨੀ ਹਾਂ=ਸਹਿੰਦੀ ਹਾਂ)
ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ ।
ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ ।
ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ ।
ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ ।
ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ ।
ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ ।
ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ ।
ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ ।
ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ ।
ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ ।
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ ।
ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ ।
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ ।
ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ ।
ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ ।
ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ ।
ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ ।
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ ।
ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ ।
ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ ।
(ਵਣ ਲੱਥਾ=ਜੰਗਲ ਵਿੱਚ ਡੇਰਾ ਲਾ ਲਿਆ, ਜ਼ੁਲੈਖ਼ਾ ਅਤੇ ਯੂਸਫ਼=ਯੂਸਫ਼
ਅਤੇ ਜ਼ੁਲੈਖ਼ਾ ਦੀ ਕਹਾਣੀ ਕੁਰਾਨ ਸ਼ਰੀਫ ਵਿੱਚ ਵੀ ਆਉਂਦੀ ਹੈ । ਯੂਸਫ਼
ਯਾਕੂਬ ਦਾ ਪੁੱਤਰ ਅਤੇ ਇਬਰਾਹੀਮ ਦਾ ਪੜੋਤਾ ਸੀ ।ਯੂਸਫ਼ ਬਹੁਤ ਸੁੰਦਰ
ਸੀ ।ਉਸਦੇ ਮਤੇਰ ਭਰਾਵਾਂ ਨੇ ਈਰਖਾ ਨਾਲ ਉਸ ਨੂੰ ਜੰਗਲ ਦੇ ਇੱਕ ਅੰਨ੍ਹੇ
ਖੂਹ ਵਿੱਚ ਸੁੱਟ ਦਿੱਤਾ ਅਤੇ ਯਾਕੂਬ ਕੋਲ ਝੂਠ ਕਹਿ ਦਿੱਤਾ ਕਿ ਉਸ ਨੂੰ ਜੰਗਲੀ
ਦਰਿੰਦੇ ਲੈ ਗਏ ।ਯੂਸਫ਼ ਨੂੰ ਕੋਲੋਂ ਲੰਘਦੇ ਵਪਾਰੀਆਂ ਦੇ ਕਾਫ਼ਲੇ ਨੇ ਖੂਹੋਂ ਕੱਢ
ਕੇ ਮਿਸਰ ਵਿੱਚ ਮੰਡੀ ਵਿੱਚ ਲਿਜਾ ਕੇ ਇੱਕ ਗ਼ੁਲਾਮ ਵਜੋਂ ਵੇਚ ਦਿੱਤਾ ।ਓਥੇ
ਦੀ ਇੱਕ ਇਸਤਰੀ ਜ਼ੁਲੈਖ਼ਾ ਨੇ ਉਸ ਉੱਤੇ ਮੋਹਤ ਹੋਕੇ ਉਸ ਨਾਲ ਆਯੋਗ
ਸਬੰਧ ਸਥਾਪਤ ਕਰਨੇ ਚਾਹੇ ਐਪਰ ਯੂਸਫ਼ ਨਾ ਮੰਨਿਆ ।ਜ਼ੁਲੈਖ਼ਾ ਨੇ ਦੋਸ਼
ਲਾਕੇ ਯੂਸਫ਼ ਨੂੰ ਕੈਦ ਕਰਵਾ ਦਿੱਤਾ।ਯੂਸਫ਼ ਨੂੰ ਸੁਫ਼ਨਿਆਂ ਦੇ ਠੀਕ ਅਰਥ
ਕੱਢਣੇ ਆਉਂਦੇ ਸਨ ।ਕੈਦ ‘ਚੋਂ ਛੱਡੇ ਜਾਦ ਪਿੱਛੋਂ ਉਹ ਮਿਸਰ ਦਾ ਚੰਗਾ
ਵਜ਼ੀਰ ਤੇ ਫੇਰ ਰਾਜਾ ਬਣਿਆ ।ਭੁਖੇ ਮਰਦੇ ਮੰਗਣ ਆਏ ਆਪਣੇ ਉਨ੍ਹਾਂ
ਭਰਾਵਾਂ ਦੀ ਵੀ ਮਦਦ ਕੀਤੀ ਜੋ ਉਹਨੂੰ ਖੂਹ ਵਿੱਚ ਸੁੱਟ ਗਏ ਸਨ, ਮਵਾਸ=
ਬਾਗ਼ੀਆਂ ਦਾ ਡੇਰਾ, ਜ਼ਿਆਰਤ=ਦੀਦਾਰ, ਜ਼ਿਆਰਤ ਮਰਦ ਕੁੱਫ਼ਾਰਤ ਹੋਣ
ਇਸ਼ਯਾਂ =ਮਰਦਾਂ ਦਾ ਦੀਦਾਰ ਕਰਨ ਨਾਲ ਗੁਨਾਹ ਧੋ ਹੋ ਜਾਂਦੇ ਹਨ, ਜ਼ੁਹਦ=
ਪਰਹੇਜ਼ਗਾਰੀ, ਝੱਬ=ਛੇਤੀ, ਨਜ਼ਰ ਲੈ ਕੇ =ਨਵੇਂ ਲੱਗੇ ਫ਼ੌਜਦਾਰ ਕੋਲ ਨਜ਼ਰਾਨਾ
ਲੈ ਕੇ, ਗਲ ਵਿੱਚ ਪਰਨਾ ਪਾ ਕੇ ਹਾਜ਼ਰ ਹੁੰਦੇ ਸਨ, ਨਜ਼੍ਹਾ=ਮਰਨ ਵੇਲਾ)
ਹੀਰ ਆਖਿਆ ਜਾਇਕੇ ਖੋਲ੍ਹ ਬੁੱਕਲ, ਉਹਦੇ ਵੇਸ ਨੂੰ ਫੂਕ ਵਿਖਾਵਨੀ ਹਾਂ ।
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਪੁਰਜ਼ੇ, ਕਤਲ ਆਸ਼ਕਾਂ ਦੇ ਉੱਤੇ ਧਾਵਨੀ ਹਾਂ ।
ਅੱਗੇ ਚਾਕ ਸੀ ਫ਼ਾਕ ਕਰ ਸਾੜ ਸੁੱਟਾਂ, ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ ।
ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ, ਸਾਰੀ ਸੱਚ ਦੀ ਨਿਸ਼ਾ ਦੇ ਆਵਨੀ ਹਾਂ ।
ਮੋਇਆ ਪਿਆ ਹੈ ਨਾਲ ਫ਼ਿਰਾਕ ਰਾਂਝਾ, ਈਸਾ ਵਾਂਗ ਮੁੜ ਫੇਰ ਜੀਵਾਵਨੀ ਹਾਂ ।
ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾਂ ਵਾਂਗੂੰ, ਅੰਗ ਲਾਇਕੇ ਸਾੜ ਵਿਖਾਵਨੀ ਹਾਂ ।
(ਸਿਕਲ ਚੜ੍ਹਾਉਣਾ=ਚਮਕਾਉਣਾ,ਤੇਜ਼ ਕਰਨਾ, ਨਿਸ਼ਾ=ਯਕੀਨ, ਈਸਾ=ਮਸੀਹ
ਵਾਂਗੂੰ ਦੂਜੀ ਵਾਰ ਜਿਉਂਦਾ ਕਰਦੀ ਹਾਂ, ਪਤੰਗ=ਪਰਵਾਨਾ,ਭੰਬਟ)
ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ, ਵਾਲੀਂ ਇਤਰ ਫਲੇਲ ਮਲਾਂਵਦੀ ਹੈ ।
ਵਲ ਪਾਇਕੇ ਮੀਢੀਆਂ ਖ਼ੂਨੀਆਂ ਨੂੰ, ਗੋਰੇ ਮੁਖ ਤੇ ਜ਼ੁਲਫ਼ ਪਲਮਾਂਵਦੀ ਹੈ ।
ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ ।
ਮਲ ਵਟਣਾ ਹੋਠਾਂ ਤੇ ਲਾ ਸੁਰਖ਼ੀ, ਨਵਾਂ ਲੋੜ੍ਹ ਤੇ ਲੋੜ੍ਹ ਚੜਾਂਵਦੀ ਹੈ ।
ਸਿਰੀਸਾਫ਼ ਸੰਦਾ ਭੋਛਨ ਸੁੰਹਦਾ ਸੀ, ਕੰਨੀਂ ਬੁੱਕ ਬੁੱਕ ਵਾਲੀਆਂ ਪਾਂਵਦੀ ਹੈ ।
ਕੀਮਖ਼ਾਬ ਦੀ ਚੋਲੜੀ ਹਿੱਕ ਪੈਧੀ, ਮਾਂਗ ਚੌਂਕ ਲੈ ਤੋੜ ਵਲਾਂਵਦੀ ਹੈ ।
ਘੱਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ, ਹੀਰ ਸਿਆਲ ਲਟਕਦੀ ਆਂਵਦੀ ਹੈ ।
ਟਿੱਕਾਬੰਦਲੀ ਬਣੀ ਹੈ ਨਾਲ ਲੂਹਲਾਂ, ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ ।
ਹਾਥੀ ਮਸਤ ਛੁੱਟਾ ਛਣਾ ਛਣ ਛਣਕੇ, ਕਤਲ ਆਮ ਖ਼ਲਕਤ ਹੁੰਦੀ ਆਂਵਦੀ ਹੈ ।
ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ, ਕਦੀ ਖੋਲ੍ਹ ਕੇ ਮਾਰ ਮੁਕਾਂਵਦੀ ਹੈ ।
ਘੁੰਡ ਲਾਹ ਕੇ ਲਟਕ ਵਿਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਂਵਦੀ ਹੈ ।
ਵਾਰਿਸ ਮਾਲ ਦੇ ਨੂੰ ਸੱਭਾ ਖੋਲ੍ਹ ਦੌਲਤ, ਵੱਖੋ ਵੱਖ ਕਰ ਚਾਇ ਵਿਖਾਂਵਦੀ ਹੈ ।
ਵਾਰਿਸ ਸ਼ਾਹ ਸ਼ਾਹ ਪਰੀ ਦੀ ਨਜ਼ਰ ਚੜ੍ਹਿਆ, ਖ਼ਲਕਤ ਸੈਫ਼ੀਆਂ ਫੂਕਣੇ ਆਂਵਦੀ ਹੈ ।
(ਤੇਵਰ=ਸੂਟ,ਤਿਉਰ, ਪਲਮਾਂਵਦੀ=ਖਿਲਾਰਦੀ, ਭੋਛਨ=ਪੁਸ਼ਾਕ, ਬੁਕ ਬੁਕ
ਬਾਲੀਆਂ=ਢੇਰ ਸਾਰੀਆਂ ਬਾਲੀਆਂ, ਕੀਮਖ਼ਾਬ=ਇੱਕ ਕਪੜਾ, ਪੈਧੀ=ਪਾਈ,
ਪਹਿਨੀ, ਟਿੱਕਾ ਬਿੰਦਲੀ=ਮੱਥੇ ਦੇ ਗਹਿਣੇ, ਲਟਕ=ਸ਼ਾਨ, ਸੈਫ਼ੀਆਂ ਫੂਕਣ=
ਜਾਦੂ ਕਰਨੇ)
ਰਾਂਝਾ ਵੇਖ ਕੇ ਆਖਦਾ ਪਰੀ ਕੋਈ, ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ ।
ਕੋਈ ਹੂਰ ਕਿ ਮੋਹਣੀ ਇੰਦਰਾਣੀ, ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ ।
ਨੇੜੇ ਆ ਕੇ ਕਾਲਜੇ ਧਾਹ ਗਿਉਸ, ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ ।
ਰਾਂਝਾ ਆਖਦਾ ਅਬਰ ਬਹਾਰ ਆਇਆ, ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ ।
ਹਾਠ ਜੋੜ ਕੇ ਬੱਦਲਾਂ ਹਾਂਝ ਬੱਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ ।
ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ, ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ ।
ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ, ਜੇਹਾ ਪੇਖਣੇ ਦਾ ਕੋਈ ਖ਼ਿਆਲ ਹੋਵੇ ।
ਯਾਰ ਸੋਈ ਮਹਿਬੂਬ ਥੋਂ ਫ਼ਿਦਾ ਹੋਵੇ, ਜੀਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ ।
ਵਾਰਿਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ, ਜੇਹਾ ਗਧੇ ਦੇ ਗਲੇ ਵਿੱਚ ਲਾਲ ਹੋਵੇ ।
(ਬਹਾਰ=ਬਸੰਤ, ਅਬਰ ਬਹਾਰ=ਖ਼ੁਸ਼ੀਆਂ ਦਾ ਮੀਂਹ, ਜੰਗਲਾ ਬੇਲਾ=ਜੰਗਲ
ਬੇਲਾ,ਹਰ ਪਾਸੇ, ਹਾਠ ਜੋੜ=ਘਟਾ ਵਾਂਗੂ ਜੁੜ ਕੇ, ਲੈਲਾਤੁਲ ਕਦਰ=ਨਸੀਬਾਂ
ਵਾਲੀ ਰਾਤ, ਸਿਆਹ ਸ਼ਬ=ਕਾਲੀ ਰਾਤ, ਗਧੇ ਦੇ ਗਲ ਵਿੱਚ ਲਾਲ=ਰਾਂਝਾ
ਫ਼ਕੀਰ ਬਣ ਕੇ ਬਦ ਸੂਰਤ ਲਗਦਾ ਸੀ ।ਹੀਰ ਪੂਰੀ ਬਣ ਠਣ ਕੇ ਆਈ ਸੀ)
ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ, ਰਹਿਆ ਹੋਸ਼ ਨਾ, ਅਕਲ ਥੀਂ ਤਾਕ ਕੀਤਾ ।
ਲੰਕ ਬਾਗ਼ ਦੀ ਪਰੀ ਨੇ ਝਾਕ ਦੇ ਕੇ, ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ ।
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ, ਤੇਰੇ ਇਸ਼ਕ ਨੇ ਮਾਰ ਕੇ ਖ਼ਾਕ ਕੀਤਾ ।
ਮਾਂ ਬਾਪ ਤੇ ਅੰਗ ਭੁਲਾ ਬੈਠੀ, ਅਸਾਂ ਚਾਕ ਨੂੰ ਆਪਣਾ ਸਾਕ ਕੀਤਾ ।
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ, ਸੀਨਾ ਸਾੜ ਕੇ ਬਿਰਹੋਂ ਨੇ ਖ਼ਾਕ ਕੀਤਾ ।
ਵੇਖ ਨਵੀਂ ਨਰੋਈ ਅਮਾਨ ਤੇਰੀ, ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ ।
ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ, ਮਜ਼ੇ ਜ਼ੌਕ ਨੂੰ ਚਾਇ ਤਲਾਕ ਕੀਤਾ ।
ਵਾਰਿਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ, ਕਿਸ ਵਾਸਤੇ ਜੀਊ ਗ਼ਮਨਾਕ ਕੀਤਾ ।
(ਅਕਲ ਥੀਂ ਤਾਕ ਕੀਤਾ=ਹੋਸ਼ ਜਾਂਦੀ ਰਹੀ, ਚਾਕ ਕੀਤਾ=ਚੀਰ ਦਿੱਤਾ,
ਖ਼ਾਕ ਕੀਤਾ=ਮਿੱਟੀ ਵਿੱਚ ਰਲਾ ਦਿੱਤਾ, ਅਮਾਨ=ਅਮਾਨਤ, ਸ਼ਾਹਦ=ਗਵਾਹ,
ਤਲਾਕ ਕੀਤਾ=ਜੁਦਾ ਕੀਤਾ)
ਚੌਧਰਾਈਆਂ ਛੱਡ ਕੇ ਚਾਕ ਬਣੇ, ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ ।
ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ, ਅਲੋਹਾਰੀਆਂ ਦੇ ਹੋਰੋ ਹੋਰ ਹੋਏ ।
ਮਾਂ ਬਾਪ ਇਕਰਾਰ ਕਰ ਕੌਲ ਹਾਰੇ, ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ ।
ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ, ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ ।
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ, ਅਸੀਂ ਆਪਣੇ ਦੇਸ ਦੇ ਚੋਰ ਹੋਏ ।
ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ, ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ ।
(ਅਲੋਹਾਰੀ=ਕੁਆਰੀ ਮੁਟਿਆਰ ਜਿਹੜੀ ਮਰਦ ਦੇ ਛੂਹਣ ਨਾਲ ਬੇਕਰਾਰ
ਵੀ ਹੋਵੇ ਪਰ ਚਾਹੁੰਦੀ ਵੀ ਹੋਵੇ ਕਿ ਉਹ ਉਹਨੂੰ ਛੇੜੇ ਵੀ, ਸਿਹਰ ਨਾਲ ਮੋਰ
ਹੋਏ=ਜਾਦੂ ਨਾਲ ਮੋਰ ਬਣਾ ਦਿੱਤਾ ਹੈ ਅਤੇ ਨੱਚਦੇ ਫਿਰਦੇ ਹਾਂ)
ਮਿਹਤਰ ਨੂਹ ਦਿਆਂ ਬੇਟਿਆਂ ਜ਼ਿੱਦ ਕੀਤੀ, ਡੁਬ ਮੋਏ ਨੇ ਛੱਡ ਮੁਹਾਣਿਆਂ ਨੂੰ ।
ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ, ਸੁਣਿਆ ਹੋਸੀਆ ਯੂਸੁਫ਼ੋਂ ਵਾਣਿਆਂ ਨੂੰ ।
ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ ।
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ, ਛਡ ਚਲਦੀ ਝੰਗ ਸਮਾਣਿਆਂ ਨੂੰ ।
ਖ਼ਾਹਿਸ਼ ਹੱਕ ਦੀ ਕਲਮ ਤਕਦੀਰ ਵੱਗੀ, ਮੋੜੇ ਕੌਣ ਅੱਲਾਹ ਦਿਆਂ ਭਾਣਿਆਂ ਨੂੰ ।
ਕਿਸੇ ਤੱਤੜੇ ਵਖ਼ਤ ਸੀ ਨੇਹੁੰ ਲੱਗਾ, ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਖ ਤੇਰੀ, ਵਲੇਂ ਕਾਸ ਨੂੰ ਏਡ ਵਲਾਣਿਆਂ ਨੂੰ ।
ਗੁੰਗਾ ਨਹੀਂ ਕੁਰਾਨ ਦਾ ਹੋਇ ਹਾਫਿਜ਼, ਅੰਨ੍ਹਾ ਵੇਖਦਾ ਨਹੀਂ ਟਿਟ੍ਹਾਣਿਆਂ ਨੂੰ ।
ਵਾਰਿਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ, ਪਿੱਛਾ ਟੁੱਟਿਆਂ ਅਤੇ ਨਮਾਣਿਆਂ ਨੂੰ ।
(ਮਿਹਤਰ=ਸਰਦਾਰ, ਮੁਹਾਣਿਆਂ=ਜਿਹੜੇ ਨੂਹ ਦੀ ਕਿਸ਼ਤੀ ਵਿੱਚ ਬੈਠੇ ਹੋਏ
ਸਨ, ਵਾਣਾ=ਭੇਸ, ਹਾਬੀਲ, ਖ਼ਾਬੀਲ=ਦੋ ਭਾਈ ਅਪਣੇ ਕੁਤਬ ਭਾਵ ਅਪਣ
ਟਿਕਾਣੇ ਰਹਿੰਦੇ ਪਰ ਦੋਨਾਂ ਭਰਾਵਾਂ ਨੇ ਆਪਣਾ ਅਸੂਲ ਛੱਡ ਦਿੱਤਾ ।ਇੱਕ
ਔਰਤ ਕਾਰਨ ਲੜਣ ਲੱਗੇ ।ਹਜ਼ਰਤ ਆਦਮ ਨੇ ਸ਼ਰਤ ਲਾਈ ਹੋਈ ਸੀ ਕਿ
ਜਿਹਦੀ ਨਿਆਜ਼ ਰੱਬ ਕਬੂਲ ਕਰ ਲਵੇ ਔਰਤ ਉਹਦੀ ਹੋ ਜਾਏਗੀ ।ਰਬ ਨੇ
ਹਾਬੀਲ ਦੀ ਨਿਆਜ਼ ਅਸਮਾਨੀ ਅੱਗ ਨਾਲ ਜਾਲ ਕੇ ਕਬੂਲ ਕਰ ਲਈ, ਇਸ
ਲਈ ਝਗੜਾ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਕਾਬੀਲ ਨੇ ਜ਼ਿਦ ਕੀਤੀ ਅਤੇ
ਕਿਸੇ ਅਸੂਲ ਤੇ ਕਾਇਮ ਨਾ ਰਿਹਾ, ਟਿਟਾਹਣੇ=ਜੁਗਨੂੰ, ਸਾਢੇ ਤਿੰਨ ਹੱਥ ਥਾਂ=
ਕਬਰ ਦੀ ਲੰਬਾਈ, ਪਿੱਛਾ ਟੁੱਟੇ=ਜਿਨ੍ਹਾਂ ਦੀ ਪੁਸ਼ਤ ਪਨਾਹ ਜਾਂ ਪਿੱਛਾ ਪੂਰਨ
ਵਾਲਾ ਨਾ ਹੋਵੇ)
ਤੇਰੇ ਮਾਪਿਆਂ ਸਾਕ ਕੁਥਾਂ ਕੀਤਾ, ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ ।
ਆਪੇ ਰੁਮਕ ਗਈ ਏਂ ਨਾਲ ਖੇੜਿਆਂ ਦੇ, ਸਾਡੀ ਗੱਲ ਗਵਾਈਆ ਹਾਸਿਆਂ ਤੇ ।
ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ, ਆਪ ਹੋਈ ਏਂ ਦਾਬਿਆਂ ਧਾਸਿਆਂ ਤੇ ।
ਸਾਢੇ ਤਿੰਨ ਮਣ ਦਿਹ ਮੈਂ ਫ਼ਿਦਾ ਕੀਤੀ, ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ ।
ਸ਼ਸ਼ ਪੰਜ ਬਾਰਾਂ ਦੱਸਣ ਤਿੰਨ ਕਾਣੇ, ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ ।
ਵਾਰਿਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ।
(ਸਾਢੇ ਤਿੰਨ ਮਨ ਦੇਹ=ਮੋਟਾ ਤਾਜ਼ਾ, ਤੋਲੇ ਮਾਸੇ=ਬਹੁਤ ਕੰਮਜ਼ੋਰ, ਸ਼ਸ਼ ਪੰਜ
ਬਾਰਾਂ=ਛੱਕਾ ਤੇ ਪੌਂ ਬਾਰਾਂ, ਨਕਸ਼=ਲੀਕ,ਨਿਸ਼ਾਨ)
ਜੋ ਕੋ ਏਸ ਜਹਾਨ ਤੇ ਆਦਮੀ ਹੈ, ਰੌਂਦਾ ਮਰੇਗਾ ਉਮਰ ਥੀਂ ਝੂਰਦਾ ਈ ।
ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ ਨਿਭਦੀ, ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ ।
ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ, ਇਜ਼ਰਾਈਲ ਸਿਰੇ ਉੱਤੇ ਘੂਰਦਾ ਈ ।
ਵਾਰਿਸ ਸ਼ਾਹ ਇਸ ਇਸ਼ਕ ਦੇ ਕਰਨਹਾਰਾ, ਵਾਲ ਵਾਲ ਤੇ ਖਾਰ ਖਜੂਰ ਦਾ ਈ ।
(ਨੇਸ਼=ਡੰਗ, ਜ਼ੰਬੂਰ=ਧਮੂੜੀ,ਭਰਿੰਡ, ਖਾਰ=ਕੰਡਾ)
ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ, ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ ।
ਬਹਿਰ ਇਸ਼ਕ ਦਾ ਖ਼ੁਸ਼ਕ ਗ਼ਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ ।
ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ ।
ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ ।
ਹਜ਼ਰਤ ਸੂਰਾ ਇਖ਼ਲਾਸ ਲਿਖ ਦੇਵੋ ਮੈਨੂੰ, ਫਾਲ ਕੁਰ੍ਹਾ ਨਜ਼ੂਮ ਦਾ ਪਾਈਏ ਜੀ ।
ਖੋਲ੍ਹੋ ਫ਼ਾਲ-ਨਾਮਾ ਤੇ ਦੀਵਾਨ ਹਾਫ਼ਿਜ਼, ਵਾਰਿਸ ਸ਼ਾਹ ਥੀਂ ਫ਼ਾਲ ਕਢਾਈਏ ਜੀ ।
(ਸਾਜ਼ ਬਣਾਈਏ=ਘਾੜਤ ਘੜੀਏ, ਬਹਿਰ=ਸਾਗਰ, ਕਸ਼ਾਇਸ਼=ਖੋਲ੍ਹਣਾ,
ਸੂਰਾ ਇਖ਼ਲਾਸ=ਇਹ ਸੂਰਾ ਤਿੰਨ ਬਾਰੀ ਪੜ੍ਹਨ ਤੇ ਸਾਰੀ ਕੁਰਾਨ ਦਾ ਸਵਾਬ
ਮਿਲਦਾ ਹੈ ਅਤੇ ਈਮਾਨ ਤਾਜ਼ਾ ਰਹਿੰਦਾ ਹੈ, ਫ਼ਾਲ=ਸ਼ਗਨ, ਦੀਵਾਨ ਹਾਫਿਜ਼=
ਦੀਵਾਨ ਹਾਫ਼ਿਜ਼ ਖੋਲ੍ਹ ਕੇ ਵੀ ਫ਼ਾਲ ਕੱਢਿਆ ਜਾਂਦਾ ਹੈ)
ਅੱਵਲ ਪੈਰ ਪਕੜੇ ਇਅਤਕਾਦ ਕਰਕੇ, ਫੇਰ ਨਾਲ ਕਲੇਜੇ ਦੇ ਲੱਗ ਗਈ ।
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ, ਵੇਖੋ ਜਲ ਪਤੰਗ ਤੇ ਅੱਗ ਗਈ ।
ਕਿਹੀ ਲਗ ਗਈ ਚਿਣਗ ਜੱਗ ਗਈ, ਖ਼ਬਰ ਜੱਗ ਗਈ ਵੱਜ ਧਰੱਗ ਗਈ ।
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ, ਮੂੰਹ ਲਗਦਿਆਂ ਯਾਰ ਨੂੰ ਠੱਗ ਗਈ ।
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ, ਦੁਆ ਕਿਸੇ ਫ਼ਕੀਰ ਦੀ ਵੱਗ ਗਈ ।
ਅੱਗੇ ਧੂੰਆਂ ਧੁਖੇਂਦੜਾ ਜੋਗੀੜੇ ਦਾ, ਉਤੋਂ ਫੂਕ ਕੇ ਝੁੱਗੜੇ ਅੱਗ ਗਈ ।
ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਇਆ, ਗੱਲ ਆਮ ਮਸ਼ਹੂਰ ਹੋ ਜੱਗ ਗਈ ।
ਵਾਰਿਸ ਤਰੁਟਿਆਂ ਨੂੰ ਰਬ ਮੇਲਦਾ ਏ, ਵੇਖੋ ਕਮਲੜੇ ਨੂੰ ਪਰੀ ਲੱਗ ਗਈ ।
(ਇਅਤਕਾਦ=ਯਕੀਨ, ਵੱਜ ਧਰਗ ਗਈ=ਨਗਾਰਾ ਵਜ ਗਿਆ, ਠਗਾਂ ਦੀ
ਰਿਉੜੀ=ਨਸ਼ੇ ਵਾਲੀ ਰਿਉੜੀ, ਤਰੁਟਿਆਂ=ਜੁਦਾ ਹੋਇਆਂ,ਵਿਛੁੜਿਆਂ)
ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ, ਆਖੇ ਸਹਿਤੀਏ ਮਤਾ ਪਕਾਈਏ ਨੀ ।
ਠੂਠਾ ਭੰਨ ਫ਼ਕੀਰ ਨੂੰ ਕੱਢਿਆ ਸੀ, ਕਿਵੇਂ ਓਸ ਨੂੰ ਖ਼ੈਰ ਭੀ ਪਾਈਏ ਨੀ ।
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨੀ ।
ਮੇਰੇ ਵਾਸਤੇ ਓਸ ਨੇ ਲਏ ਤਰਲੇ, ਕਿਵੇਂ ਓਸ ਦੀ ਆਸ ਪੁਜਾਈਏ ਨੀ ।
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਢਾਈਏ ਨੀ ।
ਰਾਂਝਾ ਕੰਨ ਪੜਾ ਫ਼ਕੀਰ ਹੋਇਆ, ਸਿਰ ਓਸ ਦੇ ਵਾਰੀ ਚੜ੍ਹਾਈਏ ਨੀ ।
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ, ਕਿਵੇਂ ਸਹਿਤੀਏ ਡੌਲ ਬਣਾਈਏ ਨੀ ।
ਹੋਇਆ ਮੇਲ ਜਾਂ ਚਿਰੀਂ ਵਿਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨੀ ।
ਜੀਊ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਓਸ ਨੂੰ ਠੰਢ ਪਵਾਈਏ ਨੀ ।
ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ, ਮਜ਼ੇ ਖ਼ੂਬੀਆਂ ਨਾਲ ਹੰਢਾਈਏ ਨੀ ।
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ, ਕੋਈ ਆਉ ਖਾਂ ਮਕਰ ਫੈਲਾਈਏ ਨੀ ।
ਬਾਗ਼ ਜਾਂਦੀਆਂ ਅਸੀਂ ਨਾ ਸੁੰਹਦੀਆਂ ਹਾਂ, ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ ।
ਗਲ ਘੱਤ ਪੱਲਾ ਮੂੰਹ ਘਾਹ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨੀ ।
ਵਾਰਿਸ ਸ਼ਾਹ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ ।
(ਵਾਰੀ ਚੜ੍ਹਾਈਏ=ਖੇਲ ਕੇ ਬਾਜ਼ੀ ਚੜ੍ਹਾਈਏ,ਉਹਦੇ ਸਿਰ ਅਹਿਸਾਨ ਕਰੀਏ,
ਡੌਲ=ਤਰੀਕਾ, ਪੀਰ ਮਨਾਈਏ=ਤਿੰਨੇ ਗੱਲਾਂ ਸੁਲਾਹ ਕਰਨ ਵਾਲੀਆਂ ਹਨ:
ਗਲ ਵਿੱਚ ਪੱਲਾ ਪਾਉਣਾ, ਮੂੰਹ ਵਿੱਚ ਘਾਹ ਲੈਣਾ, ਪੈਰੀਂ ਲੱਗਣਾ)
ਅੱਗੋਂ ਰਾਇਬਾਂ ਸੈਰਫ਼ਾਂ ਬੋਲੀਆਂ ਨੇ, ਕੇਹਾ ਭਾਬੀਏ ਨੀ ਮੱਥਾ ਖੇੜਿਆ ਈ ।
ਭਾਬੀ ਆਖ ਕੀ ਲਧੀਉ ਟਹਿਕ ਆਈਏਂ, ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ ।
ਮੋਈ ਗਈ ਸੈਂ ਜਿਉਂਦੀ ਆ ਵੜੀਏਂ, ਸੱਚ ਆਖ ਕੀ ਸਹਿਜ ਸਹੇੜਿਆ ਈ ।
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ, ਸਭੋ ਸੁਖ ਤੇ ਦੁਖ ਨਿਬੇੜਿਆ ਈ ।
ਨੈਣ ਸ਼ੋਖ ਹੋਏ ਰੰਗ ਚਮਕ ਆਇਆ, ਕੋਈ ਜ਼ੋਬਨੇ ਦਾ ਖੂਹ ਗੇੜਿਆ ਈ ।
ਆਸ਼ਕ ਮਸਤ ਹਾਥੀ ਭਾਵੇਂ ਬਾਗ਼ ਵਾਲਾ, ਤੇਰੀ ਸੰਗਲੀ ਨਾਲ ਖਹੇੜਿਆ ਈ ।
ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ, ਹੱਕ ਚਾਬਕ ਅਸਵਾਰ ਨੇ ਫੇਰਿਆ ਈ ।
ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ, ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ ।
(ਰਾਇਬਾਂ,ਸੈਰਫ਼ਾਂ=ਵੇਖਣ ਪਰਖਣ ਵਾਲੀਆਂ ਗੁਆਂਢੀ ਔਰਤਾਂ, ਕਨੌਤੀਆਂ=ਕੰਨ,
ਲਧੀਉ=ਲਭਿਉ)
ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ, ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ ।
ਕਿਸੇ ਅੰਬ ਤੇਰੇ ਅੱਜ ਚੂਪ ਲਏ, ਤਿਲ ਪੀੜ ਕਢੇ ਜਿਵੇਂ ਤੇਲੀਆਂ ਨੀ ।
ਤੇਰਾ ਕਿਸੇ ਨਢੇ ਨਾਲ ਮੇਲ ਹੋਇਆ, ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ ।
ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਗ਼ ਦਿੱਸਣ, ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ ।
ਅੱਜ ਨਹੀਂ ਇਆਲੀਆਂ ਖ਼ਬਰ ਲੱਧੀ, ਬਘਿਆੜਾਂ ਨੇ ਰੋਲੀਆਂ ਛੇਲੀਆਂ ਨੀ ।
ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ, ਹਾਥੀਵਾਨਾਂ ਨੇ ਹਥਣੀਆਂ ਪੇਲੀਆਂ ਨੀ ।
ਛੁੱਟਾ ਝਾਂਜਰਾਂ ਬਾਗ਼ ਦੇ ਸੁਫ਼ੇ ਵਿੱਚੋਂ, ਗਾਹ ਕੱਢੀਆਂ ਸਭ ਹਵੇਲੀਆਂ ਨੀ ।
ਥੱਕ ਹੁੱਟ ਕੇ ਘਰਕਦੀ ਆਣ ਪਈਏਂ, ਵਾਰਿਸ ਮੁੱਠੀਆਂ ਭਰਨ ਸਹੇਲੀਆਂ ਨੀ ।
(ਡੁੱਕਾਂ=ਹਥੇਲੀਆਂ, ਟੇਲੀਆਂ=ਘਿਸਰੀਆਂ, ਛੇਲੀ=ਬਕਰੀ ਦੀ ਬੱਚੀ,ਮੇਮਨੀ,
ਸੁਫ਼ੇ=ਦਾਲਾਨ, ਗਾਹ ਕਢੀਆਂ=ਗਾਹ ਦਿੱਤੀਆਂ)
ਸਭੋ ਮਲ ਦਲ ਸੁਟੀਏਂ ਵਾਂਗ ਫੁੱਲਾਂ, ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ ।
ਕਿਸੇ ਜ਼ੋਮ ਭਰੇ ਫੜ ਨੱਪੀਏਂ ਤੂੰ, ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੇ ।
ਵੀਰਾਂ ਵਹੁਟੀਆਂ ਦਾ ਖੁੱਲ੍ਹਾ ਅੱਜ ਬਾਰਾ, ਕੌਂਤਾਂ ਰਾਵੀਆਂ ਢਾਹ ਕੇ ਮੇਲੀਆਂ ਨੇ ।
ਕਿਸੇ ਲਈ ਉੁਸ਼ਨਾਕ ਨੇ ਜਿਤ ਬਾਜ਼ੀ, ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ ।
ਸੂਬਾਦਾਰ ਨੇ ਕਿਲੇ ਨੂੰ ਢੋ ਤੋਪਾਂ, ਕਰਕੇ ਜ਼ੇਰ ਸਭ ਰਈਅਤਾਂ ਮੇਲੀਆਂ ਨੇ ।
(ਜ਼ੋਮ=ਜੋਸ਼, ਤ੍ਰੇਲੀ=ਪਸੀਨਾ, ਵੀਰ ਵਹੁਟੀ=ਬੀਰ ਬਹੁਟੀ,ਚੀਚ ਵਹੁਟੀ,
ਬਾਰਾ ਖੁਲ੍ਹਣਾ=ਮੁਸ਼ਕਲ ਸੌਖੀ ਹੋਣੀ, ਜ਼ੇਰ=ਅਪਣੇ ਥੱਲੇ ਕਰਕੇ)
ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਕਿਚਰਕ ਦੌਲਤਾਂ ਰਹਿਣ ਛੁਪਾਈਆਂ ਨੇ ।
ਅੱਜ ਭਾਵੇਂ ਤਾਂ ਬਾਗ਼ ਵਿੱਚ ਈਦ ਹੋਈ, ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ ।
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਜਮ ਜਮ ਜਾਣ ਬਾਗ਼ੀਂ ਭਰਜਾਈਆਂ ਨੇ ।
ਵਸੇ ਬਾਗ਼ ਜੁੱਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫ਼ਕੀਰ ਮਲਾਈਆਂ ਨੇ ।
ਖ਼ਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ ।
ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ ।
ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ, ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ ।
ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ, ਭਰ ਭਰ ਪਾਉਂਦੇ ਰਹੇ ਸਲਾਈਆਂ ਨੇ ।
ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ, ਜੀਊ ਆਈਆਂ ਭਾਬੀਆਂ ਆਈਆਂ ਨੇ ।
ਵਾਰਿਸ ਸ਼ਾਹ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖ਼ੁਸ਼ੀ ਕੀਤੀ ਮੁਰਗ਼ਾਈਆਂ ਨੇ ।
(ਕਿਚਰਕ=ਕਿੰਨੀ ਦੇਰ ਤੱਕ, ਪੁੰਨੀ=ਪੁੱਗੀ, ਖ਼ਾਕ ਤੋਦੇ=ਮਿੱਟੀ ਦੇ ਧੈੜੇ,
ਛੈਲੇ=ਛੈਲਾ ਦਾ ਬਹੁ-ਵਚਨ,ਗਭਰੂ, ਆਬਦਾਰੀ=ਚਮਕ, ਜੀਊ ਆਈਆਂ=
ਮਨਪਸੰਦ)
ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਉਸ਼ਨਾਕ ਨੇ ਲੁੱਟ ਲਏ ।
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ, ਨਾਫੇ ਮੁਸ਼ਕ ਵਾਲੇ ਦੋਵੇਂ ਪੁਟ ਲਏ ।
ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈਂ, ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਵਿੱਚੇ ਫੁੱਲ ਗੁਲਾਬ ਦੇ ਘੁਟ ਲਏ ।
ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ, ਬੰਦ ਬੰਦ ਕਮਾਨ ਦੇ ਤਰੁਟ ਗਏ ।
ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ, ਇਤਰ ਕੱਢ ਕੇ ਫੋਗ ਨੂੰ ਸੱਟ ਗਏ ।
(ਨਾਫਾ=ਧੁੰਨੀ, ਮੁਸ਼ਕ=ਕਸਤੂਰੀ, ਚੁਟ=ਚੁੰਡ, ਕਸ਼ੀਸ਼=ਖਿਚ,ਕਸ਼ਿਸ਼,
ਫੋਗ=ਖ਼ੁਸ਼ਕ ਗੁੱਦਾ)
ਤੇਰੀ ਗਾਧੀ ਨੂੰ ਅੱਜ ਕਿਸੇ ਧੱਕਿਆ ਈ, ਕਿਸੇ ਅੱਜ ਤੇਰਾ ਖੂਹਾ ਗੇੜਿਆ ਈ ।
ਲਾਇਆ ਰੰਗ ਨਿਸੰਗ ਮਲੰਗ ਭਾਵੇਂ, ਅੱਗ ਨਾਲ ਤੇਰੇ ਅੰਗ ਭੇੜਿਆ ਈ ।
ਲਾਹ ਚੱਪਣੀ ਦੁੱਧ ਦੀ ਦੇਗਚੀ ਦੀ, ਕਿਸੇ ਅੱਜ ਮਲਾਈ ਨੂੰ ਛੇੜਿਆ ਈ ।
ਸੁਰਮੇਦਾਨੀ ਦਾ ਲਾਹ ਬਰੋਚਨਾ ਨੀ, ਸੁਰਮੇ ਸੁਰਮਚੂ ਕਿਸੇ ਲਿਬੇੜਿਆ ਈ ।
ਵਾਰਿਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ, ਇੱਕੇ ਨਵਾਂ ਹੀ ਕੋਈ ਸਹੇੜਿਆ ਈ ।
(ਨਿਸੰਗ=ਬਿਨਾ ਸੰਗ ਦੇ, ਮਲੰਗ=ਫੱਕਰ, ਦੇਗਚੀ=ਪਤੀਲੀ, ਬਰੋਚਨਾ=ਢੱਕਣ)
ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ, ਜਿਵੇਂ ਨਦੀ ਦਾ ਨੀਰ ਉੱਛੱਲਿਆ ਈ ।
ਤੇਰੀ ਚੋਲੀ ਦੀਆਂ ਢਿੱਲੀਆਂ ਹੈਣ ਤਣੀਆਂ, ਤੈਨੂੰ ਕਿਸੇ ਮਹਿਬੂਬ ਪਥੱਲਿਆ ਈ ।
ਕੁਫ਼ਲ ਜੰਦਰੇ ਤੋੜ ਕੇ ਚੋਰ ਵੜਿਆ, ਅੱਜ ਬੀੜਾ ਕਸਤੂਰੀ ਦਾ ਹੱਲਿਆ ਈ ।
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ, ਬੋਕਬੰਦ ਦੋ-ਚੰਦ ਹੋ ਚੱਲਿਆ ਈ ।
ਸੁਰਖ਼ੀ ਹੋਠਾਂ ਦੀ ਕਿਸੇ ਨੇ ਚੂਪ ਲਈ, ਅੰਬ ਸੱਖਣਾਂ ਮੋੜ ਕੇ ਘੱਲਿਆ ਈ ।
ਕਸਤੂਰੀ ਦੇ ਮਿਰਗ ਜਿਸ ਢਾਹ ਲਏ, ਕੋਈ ਵੱਡਾ ਹੇੜੀ ਆ ਮਿਲਿਆ ਈ ।
(ਕੁਫ਼ਲ=ਜਿੰਦਰਾ, ਬੀੜਾ=ਢੱਕਣ, ਬੋਕਬੰਦ=ਗਿਲਾਫ਼, ਸੱਖਣਾਂ=ਖ਼ਾਲੀ,
ਹੇੜੀ=ਸ਼ਿਕਾਰੀ)
ਤੇਰੇ ਸਿਆਹ ਤਤੋਲੜੇ ਕੱਜਲੇ ਦੇ, ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ ।
ਤੇਰੇ ਫੁਲ ਗੁਲਾਬ ਦੇ ਲਾਲ ਹੋਏ, ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏ ।
ਤੇਰੇ ਖਾਂਚੇ ਇਹ ਸ਼ੱਕਰ ਪਾਰਿਆਂ ਦੇ, ਹੱਥ ਮਾਰ ਕੇ ਭੁੱਖਿਆਂ ਲੁੰਮ ਲਏ ।
ਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ, ਚੱਲੇ ਝਾੜ ਬੂਟੇ ਕਿਤੇ ਗੁੰਮ ਗਏ ।
ਵੱਡੇ ਵਣਜ ਹੋਏ ਅੱਜ ਜੋਬਨਾਂ ਦੇ, ਕੋਈ ਨਵੇਂ ਵਣਜਾਰੇ ਘੁੰਮ ਗਏ ।
ਕੋਈ ਧੋਬੀ ਵਲਾਇਤੋਂ ਆ ਲੱਥਾ, ਸਰੀ ਸਾਫ਼ ਦੇ ਥਾਨ ਚੜ੍ਹ ਖੁੰਮ ਗਏ ।
ਤੇਰੀ ਚੋਲੀ ਵਲੂੰਧਰੀ ਸਣੇ ਸੀਨੇ, ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਮ ਗਏ ।
ਖੇੜੇ ਕਾਬਲੀ ਕੁੱਤਿਆਂ ਵਾਂਗ ਏਥੇ, ਵਢਵਾਇ ਕੇ ਕੰਨ ਤੇ ਦੁੰਮ ਗਏ ।
ਵਾਰਿਸ ਸ਼ਾਹ ਅਚੰਬੜਾ ਨਵਾਂ ਹੋਇਆ, ਸੁੱਤੇ ਪਾਹਰੂ ਨੂੰ ਚੋਰ ਟੁੰਮ ਗਏ ।
(ਤਤੋਲੜੇ=ਆਪ ਬਣਾਇਆ ਤਿਲ, ਖਾਂਚੇ=ਮਠਿਆਈਆ ਵੇਚਣ ਵਾਲੇ
ਦੁਕਾਨਦਾਰਾਂ ਦੇ ਵੱਡੇ ਥਾਲ,ਲੁੰਮ ਲਏ=ਝਪਟੀ ਮਾਰ ਕੇ ਖੋਹ ਲਏ, ਦੁੰਮ=
ਪੂਛ, ਅਚੰਭੜਾ=ਅਚੰਬਾ, ਪਾਹਰੂ=ਪਹਿਰੇਦਾਰ)
ਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ, ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ ।
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ, ਇਹ ਤਾਂ ਕੰਮ ਹੋਇਆ ਹਿਲਜੁੱਲ ਦਾ ਨੀ ।
ਤੇਰਾ ਲੱਕ ਕਿਸੇ ਪਾਇਮਾਲ ਕੀਤਾ, ਢੱਗਾ ਜੋਤਰੇ ਜਿਵੇਂ ਹੈ ਘੁੱਲਦਾ ਨੀ ।
ਵਾਰਿਸ ਸ਼ਾਹ ਮੀਆਂ ਇਹ ਦੁਆ ਮੰਗੋ, ਖੁੱਲ੍ਹ ਜਾਏ ਬਾਰਾ ਅੱਜ ਕੁੱਲ ਦਾ ਨੀ ।
(ਤੋਰੀ ਦੇ ਫੁਲ ਦਾ=ਪੀਲਾ, ਪਾਇਮਾਲ=ਪੈਰਾਂ ਥੱਲੇ ਮਿੱਧਿਆ, ਬਾਰਾ ਖੁਲ੍ਹ
ਜਾਏ=ਕੰਮ ਬਣ ਜਾਵੇ, ਕੁੱਲ=ਸਾਰਿਆਂ ਦਾ)
ਪਰਨੇਹਾਂ ਦਾ ਮੈਨੂੰ ਅਸਰ ਹੋਇਆ, ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ ।
ਛਾਪਾਂ ਖੁੱਭ ਗਈਆਂ ਗੱਲ੍ਹਾਂ ਮੇਰੀਆਂ ਤੇ, ਦਾਗ਼ ਲਾਲ ਪਏ ਏਸੇ ਵਾਸਤੇ ਨੀ ।
ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ, ਤਾਣੀਆਂ ਢਿੱਲੀਆਂ ਨੇ ਏਸੇ ਵਾਸਤੇ ਨੀ ।
ਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ, ਘੁਲ ਗਏ ਤਤੋਲੜੇ ਪਾਸਤੇ ਨੀ ।
ਮੂਧੀ ਪਈ ਬਨੇਰੇ ਤੇ ਵੇਖਦੀ ਸਾਂ, ਪੇਡੂ ਲਾਲ ਹੋਏ ਏਸੇ ਵਾਸਤੇ ਨੀ ।
ਸੁਰਖਖ਼ੀ ਹੋਠਾਂ ਦੀ ਆਪ ਮੈਂ ਚੂਪ ਲਈ, ਰੰਗ ਉਡ ਗਿਆ ਏਸੇ ਵਾਸਤੇ ਨੀ ।
ਕੱਟਾ ਘੁਟਿਆ ਵਿੱਚ ਗਲਵੱਕੜੀ ਦੇ, ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ ।
ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ, ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ ।
ਹੋਰ ਪੁਛ ਵਾਰਿਸ ਮੈਂ ਗ਼ਰੀਬਣੀ ਨੂੰ, ਕੀ ਆਖਦੇ ਲੋਕ ਮੁਹਾਸਤੇ ਨੀ ।
(ਪਰਨੇਹਾਂ=ਪੀਲੀਆ, ਯਰਕਾਨ, ਜ਼ਰਦ=ਪੀਲਾ, ਛਾਪਾਂ=ਮੁੰਦੀਆਂ,
ਰੁੰਨੀ=ਰੋਈ, ਪੇਡੂ=ਧੁੰਨੀ ਤੋਂ ਥੱਲੇ ਦਾ ਢਿਡ)
ਭਾਬੀ ਅੱਖੀਆਂ ਦੇ ਰੰਗ ਰੱਤ ਵੰਨੇ, ਤੈਨੂੰ ਹੁਸਨ ਚੜ੍ਹਿਆ ਅਨਿਆਉਂ ਦਾ ਨੀ ।
ਅੱਜ ਧਿਆਨ ਤੇਰਾ ਆਸਮਾਨ ਉੱਤੇ, ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ ।
ਤੇਰੇ ਸੁਰਮੇ ਦੀਆਂ ਧਾਰੀਆਂ ਦੌੜ ਰਹੀਆਂ, ਜਿਵੇਂ ਕਾਟਕੂ ਮਾਲ ਤੇ ਧਾਉਂਦਾ ਨੀ ।
ਰਾਜਪੂਤ ਮੈਦਾਨ ਵਿੱਚ ਲੜਣ ਤੇਗ਼ਾਂ, ਅੱਗੇ ਢਾਡੀਆਂ ਦਾ ਪੁੱਤ ਗਾਉਂਦਾ ਨੀ ।
ਰੁਖ ਹੋਰ ਦਾ ਹੋਰ ਹੈ ਅੱਜ ਵਾਰਿਸ, ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ ।
(ਕਾਟਕੂ=ਧਾੜਵੀ)
ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਇਆ, ਅੱਜ ਕੰਮ ਤੇ ਜੀਊ ਨਾ ਲਗਦਾ ਨੀ ।
ਭੁੱਲੀ ਵਿਸਰੀ ਬੂਟੀ ਉਲੰਘ ਆਈ, ਇੱਕੇ ਪਿਆ ਭੁਲਾਵੜਾ ਠੱਗ ਦਾ ਨੀ ।
ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ, ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ ।
ਅੱਜ ਯਾਦ ਆਏ ਮੈਨੂੰ ਸੇਈ ਸੱਜਣ, ਜੈਂਦਾ ਮਗਰ ਉਲਾਂਭੜਾ ਜੱਗ ਦਾ ਨੀ ।
ਖੁਲ੍ਹ ਖੁਲ੍ਹ ਜਾਂਦੇ ਬੰਦ ਚੋਲੜੀ ਦੇ, ਅੱਜ ਗਲੇ ਮੇਰੇ ਕੋਈ ਲੱਗਦਾ ਨੀ ।
ਘਰ ਬਾਰ ਵਿੱਚੋਂ ਡਰਨ ਆਂਵਦਾ ਹੈ, ਜਿਵੇਂ ਕਿਸੇ ਤਤਾਰਚਾ ਵੱਗਦਾ ਨੀ ।
ਇੱਕੇ ਜੋਬਨੇ ਦੀ ਨਈਂ ਨੇ ਠਾਠ ਦਿੱਤੀ, ਬੂੰਬਾ ਆਂਵਦਾ ਪਾਣੀ ਤੇ ਝੱਗਦਾ ਨੀ ।
ਵਾਰਿਸ ਸ਼ਾਹ ਬੁਲਾਉ ਨਾ ਮੂਲ ਮੈਨੂੰ, ਸਾਨੂੰ ਭਲਾ ਨਾਹੀਂ ਕੋਈ ਲੱਗਦਾ ਨੀ ।
(ਤਿਉਰ ਲਾਲ=ਲਾਲ ਰੰਗ ਦੇ ਸੂਟ, ਉਲੰਬੜਾ=ਲਾਟ, ਉਲਾਂਭੜਾ=ਮਿਹਣਾ,
ਤਤਾਰਚਾ=ਬਰਛੀ, ਬੂੰਬਾ=ਫੁਹਾਰਾ)
ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ, ਚੋਰ ਯਾਰ ਫੜੇ ਗੁਨਾਹਗਾਰੀਆਂ ਨੂੰ ।
ਭਾਬੀ ਅੱਜ ਤੇਰੀ ਗੱਲ ਉਹ ਬਣੀ, ਦੁੱਧ ਹੱਥ ਲੱਗਾ ਦੁਧਾਧਾਰੀਆਂ ਨੂੰ ।
ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ਤ ਬਣਦੇ, ਵਾਢ ਮਿਲੀ ਹੈ ਜਿਵੇਂ ਕਟਾਰੀਆਂ ਨੂੰ ।
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ।
ਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ, ਹਨੂਮਾਨ ਜਿਉਂ ਲੰਕ ਅਟਾਰੀਆਂ ਨੂੰ ।
ਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ, ਜਿਵੇਂ ਕਸਤੂਰੀ ਦਾ ਭਾਅ ਵਪਾਰੀਆਂ ਨੂੰ ।
ਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ, ਕਿਸੇ ਤੋਲਿਆ ਲੌਂਗ ਸੁਪਾਰੀਆਂ ਨੂੰ ।
ਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ, ਅਜ ਲੈ ਬੈਠੇ ਸਰਦਾਰੀਆਂ ਨੂੰ ।
ਅੱਜ ਸਿਕਦਿਆਂ ਕਵਾਰੀਆਂ ਕਰਮ ਖੁਲ੍ਹੇ, ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰ ।
ਚੂੜੇ ਬੀੜੇ ਤੇ ਚੌੜ ਸ਼ਿੰਗਾਰ ਹੋਏ, ਠੋਕਰ ਲਗ ਗਈ ਮਨਿਆਰੀਆਂ ਨੂੰ ।
ਵਾਰਿਸ ਸ਼ਾਹ ਜਿਨ੍ਹਾਂ ਮਲੇ ਇਤਰ ਸ਼ੀਸ਼ੇ, ਉਹਨਾਂ ਕੀ ਕਰਨਾ ਫ਼ੌਜਦਾਰੀਆਂ ਨੂੰ ।
(ਦੁਧਾ ਧਾਰੀ=ਜਿਹੜੇ ਕੇਵਲ ਦੁੱਧ ਹੀ ਪੀਂਦੇ ਹਨ, ਵਾਢ=ਕੱਟਣ ਦੀ ਸ਼ਖ਼ਤੀ,
ਅੱਜ ਮਿਲੀ .. ਕੰਧਾਰੀਆਂ ਨੂੰ=ਨਾਦਰ ਸ਼ਾਹ 1739 ਈ ਦੇ ਹਮਲੇ ਵਿੱਚ
ਕੋਹਨੂਰ ਹੀਰਾ ਅਤੇ ਤਖ਼ਤ ਤਾਊਸ ਲੁਟ ਕੇ ਕੰਧਾਰ ਲੈ ਗਿਆ ਸੀ, ਦਿੱਲੀ
ਵੀ ਪੰਜਾਬ ਵਿੱਚ ਸ਼ਾਮਲ ਸੀ, ਸੁਆਹ ਲਟੇਂਦੇ=ਮੰਦੇ ਹਾਲੀਂ ਸਨ, ਸਿਕਦਿਆਂ=
ਤਰਸਦਿਆਂ)
ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ, ਖ਼ੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ ।
ਭੱਈਆਂ ਪਿੱਟੜੀ ਕਦੋਂ ਮੈਂ ਗਈ ਕਿਧਰੇ, ਕਿਉ ਰਵਾਇਆ ਜੇ ਮੁਣਸ ਖਾਂਦੜੀ ਨੂੰ ।
ਛੱਜ ਛਾਣਨੀ ਘੱਤ ਉਡਾਇਆ ਜੇ, ਮਾਪੇ ਪਿੱਟੜੀ ਤੇ ਲੁੜ੍ਹ ਜਾਂਦੜੀ ਨੂੰ ।
ਵਾਰਿਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ, ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ ।
(ਛਿੰਜ ਘੱਤੀ=ਰੌਲਾ ਪਾਇਆ, ਛਜ ਛਾਣਨੀ ਘਤ ਉਡਾਇਆ=ਬਹੁਤ
ਬਦਨਾਮੀ ਕੀਤੀ)
ਕਿਸੇ ਹੋ ਬੇਦਰਦ ਲਗਾਮ ਦਿੱਤੀ, ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ ।
ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ, ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੇ ।
ਸਿਆਹ ਕਾਲਾ ਹੋਠਾਂ ਤੇ ਲਹੂ ਲੱਗਾ, ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ ।
ਵਾਰਿਸ ਸ਼ਾਹ ਮੀਆਂ ਹੋਣੀ ਹੋ ਰਹੀ, ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ ।
(ਮੈਦਾਨ ਦਿੱਤਾ=ਅੱਗੇ ਵਧਣ ਦਾ ਮੌਕਾ ਦਿੱਤਾ, ਨੀਲੀ=ਨੀਲੀ ਘੋੜੀ,
ਠੋਕਰਾਂ=ਅੱਡੀ ਲਾਈ)
ਲੁੜ੍ਹ ਗਈ ਜੇ ਮੈਂ ਧਰਤ ਪਾਟ ਚੱਲੀ, ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ ।
ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ, ਬੇਦਰਦ ਤੇ ਅੰਤ ਬੇਗਾਨੀਆਂ ਨੇ ।
ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ, ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੇ ।
ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ, ਟੇਢੀ ਚਾਲ ਚੱਲਣ ਮਸਤਾਨੀਆਂ ਨੇ ।
(ਚੋਚੇ=ਊਜ, ਉਦਮਾਦ=ਨਸ਼ਾ)
ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ, ਜਿਹੜੇ ਮੂੰਗ ਤੇ ਚਣੇ ਖਿਡਾਵਨੀ ਹੈਂ ।
ਆਪ ਖੇਡੇ ਹੈਂ ਤੂੰ ਗੁਹਤਾਲ ਚਾਲੇ, ਸਾਨੂੰ ਹਸਤੀਆਂ ਚਾਇ ਬਣਾਵਨੀ ਹੈ ।
ਚੀਚੋਚੀਚ ਕੰਧੋਲੀਆਂ ਆਪ ਖੇਡੇਂ, ਅੱਡੀ ਟਾਪਿਆਂ ਨਾਲ ਵਿਲਾਵਨੀ ਹੈਂ ।
ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ, ਮਾਲ ਖੇੜਿਆਂ ਦਾ ਲੁਟਵਾਵਨੀ ਹੈਂ ।
(ਮੂੰਗ ਤੇ ਚਣੇ ਖਿਡਾਉਣੇ=ਕਹਾਣੀ ਦੱਸੀ ਜਾਂਦੀ ਹੈ ਕਿ ਮਹਾਨ ਫਾਰਸੀ
ਕਵੀ ਸ਼ੇਖ ਸਾਅਦੀ ਨੇ ਔਰਤਾਂ ਦੇ ਮਕਰ ਤੋਂ ਤੰਗ ਆ ਕੇ ਇੱਕ ਨਿੱਕੀ
ਬੱਚੀ ਨੂੰ ਆਪਣੀ ਨਿਗਰਾਨੀ ਵਿੱਚ ਪਾਲਿਆ ।ਲੜਕੀ ਮੁਟਿਆਰ ਹੋ
ਗਈ ।ਸ਼ੈਖ਼ ਆਪ ਬਾਹਰ ਜਾਣ ਵੇਲੇ ਉਹਨੂੰ ਘਰ ਵਿੱਚ ਬੰਦ ਕਰਕੇ
ਕਾਰੇ ਲਾਉਣ ਲਈ ਮੂੰਗ, ਚਣੇ ਅਤੇ ਚੌਲ ਰਲਾ ਕੇ ਦੇ ਦਿੰਦਾ ਅਤੇ
ਲੜਕੀ ਨੂੰ ਤਿੰਨੇ ਵਸਤਾਂ ਚੁਗ ਕੇ ਵੱਖ ਵੱਖ ਕਰਨ ਲਈ ਆਖਦਾ ।
ਤਿਕਾਲਾਂ ਨੂੰ ਉਹ ਜੁਦਾ ਭਾਂਡਿਆਂ ਵਿੱਚ ਉਨ੍ਹਾਂ ਨੂੰ ਰਿੰਨ੍ਹ ਲੈਂਦੇ।ਕਿੰਨੀ
ਦੇਰ ਇਹ ਕੰਮ ਚਲਦਾ ਰਿਹਾ ।ਫਿਰ ਉਸ ਲੜਕੀ ਦੀ ਕਿਸੇ ਆਪਣੇ
ਹਾਣੀ ਨਾਲ ਗੱਲਬਾਤ ਹੋ ਗਈ ।ਮੁੰਡਾ ਕੰਧ ਟੱਪ ਕੇ ਘਰ ਅੰਦਰ ਆ
ਜਾਂਦਾ ।ਦੋਵੇਂ ਮੌਜਾਂ ਕਰਦੇ ਅਤੇ ਫਿਰ ਮੂੰਗ, ਚੌਲ ਵੱਖਰੇ ਕਰਦੇ ।ਇੱਕ
ਦਿਨ ਉਹ ਆਪੋ ਵਿੱਚ ਮਸਤ ਹੋਕੇ ਸਭ ਕੁੱਝ ਭੁਲ ਗਏ ।ਅਖੀਰ ਮੁੰਡੇ
ਨੇ ਸਲਾਹ ਦਿੱਤੀ ਉਹ ਉਸ ਦਿਨ ਖਿਚੜੀ ਬਣਾ ਲਵੇ ਕਿਉਂਕਿ ਉਹ
ਉਨ੍ਹਾਂ ਨੂੰ ਵੱਖਰੇ ਵੱਖਰੇ ਨਾ ਕਰ ਸਕੇ ।ਤਿਕਾਲਾਂ ਨੂੰ ਸਾਅਦੀ ਖਿਚੜੀ
ਵੇਖ ਕੇ ਬਹੁਤ ਲੋਹਾ ਲਾਖਾ ਹੋਇਆ ਅਤੇ ਕੁੜੀ ਨੂੰ ਡਾਂਟ ਕੇ ਪੁੱਛਿਆ
ਕਿ ਇਹ ਕਿਹਦੀ ਸਲਾਹ ਹੈ ।ਜਦੋਂ ਤਲਵਾਰ ਖਿੱਚੀ ਤਾਂ ਉਹਨੇ ਸਭ
ਕੁੱਝ ਦੱਸ ਦਿੱਤਾ ।ਹੁਣ ਜਦੋਂ ਕੋਈ ਕੁਆਰੀ ਕੁੜੀ ਕਿਸੇ ਮੁੰਡੇ ਨਾਲ
ਨਾਜਾਇਜ਼ ਸਬੰਧ ਪੈਦਾ ਕਰੇ ਤਾਂ ਆਖਦੇ ਹਨ ਕਿ ਉਹ ਮੂੰਗ, ਚਣੇ
ਖੇਡਦੀ ਹੈ, ਗੁਹਤਾਲ ਚਾਲੇ=ਮਕਰ ਦੀਆਂ ਚਾਲਾਂ, ਹਸਤੀ=ਹਥਣੀ,
ਚੀਚੋ ਚੀਚ ਕੰਧੋਲੀਆਂ=ਮੁੰਡਿਆਂ ਦੀ ਇੱਕ ਖੇਡ, ਜਿਸ ਵਿੱਚ ਉਨ੍ਹਾਂ
ਦੇ ਦੋ ਗਰੁੱਪ ਮਿੱਥੇ ਵਖ਼ਤ ਵਿੱਚ ਕੱਧ ਆਦਿ ਤੇ ਲੀਕਾਂ ਕੱਢਦੇ ਹਨ ।
ਫਿਰ ਉਹ ਗਿਣ ਕੇ ਵੇਖਦੇ ਹਨ ।ਵੱਧ ਲੀਕਾਂ ਕੱਢਣ ਵਾਲੀ ਟੀਮ
ਜੇਤੂ ਹੁੰਦੀ ਹੈ, ਅੱਡੀ ਟਾਪਾ=ਅੱਡੀ ਟਾਪਾ ਕੁੜੀਆਂ ਦੀ ਇੱਕ ਖੇਡ ਹੈ)
ਅੜੀਉ ਕਸਮ ਮੈਨੂੰ ਜੇ ਯਕੀਨ ਕਰੋ, ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ ।
ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ, ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ ।
ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ, ਪਈ ਪਾਉਨੀ ਹਾਂ ਨਿਤ ਔਸੀਆਂ ਨੀ ।
ਵਾਰਿਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ ।
(ਨਰੋਲ=ਖ਼ਾਲਿਸ, ਚਾਪਲੋਸੀ=ਖ਼ੁਸ਼ਾਮਦ, ਤੋਸੀਆਂ=ਤੂਸੀਆਂ,ਫਸੀਆਂ)
ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜੇਹੀ ਕਲ੍ਹ ਡੌਲ ਸੀ ਨੀ ।
ਬਾਗ਼ੋਂ ਧੜਕਦੀ ਘਰਕਦੀ ਆਣ ਪਈ ਏਂ, ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ ।
ਘੋੜੀ ਤੇਰੀ ਨੂੰ ਅੱਜ ਆਰਾਮ ਆਇਆ, ਜਿਹੜੀ ਨਿਤ ਕਰਦੀ ਪਈ ਔਲ ਸੀ ਨੀ ।
ਬੂਟਾ ਸੱਖਣਾ ਅੱਜ ਕਰਾਇ ਆਇਉਂ, ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ ।
(ਸਖਣਾ=ਰੜਾ,ਖ਼ਾਲੀ, ਔਲ=ਬੇਕਰਾਰੀ,ਬੇਆਰਾਮੀ, ਮੌਲ=ਕਰੂੰਬਲਾਂ)
ਰਾਹ ਜਾਂਦੀ ਮੈਂ ਝੋਟੇ ਨੇ ਢਾਹ ਲੀਤੀ, ਸਾਨੂੰ ਥੁੱਲ ਕੁਥੁੱਲ ਕੇ ਮਾਰਿਆ ਨੀ ।
ਹਬੂੰ ਕਬੂੰ ਵਗਾਇਕੇ ਭੰਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ ।
ਡਾਹਢਾ ਮਾੜਿਆਂ ਨੂੰ ਢਾਹ ਮਾਰ ਕਰਦਾ, ਜ਼ੋਰਾਵਰਾਂ ਅੱਗੇ ਅੰਤ ਹਾਰੀਆਂ ਨੀ ।
ਨੱਸ ਚੱਲੀ ਸਾਂ ਓਸ ਨੂੰ ਵੇਖ ਕੇ ਮੈਂ, ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ ।
ਸੀਨਾ ਫਿਹ ਕੇ ਭੰਨਿਉਸ ਪਾਸਿਆਂ ਨੂੰ, ਦੋਹਾਂ ਸਿੰਗਾਂ ਉੱਤੇ ਚਾਇ ਚਾੜ੍ਹੀਆਂ ਨੀ ।
ਰੜੇ ਢਾਇਕੇ ਖਾਈ ਪਟਾਕ ਮਾਰੀ, ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹੀਆਂ ਨੀ ।
ਮੇਰੇ ਕਰਮ ਸਨ ਆਣ ਮਲੰਗ ਮਿਲਿਆ, ਜਿਸ ਜੀਂਵਦੀ ਪਿੰਡ ਵਿੱਚ ਵਾੜੀਆਂ ਨੀ ।
ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਹੀਰੇ ਹਰਨ ਮੈਂ ਤੱਤੜੀ ਦਾੜੀਆਂ ਨੀ ।
(ਹਬੂੰ ਕਬੂੰ =ਰੰਗ ਢੰਗ ਪੱਖੋਂ, ਦੁਲ੍ਹੜੇ=ਦੂਲ੍ਹੇ, ਵਿਆਂਹਦੜ, ਖਾਈ=ਟੋਆ, ਪਾੜ੍ਹੀ=
ਹਰਨੀ, ਕਰਮ=ਚੰਗੀ ਕਿਸਮਤ, ਦਾੜ੍ਹੀ=ਮਾਰੀ)
ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ, ਹਿਲਿਆ ਹੋਇਆ ਕਦੀਮ ਦਾ ਮਾਰਦਾ ਦੀ ।
ਤੂੰ ਭੀ ਵਹੁਟੜੀ ਪੁੱਤਰ ਸਰਦਾਰ ਦੇ ਦੀ, ਉਸ ਭੀ ਦੁੱਧ ਪੀਤਾ ਸਰਦਾਰ ਦਾ ਈ ।
ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ, ਹੀਰ ਹੀਰ ਹੀ ਨਿਤ ਪੁਕਾਰਦਾ ਈ ।
ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ, ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ ।
ਪਰ ਉਹ ਹੀਲਤ ਬੁਰੀ ਹਿਲਾਇਆ ਈ, ਪਾਣੀ ਪੀਂਵਦਾ ਤੇਰੀ ਨਸਾਰ ਦਾ ਈ ।
ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ, ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ ।
ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ, ਪੁੰਨ ਕਢਦਾ ਪਾਪ ਨਿਤਾਰਦਾ ਈ ।
(ਹਿਲਿਆ ਹੋਇਆ=ਗਿੱਝਾ ਹੋਇਆ, ਕਦੀਮ=ਮੁੱਢੋਂ, ਤੇਰੇ ਨਾਲ ਲਟਕਦਾ=ਪਿਆਰ
ਕਰਦਾ, ਹੀਲਤ=ਆਦਤ, ਹਿਲਾਇਆ=ਗਿਝਾਇਆ, ਨਸਾਰ=ਪਾੜਛਾ ਅਤੇ ਚੱਠਾ ਵੀ
ਕਹਿੰਦੇ ਹਨ ਜਿਹਦੇ ਵਿੱਚ ਟਿੰਡਾਂ ਦਾ ਪਾਣੀ ਡਿਗਦਾ ਸੀ)
ਅਨੀ ਭਰੋ ਮੁਠੀ ਉਹ ਉਹ ਮੁਠੀ, ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ ।
ਲਹਿਰ ਪੇਡੂਓਂ ਉਠ ਕੇ ਪਵੇ ਸੀਨੇ, ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ ।
ਤਲਬ ਡੁਬ ਗਈ ਸਰਕਾਰ ਮੇਰੀ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ ।
ਲੋਕ ਨਫ਼ੇ ਦੇ ਵਾਸਤੇ ਲੈਣ ਤਰਲੇ, ਮੇਰਾ ਸਣੇ ਵਹੀ ਚੌੜ ਮੂਲ ਹੋਇਆ ।
ਅੰਬ ਬੀਜ ਕੇ ਦੁਧ ਦੇ ਨਾਲ ਪਾਲੇ, ਭਾ ਤੱਤੀ ਦੇ ਅੰਤ ਬਬੂਲ ਹੋਇਆ ।
ਖੇੜਿਆਂ ਵਿੱਚ ਨਾ ਪਰਚਦਾ ਜੀਊ ਮੇਰਾ, ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ ।
(ਡੰਡੂਲ=ਪੀੜ, ਤਲਬ=ਤਨਖਾਹ, ਇੱਕ ਨਾ ਦਾਮ=ਇੱਕ ਪੈਸਾ ਵੀ, ਵਹੀ=
ਖਾਤੇ ਦਾ ਰਜਿਸਟਰ, ਮੂਲ=ਉਹ ਅਸਲੀ ਧਨ ਜਿਹਦੇ ਤੇ ਵਿਆਜ ਲਗਦਾ ਹੈ,
ਭਾ=ਭਾਗੀਂ,ਕਿਸਮਤ ਵਿੱਚ, ਬਬੂਲ=ਕਿੱਕਰ)
ਭਾਬੀ ਜ਼ੁਲਫ ਗੱਲ੍ਹਾਂ ਉੱਤੇ ਪੇਚ ਖਾਵੇ, ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀ ।
ਗਲ੍ਹਾਂ ਉੱਤੇ ਭੰਬੀਰੀਆਂ ਉਡਦੀਆਂ ਨੇ, ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ ।
ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ, ਸਣੇ ਹਾਥੀਆਂ ਫ਼ੌਜ ਅੰਮਾਰੀਆਂ ਨੀ ।
ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖ਼ੂਨੀ, ਫ਼ੌਜਾਂ ਕਤਲ ਉੱਤੇ ਚਾਇ ਚਾੜ੍ਹੀਆਂ ਨੀ ।
(ਸਿਰੇ ਲੋੜ੍ਹ ਦੇ=ਲੋੜ੍ਹ ਦੀ ਸਿਖਰ, ਅੰਮਾਰੀ=ਹਾਥੀ ਉੱਤੇ ਬੈਠਣ ਲਈ ਬਣਾਈ
ਪਰਦੇਦਾਰ ਪਾਲਕੀ)
ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ, ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ ।
ਫ਼ੌਜਦਾਰ ਤਗੱਈਅਰ ਬਹਾਲ ਹੋਇਆ, ਝਾੜ ਤੰਬੂਆਂ ਅਤੇ ਗਲੀਚਿਆਂ ਨੂੰ ।
ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀਂ ਦੇ ਪੀਚਿਆਂ ਨੂੰ ।
ਵਾਰਿਸ ਵਾਂਗ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ ।
(ਵੁੱਠਾ=ਵਰ੍ਹਿਆ, ਤਗੱਈਅਰ=ਬਦਲੀ, ਵੱਲਾਂ=ਵੇਲਾਂ, ਪੀਚਣਾ=ਸਿੰਜਣਾ,
ਟੀਚਾ=ਨਿਸ਼ਾਨ)
ਸਹਿਤੀ ਭਾਬੀ ਦੇ ਨਾਲ ਪਕਾਇ ਮਸਲਤ, ਵੱਡਾ ਮਕਰ ਫੈਲਾਇਕੇ ਬੋਲਦੀ ਹੈ ।
ਗਰਦਾਨਦੀ ਮਕਰ ਮੁਵੱਤਲਾਂ ਨੂੰ, ਅਤੇ ਕਨਜ਼ ਫ਼ਰੇਬ ਦੀ ਖੋਲ੍ਹਦੀ ਹੈ ।
ਅਬਲੀਸ ਮਲਫੂਫ ਖੰਨਾਸ ਵਿੱਚੋਂ, ਰਵਾਇਤਾਂ ਜਾਇਜ਼ੇ ਟੋਲਦੀ ਹੈ ।
ਵਫ਼ਾ ਗੱਲ ਹਦੀਸ ਮਨਸੂਖ਼ ਕੀਤੀ, ਕਾਜ਼ੀ ਲਾਅਨਤ ਅੱਲਾਹ ਦੇ ਕੋਲ ਦੀ ਹੈ ।
ਤੇਰੇ ਯਾਰ ਦਾ ਫ਼ਿਕਰ ਦਿਨ ਰਾਤ ਮੈਨੂੰ, ਜਾਨ ਮਾਪਿਆਂ ਤੋਂ ਪਈ ਡੋਲਦੀ ਹੈ ।
ਵਾਰਿਸ ਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ, ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ ।
(ਮਸਲਤ ਪਕਾ=ਸਲਾਹ ਕਰਕੇ, ਗਰਦਾਨਦੀ=ਮੁੜ ਮੁੜ ਪੜ੍ਹਦੀ, ਅਬਲੀਸ
ਮਲਫੂਫ ਖੰਨਾਸ=ਅਬਲੀਸ ਮਲਫੂਫ ਦਾ ਅਰਥ ਹੈ ਲੁਕਿਆ ਹੋਇਆ ਸ਼ੈਤਾਨ
ਅਤੇ ਖੰਨਾਸ ਦਾ ਅਰਥ ਹੈ ਲੁਕ ਕੇ, ਘਾਤ ਵਿੱਚ ਬੈਠ ਕੇ ਸ਼ਿਕਾਰ ਕਰਨ ਵਾਲਾ।
ਸਹਿਤੀ ਸਾਰਿਆਂ ਮਕਰ ਫ਼ਰੇਬਾਂ ਉੱਤੇ ਅਮਲ ਕਰਦੀ ਹੈ ।ਕਾਜ਼ੀ ਲਾਅਨਤ
ਅੱਲਾਹ=ਇਹ ਵੀ ਇੱਕ ਫਰਜ਼ੀ ਨਾਉਂ ਕਵੀ ਵਾਰਿਸ ਸ਼ਾਹ ਨੇ ਘੜਿਆ ਹੈ)
ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ, ਸਾਡੇ ਭਾ ਦੀ ਬਣੀ ਹੈ ਔਖੜੀ ਨੀ ।
ਵੇਖ ਹੱਕ ਹਲਾਲ ਨੂੰ ਅੱਗ ਲਗਸੁ, ਰਹੇ ਖਸਮ ਦੇ ਨਾਲ ਇਹ ਕੋਖੜੀ ਨੀ ।
ਜਦੋਂ ਆਈ ਤਦੋਕਣੀ ਰਹੇ ਢਠੀ, ਕਦੀ ਹੋ ਨਾ ਬੈਠੀਆ ਸੌਖੜੀ ਨੀ ।
ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ, ਇੱਕ ਕਲ੍ਹ ਦੀ ਜ਼ਰਾ ਹੈ ਚੋਖੜੀ ਨੀ ।
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਦੀ, ਇਹ ਉਜਾੜੇ ਦਾ ਮੂਲ ਹੈ ਛੋਕਰੀ ਨੀ ।
ਵਾਰਿਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ, ਭੁੱਖ ਨਾਲ ਸੁਕਾਂਵਦੀ ਕੋਖੜੀ ਨੀ ।
(ਔਖੜੀ=ਔਖੀ=ਮੁਸ਼ਕਲ, ਢਠੀ=ਬੀਮਾਰ, ਲਾਹੂ ਲੱਥੜੀ=ਖੂਨ ਦੇ ਘਾਟੇ
ਭਾਵ ਭੁਸੇ ਹੋਣ ਦਾ ਰੋਗ, ਚੋਖੜੀ=ਚੋਖੀ, ਕੋਖੜੀ=ਕੁਖ)
ਹਾਥੀ ਫ਼ੌਜ ਦਾ ਵੱਡਾ ਸਿੰਗਾਰ ਹੁੰਦਾ, ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ ।
ਹੱਛਾ ਪਹਿਨਣਾ ਖਾਵਣਾ ਸ਼ਾਨ ਸ਼ੌਕਤ, ਇਹ ਸਭ ਬਣਾਇ ਹਨ ਜ਼ਰਾਂ ਦੇ ਨੀ ।
ਘੋੜੇ ਖਾਣ ਖੱਟਣ ਕਰਾਮਾਤ ਕਰਦੇ, ਅਖੀਂ ਵੇਖਦਿਆਂ ਜਾਣ ਬਿਨ ਪਰਾਂ ਦੇ ਨੀ ।
ਮਝੀਂ ਗਾਈਂ ਸਿੰਗਾਰ ਦੀਆਂ ਸੱਥ ਟੱਲੇ, ਅਤੇ ਨੂੰਹਾਂ ਸ਼ਿੰਗਾਰ ਹਨ ਘਰਾਂ ਦੇ ਨੀ ।
ਖ਼ੈਰਖ਼ਾਹ ਦੇ ਨਲ ਬਦਖ਼ਾਹ ਹੋਣਾ, ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ ।
ਮਸ਼ਹੂਰ ਹੈ ਰਸਮ ਜਹਾਨ ਅੰਦਰ, ਪਿਆਰ ਵਹੁਟੀਆਂ ਦੇ ਨਾਲ ਵਰਾਂ ਦੇ ਨੀ ।
ਦਿਲ ਔਰਤਾਂ ਲੈਣ ਪਿਆਰ ਕਰਕੇ, ਇਹ ਗਭਰੂ ਮਿਰਗ ਹਨ ਸਰਾਂ ਦੇ ਨੀ ।
ਤਦੋਂ ਰੰਨ ਬਦਖੂ ਨੂੰ ਅਕਲ ਆਵੇ, ਜਦੋਂ ਲੱਤ ਵੱਜਸ ਵਿੱਚ ਫ਼ਰਾਂ ਦੇ ਨੀ ।
ਸੈਦਾ ਵੇਖ ਕੇ ਜਾਏ ਬਲਾ ਵਾਂਗੂੰ, ਵੈਰ ਦੋਹਾਂ ਦੇ ਸਿਰਾਂ ਤੇ ਧੜਾਂ ਦੇ ਨੀ ।
(ਨਰਾਂ=ਮਰਦਾਂ, ਗੀਦੀ=ਬੇਗ਼ੈਰਤ, ਵਰ=ਖਾਵੰਦ, ਸਰਾਂ ਦੇ ਮਿਰਗ=ਮੁਹੱਬਤ
ਦੇ ਤੀਰ ਖਾਣ ਲਈ ਹਰ ਵੇਲੇ ਤਿਆਰ, ਫ਼ਰਾਂ=ਮੋਢੇ ਤੋਂ ਥੱਲੇ ਦੀ ਹੱਡੀ)
ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ, ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ ।
ਏਸ ਦਾ ਜੀਊ ਨਾ ਪਰਚਦਾ ਪਿੰਡ ਸਾਡੇ, ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ ।
ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ, ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ ।
ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ, ਕਿਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ ।
ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ, ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ ।
ਸੈਦਾ ਢਾਇਕੇ ਏਸ ਨੂੰ ਲਏ ਲੇਖਾ, ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀ ।
ਸ਼ਰਮਿੰਦਗੀ ਸਹਾਂਗੇ ਜ਼ਰਾ ਜੱਗ ਦੀ, ਮੂੰਹ ਪਰ੍ਹਾਂ ਨੂੰ ਜ਼ਰਾ ਚਾ ਕਰਾਂਗੇ ਨੀ ।
ਕਦੀ ਚਰਖੜਾ ਡਾਹ ਨਾ ਛੋਪ ਕੱਤੇ, ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ ।
ਵਾਰਿਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ, ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ ।
(ਹੋਰ ਧਿਰ=ਹੋਰ ਥਾਂ, ਲਏ ਲੇਖਾ=ਹਿਸਾਬ ਲਵੇ)
ਇਜ਼ਰਾਈਲ ਬੇਅਮਰ ਅਯਾਰ ਆਹਾ, ਹੀਰ ਚਲ ਕੇ ਸੱਸ ਥੇ ਆਂਵਦੀ ਹੈ ।
ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ, ਪਈ ਅੰਦਰੇ ਉਮਰ ਵਿਹਾਵਦੀ ਹੈ ।
ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ, ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ ।
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ, ਅਜ਼ਗ਼ੈਬ ਦੀ ਬਾਂਗ ਸੁਣਾਂਵਦੀ ਹੈ ।
ਚੱਲ ਭਾਬੀਏ ! ਵਾਉ ਜਹਾਨ ਦੀ ਲੈ, ਬਾਹੋਂ ਹੀਰ ਨੂੰ ਪਕੜ ਉਠਾਂਵਦੀ ਹੈ ।
ਵਾਂਗ ਬੁਢੀ ਇਮਾਮ ਨੂੰ ਜ਼ਹਿਰ ਦੇਣੀ, ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ ।
ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ, ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ ।
ਇਹਨੂੰ ਖੇਤ ਲੈ ਜਾ ਕਪਾਹ ਚੁਣੀਏ, ਮੇਰੇ ਜੀਊ ਤਦਬੀਰ ਇਹਆਂਵਦੀ ਹੈ ।
ਵੇਖੋ ਮਾਉਂ ਨੂੰ ਧੀ ਵਲਾਂਵਦੀ ਹੈ, ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ ।
ਤਲੀ ਹੇਠ ਅੰਗਿਆਰ ਟਿਕਾਂਵਦੀ ਹੈ, ਉਤੋਂ ਬਹੁਤ ਪਿਆਰ ਕਰਾਂਵਦੀ ਹੈ ।
ਸ਼ੇਖ ਸਾਅਦੀ ਦੇ ਫ਼ਲਕ ਨੂੰ ਖ਼ਬਰ ਨਾਹੀਂ, ਜੀਕੂੰ ਰੋਇਕੇ ਫ਼ਨ ਚਲਾਂਵਦੀ ਹੈ ।
ਵੇਖੋ ਧੀਉ ਅੱਗੇ ਮਾਉਂ ਝੁਰਨ ਲੱਗੀ, ਹਾਲ ਨੂੰਹ ਦਾ ਖੋਲ੍ਹ ਸੁਣਾਂਵਦੀ ਹੈ ।
ਇਹਦੀ ਪਈ ਦੀ ਉਮਰ ਵਿਹਾਂਵਦੀ ਹੈ, ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ ।
ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ, ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ ।
ਦੁਖ ਜੀਊ ਦਾ ਖੋਲ੍ਹ ਸੁਣਾਂਵਦੀ ਹੈ, ਪਿੰਡੇ ਸ਼ਾਹ ਜੀ ਦੇ ਹੱਥ ਲਾਂਵਦੀ ਹੈ ।
ਇਨਸਾਫ਼ ਦੇ ਵਾਸਤੇ ਗਵਾਹ ਕਰਕੇ, ਵਾਰਿਸ ਸ਼ਾਹ ਨੂੰ ਕੋਲ ਬਹਾਂਵਦੀ ਹੈ ।
(ਬੇ ਅਮਰ=ਨਾਫ਼ਰਮਾਨ,ਹੁਕਮ ਨਾ ਮੰਨਣ ਵਾਲਾ, ਠੱਗਾਂ ਦੇ ਕੁੱਕੜ=
ਪਿਛਲੇ ਵਖ਼ਤੀਂ ਆਮ ਕਰਕੇ ਰਾਹੀ ਮੁਸਾਫ਼ਰ ਸਰਾਵਾਂ ਵਿੱਚ ਟਿਕਦੇ ਸਨ
ਅਤੇ ਤੜਕੇ ਸਾਝਰੇ ਕੁੱਕੜ ਦੀ ਬਾਂਗ ਨਾਲ ਸਫ਼ਰ ਤੇ ਤੁਰ ਪੈਂਦੇ ।ਸਰਾਵਾਂ
ਦੇ ਕੋਲ ਰਹਿਣ ਵਾਲੇ ਠਗ ਅਜੇਹੇ ਕੁੱਕੜ ਰੱਖਦੇ ਅਤੇ ਉਨ੍ਹਾਂ ਨੂੰ ਸਿਖਾਉਂਦੇ
ਕਿ ਉਹ ਕਿਸੇ ਵੇ ਲੇ ਵੀ ਬਾਂਗ ਦੇਣ ।ਬਾਂਗ ਸੁਣ ਕੇ ਮੁਸਾਫ਼ਰ ਬੇਵਖ਼ਤ
ਤੁਰ ਪੈਂਦੇ ਅਤੇ ਠਗ ਉਨ੍ਹਾਂ ਨੂੰ ਲੁੱਟ ਲੈਂਦੇ, ਬੁਢੀ ਇਮਾਮ ਨੂੰ ਜ਼ਹਿਰ ਦਿੱਤੀ=
ਇਮਾਮ ਹਜ਼ਰਤ ਹਸਨ ਨੂੰ ਇੱਕ ਫਫਾਕੁਟਣੀ ਨੇ ਜ਼ਹਿਰ ਦੇਣ ਵਾਲੀਆਂ
ਮੱਕਾਰਾਂ ਵਾਲਾ ਰੋਲ ਕੀਤਾ ਸੀ, ਬੁੜ੍ਹੀ ਦਾ ਨਾਮ ਅਲਸੋਨੀਆ ਸੀ, ਰੁੰਮੀ
ਲਾਉਣਾ=ਸਿੰਗੀ ਲਾਉਣਾ,ਰੀਹ ਆਦਿ ਦੇ ਇਲਾਜ ਲਈ ਮਾਲਸ਼ ਕਰਕ
ਸਿੰਗੀ ਲਾਉਂਦੇ ਸਨ ਐਪਰ ਕਈ ਬਿਨਾਂ ਮਾਲਸ਼ ਜਾਂ ਤੇਲ ਲਾਇਆਂ ਠੰਡੀ
ਸਿੰਗੀ ਜਾਂ ਫੋਕੀ ਸਿੰਗੀ ਲਾ ਦਿੰਦੇ, ਇਹਨੂੰ ਫੌਕੀ ਰੁੰਮੀ ਕਹਿੰਦੇ ਸਨ, ਫ਼ਲਕ
ਨੂੰ ਖ਼ਬਰ ਨਾਹੀਂ=ਆਮ ਖਿਆਲ ਕੀਤਾ ਜਾਂਦਾ ਕਿ ਜੋ ਕੁੱਝ ਬੰਦਿਆਂ ਨਾਲ
ਮਾੜਾ, ਚੰਗਾ ਹੁੰਦਾ ਹੈ ਤਾਂ ਉਹਦਾ ਪਤਾ ਫ਼ਰਿਸ਼ਤਿਆਂ ਨੂੰ ਹੁੰਦਾ ਹੈ, ਜਦੋਂ ਪੂਰੀ
ਬੇਇਲਮੀ ਜ਼ਾਹਰ ਕਰਨੀ ਹੋਵੇ ਤਾਂ ਕਹਿੰਦੇ ਹਨ ਕਿ ਮੇਰੇ ਤਾਂ ਫ਼ਰਿਸ਼ਤਿਆਂ ਨੂੰ
ਵੀ ਖ਼ਬਰ ਨਹੀਂ, ਸ਼ਾਹ ਜੀ ਦੇ ਪਿੰਡੇ ਹੱਥ ਲਾਉਣਾ=ਕਿਸੇ ਸਈਅਦਜ਼ਾਦੇ ਦੇ
ਸਰੀਰ ਨੂੰ ਹੱਥ ਲਾ ਕੇ ਕਸਮ ਖਾਣੀ ਕੇ ਜੇ ਮੈਨੂੰ ਝੂਠ ਬੋਲਾਂ ਤਾ ਸਈਅਦ ਦੀ
ਜ਼ਾਤ ਪਾਤ ਦੀ ਮੈਨੂੰ ਮਾਰ ਪਵੇ)
ਨੂੰਹ ਲਾਲ ਜਹੀ ਅੰਦਰ ਘੱਤੀਆ ਈ, ਪਰਖ ਬਾਹਰਾਂ ਲਾਲ ਵਣਜਾਵਣੀ ਹੈਂ ।
ਤੇਰੀ ਇਹ ਫੁਲੇਲੜੀ ਪਦਮਣੀ ਸੀ, ਵਾਉ ਲੈਣ ਖੁਣੋਂ ਤੂੰ ਗਵਾਵਣੀ ਹੈਂ ।
ਇਹ ਫੁੱਲ ਗੁਲਾਬ ਦਾ ਘੁਟ ਅੰਦਰ, ਪਈ ਦੁਖੜੇ ਨਾਲ ਸੁਕਾਵਣੀ ਹੈਂ ।
ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ, ਪੱਤਰ ਪਾਨਾਂ ਦੇ ਪਈ ਵੰਜਾਵਣੀ ਹੈਂ ।
ਵਾਰਿਸ ਧੀਉ ਸਿਆਲਾਂ ਦੀ ਮਾਰਨੀ ਹੈਂ, ਦੱਸ ਆਪ ਨੂੰ ਕੌਣ ਸਦਾਵਣੀ ਹੈਂ ।
(ਪਰਖ ਬਾਹਰਾਂ=ਪਰਖ ਦੇ ਬਗੈਰ, ਵਾਉ ਬਾਝ=ਬਿਨਾ ਹਵਾ, ਪਾਨਾਂ ਦੇ
ਪੱਤਰ=ਪਾਨਾਂ ਦੀ ਬੇਲ ਨੂੰ ਜੇ ਹਵਾ ਨਾ ਲੱਗੇ ਤਾਂ ਉਹ ਮਰ ਜਾਂਦੀ ਹੈ,
ਆਪ ਨੂੰ ਕੌਣ ਸਦਾਵਣੀ ਹੈਂ=ਆਪਣੇ ਆਪ ਨੂੰ ਕੀ ਸਮਝਦੀ ਹੈਂ)
ਨੂੰਹਾਂ ਹੁੰਦੀਆਂ ਖ਼ਿਆਲ ਜੀਊ ਪੇਖਣੇ, ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ ।
ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ, ਇੱਕ ਮੋਮ ਤਬਾਅ ਇੱਕ ਠਹਿਰੀਆਂ ਨੇ ।
ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ, ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ ।
ਅੱਛਾ ਖਾਣ ਪਹਿਨਣ ਲਾਡ ਨਾਲ ਚੱਲਣ, ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ ।
ਬਾਹਰ ਫਿਰਨ ਜਿਉਂ ਬਾਰ ਦੀਆਂ ਵਾਹਣਾਂ ਨੇ, ਸਤਰ ਵਿੱਚ ਬਹਾਈਆਂ ਸ਼ਹਿਰੀਆਂ ਨੇ ।
ਵਾਰਿਸ ਸ਼ਾਹ ਇਹ ਹੁਸਨ ਗੁਮਾਨ ਸੰਦਾ, ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ ।
(ਰਾਚੰਦਰ=ਰਾਜਾ ਇੰਦਰ ਦੇ ਪ੍ਰੇਮ ਵਿੱਚ ਫਸੀ ਹੋਈ, ਮੋਮ=ਨਰਮ, ਠਹਿਰੀਆਂ=ਹਰ
ਸਾਂਚੇ ਵਿੱਚ ਢਲ ਜਾਣ ਵਾਲੀ, ਨਹਿਰ=ਸਖ਼ਤ, ਲੁਧੇਰੀਆਂ=ਕਿਸਾਨ ਔਰਤਾਂ)
ਜਾਏ ਮੰਜਿਉਂ ਉਠ ਕੇ ਕਿਵੇਂ ਤਿਲਕੇ, ਹੱਡ ਪੈਰ ਹਿਲਾਇਕੇ ਚੁਸਤ ਹੋਵੇ ।
ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ, ਕਿਵੇਂ ਹੀਰ ਵਹੁਟੀ ਤੰਦਰੁਸਤ ਹੋਵੇ ।
ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਉ ਨੂੰਹ ਬੂਹੇ ਉੱਤੇ ਸੁਸਤ ਹੋਵੇ ।
ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀ ਜਿਹੀਆਂ ਦੀ ਜੈਂਨੂੰ ਪੁਸ਼ਤ ਹੋਵੇ ।
(ਤਿਲਕੇ=ਹਿੱਲੇ, ਪੁਸ਼ਤ=ਮਦਦ)
ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ ।
ਮਤਾਂ ਬਾਗ਼ ਗਿਆਂ ਮੇਰਾ ਜੀਊ ਖੁਲ੍ਹੇ, ਅੰਤ ਇਹ ਭੀ ਪਾੜਣਾ ਪਾੜਨੀ ਹਾਂ ।
ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ, ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ ।
ਵਾਰਿਸ ਸ਼ਾਹ ਮੀਆਂ ਤਕਦੀਰ ਆਖੇ, ਵੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ ।
(ਪਾੜਣਾ ਪਾੜਦੀ ਹਾਂ=ਇਹ ਔਖਾ ਕੰਮ ਕਰਕੇ ਵੇਖਦੀ ਹਾਂ)
ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ, ਸੱਦ ਘੱਲੀਏ ਸਭ ਸਹੇਲੀਆਂ ਨੇ ।
ਕਈ ਕਵਾਰੀਆਂ ਕਈ ਵਿਆਹੀਆਂ ਨੇ, ਚੰਨ ਜਹੇ ਸਰੀਰ ਮਥੇਲੀਆਂ ਨੇ ।
ਰਜੂਅ ਆਣ ਹੋਈਆਂ ਸਭੇ ਪਾਸ ਸਹਿਤੀ, ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ ।
ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ, ਮੁੰਗ ਚਨੇ ਕਵਾਰੀਆਂ ਖੇਲੀਆਂ ਨੇ ।
ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ, ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ ।
ਵਾਰਿਸ ਸ਼ਾਹ ਸ਼ਿੰਗਾਰ ਮਹਾਵਤਾਂ ਨੇ, ਸਿਵੇਂ ਹਥਣੀਆਂ ਕਿਲੇ ਨੂੰ ਪੇਲੀਆਂ ਨੇ ।
(ਗਲ ਗਿਣੀਏ=ਗਲ ਸੋਚੀਏ, ਰਜੂਅ ਆਣ ਹੋਈਆਂ=ਹਦਾਇਤ ਲਈ ਆ
ਗਈਆਂ, ਅਰਥ ਮਹੇਲੀਆਂ=ਵਾਇਦੇ ਕਰਦੀਆਂ, ਮਹਾਵਤ=ਹਾਥੀ ਚਲਾਉਣ
ਵਾਲਾ)
ਵਖ਼ਤ ਫਜਰ ਦੇ ਉਠ ਸਹੇਲੀਉ ਨੀ, ਤੁਸੀਂ ਆਪਦੇ ਆਹਰ ਹੀ ਆਵਣਾ ਜੇ ।
ਮਾਂ ਬਾਪ ਨੂੰ ਖ਼ਬਰ ਨਾ ਕਰੋ ਕੋਈ, ਭਲਕੇ ਬਾਗ਼ ਨੂੰ ਪਾਸਣਾ ਲਾਵਣਾ ਜੇ ।
ਵਹੁਟੀ ਹੀਰ ਨੂੰ ਬਾਗ਼ ਲੈ ਚਲਣਾ ਹੈ, ਜ਼ਰਾ ਏਸ ਦਾ ਜੀਊ ਵਲਾਵਣਾ ਜੇ ।
ਲਾਵਣ ਫੇਰਨੀ ਵਿੱਚ ਕਪਾਹ ਭੈਣਾਂ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਜੇ ।
ਰਾਹ ਜਾਂਦੀਆਂ ਪੁਛੇ ਲੋਕ ਅੜੀਉ, ਕੋਈ ਇਫ਼ਤਰਾ ਚਾ ਬਣਾਵਣਾ ਜੇ ।
ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ, ਭਲਕੇ ਖੂਹ ਨੂੰ ਰੰਗ ਲਗਾਵਣਾ ਜੇ ।
ਵੜੋ ਵਟ ਲੰਗੋਟੜੇ ਵਿੱਚ ਪੈਲੀ, ਬੰਨਾ ਵਟ ਸਭ ਪੁੱਟ ਵਖਾਵਣਾ ਜੇ ।
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ, ਤੇ ਮੰਡਾਸਿਆਂ ਰੰਗ ਸੁਹਾਵਣਾ ਜੇ ।
ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਜੇ ।
ਮੰਜਿਉਂ ਉਠਦੀਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ ।
ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਇਆ, ਸਭਨਾ ਅਜੂ ਦੇ ਫਲੇ ਨੂੰ ਆਵਣਾ ਜੇ ।
(ਫਜਰ=ਸਵੇਰ, ਆਪਣੇ ਆਹਰ=ਆਪਣੇ ਆਪ, ਪਾਸਨਾ=ਨਚਣਾ, ਲਾਵਣ
ਫੇਰਨੀ=ਨਚਣਾ, ਇਫਤਰਾ=ਮਨ ਘੜਤ ਬਹਾਨਾ, ਸੰਮੀ=ਢੋਲ ਅਤੇ ਸੰਮੀ ਦਾ
ਡਰਾਮਾ, ਪੰਭੀ=ਛੜੱਪੇ ਮਾਰ ਕੇ ਨੱਚਣਾ, ਮੰਡਾਸਾ=ਸਿਰ ਨੂੰ ਕੱਪੜੇ ਨਾਲ ਲਪੇਟ
ਲੈਣ, ਅਰਥ=ਫੈਸਲਾ,ਵਾਅਦਾ)
ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ, ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ ।
ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ, ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੇ ।
ਨਖਰੀਲੀਆ ਇੱਕ ਨਕ ਤੋੜਣਾਂ ਸਨ, ਹਿਕ ਭੋਲੀਆਂ ਸਿਧੀਆ ਸਾਦੀਆਂ ਨੇ ।
ਇੱਕ ਨੇਕ ਬਖ਼ਤਾਂ ਇੱਕ ਬੇਜ਼ਬਾਨਾਂ, ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ ।
(ਉਮਾਹ=ਮਸਿਆ ਦੀ ਰਾਤ, ਉਦਮਾਦ=ਚਾਹ, ਉਮੰਗ, ਗਿਰਧੇ=ਗਿੱਧੇ, ਵਾਦੀਆਂ=
ਆਦਤਾਂ, ਨਕ ਤੋੜਣ=ਨਕ ਮੂੰਹ ਚੜ੍ਹਾ ਕੇ ਨਖਰੇ ਕਰਨ ਵਾਲੀਆਂ, ਨੇਕ ਬਖ਼ਤ=ਚੰਗੀ
ਕਿਸਮਤ ਵਾਲੀ,ਭਲੀ ਮਾਣਸ)
ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ, ਘਰੋਂ ਘਰੀ ਵਿਚਾਰ ਵਿਚਾਰਿਉ ਨੇ ।
ਭਲਕੇ ਖੂਹ ਤੇ ਜਾਇਕੇ ਕਰਾਂ ਕੁਸ਼ਤੀ ਇੱਕ ਦੂਸਰੀ ਨੂੰ ਖੁੰਮ ਮਾਰਿਉ ਨੇ ।
ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ, ਸਭ ਕੰਮ ਤੇ ਕਾਜ ਵਿਸਾਰਿਉ ਨੇ ।
ਬਾਜ਼ੀ ਦਿਤਿਆ ਨੇ ਪੇਵਾਂ ਬੁੱਢਿਆਂ ਨੂੰ, ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ ।
ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ, ਬਿਨਾ ਆਤਸ਼ੋਂ ਫ਼ਨ ਪੰਘਾਰਿਉ ਨੇ ।
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ, ਸਭੋ ਕਪੜਾ ਚਿਥੜਾ ਝਾੜਿਉ ਨੇ ।
ਸਭਾ ਭੰਨ ਭੰਡਾਰ ਉਜਾੜ ਛੋਪਾਂ, ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ ।
ਤੰਗ ਖਿਚ ਸਵਾਰ ਤਿਆਰ ਹੋਏ, ਕੜਿਆਲੜੇ ਘੋੜੀਆਂ ਚਾੜ੍ਹਿਉ ਨੇ ।
ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ, ਗੁੰਦ ਚੁੰਡੀਆਂ ਕੁੰਭ ਸ਼ਿੰਗਾਰਿਉ ਨੇ ।
ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ, ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇ ।
ਕੱਜਲ ਪੂਛਲਿਆਲੜੇ ਵਿਆਹੀਆਂ ਦੇ, ਹੋਠੀਂ ਸੁਰਖ਼ ਦੰਦਾਸੜੇ ਚਾੜ੍ਹਿਉ ਨੇ ।
ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ, ਬਿੰਦੀਆਂ ਪਾਇਕੇ ਰੂਪ ਸ਼ਿੰਗਾਰਿਉ ਨੇ ।
ਗੱਲ੍ਹਾਂ ਫ਼ੋਡੀਆ ਤੇ ਬਣੇ ਖਾਲ ਦਾਣੇ, ਰੜੇ ਹੁਸਨ ਨੂੰ ਚਾਇ ਉਘਾੜਿਉ ਨੇ ।
ਛਾਤੀਆਂ ਖੋਲ੍ਹ ਕੇ ਹੁਸਨ ਦੇ ਕੱਢ ਲਾਟੂ ਵਾਰਿਸ ਸ਼ਾਹ ਨੂੰ ਚਾਇ ਉਜਾੜਿਉ ਨੇ ।
(ਗੰਢ ਫੇਰੀ=ਖ਼ਬਰ ਕੀਤੀ, ਖੁੰਮ ਮਾਰਿਉ=ਥਾਪੀ ਮਾਰੀ, ਛਨਾਲ ਬਾਜ਼=
ਬਦਕਾਰ, ਲਬਾ=ਥੱਪੜ, ਬਾਜ਼ੀ ਦਿਤੀ=ਚਲਾਕੀ ਕੀਤੀ, ਫੈਲਸੂਫੀਆਂ=ਅਕਲ
ਵਾਲੀਆਂ ਹੁਸ਼ਿਆਰੀਆਂ, ਆਤਿਸ਼=ਅੱਗ, ਫ਼ਨ=ਫ਼ਰੇਬ, ਗਿਲਤੀ ਮਾਰਨਾ=
ਚਾਦਰ ਨਾਲ ਸਿਰ ਢਕ ਕੇ ਉਹਨੂੰ ਆਪਣੇ ਦੁਆਲੇ ਏਦਾਂ ਲਪੇਟ ਲੈਣਾ ਕਿ
ਖੁਲ੍ਹੇ ਨਾ, ਗਰਦਨ ਦੇ ਪਿੱਛੇ ਦੋਵਾਂ ਸਿਰਿਆਂ ਨੂੰ ਇਸ ਤਰ੍ਹਾਂ ਬੰਨ੍ਹ ਲੈਣਾ ਕਿ
ਗਿਲਤੀ ਖੁਲ੍ਹੇ ਨਾ, ਪਿੜੀ=ਇਕੱਠੀਆਂ ਹੋ ਕੇ ਕੱਤਣਾ, ਕੁੰਭ=ਹਾਥੀ ਦਾ ਮੱਥਾ,
ਬਹੁਕਰ ਦੇਣ=ਲੁੰਙੀਆਂ ਏਨੀਆਂ ਲੰਮੀਆਂ ਸਨ ਕਿ ਉਹ ਧਰਤੀ ਤੇ ਘਿਰਸਦੀਆਂ
ਧਰਤੀ ਸਾਫ਼ ਕਰਦੀਆਂ ਜਾਂਦੀਆਂ ਸਨ)
ਦੇ ਦੁਆਈਆਂ ਰਾਤ ਮੁਕਾ ਸੁੱਟੀ, ਵੇਖੋ ਹੋਵਣੀ ਕਰੇ ਸ਼ਤਾਬੀਆਂ ਜੀ ।
ਜਿਹੜੀ ਹੋਵਣੀ ਗੱਲ ਸੋ ਹੋ ਰਹੀ, ਸੱਭੇ ਹੋਵਣੀ ਦੀਆਂ ਖ਼ਰਾਬੀਆਂ ਜੀ ।
ਏਸ ਹੋਵਣੀ ਸ਼ਾਹ ਫ਼ਕੀਰ ਕੀਤੇ, ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ ।
ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ, ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ ।
ਮਾਸ਼ੂਕ ਨੂੰ ਬੇਪਰਵਾਹ ਕਰਕੇ, ਵਾਏ ਆਸ਼ਕਾਂ ਰਾਤ ਬੇਖ਼ਾਬੀਆਂ ਜੀ ।
ਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ, ਖ਼ਬਰ ਹੋਈ ਨਾ ਮੂਲ ਅਸਹਾਬੀਆਂ ਜੀ ।
ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ ।
ਵਾਰਿਸ ਸ਼ਾਹ ਮੀਆਂ ਫਲੇ ਖੇੜਿਆਂ ਦੇ, ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ ।
(ਹੋਵਣੀ=ਹੋਣੀ,ਕਿਸਮਤ, ਸ਼ਤਾਬੀ=ਜਲਦੀ,ਫੁਰਤੀ, ਖ਼ਰਾਬੀ=ਸ਼ਰਾਰਤ, ਮਜਜ਼ੂਬ=
ਰਬ ਦੇ ਪ੍ਰੇਮ ਵਿੱਚ ਮਸਤ, ਵਾਏ=ਹਾਏ, ਬੇਖ਼ਾਬੀ=ਉਣੀਂਦਰਾ, ਅਲੀ ਜਿਹਾਂ ਨੂੰ=
ਹਜ਼ਰਤ ਅਲੀ, ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਅਬੂ ਤਾਲਬ ਦੇ ਛੋਟੇ ਪੁੱਤਰ,
ਜੋ ਸਭ ਤੋਂ ਪਹਿਲਾਂ 14 ਸਾਲ ਦੀ ਛੋਟੀ ਉਮਰ ਵਿੱਚ ਹੀ ਮੁਸਲਮਾਨ ਹੋ ਗਏ, ਆਪ
ਦਾ ਰਸੂਲ ਦੀ ਸਪੁੱਤਰੀ ਬੀਬੀ ਫ਼ਾਤਮਾ ਨਾਲ ਨਕਾਹ ਹੋਇਆ ।ਆਪ ਬਹੁਤ ਸੂਰਵੀਰ
ਸਨ ।ਉਸਮਾਨ ਦੇ ਸ਼ਹੀਦ ਹੋਣ ਪਿੱਛੋਂ ਆਪ ਨੂੰ 656 ਈ ਵਿੱਚ ਚੌਥਾ ਖ਼ਲੀਫ਼ਾ ਥਾਪਿਆ
ਗਿਆ ।ਆਪ ਕੂਫਾ ਵਿੱਚ ਅੱਬਦੁਰਹਿਮਾਨ ਨਾਮੀ ਗੁਲ਼ਾਮ ਹੱਥੋਂ ਕਤਲ ਹੋਏ ।ਆਪ
ਮਸੀਤ ਵਿੱਚ ਕਈ ਲੋਕਾਂ ਨਾਲ ਸਿਜਦਾ ਕਰ ਰਹੇ ਸਨ ।ਕਿਸੇ ਨੂੰ ਕਤਲ ਕਰਨ ਵਾਲੇ
ਦਾ ਪਤਾ ਨਾ ਲੱਗਾ, ਅਸਹਾਬ=ਸਾਹਿਬ ਦਾ ਬਹੁ-ਵਚਨ, ਉਹ ਲੋਕ ਜਿਹੜੇ ਰਸੂਲ ਦੇ
ਅਸਰ ਥੱਲੇ ਮੁਸਲਮਾਨ ਬਣੇ, ਹਰਬਾਬੀਆਂ=ਦਰ ਦਰ ਘੁੰਮਣ ਵਾਲੀਆਂ)
ਇਸ਼ਕ ਇੱਕ ਤੇ ਇਫਤਰੇ ਲਖ ਕਰਨੇ, ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ ।
ਕੇਡਾ ਪਾੜਣਾ ਪਾੜਿਆ ਇਸ਼ਕ ਪਿੱਛੇ, ਸਦ ਘੱਲੀਆਂ ਸਭ ਕਵਾਰੀਆਂ ਨੀ ।
ਏਨ੍ਹਾਂ ਯਾਰੀਆਂ ਰਾਜਿਆਂ ਫ਼ਕਰ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆਂ ਨੀ ।
ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆ ਨੀ ।
ਏਸ ਇਸ਼ਕ ਨੇ ਵੇਖ ਫ਼ਰਹਾਦ ਕੁੱਠਾ, ਕੀਤੀਆਂ ਯੂਸਫ਼ ਨਾਲ ਖਵਾਰੀਆਂ ਨੀ ।
ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ, ਡੋਬ ਵਿੱਚ ਦਰਿਆ ਦੇ ਮਾਰੀਆਂ ਨੀ ।
ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਨੇ ਹੇ, ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ ।
ਵੇਖ ਬੂਬਨਾਂ ਮਾਰੂਨ ਕਹਿਰ ਘੱਤੀ, ਕਈ ਹੋਰ ਕਰ ਚੱਲੀਆਂ ਯਾਰੀਆਂ ਨੀ ।
ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ, ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ ।
(ਇਫਤਰੇ=ਬਹਾਨੇ, ਕੁੱਠਾ=ਮਾਰਿਆ, ਬੂਬਨਾ-ਮਾਰੂਨ=ਇੱਕ ਰਾਜਸਥਾਨੀ ਕਹਾਣੀ
ਅਨੁਸਾਰ ਢੋਲ ਬਾਦਸ਼ਾਹ ਪੋਗਲ ਤੋਂ ਆਪਣੀ ਮਹਿਬੂਬਾ ਰਾਣੀ ਮਾਰੂਨ ਨੂੰ ਲੈ ਕੇ ਚਲਿਆ
ਤਾਂ ਰਸਤੇ ਵਿੱਚ ਸਿੰਧੀ ਅਮੀਰ ਫੋਗੂ ਉਮਰ ਨੇ ਮਾਰੂਨ ਨੂੰ ਉਹਦੇ ਕੋਲੋਂ ਉਹਨੂੰ ਖੋਹਣ ਦੀ
ਅਸਫ਼ਲ ਕੋਸ਼ਿਸ਼ ਕੀਤੀ ।ਅਖੀਰ ਮਾਰੂਨ ਢੋਲ ਦੇ ਧੌਲਰ ਵਿੱਚ ਦਾਖਲ ਹੋਈ ।ਓਥੇ ਢੋਲ
ਦੀ ਪਹਿਲੀ ਪਤਨੀ ਬੂਬਨਾ ਉਹਨੂੰ ਵੇਖ ਕੇ ਸਾੜ ਨਾਲ ਗੁਸੇ ਵਿੱਚ ਆਈ ।ਇੱਕ ਵਿਆਹੀ
ਇਸਤਰੀ ਲਈ ਇੱਕ ਸੌਕਣ ਤੋਂ ਵੱਧ ਹੋਰ ਕੀ ਦੁਖ ਵਾਲੀ ਗੱਲ ਹੋ ਸਕਦੀ ਹੈ,ਧਜਾਂ=
ਸਜ ਧਜ,ਠਾਠ)
ਸੁਬ੍ਹਾ ਚਲਣਾ ਖੇਤ ਕਰਾਰ ਹੋਇਆ, ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੀ ।
ਆਪੋ ਆਪਣੇ ਥਾਂ ਤਿਆਰ ਹੋਈਆਂ, ਕਈ ਵਿਆਹੀਆਂ ਕਈ ਕਵਾਰੀਆਂ ਨੀ ।
ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ, ਜਿਵੇਂ ਹਾਜੀਆਂ ਹਜ ਤਿਆਰੀਆਂ ਨੀ ।
ਜਿਵੇਂ ਵਿਆਹ ਦੀ ਖ਼ੁਸ਼ੀ ਦਾ ਚਾ ਚੜ੍ਹਦਾ, ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ ।
ਚਲੋ ਚਲ ਹਿਲ ਜੁਲ ਤਰਥੱਲ ਧੜ ਧੜ, ਖ਼ੁਸ਼ੀ ਨਾਲ ਨੱਚਣ ਮਤਿਆਰੀਆਂ ਨੀ ।
ਥਾਉਂ ਥਾਈ ਚਵਾ ਦੇ ਨਾਲ ਫੜਕੇ, ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ ।
ਗਿਰਦ ਫਲੇ ਦੀ ਖੁਰਲੀ ਆਣ ਹੋਈਆਂ, ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੀ ।
ਏਧਰ ਸਹਿਤੀ ਨੇ ਮਾਉਂ ਤੋਂ ਲਈ ਰੁਖਸਤ, ਚਲੋ ਚਲ ਜਾਂ ਸਭ ਪੁਕਾਰੀਆਂ ਨੀ ।
ਏਵੇਂ ਬੰਨ੍ਹ ਕਤਾਰ ਹੋ ਸਫ਼ਾਂ ਟੁਰੀਆਂ, ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ ।
ਏਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ, ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ ।
ਖ਼ਤਰੇਟੀਆਂ ਅਤੇ ਬਹਿਮਨੇਟੀਆਂ ਨੀ, ਜਟੇਟੀਆਂ ਨਾਲ ਸੁਨਿਆਰੀਆਂ ਨੀ ।
ਘੋੜੇ ਛੁੱਟੇ ਅਬਾਰ ਜਿਉਂ ਫਿਰਨ ਨਚਦੇ, ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ ।
ਵਾਰਿਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ, ਚੈਂਚਰ ਪਾਉਂਦੀਆਂ ਚੈਂਚਰ ਹਾਰੀਆਂ ਨੀ ।
(ਦਿਲਦਾਰੀ ਕਰਨਾ=ਮੁਹੱਬਤ ਦਿਖਾਉਣੀ, ਕੁਆਰੀਆਂ ਮੁਬਾਰਕਾਂ=ਲੜਕੇ ਵਾਲਿਆਂ
ਦੇ ਵਹੁਟੀ ਆਉਣ ਤੇ ਵਧਾਈਆਂ, ਮਤਿਆਰੀਆਂ=ਨਸ਼ੇ ਵਿੱਚ ਮਸਤ, ਸਫ਼ਾਂ=ਕਤਾਰਾਂ,
ਅਬਾਰ=ਰੱਸਾ ਤੁੜਾ ਕੇ ਖੁਲ੍ਹੇ)
ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ, ਗਲ ਗਿਣੀ ਸੂ ਨਾਲ ਸਹੇਲੀਆਂ ਦੇ ।
ਤਿਆਰ ਹੋਈਆਂ ਦੋਵੇਂ ਨਿਨਾਣ ਭਾਬੀ, ਨਾਲ ਚੜ੍ਹੇ ਨੇ ਕਟਕ ਅਲਬੇਲੀਆਂ ਦੇ ।
ਛਡ ਪਾਸਨੇ ਤੁਰਕ ਬੇਰਾਹ ਚਲੇ, ਰਾਹ ਮਾਰਦੇ ਨੇ ਅਠਖੇਲੀਆਂ ਦੇ ।
ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ ।
ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ, ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ ।
ਧਾਗੇ ਪਾਂਉਦੇ ਬੰਨ੍ਹ ਕੇ ਨਾਲ ਬੋਦੇ, ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ ।
ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ, ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ ।
ਰਾਜੇ ਇੰਦਰ ਦੀ ਸਭਾ ਵਿੱਚ ਹੋਈ ਫੇਰੀ, ਪਏ ਅਜਬ ਛਨਕਾਰ ਅਰਬੇਲੀਆਂ ਦੇ ।
ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ, ਅਰਥ ਕੀਤੀਆਂ ਨੇ ਨਾਲ ਬੇਲੀਆਂ ਦੇ ।
ਵਾਰਿਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ, ਥਈਆ ਥਈਆ ਸਰੀਰ ਮਥੇਲੀਆਂ ਦੇ ।
(ਗਲ ਗਿਣੀ=ਸਲਾਹ ਬਣਾ ਲਈ, ਛਡ ਪਾਸਨੇ=ਪਾਸੇ ਛੱਡ ਕੇ, ਕਿੱਲੇ ਪੁਟ=
ਬੋਰੀਆ ਬਿਸਤਰਾ ਚੁਕ ਕੇ, ਬੈਂਸਰਾ, ਬੁਲਾਕ, ਬੁੰਦੇ, ਟਿੱਕੇ=ਸਾਰੇ ਵੱਖ ਵੱਖ
ਗਹਿਣੇ ਹਨ, ਬੋਦੇ=ਵਾਲ, ਫਬ=ਸਜ)
ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ, ਤੁਰਤ ਚਾ ਲੰਗੋਟੜੇ ਵੱਟਿਉ ਨੇ ।
ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿੱਧਾ, ਪੰਭੀ ਘਤ ਬੰਨਾਂ ਵਟ ਪੱਟਿਉ ਨੇ ।
ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਭ ਕੇ ਖੂਨ ਪਲੱਟਿਉ ਨੇ ।
ਸਹਿਤੀ ਮਾਂਦਰਨ ਫ਼ਨ ਦਾ ਨਾਗ ਭਛਿਆ, ਦੰਦੀ ਮਾਰ ਕੇ ਖ਼ੂਨ ਉਲੱਟਿਉ ਨੇ ।
ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ, ਓਸ ਹੁਸਨ ਦੇ ਮੋਰ ਨੂੰ ਫੱਟਿਉ ਨੇ ।
ਵਾਰਿਸ ਯਾਰ ਦੇ ਖਰਚ ਤਹਿਸੀਲ ਵਿੱਚੋਂ, ਹਿੱਸਾ ਸਰਫ਼ ਕਸੂਰ ਦਾ ਕੱਟਿਉ ਨੇ ।
(ਸ਼ਿਸਤ ਅੰਦਾਜ਼=ਨਿਸ਼ਾਨੇ ਬਾਜ਼, ਖਰਚ ਤਹਿਸੀਲ=ਪੰਜੋਤਰਾ, ਨੰਬਰ ਦਾਰ
ਵੱਲੋਂ ਮਾਮਲਾ ਇਕੱਠਾ ਕਰਨ ਦੀ ਫੀਸ ਜੋ ਉਨ੍ਹਾਂ ਨੂੰ ਦਿੱਤੀ ਜਾਂਦੀ, ਕਸੂਰ=
ਛੋਟੇ ਮੁਲਾਜ਼ਮਾ ਵੱਲੋਂ ਕੰਮਕਾਰ ਵਿੱਚ ਕੀਤੀ ਗਲਤੀ ਤੇ ਕੀਤੀ ਕਟੌਤੀ)
ਦੰਦ ਮੀਟ ਘਸੀਟ ਇਹ ਹੱਡ ਗੋਡੇ, ਚਿੱਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ ।
ਨੱਕ ਚਾੜ੍ਹ ਦੰਦੇੜਕਾ ਵੱਟ ਰੋਏ, ਕੱਢ ਅੱਖੀਆਂ ਨੀਲੀਆਂ ਪੀਲੀਆਂ ਜੀ ।
ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ, ਕੋਈ ਕਰੇ ਝਾੜਾ ਬੁਰੇ ਹੀਲੀਆਂ ਜੀ ।
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ, ਲਏ ਜੀਊ ਨੇ ਕਾਜ ਕਲੇਲੀਆਂ ਜੀ ।
ਸ਼ੈਤਾਨ ਸ਼ਤੂੰਗੜੇ ਹੱਥ ਜੋੜਣ, ਸਹਿਤੀ ਗੁਰੂ ਤੇ ਅਸੀਂ ਸਭ ਚੇਲੀਆਂ ਜੀ ।
(ਦੰਦੇੜ=ਦੰਦਲ, ਲਿੰਗ=ਲੱਤਾਂ ਬਾਹਾਂ, ਸ਼ਤੂੰਗੜੇ=ਸ਼ੈਤਾਨ)
ਹੀਰ ਮੀਟ ਕੇ ਦੰਦ ਪੈ ਰਹੀ ਬੇਖ਼ੁਦ, ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ ।
ਕਾਲੇ ਨਾਗ ਨੇ ਫ਼ਨ ਫੈਲਾਇ ਵੱਡਾ, ਡੰਗ ਵਹੁਟੀ ਦੇ ਪੈਰ ਤੇ ਮਾਰਿਆ ਈ ।
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ, ਲੋਕਾਂ ਕੰਮ ਤੇ ਕਾਜ ਵਿਸਾਰਿਆ ਈ ।
ਮੰਜੇ ਪਾਇਕੇ ਹੀਰ ਨੂੰ ਘਰੀ ਘਿੰਨਿਆ, ਜਟੀ ਪਲੋ ਪਲੀ ਰੰਗ ਨੂੰ ਹਾਰਿਆ ਈ ।
ਦੋਖੋ ਫਾਰਸੀ ਤੋਰਕੀ ਨਜ਼ਮ ਨਸਰੋਂ, ਇਹ ਮਕਰ ਘਿਉ ਵਾਂਗ ਨਿਤਾਰਿਆ ਈ ।
ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ, ਜੇਹਾ ਖ਼ਚਰੀਆਂ ਖ਼ਚਰਪੌ ਸਾਰਿਆ ਈ ।
ਸ਼ੈਤਾਨ ਨੇ ਆਣ ਸਲਾਮ ਕੀਤਾ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ ।
ਅਫ਼ਲਾਤੂਨ ਦੀ ਰੀਸ਼ ਮਿਕਰਾਜ਼ ਕੀਤੀ, ਵਾਰਿਸ ਕੁਦਰਤਾਂ ਵੇਖ ਕੇ ਵਾਰਿਆ ਈ ।
(ਹਾਲ ਬੂ=ਦੁਹਾਈ, ਕਾਂਗ=ਰੌਲਾ, ਵਾਹਰ=ਲੋਕੀਂ, ਤੋਰਕੀ=ਤੁਰਕੀ, ਅਜੇਹਾ
ਮਕਰ ਤੁਰਕੀ ਫਾਰਸੀ ਵਾਰਤਕ ਜਾਂ ਕਵਿਤਾ ਵਿੱਚ ਕਿਤੇ ਹੋਵੇਗਾ ਐਪਰ ਕੁੜੀਆਂ
ਨੇ ਸਾਫ਼ ਸਾਫ਼ ਭਾਵ ਪੂਰਾ ਮਕਰ ਕੀਤਾ, ਰੀਸ਼=ਦਾੜ੍ਹੀ, ਮਿਕਰਾਜ਼ ਕੀਤੀ=ਦਾੜ੍ਹੀ
ਕਤਰ ਦਿੱਤੀ)
ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ, ਸਾਰੇ ਦੇਸ ਤੇ ਧੁੰਮ ਭੁੰਚਾਲ ਆਹੀ ।
ਘਰੀਂ ਖ਼ਬਰ ਹੋਈ ਕਿੜਾਂ ਦੇਸ ਸਾਰੇ, ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ ।
ਸਰਦਾਰ ਸੀ ਖ਼ੂਬਾਂ ਦੇ ਤ੍ਰਿੰਞਣਾਂ ਦੀ, ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ ।
ਖੇੜੇ ਨਾਲ ਸੀ ਓਸ ਅਜੋੜ ਮੁਢੋਂ, ਦਿਲੋਂ ਸਾਫ਼ ਰੰਝੇਟੇ ਦੇ ਨਾਲ ਆਹੀ ।
ਓਸ ਨਾਗਨੀ ਨੂੰ ਕੋਈ ਸੱਪ ਲੜਿਆ, ਸੱਸ ਓਸ ਨੂੰ ਵੇਖ ਨਿਹਾਲ ਆਹੀ ।
‘ਇੰਨਾ ਕਈਦਾ ਕੁੰਨਾ’ ਬਾਬਾ ਔਰਤਾਂ ਦੇ, ਧੁਰੋਂ ਵਿੱਚ ਕੁਰਾਨ ਦੇ ਫ਼ਾਲ ਆਹੀ ।
ਵਾਰਿਸ ਸ਼ਾਹ ਸੁਹਾਗੇ ਤੇ ਅੱਗ ਵਾਂਗੂੰ, ਸਿਉਨਾ ਖੇੜਿਆਂ ਦਾ ਸਭੋ ਗਾਲ ਆਹੀ ।
(ਸ਼ਾਂਘਰ=ਢੋਲ, ਵਾਹਰਾਂ=ਲੋਕਾਂ, ਕਿੜ=ਖ਼ਬਰ, ਇੰਨਾ ਕਈਦਾ ਕੁੰਨਾ=ਰਬ ਨੇ
ਇਸਤਰੀਆਂ ਨੂੰ ਬਦਨਾਮ ਨਹੀਂ ਕੀਤਾ)
ਸਦ ਮਾਂਦਰੀ ਖੇੜਿਆਂ ਲਖ ਆਂਦੇ, ਫ਼ਕਰ ਵੈਦ ਤੇ ਭਟ ਮਦਾਰੀਆਂ ਦੇ ।
ਤਰਿਆਕ ਅਕਬਰ ਅਫ਼ਲਾਤੂਨ ਵਾਲਾ, ਦਾਰੂ ਵੱਡੇ ਫ਼ਰੰਗ ਪਸਾਰੀਆਂ ਦੇ ।
ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ, ਘੱਤ ਆਂਦੇ ਨੇ ਵਿੱਚ ਪਟਾਰੀਆਂ ਦੇ ।
ਗੰਡੇ ਲੱਖ ਤਾਅਵੀਜ਼ ਤੇ ਧੂਪ ਧੂਣੀ, ਸੂਤ ਆਂਦੇ ਨੇ ਕੰਜ ਕਵਾਰੀਆਂ ਦੇ ।
ਕੋਈ ਅੱਕ ਚਵਾ ਖਵਾਇ ਗੰਢੇ, ਨਾਗਦੌਣ ਧਾਤਾ ਸਭੇ ਸਾਰਿਆਂ ਦੇ ।
ਕਿਸੇ ਲਾ ਮਣਕੇ ਲੱਸੀ ਵਿੱਚ ਘੱਤੇ, ਪਰਦੇ ਚਾਇ ਪਾਏ ਨਰਾਂ ਨਾਰੀਆਂ ਦੇ ।
ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ, ਘਿਉ ਦੇਂਦੇ ਨੇ ਨਾਲ ਖ਼ਵਾਰੀਆਂ ਦੇ ।
ਵਾਰਿਸ ਸ਼ਾਹ ਸਪਾਧਿਆਂ ਪਿੰਡ ਬੱਧੇ, ਦੱਸਣ ਜ਼ਹਿਰ ਮਹੁਰੇ ਧਾਤਾਂ ਮਾਰੀਆਂ ਦੇ ।
(ਤਰਿਆਕ=ਜ਼ਹਿਰ ਦਾ ਤੋੜ)
ਦਰਦ ਹੋਰ ਤੇ ਦਾਰੂੜਾ ਹੋਰ ਕਰਦੇ, ਫ਼ਰਕ ਪਵੇ ਨਾ ਲੋੜ੍ਹ ਵਿੱਚ ਲੁੜ੍ਹੀ ਹੈ ਨੀ ।
ਰੰਨਾ ਵੇਖ ਕੇ ਆਖਦੀਆਂ ਜ਼ਹਿਰ ਧਾਣੀ, ਕੋਈ ਸਾਇਤ ਇਹ ਜਿਉਂਦੀ ਕੁੜੀ ਹੈ ਨੀ ।
ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ, ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀ ।
ਮਰ ਚੱਲੀ ਹੈ ਹੀਰ ਸਿਆਲ ਭਾਵੇਂ, ਭਲੀ ਬੁਰੀ ਓਥੇ ਆਣ ਜੁੜੀ ਹੈ ਨੀ ।
ਜਿਸ ਵੇਲੇ ਦੀ ਸੂਤਰੀ ਇਹ ਸੁੰਘੀ, ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀ ।
ਵਾਰਿਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ ।
(ਦਾਰੂੜਾ=ਦਾਰੂ, ਸਾਇਤ=ਘੜੀ, ਛਿੱਥੀ=ਤੇਜ਼, ਸੂਤਰੀ=ਸਫ਼)
ਸਹਿਤੀ ਆਖਿਆ ਫ਼ਰਕ ਨਾ ਪਵੇ ਮਾਸਾ, ਇਹ ਸੱਪ ਨਾ ਕੀਲ ਤੇ ਆਂਵਦੇ ਨੇ ।
ਕਾਲੇ ਬਾਗ਼ ਵਿੱਚ ਜੋਗੀੜਾ ਸਿੱਧ ਦਾਤਾ, ਓਹਦੇ ਕਦਮ ਪਾਇਆਂ ਦੁਖ ਜਾਂਵਦੇ ਨੇ ।
ਬਾਸ਼ਕ ਨਾਂਗ ਕਰੂੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ ।
ਕਲਗ਼ੀਧਰ ਤੇ ਉਡਣਾਂ ਭੂੰਡ ਆਬੀ, ਅਸਰਾਲ ਘਰਾਲ ਡਰ ਖਾਂਵਦੇ ਨੇ ।
ਤੰਦੂਰੜਾ ਬੋਰੜਾ ਫਣੀ ਫ਼ਨੀਅਰ, ਸਭ ਆਣ ਕੇ ਸੀਸ ਨਿਵਾਂਵਦੇ ਨੇ ।
ਮਣੀਦਾਰ ਦੋ ਸਿਰੇ ਤੇ ਖੜੱਪਿਆਂ ਥੇ, ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇ ।
ਕੰਗੂਰੀਆ ਧਾਮੀਆ ਲੁਸਲੁਸਾ ਵੀ, ਰਤਵਾਰੀਆ ਕਜਲੀਆ ਝਾਂਵਦੇ ਨੇ ।
ਖੰਜੂਰੀਆ ਤੇਲੀਆ ਨਿਪਟ ਜੰਘਾ ਹਥਵਾਰੀਆ ਗੋਝੀਆ ਗਾਂਵਦੇ ਨੇ ।
ਬਲਿਸ਼ਤੀਆ ਛੀਣੀਆ ਸੰਘ-ਟਾਪੂ, ਚਿਚਲਾਵੜਾ ਕੁਲਨਾਸੀਆ ਦਾਂਵਦੇ ਨੇ ।
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਜਾਦੂ ਜਿੰਨ ਤੇ ਭੂਤ ਸਭ ਜਾਂਵਦੇ ਨੇ ।
ਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ, ਸਭ ਓਸ ਥੋਂ ਹੱਥ ਵਿਖਾਂਵਦੇ ਨੇ ।
ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਿਸ ਸ਼ਾਹ ਜੋਗੀ ਹੁਣ ਆਂਵਦੇ ਨੇ ।
ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚੈ, ਜਿਹੜਾ ਡਿੱਗੇ ਫ਼ਕੀਰ ਦੇ ਜਾ ਪੈਰੀਂ ।
ਸਾਡੀ ਕਰੀਂ ਵਾਹਰ ਨਾਮ ਰਬ ਤੇ, ਕੋਈ ਫ਼ਜ਼ਲ ਦਾ ਪਲੂੜਾ ਚਾ ਫੇਰੀਂ ।
ਸਾਰਾ ਖੋਲ੍ਹ ਕੇ ਹਾਲ ਅਹਿਵਾਲ ਆਖੀਂ, ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ ।
ਚਲੋ ਵਾਸਤੇ ਰਬ ਦੇ ਨਾਲ ਮੇਰੇ, ਕਦਮ ਘਤਿਆਂ ਫ਼ਕਰ ਦੇ ਹੋਣ ਖ਼ੈਰੀਂ ।
ਦਮ ਲਾਇਕੇ ਸਿਆਲ ਵਿਆਹ ਲਿਆਂਦੀ, ਜੰਜ ਜੋੜ ਕੇ ਗਏ ਸਾਂ ਵਿੱਚ ਡੇਰੀਂ ।
ਬੈਠ ਕੋੜਮੇ ਗਲ ਪਕਾ ਛੱਡੀ, ਸੈਦਾ ਘੱਲੀਏ ਰਲਣ ਜਾ ਐਰ ਗੈਰੀਂ ।
ਜੀਕੂੰ ਜਾਣਸੇਂ ਤਿਵੇਂ ਲਿਆ ਜੋਗੀ, ਕਰ ਮਿੰਨਤਾਂ ਲਾਵਣਾ ਹੱਥ ਪੈਰੀਂ ।
ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਇਨਸ ਤੈਰੀਂ ।
(ਦੈਰ=ਮੰਦਰ,ਬੁਤ ਖ਼ਾਨਾ, ਜਿੰਨ ਤੇ ਇਨਸ ਤੈਰੀਂ=ਆਦਮੀ ਅਤੇ ਪਰੇਤਾਂ
ਆਦਿ ਵਿੱਚ)
ਅਜੂ ਆਖਿਆ ਸੈਦਿਆ ਜਾਹ ਭਾਈ, ਇਹ ਵਹੁਟੀਆਂ ਬਹੁਤ ਪਿਆਰੀਆਂ ਜੀ ।
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ, ਤੁਸਾਂ ਤਾਰੀਆਂ ਖ਼ਲਕਤਾਂ ਸਾਰੀਆਂ ਜੀ ।
ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ, ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ ।
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ, ਖੋਲ੍ਹ ਕਹੇਂ ਹਕੀਕਤਾਂ ਸਾਰੀਆਂ ਜੀ ।
ਆਖੀਂ ਵਾਸਤੇ ਰਬ ਦੇ ਚਲੋ ਜੋਗੀ, ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ ।
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ, ਜਾ ਲਿਆ ਵਿਲਾਇਕੇ ਵਾਰੀਆਂ ਜੀ ।
ਵਾਰਿਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ, ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ ।
(ਜ਼ਾਰੀਆਂ=ਬੇਨਤੀਆਂ)
ਸੈਦਾ ਵੱਟ ਬੁੱਕਲ ਬੱਧੀ ਪਚਾਰਿੱਕੀ, ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ ।
ਵਾਹੋ ਵਾਹ ਚਲਿਆ ਖੁਰੀਂ ਬੰਨ੍ਹ ਖੇੜਾ, ਵਾਂਗ ਕਾਟਕੂ ਮਾਲ ਤੇ ਸਰਕਿਆ ਈ ।
ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ, ਜੋਗੀ ਵੇਖ ਕੇ ਜਟ ਨੂੰ ਦੜਕਿਆ ਈ ।
ਖੜਾ ਹੋ ਮਾਹੀ ਮੁੰਡਿਆ ਕਹਾਂ ਆਵੇਂ, ਮਾਰ ਫਾਹੁੜਾ ਸ਼ੋਰ ਕਰ ਭੜਕਿਆ ਈ ।
ਸੈਦਾ ਸੰਗ ਕੇ ਥਰ ਥਰ ਖੜਾ ਕੰਬੇ, ਉਸ ਦਾ ਅੰਦਰੋਂ ਕਾਲਜਾ ਧੜਕਿਆ ਈ ।
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ, ਏਹਾ ਖ਼ਤਰੇ ਦਾ ਮਾਰਿਆ ਯਰਕਿਆ ਈ ।
ਚੱਲੀਂ ਵਾਸਤੇ ਰਬ ਦੇ ਜੋਗੀਆ ਵੇ, ਖ਼ਾਰ ਵਿੱਚ ਕਲੇਜੇ ਦੇ ਰੜਕਿਆ ਈ ।
ਜੋਗੀ ਪੁੱਛਦਾ ‘ਬਣੀ ਹੈ ਕੌਣ ਤੈਨੂੰ, ਏਸ ਹਾਲ ਆਂਇਉ ਜੱਟਾ’ ਬੜ੍ਹਕਿਆ ਈ ।
ਜਟੀ ਵੜੀ ਕਪਾਹ ਵਿੱਚ ਬੰਨ੍ਹ ਝੋਲੀ, ਕਾਲਾ ਨਾਗ ਅਜ਼ਗ਼ੈਬ ਥੀਂ ਕੜਕਿਆ ਈ ।
ਵਾਰਿਸ ਸ਼ਾਹ ਜੋਂ ਚੋਟੀਆਂ ਕਢ ਆਏ, ਅਤੇ ਸੱਪ ਸਰੋਟਿਓਂ ਲੜਕਿਆ ਈ ।
(ਵੱਟ ਬੁੱਕਲ=ਬੁੱਕਲ ਮਾਰ ਕੇ, ਪਚਾਰਿੱਕੀ=ਚਾਦਰ ਨੂੰ ਰੇਬ ਕਰਕੇ ਜਾਂ ਸਾਫ਼ੇ
ਜਾਂ ਪਰਨੇ ਨੂੰ ਸੱਜੀ ਕੂਹਣੀ ਦੇ ਥੱਲੇ ਅਤੇ ਸੱਜੇ ਮੋਢੇ ਦੇ ਉਪਰੋਂ ਲਿਆ ਕੇ ਟੰਗਣ
ਜਾਂ ਬੰਨ੍ਹਣ ਦਾ ਢੰਗ, ਜੁੱਤੀ ਚਾੜ੍ਹ=ਜੁੱਤੀ ਪਾ ਕੇ, ਕਾਟਕੂ=ਧਾੜਵੀ, ਬੜ੍ਹਕਿਆ=
ਗਰਜਿਆ, ਯਰਕਿਆ=ਡਰ ਗਿਆ)
ਤਕਦੀਰ ਨੂੰ ਮੋੜਨਾ ਭਾਲਦਾ ਏਂ, ਸੱਪ ਨਾਲ ਤਕਦੀਰ ਦੇ ਡੰਗਦੇ ਨੇ ।
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ, ਦੀਦਵਾਨ ਕਜ਼ਾ ਦੇ ਰੰਗ ਦੇ ਨੇ ।
ਜਿਹੜੇ ਛੱਡ ਜਹਾਨ ਉਜਾੜ ਵਸਣ, ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ ।
ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ ।
ਅਸਾਂ ਚਾਇ ਕੁਰਾਨ ਤੇ ਤਰਕ ਕੀਤੀ, ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ ।
ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ, ਰਾਗ ਨਿਕਲਣ ਰੰਗ ਬਰੰਗ ਦੇ ਨੇ ।
ਜਵਾਨ ਮੇਰ ਮਹਿਰੀ ਬੜੇ ਰੰਗ ਹੋਤੇ, ਖ਼ੁਸ਼ੀ ਹੋਤੇ ਹੈਂ ਰੂਹ ਮਲੰਗ ਦੇ ਨੇ ।
ਵਾਰਿਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ, ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ ।
(ਦੀਦਵਾਨ=ਦਰਸ਼ਨ ਕਰਨ ਵਾਲੇ, ਸੰਗਤੀ=ਦਰਸ਼ਨ ਕਰਨ ਵਾਲੇ,ਯਾਤਰੀ,
ਗੰਗਾ=ਗੰਗਾ)
ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੰਹ ਵਿੱਚ, ਕਢ ਦੰਦੀਆਂ ਮਿੰਨਤਾਂ ਘਾਲਿਆ ਵੋ ।
ਤੇਰੇ ਚਲਿਆਂ ਹੁੰਦੀ ਹੈ ਹੀਰ ਚੰਗੀ, ਧਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ ।
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ, ਲੁੜ੍ਹ ਗਏ ਹਾਂ ਫਾਕੜਾ ਜਾਲਿਆ ਵੋ ।
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ ।
ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ, ਤੇਰੇ ਚੱਲਿਆਂ ਖ਼ੈਰ ਰਵਾਲਿਆ ਵੋ ।
ਜੋਗੀ ਵਾਸਤੇ ਰਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ ।
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ, ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ ।
ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੋੜਮਾ ਗਾਲਿਆ ਵੋ ।
ਵਾਰਿਸ ਸ਼ਾਹ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਵਾਂ ਨਾਹੀਂ ਟਾਲਿਆ ਵੋ ।
(ਫਾਕੜਾ=ਫਾਕਾ)
ਚੁਪ ਹੋ ਜੋਗੀ ਸਹਿਜ ਨਾਲ ਬੋਲੇ, ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ ।
ਅਸੀਂ ਛੱਡ ਜਹਾਨ ਫ਼ਕੀਰ ਹੋਏ, ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ ।
ਯਾਦ ਰਬ ਦੀ ਛੱਡ ਕੇ ਕਰਾਂ ਝੇੜੇ, ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ ।
ਤੇਰੇ ਨਾਲ ਨਾ ਚੱਲਿਆਂ ਨਫ਼ਾ ਕੋਈ, ਮੇਰਾ ਅਮਲ ਨਾ ਫੁਰੇ ਵਿਵਾਹੀਆਂ ਨੂੰ ।
ਰੰਨਾ ਪਾਸ ਫ਼ਕੀਰ ਨੂੰ ਐਬ ਜਾਣਾ, ਜੇਹਾ ਨੱਸਣਾ ਰਣੋਂ ਸਿਪਾਹੀਆਂ ਨੂੰ ।
ਵਾਰਿਸ ਕਢ ਕੁਰਾਨ ਤੇ ਬਹੇਂ ਮਿੰਬਰ, ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ ।
(ਕਾਹੀਆਂ=ਤਕਦੀਰ,ਹੋਣੀ, ਰਣੋਂ=ਜੰਗ ਵਿੱਚੋਂ)
ਸੈਦਾ ਆਖਦਾ ਰੋਂਦੜੀ ਪਈ ਡੋਲੀ, ਚੁਪ ਕਰੇ ਨਾਹੀਂ ਹਤਿਆਰੜੀ ਵੋ ।
ਵਡੀ ਜਵਾਨ ਬਾਲਗ਼ ਕੋਈ ਪਰੀ ਸੂਰਤ, ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ ।
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ, ਚਾਇ ਘੱਤਦੀ ਚੀਕ ਚਿਹਾੜੜੀ ਵੋ ।
ਹਥ ਲਾਵਣਾ ਪਲੰਘ ਨੂੰ ਮਿਲੇ ਨਾਹੀਂ, ਖ਼ੌਫ਼ ਖ਼ਤਰਿਉਂ ਰਹੇ ਨਿਆਰੜੀ ਵੋ ।
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ, ਏਸੇ ਬਾਣ ਉਹ ਰਹੇ ਕਵਾਰੜੀ ਵੋ ।
ਨਾਲ ਸੱਸ ਨਿਨਾਣ ਦੇ ਗਲ ਨਾਹੀਂ, ਪਈ ਮਚਦੀ ਨਿਤ ਖ਼ਵਾਰੜੀ ਵੋ ।
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ, ਕਾਈ ਲੋਥ ਲਾਗਰ ਹੈ ਭਾਰੜੀ ਵੋ ।
ਐਵੇਂ ਗ਼ਫ਼ਲਤਾਂ ਵਿੱਚ ਬਰਬਾਦ ਕੀਤੀ, ਵਾਰਿਸ ਸ਼ਾਹ ਏਹ ਉਮਰ ਵਿਚਾਰੜੀ ਵੋ ।
(ਲਾਗਰ=ਮਾੜੀ,ਕਮਜ਼ੋਰ)
ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ, ਛੁਰੀ ਓਸ ਦੇ ਵਿੱਚ ਖੁਭਾਈਆ ਸੂ ।
ਖਾ ਕਸਮ ਕੁਰਾਨ ਦੀ ਬੈਠ ਜੱਟਾ, ਕਸਮ ਚੋਰ ਨੂੰ ਚਾਇ ਕਰਾਈਆ ਸੂ ।
ਉਹਦੇ ਨਾਲ ਤੂੰ ਨਾਹੀਂਉ ਅੰਗ ਲਾਇਆ, ਛੁਰੀ ਪੁਟ ਕੇ ਧੌਣ ਰਖਾਈਆ ਸੂ ।
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ, ਤਾਹੀਂ ਓਸ ਤੋਂ ਕਸਮ ਕਰਾਈਆ ਸੂ ।
ਵਾਰਿਸ ਰਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਰਾਇਗਾਂ ਉਮਰ ਗਵਾਈਆ ਸੂ ।
(ਕੀਲ ਕੀਤੀ ਵਿੱਚ ਚੌਂਕੇ=ਚੌਂਕ ਪੂਰਿਆ, ਰਾਇਗਾਂ=ਬਰਬਾਦ)
ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ, ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ ।
ਮਰਾਂ ਹੋਇਕੇ ਏਸ ਜਹਾਨ ਕੋੜ੍ਹਾ, ਸੂਰਤ ਡਿੱਠੀ ਜੇ ਮੈਂ ਹੀਰ ਦੀ ਜੀ ।
ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ, ਕੋਹਕਾਫ਼ ਤੇ ਧਾਰ ਕਸ਼ਮੀਰ ਦੀ ਜੀ ।
ਲੰਕਾ ਕੋਟ ਪਹਾੜ ਦਾ ਪਾਰ ਦਿੱਸੇ, ਫ਼ਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ ।
ਦੂਰੋਂ ਵੇਖ ਕੇ ਫ਼ਾਤਿਹਾ ਆਖ ਛੱਡਾਂ, ਗੋਰ ਪੀਰ ਪੰਜਾਲ ਦੇ ਪੀਰ ਦੀ ਜੀ ।
ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ, ਢੁੱਕਾਂ ਜਾਇ ਤਾਂ ਕਾਲਜਾ ਚੀਰ ਦੀ ਜੀ ।
ਉਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ, ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ ।
ਭੈਂਸ ਮਾਰ ਕੇ ਸਿੰਗ ਨਾ ਦੇ ਢੋਈ, ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ ।
ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ ।
ਵਾਰਿਸ ਝੂਠ ਨਾ ਬੋਲੀਏ ਜੋਗੀਆਂ ਥੇ, ਖ਼ਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ ।
(ਧੌਲੀ ਧਾਰ=ਬਰਫ਼ ਦਾ ਲੱਦਿਆ ਪਹਾੜ, ਦੂਰ ਠੰਡਾ, ਕੋਹ ਕਾਫ=ਜਿੰਨਾਂ
ਪਰੀਆਂ ਦਾ ਦੇਸ, ਕਸ਼ਮੀਰ ਦੀ ਧਾਰ=ਕਸ਼ਮੀਰੀ ਤੇਜ਼ ਨਦੀ, ਫ਼ਾਤਿਹਾ
ਆਖ ਛੱਡਾਂ=ਦੂਰੋਂ ਮੱਥਾ ਟੇਕ ਦਿੰਦਾ ਹਾਂ, ਗੋਰ=ਕਬਰ, ਪੀਰ ਪੰਜਾਲ=
ਗੁਜਰਾਤ (ਪਾਕਿਸਤਾਨ) ਤੋਂ ਕਸ਼ਮੀਰ ਜਾਂਦੇ ਰਸਤੇ ਵਿੱਚ 1500 ਫੁਟ
ਦੀ ਉਚਾਈ ਤੇ ਪੀਰ ਪੰਜਾਲ ਦੀ ਕਬਰ ਹੈ, ਹੌਂਸ=ਲਾਲਚ,ਚਾਹ,
ਖ਼ਿਆਨਤ=ਧੋਖਾ,ਹੇਰਾਫੇਰੀ)
ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ, ਕਢ ਅੱਖੀਆਂ ਰੋਹ ਥੀਂ ਫੁੱਟਿਆ ਈ ।
ਏਹ ਹੀਰ ਦਾ ਵਾਰਿਸੀ ਹੋਇ ਬੈਠਾ, ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ ।
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ, ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ ।
ਲੱਥ ਪੱਥ ਕੇ ਨਾਲ ਨਿਖੁਟਿਆ ਈ, ਕੁਟ ਫਾਟ ਕੇ ਖੇਹ ਵਿੱਚ ਸੁੱਟਿਆ ਈ ।
ਬੁਰਾ ਬੋਲਦਾ ਨੀਰ ਪੱਲਟ ਅਖੀਂ, ਜੇਹਿਆ ਬਾਣੀਆਂ ਸ਼ਹਿਰ ਵਿੱਚ ਲੁੱਟਿਆ ਈ ।
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ, ਚੋਰ ਯਾਰ ਵਾਂਗੂੰ ਢਾਹ ਕੁੱਟਿਆ ਈ ।
ਖੜਤਲਾਂ ਤੇ ਫੌਹੜੀਆਂ ਖ਼ੂਬ ਜੜੀਆਂ, ਧੌਣ ਸੇਕਿਆ ਨਾਲ ਨਝੁੱਟਿਆ ਈ ।
ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ, ਗੁਨਾਹਗਾਰ ਵਾਂਗੂੰ ਉੱਠ ਜੁੱਟਿਆ ਈ ।
ਸ਼ਾਨਾ ਖੋਹ ਕੇ ਕੁਟ ਚਕਚੂਰ ਕੀਤਾ, ਲਿੰਗ ਭੰਨ ਕੇ ਸੰਘ ਨੂੰ ਘੁੱਟਿਆ ਈ ।
ਵਾਰਿਸ ਸ਼ਾਹ ਖੁਦਾ ਦੇ ਖ਼ੌਫ਼ ਕੋਲੋਂ, ਸਾਡਾ ਰੋਂਦਿਆਂ ਨੀਰ ਨਿਖੁੱਟਿਆ ਈ ।
(ਨੇਮ=ਨਿਯਮ, ਨਝੁੱਟਿਆ=ਵਾਲ ਪੱਟੇ, ਜੁੱਟਿਆ=ਜੂੜਿਆ,ਬੰਨ੍ਹ ਦਿੱਤਾ)
ਖੇੜਾ ਖਾਇਕੇ ਮਾਰ ਤੇ ਭੱਜ ਚਲਿਆ, ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ ।
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ, ਹਾਲ ਆਪਣਾ ਖੋਲ੍ਹ ਸੁਣਾਂਵਦਾ ਹੈ ।
ਇਹ ਕਾਂਵਰੂੰ ਦੇਸ ਦਾ ਸਿਹਰ ਜਾਣੇ, ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ ।
ਇਹ ਦੇਵ ਉਜਾੜ ਵਿੱਚ ਆਣ ਲੱਥਾ, ਨਾਲ ਕੜਕਿਆਂ ਜਾਨ ਗਵਾਂਵਦਾ ਹੈ ।
ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ, ਚੌਂਕੇ ਪਾਂਵਦਾ ਸੰਖ ਵਜਾਂਵਦਾ ਹੈ ।
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ, ਪਿੰਡਾ ਖੋਲ੍ਹ੍ਹਕੇ ਫੱਟ ਵਿਖਾਂਵਦਾ ਹੈ ।
(ਕਾਂਵਰੂੰ=ਕਾਮਰੂਪ ਦੇਸ਼ ਜਿਹੜਾ ਆਪਣੇ ਜਾਦੂ ਲਈ ਮਸ਼ਹੂਰ ਹੈ,
ਤਹਿ ਬਾਰ ਕੀਤਾ=ਕੁਟ ਕੇ ਸੁਰਮਾ ਬਣਾ ਦਿੱਤਾ)
ਅਜੂ ਆਖਿਆ ਲਉ ਅਨ੍ਹੇਰ ਯਾਰੋ, ਵੇਖੋ ਗ਼ਜ਼ਬ ਫ਼ਕੀਰ ਨੇ ਚਾਇਆ ਜੇ ।
ਮੇਰਾ ਸੋਨੇ ਦਾ ਕੇਵੜਾ ਮਾਰ ਜਿੰਦੋਂ, ਕੰਮ ਕਾਰ ਥੀਂ ਚਾਇ ਗਵਾਇਆ ਜੇ ।
ਫ਼ਕਰ ਮਿਹਰ ਕਰਦੇ ਸਭ ਖ਼ਲਕ ਉੱਤੇ, ਓਸ ਕਹਿਰ ਜਹਾਨ ਤੇ ਚਾਇਆ ਜੇ ।
ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਦੇਵ ਆਦਮੀ ਹੋਇਕੇ ਆਇਆ ਜੇ ।
ਸਹਿਤੀ ਆਖਿਆ ਬਾਬਲਾ ਜਾਹ ਆਪੇ, ਸੈਦਾ ਆਪ ਨੂੰ ਵੱਡਾ ਸਦਾਂਵਦਾ ਏ ।
ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ ।
ਸਾਨ੍ਹੇ ਵਾਂਗਰਾਂ ਸਿਰੀ ਟਪਾਂਵਦਾ ਹੈ, ਅੱਗੋਂ ਆਕੜਾਂ ਪਿਆ ਵਿਖਾਂਵਦਾ ਏ ।
ਜਾਹ ਨਾਲ ਫ਼ਕੀਰ ਦੇ ਕਰੇ ਆਕੜ, ਗ਼ੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ ।
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ, ਅਜੂ ਘੋੜੇ ਤੇ ਚੜ੍ਹ ਦੁੜਾਂਵਦਾ ਏ ।
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ, ਰਹਿਆ ਸੁਹਣੀ ਢੂੰਡ ਢੂੰਡਾਂਵਦਾ ਏ ।
ਵਾਰਿਸ ਸ਼ਾਹ ਜਵਾਨੀ ਵਿੱਚ ਮਸਤ ਰਹਿਆ, ਵਖ਼ਤ ਗਏ ਤਾਈਂ ਪਛੋਤਾਂਵਦਾ ਏ ।
(ਸਾਨ੍ਹਾ=ਕਿਰਲਾ)
ਜਾ ਬੰਨ੍ਹ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਗਾਰ ਦੇ ਹੋ ।
ਤੁਸੀਂ ਫ਼ਕਰ ਇਲਾਹ ਦੇ ਪੀਰ ਪੂਰੇ, ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ ।
ਹੋਵੇ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ ।
ਅੱਠੇ ਪਹਿਰ ਖ਼ੁਦਾ ਦੀ ਯਾਦ ਅੰਦਰ, ਤੁਸੀਂਂ ਨਫ਼ਸ ਸ਼ੈਤਾਨ ਨੂੰ ਮਾਰਦੇ ਹੋ ।
ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ, ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ ।
ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ ।
ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ, ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ ।
ਵਾਰਿਸ ਸ਼ਾਹ ਦੇ ਉਜ਼ਰ ਮੁਆਫ਼ ਕਰਨੇ, ਬਖਸ਼ਣਹਾਰ ਬੰਦੇ ਗੁਨਾਹਗਾਰ ਦੇ ਹੋ ।
(ਰੇਖ ਵਿੱਚ ਮੇਖ ਮਾਰਨੀ=ਕਿਸਮਤ ਬਦਲਨਾ,ਹੀਲਾ ਕਰਨਾ, ਅੱਠੇ ਪਹਿਰ=
ਦਿਨ ਰਾਤ, ਨਫ਼ਸ=ਮਨ, ਲੁੜ੍ਹੇ=ਰੁੜ੍ਹੇ, ਫ਼ਜ਼ਲ=ਕਿਰਪਾ, ਲੱਗਾ ਦਾਮਨੇ=ਤੇਰਾ
ਪੱਲਾ ਫੜਿਆ)
ਛਡ ਦੇਸ ਜਹਾਨ ਉਜਾੜ ਮੱਲੀ, ਅਜੇ ਜੱਟ ਨਾਹੀਂ ਪਿੱਛਾ ਛੱਡਦੇ ਨੇ ।
ਅਸਾਂ ਛੱਡਿਆ ਇਹ ਨਾ ਮੂਲ ਛੱਡਣ, ਕੀੜੇ ਮੁੱਢ ਕਦੀਮ ਦੇ ਹੱਡ ਦੇ ਨੇ ।
ਲੀਹ ਪਈ ਮੇਰੇ ਉੱਤੇ ਝਾੜੀਆਂ ਦੀ, ਪਾਸ ਜਾਣ ਨਾਹੀਂ ਪਿੰਜ ਗੱਡ ਦੇ ਨੇ ।
ਵਾਰਿਸ ਸ਼ਾਹ ਜਹਾਨ ਥੋਂ ਅੱਕ ਪਏ, ਅੱਜ ਕਲ ਫ਼ਕੀਰ ਹੁਣ ਲੱਦਦੇ ਨੇ ।
(ਹੱਡ ਦੇ ਕੀੜੇ=ਲੁਕੇ ਪੱਕੇ ਵੈਰੀ, ਲੀਹ=ਰੀਤ,ਰਸਮ, ਗਡ ਦੀ ਪਿੰਜ=
ਗੱਡੇ ਦੀ ਪਿੰਜਣੀ, ਅੱਕ ਪਏ=ਦੁਖੀ ਹੋ ਗਏ, ਲੱਦਦੇ=ਜਾਂਦੇ)
ਚਲੀਂ ਜੋਗੀਆ ਰਬ ਦਾ ਵਾਸਤਾ ਈ, ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ ।
ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ, ਜਾਨ ਮਾਲ ਪਰਿਵਾਰ ਨੂੰ ਵਾਰਨੇ ਹਾਂ ।
ਪਏ ਕੁਲ ਦੇ ਕੋੜਮੇ ਸਭ ਰੋਂਦੇ, ਅਸੀਂ ਕਾਗ ਤੇ ਮੋਰ ਉਡਾਰਨੇ ਹਾਂ ।
ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ ।
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ, ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ ।
ਵਾਰਿਸ ਸ਼ਾਹ ਵਸਾਹ ਕੀ ਏਸ ਦਮ ਦਾ, ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ ।
(ਕਾਗ ਤੇ ਮੋਰ ਉੜਾਵੰਦੇ=ਰਾਹਾਂ ਤੱਕਦੇ, ਏਸ ਦਮ ਦਾ=ਇਸ ਜ਼ਿੰਦਗੀ ਦਾ,
ਰਾਇਗਾਂ=ਫ਼ਜ਼ੂਲ)
ਜੋਗੀ ਚੱਲਿਆ ਰੂਹ ਦੀ ਕਲਾ ਹਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੂੰ ।
ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਣੇ ਨੂੰ ।
ਵੇਖੋ ਅਕਲ ਸ਼ਊਰ ਜੋ ਮਾਰਿਉ ਨੇ, ਤੁਅਮਾ ਬਾਜ਼ ਦੇ ਹੱਥ ਫੜਾਵਣੇ ਨੂੰ ।
ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ, ਰੰਡਾ ਘੱਲਿਆ ਸਾਕ ਕਰਾਵਣੇ ਨੂੰ ।
ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਵਣੇ ਨੂੰ ।
ਅਨਜਾਣ ਜਹਾਨ ਹਟਾ ਦਿੱਤਾ, ਆਏ ਮਾਂਦਰੀ ਕੀਲ ਕਰਾਵਣੇ ਨੂੰ ।
ਰਾਖਾ ਜੌਆਂ ਦੇ ਢੇਰ ਦਾ ਗਧਾ ਹੋਇਆ, ਅੰਨ੍ਹਾਂ ਘੱਲਿਆ ਹਰਫ਼ ਲਿਖਾਵਣੇ ਨੂੰ ।
ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ, ਮੀਆਂ ਆਇਆ ਹੈ ਰੰਨ ਖਿਸਕਾਵਣੇ ਨੂੰ ।
ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਸਗੋਂ ਆਇਆ ਹੈ ਸੱਪ ਲੜਾਵਣੇ ਨੂੰ ।
ਵਸਦੇ ਝੁਗੜੇ ਚੌੜ ਕਰਾਵਣੇ ਨੂੰ, ਮੁੱਢੋਂ ਪੁੱਟ ਬੂਟਾ ਲੈਂਦੇ ਜਾਵਣੇ ਨੂੰ ।
ਵਾਰਿਸ ਬੰਦਗੀ ਵਾਸਤੇ ਘੱਲਿਆ ਸੈਂ, ਆ ਜੁੱਟਿਆ ਪਹਿਨਣੇ ਖਾਵਣੇ ਨੂੰ ।
(ਤਿੱਤਰ ਬੋਲਿਆ=ਚੰਗਾ ਸ਼ਗਨ, ਐਤਵਾਰ ਨਾ ਪੁੱਛਿਆ=ਦਿਨ ਨਾ
ਵਿਚਾਰਿਆ, ਤੁਅਮਾ=ਤਾਮਾ,ਮਾਸ ਦੀ ਬੁਰਕੀ)
ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋਂ, ਮੰਨ ਮੰਨੇ ਦਾ ਵੈਦ ਹੁਣ ਆਇਆ ਨੀ ।
ਦੁਖ ਦਰਦ ਗਏ ਸੱਭੇ ਦਿਲ ਵਾਲੇ, ਕਾਮਲ ਵਲੀ ਨੇ ਫੇਰੜਾ ਪਾਇਆ ਨੀ ।
ਜਿਹੜਾ ਛੱਡ ਚੌਧਰਾਈਆਂ ਚਾਕ ਬਣਿਆ, ਵਤ ਓਸ ਨੇ ਜੋਗ ਕਮਾਇਆ ਨੀ ।
ਜੈਂਦੀ ਵੰਝਲੀ ਦੇ ਵਿੱਚ ਲਖ ਮੰਤਰ, ਓਹੋ ਰੱਬ ਨੇ ਵੈਦ ਮਿਲਾਇਆ ਨੀ ।
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ, ਸਾਵਣ ਮਾਹ ਜਿੱਥੇ ਮੀਂਹ ਵਸਾਇਆ ਨੀ ।
ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ, ਜੋਗੀ ਦਿਲਾਂ ਦਾ ਮਾਲਕ ਆਇਆ ਨੀ ।
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸਲ, ਧੂਆਂ ਏਸ ਚਰੋਕਣਾ ਪਾਇਆ ਨੀ ।
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ, ਇਸਮ ਆਜ਼ਮ ਅਸਰ ਕਰਾਇਆ ਨੀ ।
ਮਹਿਮਾਨ ਜਿਉਂ ਆਂਵਦਾ ਲੈਣ ਵਹੁਟੀ, ਅੱਗੋਂ ਸਾਹੁਰਿਆਂ ਪਲੰਘ ਵਿਛਾਇਆ ਨੀ ।
‘ਵੀਰਾ ਰਾਧ’ ਵੇਖੋ ਏਥੇ ਕੋਈ ਹੋਸੀ, ਜੱਗ ਧੂੜ ਭੁਲਾਵੜਾ ਪਾਇਆ ਨੀ ।
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਣ, ਅੱਲਾਹ ਵਾਲਿਆਂ ਖੇਲ ਰਚਾਇਆ ਨੀ ।
ਖਿਸਕੂ ਸ਼ਾਹ ਹੋਰੀਂ ਅੱਜ ਆਣ ਲੱਥੇ, ਤੰਬੂ ਆਣ ਉਧਾਲੂਆਂ ਲਾਇਆ ਨੀ ।
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ, ਅੱਜ ਖੇੜਿਆਂ ਨੇ ਖ਼ੈਰ ਪਾਇਆ ਨੀ ।
ਕੱਖੋਂ ਲਖ ਕਰ ਦਏ ਖ਼ੁਦਾ ਸੱਚਾ, ਦੁਖ ਹੀਰ ਦਾ ਰੱਬ ਗਵਾਇਆ ਨੀ ।
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ, ਓਸ ਨੱਡੜੀ ਦਾ ਯਾਰ ਆਇਆ ਨੀ ।
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ, ਰਬ ਵਿਛੜਿਆਂ ਨਾਲ ਮਿਲਾਇਆ ਨੀ ।
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ, ਡੇਰਾ ਡੂਮਾਂ ਦੀ ਕੋਠੜੀ ਪਾਇਆ ਨੀ ।
ਰੰਨਾਂ ਮੋਹ ਕੇ ਲੈਣ ਸ਼ਹਿਜ਼ਾਦਿਆਂ ਨੂੰ, ਵੇਖੋ ਇਫਤਰਾ ਕੌਣ ਬਣਾਇਆ ਨੀ ।
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ, ਪਿੱਛੋਂ ਸਾਂਘਰੂ ਢੋਲ ਵਜਾਇਆ ਨੀ ।
ਭਲਕੇ ਏਥੇ ਨਾ ਹੋਵਸਨ ਦੋ ਕੁੜੀਆਂ, ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ ।
ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੋ, ਲੂਣ ਥਾਲ ਦੇ ਵਿੱਚ ਪਿਹਾਇਆ ਨੀ ।
(ਮੰਨ ਮੰਨੇ ਦਾ=ਮਨ ਚਾਹੁੰਦਾ,ਆਪਣੀ ਮਰਜ਼ੀ ਦਾ, ਸ਼ਾਖਾਂ=ਟਾਹਣੀਆਂ,
ਇਸਮ-ਏ-ਅਜ਼ਮ=ਵੱਡਾ ਨਾਂ, ਰਬ ਦੇ 92 ਸਿਫ਼ਾਤੀ ਨਾਵਾਂ ਵਿੱਚੋਂ ਇੱਕ ਨਾਂ ਹੈ,
ਜਿਸ ਦੇ ਕਹਿਣ ਨਾਲ ਸ਼ੈਤਾਨ ਦਾ ਅਸਰ ਜ਼ਾਇਲ ਹੋ ਜਾਂਦਾ ਹੈ, ਭਲਕੇ=ਆਉਣ
ਵਾਲੇ ਕੱਲ੍ਹ ਨੂੰ, ਪੁੰਨੀ=ਪੁੱਗੀ, ਲੂਣ ਥਾਲ ਵਿੱਚ ਪਿਹਾਇਆ=ਆਪਣੀ ਬਦਨਾਮੀ
ਆਪ ਕੀਤੀ)
ਕੁੜੀਆਂ ਆਖਿਆ ਆਣ ਕੇ ਹੀਰ ਤਾਈਂ, ਅਨੀ ਵਹੁਟੀਏ ਅੱਜ ਵਧਾਈ ਏਂ ਨੀ ।
ਮਿਲੀ ਆਬੇ ਹਿਆਤ ਪਿਆਸਿਆਂ ਨੂੰ, ਹੁੰਣ ਜੋਗੀਆਂ ਦੇ ਵਿੱਚ ਆਈ ਏਂ ਨੀ ।
ਤੈਥੋਂ ਦੋਜ਼ਖ਼ੇ ਦੀ ਆਂਚ ਦੂਰ ਹੋਈ, ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ ।
ਜੀਊੜੇ ਰਬ ਨੇ ਮੇਲ ਕੇ ਤਾਰੀਏਂ ਤੂੰ, ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ ।
ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ,ਅੱਜ ਰੱਬ ਨੇ ਚੌੜ ਕਰਾਈ ਏਂ ਨੀ ।
ਜੋਗੀ ਆਖਿਆ ਫਿਰੇ ਨਾ ਮਰਦ ਔਰਤ, ਪਵੇ ਕਿਸੇ ਦਾ ਨਾ ਪਰਛਾਵਣਾ ਵੋ ।
ਕਰਾਂ ਬੈਠ ਨਿਵੇਕਲਾ ਜਤਨ ਗੋਸ਼ੇ, ਕੋਈ ਨਹੀਂ ਜੇ ਛਿੰਜ ਪਵਾਵਣਾ ਵੋ ।
ਕੰਨ ਸੰਨ ਵਿੱਚ ਵਹੁਟੜੀ ਆਣ ਪਾਵੋ, ਨਹੀਂ ਧੁੰਮ ਤੇ ਸ਼ੋਰ ਕਰਾਵਣਾ ਵੋ ।
ਇੱਕੋ ਆਦਮੀ ਆਵਣਾ ਮਿਲੇ ਸਾਥੇ, ਔਖਾ ਸੱਪ ਦਾ ਰੋਗ ਗਵਾਵਣਾ ਵੋ ।
ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ, ਨਹੀਂ ਹੋਰ ਕਿਸੇ ਏਥੇ ਆਵਣਾ ਵੋ ।
ਸੱਪ ਨੱਸ ਜਾਏ ਛਲ ਮਾਰ ਜਾਏ, ਖਰਾ ਔਖੜਾ ਛਿਲਾ ਕਮਾਵਣਾ ਵੋ ।
ਲਿਖਿਆ ਸੱਤ ਸੈ ਵਾਰ ਕੁਰਾਨ ਅੰਦਰ, ਨਾਹੀਂ ਛੱਡ ਨਮਾਜ਼ ਪਛਤਾਵਣਾ ਵੋ ।
ਵਾਰਿਸ ਸ਼ਾਹ ਨਿਕੋਈ ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਵਣਾ ਵੋ ।
(ਨਿਵੇਕਲਾ=ਇੱਕ ਪਾਸੇ, ਗੋਸ਼ੇ=ਖੂੰਜੇ, ਛਿੰਜ=ਰੌਲਾ, ਕੰਨ ਸੰਨ ਵਿੱਚ=
ਚੁਪ ਚਾਪ ਹੀ, ਰੱਖ=ਵਹੁਟੀ ਦੀ ਖਾਸ ‘ਰੱਖ’ ਰੱਖੀ ਜਾਵੇ)
ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ, ਮੰਜਾ ਵਿੱਚ ਐਵਾਨ ਦੇ ਪਾਇਕੇ ਤੇ ।
ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ, ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ ।
ਜੋਗੀ ਪਲੰਘ ਦੇ ਪਾਸੇ ਬਹਾਇਉ ਨੇ, ਆ ਬੈਠਾ ਹੈ ਸ਼ਗਨ ਮਨਾਇਕੇ ਤੇ ।
ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ, ਮਾਸ਼ੂਕ ਨੂੰ ਪਾਸ ਬਹਾਇਕੇ ਤੇ ।
ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ, ਤੁਅਮਾ ਬਾਗ਼ ਦੇ ਹੱਥ ਫੜਾਇਕੇ ਤੇ ।
ਸਿਰ ਤੇ ਹੋਵਣੀ ਆਇਕੇ ਕੂਕਦੀ ਹੈ, ਚੁਟਕੀ ਮਾਰ ਕੇ ਹੱਥ ਬੰਨ੍ਹਾਇਕੇ ਤੇ ।
ਉਨ੍ਹਾਂ ਖੇਹ ਸਿਰ ਘੱਤ ਕੇ ਪਿੱਟਣਾ ਹੈ, ਜਿਨ੍ਹਾਂ ਵਿਆਹੀਆਂ ਧੜੀ ਬੰਨ੍ਹਾਇਕੇ ਤੇ ।
ਵਾਰਿਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ, ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ ।
(ਐਵਾਨ=ਡਿਊੜ੍ਹੀ, ਚੁਟਕੀ=ਬੰਦੂਕ ਜਾਂ ਪਸਤੌਲ ਦਾ ਉਹ ਭਾਗ ਜਿਹੜਾ ਗੋਲੀ
ਦੇ ਪਿੱਛੇ ਲੱਗਦਾ ਹੈ, ਧੜੀ=ਗੁੰਦੇ ਹੋਏ ਵਾਲ, ਵੈਣ ਕਰਨੇ=ਉੱਚੀ ਉੱਚੀ ਰੋਣਾ)
ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ, ਤੁਰ੍ਹਾ ਖਿਜ਼ਰ ਦਾ ਹੱਥ ਲੈ ਬੋਲਿਆ ਈ ।
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ, ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ ।
ਖੰਜਰ ਕੱਢ ਮਖਦੂਮ ਜਹਾਨੀਏ ਦਾ, ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ ।
ਖੂੰਡੀ ਪੀਰ ਬਹਾਉਦੀਨ ਵਾਲੀ, ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ ।
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ, ਕੰਧ ਢਾਇਕੇ ਰਾਹ ਨੂੰ ਖੋਲ੍ਹਿਆ ਈ ।
ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ, ਸਵੀਂ ਨਾਹੀਂ ਤੇਰਾ ਰਾਹ ਖੋਲ੍ਹਿਆ ਈ ।
ਵਾਰਿਸ ਸ਼ਾਹ ਪਛੋਤਾਵਸੇਂ ਬੰਦਗੀ ਨੂੰ, ਇਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ ।
ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ, ਸਹਿਤੀ ਆਣ ‘ਹਜ਼ੂਰ ਸਲਾਮ’ ਕੀਤਾ ।
ਬੇੜਾ ਲਾ ਬੰਨੇ ਅਸਾਂ ਆਜਜ਼ਾਂ, ਦਾ ਰਬ ਫਜ਼ਲ ਤੇਰੇ ਉੱਤੇ ਆਮ ਕੀਤਾ ।
ਮੇਰਾ ਯਾਰ ਮਿਲਾਵਣਾ ਵਾਸਤਾ ਈ, ਅਸਾਂ ਕੰਮ ਤੇਰਾ ਸਰੰਜਾਮ ਕੀਤਾ ।
ਭਾਬੀ ਹੱਥ ਫੜਾਇਕੇ ਤੋਰ ਦਿੱਤੀ, ਕੰਮ ਖੇੜਿਆਂ ਦਾ ਸਭੋ ਖ਼ਾਮ ਕੀਤਾ ।
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁੱਝ ਅਲੀ ਦੇ ਨਾਲ ਗ਼ੁਲਾਮ ਕੀਤਾ ।
ਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ, ਅਤੇ ਦਹਿਸਰੇ ਨਾਲ ਜੋ ਰਾਮ ਕੀਤਾ ।
ਵਾਰਿਸ ਸ਼ਾਹ ਜਿਸ ਤੇ ਮਿਹਰਬਾਨ ਹੋਵੇ, ਓਥੇ ਫਜ਼ਲ ਨੇ ਆਣ ਮੁਕਾਮ ਕੀਤਾ ।
(ਸਰੰਜਾਮ=ਪੂਰਾ, ਖ਼ਾਮ ਕਰਨਾ=ਨਾਮੰਜ਼ੂਰ ਕਰਕੇ ਇੱਕ ਪਾਸੇ ਸੁਟ ਦੇਣਾ,
ਫ਼ਜ਼ਲ=ਰੱਬ ਦੀ ਮਿਹਰਬਾਨੀ)
ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ ।
ਏਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ ।
ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀਂ ਏਸ ਯਾਰਨੀ ਦਾ ।
ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਓਸ ਸ਼ਾਹ ਮੁਰਾਦ ਪੁਕਾਰਨੀ ਦਾ ।
(ਹੁਬ=ਪਿਆਰ, ਸ਼ਾਹ ਮੁਰਾਦ=ਸਹਿਤੀ ਦਾ ਆਸ਼ਕ,ਮੁਰਾਦ ਬਲੋਚ)
ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ, ਉੱਤੋਂ ਬੋਲਿਆ ਸਾਈਂ ਸਵਾਰੀਏ ਨੀ ।
ਸ਼ਾਲਾ ਢੁਕ ਆਵੀਂ ਹੁਸ਼ ਢੁਕ ਨੇੜੇ, ਆ ਚੜ੍ਹੀਂ ਕਚਾਵੇ ਤੇ ਡਾਰੀਏ ਨੀ ।
ਮੇਰੀ ਗਈ ਕਤਾਰ ਕੁਰਾਹ ਘੁੱਥੀ, ਕੋਈ ਸਿਹਰ ਕੀਤੋ ਟੂਣੇ ਹਾਰੀਏ ਨੀ ।
ਵਾਈ ਸੂਈ ਦੀ ਪੋਤਰੀ ਇਹ ਡਾਚੀ, ਘਿੰਨ ਝੋਕ ਪਲਾਣੇ ਦੀ ਲਾੜੀਏ ਨੀ ।
ਵਾਰਿਸ ਸ਼ਾਹ ਬਹਿਸ਼ਤ ਦੀ ਮੋਰਨੀ ਤੂੰ, ਇਹ ਫ਼ਰਿਸ਼ਤਿਆਂ ਉੱਠ ਤੇ ਚਾੜ੍ਹੀਏ ਨੀ ।
(ਰਿੰਗੀ=ਅੜਿੰਗੀ, ਹੁਸ਼=ਡਾਚੀ ਨੂੰ ਬਿਠਾਉਣ ਲਈ ਹੁਕਮ ਦਿੱਤਾ,
ਵਾਈ ਸੂਈ=ਹਵਾ ਦੀ ਧੀ, ਬਹੁਤ ਤੇਜ਼ ਰਫ਼ਤਾਰ, ਝੋਕ ਘਿਨਣਾ=
ਝੂਲੇ ਲੈਣਾ)
ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ, ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ ।
ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ, ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੇ ।
ਆਪੋ ਧਾਪ ਗਏ ਲੈ ਕੇ ਵਾਹੋ ਦਾਹੀ, ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ ।
ਫ਼ਜਰ ਹੋਈ ਕਿੜਾਊਆਂ ਗਜ ਘੱਤੇ, ਵੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ ।
ਜੜ੍ਹਾਂ ਦੀਨ ਈਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੇ ।
ਮੀਆਂ ਜਿਨ੍ਹਾਂ ਬੇਗਾਨੜੀ ਨਾਰ ਰਾਵੀ, ਮਿਲਣ ਦੋਜ਼ਖ਼ੀਂ ਤਾਉ ਚਵਾੜੀਆਂ ਨੇ ।
ਵਾਰਿਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ ।
(ਰਵਾਂ ਹੋ ਚੱਲੇ=ਤੁਰ ਪਏ,, ਤਰੰਡੀਆਂ=ਭੇਡਾਂ ਦਾ ਇੱਜੜ, ਗਜ ਘੱਤੇ=ਦੌੜੇ
ਜਾਂ ਲੁਕੇ ਹੋਏ ਬੰਦੇ ਨੂੰ ਭਾਲਣ ਲਈ ਲੋਹੇ ਦਾ ਇੱਕ ਗਜ਼ ਵਰਤਿਆ ਜਾਂਦਾ ਸੀ
ਜਿਹਦੇ ਨਾਲ ਝਾੜ ਝੀਂਡੇ ਜਾਂ ਪਾਣੀ ਦਾ ਟੋਆ ਫ਼ਰੋਲਿਆ ਜਾਂਦਾ ਸੀ ।ਓਥੇ
ਗਜ਼ ਮਾਰ ਕੇ ਵੇਖਿਆ ਜਾਂਦਾ ਸੀ, ਚਵਾੜੀ=ਗਧੇ ਹੱਕਣ ਵਾਲੀ ਲਾਠੀ)
ਇੱਕ ਜਾਣ ਭੰਨੇ ਬਹੁਤ ਨਾਲ ਖ਼ੁਸ਼ੀਆਂ, ਭਲਾ ਹੋਇਆ ਫ਼ਕੀਰਾਂ ਦੀ ਆਸ ਹੋਈ ।
ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ, ਅੱਜ ਵੇਖੋ ਤਾਂ ਚੌੜ ਨਖ਼ਾਸ ਹੋਈ ।
ਇੱਕ ਲੈ ਡੰਡੇ ਨੰਗੇ ਜਾਣ ਭੰਨੇ, ਯਾਰੋ ਪਈ ਸੀ ਹੀਰ ਉਦਾਸ ਹੋਈ ।
ਇੱਕ ਚਿੱਤੜ ਵਜਾਂਵਦੇ ਫ਼ਿਰਨ ਭੌਂਦੇ, ਜੋ ਮੁਰਾਦ ਫ਼ਕੀਰਾਂ ਦੀ ਰਾਸ ਹੋਈ ।
ਵਾਰਿਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ, ਜਦੋਂ ਉਸਤਰੇ ਨਾਲ ਪਟਾਸ ਹੋਈ ।
(ਭੰਨੇ=ਦੌੜੇ,ਭੱਜੇ, ਨਖ਼ਾਸ=ਚੌੜ ਹੋਈ,ਪਸ਼ੂਆਂ ਦੀ ਮੰਡੀ ਉੱਜੜ ਗਈ,
ਪਟਾਸ=ਉਸਤਰਾ ਤੇਜ਼ ਕਰਨ ਲਈ ਵਰਤਿਆ ਜਾਂਦਾ ਚਮੜੇ ਦਾ ਪਟਾ)
ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ, ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ ।
ਪਕੜ ਤਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ ।
ਮਾਰ ਬਰਛੀਆਂ ਆਣ ਬਲੋਚ ਕੜਕੇ, ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ ।
ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ ।
ਵਾਰਿਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ, ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ ।
(ਤਰਕਸ਼=ਭੱਥਾ, ਵਾਹਰੂ=ਪਿੱਛੇ ਆਏ ਬੰਦੇ, ਨਾਵਕ=ਤੀਰ, ਲੁਤਫ਼=ਮਿਹਰਬਾਨੀ)
ਦੂਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ ।
ਦੁੰਦ ਮਾਰਦੇ ਬਰਛੀਆਂ ਫੇਰਦੇ ਨੇ, ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ ।
ਸਿਰ ਹੀਰ ਦੇ ਪਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਉ ਨੇ ।
ਹੀਰ ਪਕੜ ਲਈ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾ ਖਦੇੜਿਉ ਨੇ ।
ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ, ਪਿੰਡਾਂ ਚਾਬਕਾਂ ਨਾਲ ਉਚੇੜਿਉ ਨੇ ।
ਵਾਰਿਸ ਸ਼ਾਹ ਫ਼ਕੀਰ ਅੱਲਾਹ ਦੇ ਨੂੰ, ਮਾਰ ਮਾਰ ਕੇ ਚਾ ਖਦੇੜਿਉ ਨੇ ।
(ਦੁੰਦ ਮਾਰਦੇ=ਲਲਕਾਰੇ ਮਾਰਦੇ, ਚਾਬਕ=ਹੰਟਰ,ਛਾਂਟੇ, ਉਚੇੜਣਾ=
ਛਿਲਣਾਂ)
ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ ।
ਨੀਂਦ ਵਲੀ ਤੇ ਗ਼ੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ ।
ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ, ਰੋ ਬੈਠੇ ਨੇ ਵਖ਼ਤ ਵਿਹਾਣਿਆਂ ਨੂੰ ।
ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ ।
ਸੁੱਤੇ ਸੋਈ ਵਿਗੁਤੜੇ ਅਦਹਮ ਵਾਂਗੂੰ, ਗ਼ਾਲਬ ਨੀਂਦ ਹੈ ਦੇਵ-ਰੰਝਾਣਿਆਂ ਨੂੰ ।
ਨੀਂਦ ਹੇਠ ਸੁਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ ।
ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫ਼-ਵਾਣਿਆਂ ਨੂੰ ।
ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ ।
ਨੀਂਦ ਫ਼ਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ ।
ਨੀਂਦ ਵੇਖ ਜੋ ਸੱਸੀ ਨੂੰ ਵਖ਼ਤ ਪਾਇਆ, ਫ਼ਿਰੇ ਢੂੰਡਦੀ ਪੈਰੋਂ ਵਾਹਣਿਆਂ ਨੂੰ ।
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਖ਼ਤ ਵਿਹਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਕ ਤੇਰੀ, ਵਾਰਿਸ ਵਲੇਂ ਕਿਉਂ ਐਡ ਵਲਾਣਿਆਂ ਨੂੰ ।
(ਮੁੱਠੇ=ਮਾਰੇ ਗਏ, ਪੰਧਾਣੀ=ਪਾਂਧੀ, ਵਿਗੁਤੇ=ਲੁੱਟੇ ਗਏ, ਵਾਣਾ=ਬਾਣਾ, ਯੂਨਸ=
ਆਪ ਵੀ ਇੱਕ ਨਬੀ ਸਨ ।ਨੈਨਵਾ ਦੇ ਲੋਕਾਂ ਦੇ ਸੁਧਾਰ ਲਈ ਰਬ ਵੱਲੋਂ ਭੇਜੇ ਗਏ
ਸਨ ।ਲੋਕਾਂ ਨੇ ਪਰਵਾਹ ਨਾ ਕੀਤੀ ।ਆਪ ਇੱਕ ਪਹਾੜੀ ਤੇ ਚਲੇ ਗਏ ਅਤੇ ਲੋਕਾਂ
ਨੂੰ ਸਰਾਪ ਦਿੱਤਾ ਕਿ ਉਨ੍ਹਾਂ ਉਪਰ ਇੱਕ ਕਹਿਰ ਟੁੱਟੇਗਾ ।ਲੋਕਾਂ ਰਬ ਅੱਗੇ ਤੌਬਾ ਕੀਤੀ ।
ਤੂਫਾਨ ਨਾ ਆਇਆ ਪਰ ਜਦ ਇਹ ਨੱਸ ਕੇ ਬੇੜੀ ਵਿੱਚ ਪਾਣੀ ਨੂੰ ਪਾਰ ਕਰਨ ਲੱਗਾ
ਤਾਂ ਬੇੜੀ ਪਾਣੀ ਵਿੱਚ ਫਸ ਗਈ ।ਇਹ ਬੇੜੀ ਵਿੱਚੋਂ ਪਾਣੀ ਵਿੱਚ ਡਿਗ ਪਿਆ ਅਤੇ
ਇੱਕ ਵੱਡੀ ਮੱਛੀ ਨੇ ਇਹਨੂੰ ਨਿਗਲ ਲਿਆ ।ਮੱਛੀ ਦੇ ਪੇਟ ਅੰਦਰ ਇਹਨੇ ਰੱਬ ਨੂੰ
ਯਾਦ ਕੀਤਾ ਅਤੇ ਰੱਬ ਨੇ ਇਹਨੂੰ ਬਚਾਇਆ, ਫ਼ਜਰ ਦੀ ਨਮਾਜ਼ ਅਤੇ ਸ਼ੈਤਾਨ=
ਮਸ਼ਹੂਰ ਹੈ ਕਿ ਸ਼ੈਤਾਨ ਫ਼ਜਰ ਦੀ ਨਮਾਜ਼ ਦੀ ਅਜ਼ਾਨ ਬੰਦੇ ਨੂੰ ਸੁਣਨ ਨਹੀਂ ਦਿੰਦਾ ।
ਇਨਸਾਨ ਨੂੰ ਨੀਂਦ ਆ ਜਾਂਦੀ ਹੈ ਅਤੇ ਸ਼ੈਤਾਨ ਖ਼ੁਸ਼ ਹੁੰਦਾ ਹੈ)
ਹਾਏ ਹਾਏ ਮੁੱਠੀ ਮਤ ਨਾ ਲਈਆ, ਦਿੱਤੀ ਅਕਲ ਹਜ਼ਾਰ ਚਕੇਟਿਆ ਵੇ ।
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ, ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ ।
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ, ਨਹੀਂ ਜਾਵਣਾ ਮੂਲ ਸਮੇਟਿਆ ਵੇ ।
ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ, ਖੜੀ ਬਾਂਹ ਕਰ ਕੂਕ ਰੰਝੇਟਿਆ ਵੇ ।
ਬਿਨਾ ਅਮਲ ਦੇ ਨਹੀਂ ਨਜ਼ਾਤ ਤੇਰੀ, ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ ।
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ, ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ ।
ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ, ਜਾ ਰਾਜੇ ਦੇ ਪਾਸ ਜਟੇਟਿਆ ਵੇ ।
ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ, ਜਿੱਥੇ ਕੀਮਿਆਂ ਦੇ ਨਾਲ ਭੇਟਿਆ ਵੇ ।
(ਖੜੀ ਬਾਂਹ ਕਰਕੇ=ਵਾਰਿਸ ਸ਼ਾਹ ਦੇ ਵੇਲੇ ਫ਼ਰਿਆਦੀ ਜੇ ਬਾਂਹ ਖੜੀ ਕਰਕੇ
ਫ਼ਰਿਆਦ ਕਰਦਾ ਤਾਂ ਖਿਆਲ ਕੀਤਾ ਜਾਂਦਾ ਸੀ ਉਹਦੀ ਗੱਲ ਵੱਲ ਧਿਆਨ ਦਿੱਤਾ
ਜਾਵੇਗਾ, ਚਕੇਟਾ=ਮਾਮੂਲੀ ਨੌਕਰ, ਨਜ਼ਾਤ=ਛੁਟਕਾਰਾ, ਭੇਟਿਆ=ਛੋਹਿਆ)
ਕੂ ਕੂ ਕੀਤਾਇ ਕੂਕ ਰਾਂਝੇ, ਉੱਚਾ ਕੂਕਦਾ ਚਾਂਗਰਾਂ ਧਰਾਸਦਾ ਈ ।
ਬੂ ਬੂ ਮਾਰ ਲਲਕਰਾਂ ਕਰੇ ਧੁੰਮਾਂ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਈ ।
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ, ਕਰਮ ਰਬ ਦਾ ਫ਼ਿਕਰ ਗਮ ਕਾਸ ਦਾ ਈ ।
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ ।
ਤੇਰੀ ਧਾਂਕ ਪਈ ਏ ਰੂਮ ਸ਼ਾਮ ਅੰਦਰ, ਬਾਦਸ਼ਾਹ ਡਰੇ ਆਸ ਪਾਸ ਦਾ ਈ ।
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ, ਨਾ ਗੁਨਾਹ ਤੇ ਨਾ ਕੋਈ ਵਾਸਤਾ ਈ ।
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ, ਵਾਰਿਸ ਸ਼ਾਹ ਏਸ ਜਗ ਵਿੱਚ ਫਾਸਦਾ ਈ ।
(ਕੂ ਕੂ ਕੀਤਾ=ਰੌਲਾ ਪਾਇਆ, ਚਾਂਗਰਾਂ=ਚੀਕਾਂ, ਧਰਾਸਦਾ=ਦੂਜੇ ਦੇ ਦਿਲ ਤੇ
ਅਸਰ ਕਰਨਾ, ਧਾਂਕ=ਰੁਅਬ, ਫਾਸਦੀ=ਫਸਦੀ)
ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ ।
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛਡ ਦਿਉ ਖਾਂ ਛਲ ਦਰੇੜਿਆਂ ਨੂੰ ।
ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ ।
ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ, ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰ ।
ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ, ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ ।
ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ ।
(ਦਰੇੜੇ=ਨਾਜਾਇਜ਼ ਦਬਾਉ, ਖੋਹੜੂ=ਖੋਹਣ ਵਾਲੇ, ਫੇੜੇ=ਬੁਰੇ ਵਖ਼ਤ)
ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ, ਸੂਰਤ ਬਣੇ ਨੇ ਆਣ ਫ਼ਰਿਆਦੀਆਂ ਦੇ ।
ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ, ਇਹ ਖੋਹੜੂ ਫੇਰ ਬੇਦਾਦੀਆਂ ਦੇ ।
ਮੈਥੋਂ ਖੋਹ ਫ਼ਕੀਰਨੀ ਉਠ ਨੱਠੇ, ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ ।
ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਿਬ, ਇਹ ਵੱਡੇ ਦਰਬਾਰ ਨੇ ਆਦੀਆਂ ਦੇ ।
ਚੇਤਾਂ ਦਾੜ੍ਹੀਆਂ ਪਗੜੀਆਂ ਵੇਖ ਭੁੱਲੇਂ, ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ ।
ਵਾਰਿਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ, ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ ।
(ਬਾਹਰੋਂ ਸੂਹੇ ਤੇ ਸਿਆਹ ਅੰਦਰੋਂ=ਦਿਸਦੇ ਭਲੇ ਮਾਣਸ ਹਨ ਪਰ ਇਨ੍ਹਾਂ ਦੀ
ਅਸਲੀਅਤ ਭੈੜੀ ਹੈ)
ਖੇੜਿਆਂ ਜੋੜ ਕੇ ਹੱਥ ਫ਼ਰਿਆਦ ਕੀਤੀ, ਨਹੀਂ ਵਖ਼ਤ ਹੁਣ ਜ਼ੁਲਮ ਕਮਾਵਣੇ ਦਾ ।
ਇਹ ਠਗ ਹੈ ਮਹਿਜ਼ਰੀ ਵੱਡਾ ਘੁੱਠਾ, ਸਿਹਰ ਜਾਣਦਾ ਸਰ੍ਹੋਂ ਜਮਾਵਣੇ ਦਾ ।
ਵਿਹੜੇ ਵੜਦਿਆਂ ਨਢੀਆਂ ਮੋਹ ਲੈਂਦਾ, ਇਸ ਥੇ ਇਲਮ ਜੇ ਰੰਨਾਂ ਵਲਾਵਣੇ ਦਾ ।
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ, ਉਹ ਵਖ਼ਤ ਸੀ ਮਾਂਦਰੀ ਲਿਆਵਣੇ ਦਾ ।
ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ, ਢਬ ਜਾਣਦਾ ਝਾੜਿਆਂ ਪਾਵਣੇ ਦਾ ।
ਮੰਤਰ ਝਾੜਣੇ ਨੂੰ ਅਸਾਂ ਸਦ ਆਂਦਾ, ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ ।
ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ, ਫ਼ਕਰ ਵਲੀ ਅੱਲਾਹ ਪਹਿਰਾਵਣੇ ਦਾ ।
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ, ਇਸ ਥੇ ਵੱਲ ਜੇ ਭੇਖ ਵਟਾਵਣੇ ਦਾ ।
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ, ਸੂਲੀ ਰਸਮ ਹੈ ਚੋਰ ਚੜ੍ਹਾਵਣੇ ਦਾ ।
ਭਲਾ ਕਰੋ ਤਾਂ ਏਸ ਨੂੰ ਮਾਰ ਸੁੱਟੋ, ਵਕਤ ਆਇਆ ਹੈ ਚੋਰ ਮੁਕਾਵਣੇ ਦਾ ।
ਵਾਰਿਸ ਸ਼ਾਹ ਤੋਂ ਅਮਲ ਹੀ ਪੁੱਛਈਣਗੇ, ਵਖ਼ਤ ਆਵਸੀ ਅਮਲ ਤੁਲਾਵਣੇ ਦਾ ।
(ਮਹਿਜ਼ਰੀ=ਝੂਠਾ ਮਕੱਦਮੇ ਬਾਜ਼, ਵਿਲਾਵਣੇ ਦਾ=ਪਿੱਛੇ ਲਾਉਣ ਦਾ,
ਪਹਿਰਾਵਣੇ=ਪਹਿਰਾਵੇ,ਲਿਬਾਸ)
ਰਾਂਝੇ ਆਖਿਆ ਸੁਹਣੀ ਰੰਨ ਡਿੱਠੀ, ਮਗਰ ਲਗ ਮੇਰੇ ਆ ਘੇਰਿਆ ਨੇ ।
ਨੱਠਾ ਖ਼ੌਫ਼ ਥੋਂ ਇਹ ਸਨ ਦੇਸ ਵਾਲੇ, ਪਿੱਛੇ ਕਟਕ ਅਜ਼ਗ਼ੈਬ ਦਾ ਛੇੜਿਆ ਨੇ ।
ਪੰਜਾਂ ਪੀਰਾਂ ਦੀ ਇਹ ਮੁਜਾਉਰਨੀ ਏ, ਇਹਨਾਂ ਕਿਧਰੋਂ ਸਾਕ ਸਹੇੜਿਆ ਨੇ ।
ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ, ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ ।
ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਣਾ ਫੇੜਿਆ ਨੇ ।
ਮਜਰੂਹ ਸਾਂ ਗ਼ਮਾਂ ਦੇ ਨਾਲ ਭਰਿਆ, ਮੇਰਾ ਅੱਲੜਾ ਘਾਉ ਉਚੇੜਿਆ ਨੇ ।
ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਇ ਨਿਬੇੜਿਆ ਨੇ ।
ਆਪ ਵਾਰਸੀ ਬਣੇ ਏਸ ਵਹੁਟੜੀ ਦੇ, ਮੈਨੂੰ ਮਾਰ ਕੇ ਚਾਇ ਖਦੇੜਿਆ ਨੇ ।
ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ ।
ਸੱਚ ਆਖ ਤੂੰ ਖੁਲ੍ਹ ਕੇ ਕਰਾਂ ਪੁਰਜ਼ੇ, ਕੋਈ ਬੁਰਾ ਇਸ ਨਾਲ ਜੇ ਫੇੜਿਆ ਨੇ ।
ਛਡ ਅਰਲੀਆਂ ਜੋਗ ਭਜਾਇ ਨੱਠੇ, ਪਰ ਖੂਹ ਨੂੰ ਅਜੇ ਨਾ ਗੇੜਿਆ ਨੇ ।
ਵਾਰਿਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ, ਸੁਰੇਮ ਸੁਰਮਚੂ ਨਹੀਂ ਲਿਬੇੜਿਆ ਨੇ ।
(ਮਜਾਉਰਨੀ=ਕਿਸੇ ਦਰਗਾਹ ਵਗੈਰਾ ਵਿੱਚ ਝਾੜੂ ਦੇਣ ਵਾਲੀ ਭਗਤਣ,
ਮਜਰੂਹ=ਜ਼ਖ਼ਮੀ, ਜੋਗ=ਬਲਦਾਂ ਦੀ ਜੋੜੀ, ਖੂਹ ਨਾ ਗੇੜਿਆ=ਜਿਣਸੀ ਭੋਗ
ਜਾਂ ਜਬਰ ਜਨਾਹੀ ਨਹੀਂ ਕੀਤੀ, ਗਿਰਦ=ਆਲੇ ਦੁਆਲੇ)
ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਏਹ ਵੱਡਾ ਫ਼ਕੀਰ ਰੰਜਾਣਿਆ ਜੇ ।
ਨਕ ਕੰਨ ਵਢਾਇਕੇ ਦਿਆਂ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਜੇ ।
ਰੱਜੇ ਜਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਅਪਣੀ ਕਦਰ ਪਛਾਣਿਆ ਜੇ ।
ਰੰਨਾਂ ਖੋਹ ਫ਼ਕੀਰਾਂ ਦੀਆਂ ਰਾਹ ਮਾਰੋ, ਤੰਬੂ ਗਰਬ ਗੁਮਾਨ ਦਾ ਤਾਣਿਆ ਜੇ ।
ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ, ਸ਼ੈਤਾਨ ਵਾਂਗੂੰ ਜਗ ਰਾਣਿਆ ਜੇ ।
ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ ।
ਇਹ ਨਿਤ ਹੰਕਾਰ ਨਾ ਮਾਲ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ ।
ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂੰ, ਦੁਨੀਆ ਖ਼ਾਬ ਖ਼ਿਆਲ ਕਰ ਜਾਣਿਆ ਜੇ ।
(ਰੰਜਾਣਿਆ=ਦੁਖੀ ਕੀਤਾ, ਰੰਜੀਦਾ ਕੀਤਾ, ਰਾਣਿਆ=ਮਿਥਿਆ)
ਜਦੋਂ ਸ਼ਰ੍ਹਾ ਦੇ ਆਣ ਕੇ ਰਜੂਹ ਹੋਏ, ਕਾਜ਼ੀ ਆਖਿਆ ਕਰੋ ਬਿਆਨ ਮੀਆਂ ।
ਦਿਉ ਖੋਲ੍ਹ ਸੁਣਾਇ ਕੇ ਬਾਤ ਸਾਰੀ, ਕਰਾਂ ਉਮਰ ਖ਼ਿਤਾਬ ਦਾ ਨਿਆਂ ਮੀਆਂ ।
ਖੇੜੇ ਆਖਿਆ ਹੀਰ ਸੀ ਸਾਕ ਚੰਗਾ, ਘਰ ਚੂਚਕ ਸਿਆਲ ਦੇ ਜਾਣ ਮੀਆਂ ।
ਅਜੂ ਖੇੜੇ ਦੇ ਪੁੱਤਰ ਨੂੰ ਖ਼ੈਰ ਕੀਤਾ, ਹੋਰ ਲਾ ਥੱਕੇ ਲੋਕ ਤਾਣ ਮੀਆਂ ।
ਜੰਞ ਜੋੜ ਕੇ ਅਸਾਂ ਵਿਆਹ ਲਿਆਂਦੀ, ਟਕੇ ਖ਼ਰਚ ਕੀਤੇ ਖ਼ੈਰ ਦਾਨ ਮੀਆਂ ।
ਲੱਖ ਆਦਮਾਂ ਦੇ ਢੁੱਕੀ ਲਖਮੀ ਸੀ, ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ ।
ਦੋਦ ਰਸਮ ਕੀਤੀ, ਮੁੱਲਾਂ ਸਦ ਆਂਦਾ, ਜਿਸ ਨੂੰ ਹਿਫਜ਼ ਸੀ ਫ਼ਿਕਾ ਕੁਰਾਨ ਮੀਆਂ ।
ਮੁੱਲਾਂ ਸ਼ਾਹਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਕੁਰਾਨ ਮੀਆਂ ।
ਅਸਾਂ ਲਾਇਕੇ ਦੰਮ ਵਿਆਹ ਆਂਦੀ, ਦੇਸ ਮੁਲਕ ਰਹਿਆ ਸਭੋ ਜਾਣ ਮੀਆਂ ।
ਰਾਵਣ ਵਾਂਗ ਲੈ ਚਲਿਆ ਸੀਤਾ ਤਾਈਂ, ਇਹ ਛੋਹਰਾ ਤੇਜ਼ ਜ਼ਬਾਨ ਮੀਆਂ ।
ਵਾਰਿਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ, ਰੱਬਾ ਜ਼ੁਮਲ ਦਾ ਰਹੇ ਈਮਾਨ ਮੀਆਂ ।
(ਰਜੂਹ ਹੋਏ=ਸਾਮਣੇ ਹੋਏ,ਪੇਸ਼ੀ ਹੋਈ, ਖ਼ੈਰ ਦਾਨ=ਦਾਨ ਦਿੱਤੇ, ਹਿਫ਼ਜ਼=
ਮੂੰਹ ਜ਼ਬਾਨੀ ਯਾਦ, ਸ਼ਾਹਦਾਂ=ਸ਼ਾਹਦ ਦਾ ਬਹੁਵਚਨ,ਗਵਾਹ, ਜ਼ੁਮਲ=ਸਾਰੇ)
ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ, ਕਿੱਥੋਂ ਦਾਮਨੇ ਨਾਲ ਚਮੋੜਿਆ ਜੇ ।
ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ, ਇਹ ਭੂਤਨਾ ਕਿੱਥੋਂ ਸਹੇੜਿਆ ਜੇ ।
ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ, ਕਿਸੇ ਹਟਕਿਆ ਨਾਹੀਂ ਹੋੜਿਆ ਜੇ ।
ਵਾਰਿਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ, ਉਹਦਾ ਅਕਰਾ ਰਸਾ ਨਿਚੋੜਿਆ ਜੇ ।
(ਛਾਪਾ=ਕੰਡਿਆਂ ਵਾਲੀ ਡਾਲ,ਢੀਂਗਰ, ਹਟਕਿਆ ਹੋੜਿਆ=ਰੋਕਿਆ,
ਅਕਰਾ=ਕੀਮਤੀ)
ਕਿਤੋਂ ਆਇਆ ਕਾਲ ਵਿੱਚ ਭੁੱਖ ਮਰਦਾ, ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ ।
ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ ।
ਛੈਲ ਨੱਢੜੀ ਵੇਖ ਕੇ ਮਗਰ ਲੱਗਾ, ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ ।
ਮਹੀਂ ਚਾਰ ਕੇ ਮੱਚਿਆ ਦਾਅਵਿਆਂ ਤੇ, ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ ।
ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਿਛਲੱਗ ਹਜ਼ਾਰੇ ਦੀਆਂ ਧੋਲੀਆਂ ਦਾ ।
ਹੱਕ ਕਰੀਂ ਜੋ ਉਮਰ ਖ਼ਿਤਾਬ ਕੀਤਾ, ਹੱਥ ਵੱਢਣਾ ਝੂਠਿਆਂ ਰੋਲੀਆਂ ਦਾ ।
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ, ਅਤੇ ਕੰਜਰੀ ਅਦਲ ਤੰਬੋਲੀਆਂ ਦਾ ।
ਨਾਦ ਖੱਪਰੀ ਠਗੀ ਦੇ ਬਾਬ ਸਾਰੇ, ਚੇਤਾ ਕਰੀਂ ਧਿਆਨ ਜੇ ਝੋਲੀਆਂ ਦਾ ।
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ ।
ਕੰਘੀ ਲੋਹੇ ਦੀ ਤਾਇ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕੰਬੋਲੀਆਂ ਦਾ ।
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਬਣੇ ਮੱਕਿaੁਂ ਬਾਲਕਾ ਔਲੀਆਂ ਦਾ ।
ਵਾਰਿਸ ਸ਼ਾਹ ਸਭ ਐਬ ਦਾ ਰਬ ਮਹਿਰਮ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ ।
(ਹਿਲਿਆ=ਗਿੱਝਾ ਹੋਇਆ, ਡੋਲੀ=ਵਿਆਹ ਦੀ ਡੋਲੀ, ਰੋਲੀ=ਰੋਲ ਮਾਰਨ
ਵਾਲਾ,ਫ਼ਰੇਬੀ, ਨੌਸ਼ੀਰਵਾਂ ਆਦਲ=ਨੌਸ਼ੀਰਵਾਂ ਬਾਬਤ ਮਸ਼ਹੂਰ ਹੈ ਕਿ ਆਪਣੇ
ਮਹੱਲ ਦੇ ਥੱਲੇ ਇੱਕ ਜ਼ੰਜੀਰ ਲਾਈ ਹੋਈ ਸੀ ।ਫ਼ਰਿਆਦੀ ਜਦੋਂ ਜ਼ੰਜੀਰ ਖਿਚਦਾ
ਤਾਂ ਬਾਦਸ਼ਾਹ ਉਸੇ ਵੇਲੇ ਉਹਦੀ ਫ਼ਰਿਆਦ ਸੁਣਨ ਲਈ ਆ ਜਾਂਦਾ ।ਇੱਕ ਦਿਨ
ਇੱਕ ਖਰਸ ਖਾਧੇ ਗਧੇ ਨੇ ਰੱਸੀ ਨਾਲ ਸਰੀਰ ਰਗੜਿਆ ।ਬਾਦਸ਼ਾਹ ਨੂੰ ਖ਼ਬਰ
ਮਿਲ ਗਈ ।ਉਹਨੇ ਆਕੇ ਗਧਾ ਦੇਖਿਆ ਅਤੇ ਉਹਦੇ ਮਾਲਕ ਦਾ ਪਤਾ ਕਰਕੇ
ਉਹਨੂੰ ਡਾਂਟਿਆ ਅਤੇ ਗਧੇ ਦੀ ਸੰਭਾਲ ਕਰਨ ਲਈ ਖ਼ਬਰਦਾਰ ਕੀਤਾ, ਕੰਜਰੀ
ਅਦਲ=ਰੰਡੀਆਂ ਦੇ ਬਜ਼ਾਰ ਵਿੱਚ ਇੱਕ ਪਾਨ ਵੇਚਣ ਵਾਲੇ ਦੀ ਦੁਕਾਨ ਸੀ ।ਉਹ
ਇਕੱਲਾ ਹੋਣ ਦੇ ਬਾਵਜੂਦ ਬਹੁਤ ਹਰਮਨ ਪਿਆਰਾ ਸੀ ।ਉਹਨੇ ਇੱਕ ਸਫ਼ਰ ਤੇ
ਜਾਣ ਤੋਂ ਪਹਿਲਾਂ ਆਪਣੀ ਉਮਰ ਦੀ ਪੂੰਜੀ ਸੌ (ਸੋਨੇ) ਦੀਆਂ ਅਸ਼ਰਫ਼ੀਆਂ ਇੱਕ
ਅਮਾਨਤਾਂ ਰੱਖਣ ਵਾਲੇ ਮਸ਼ਹੂਰ ਆਦਮੀ ਕੋਲ ਰਖ ਦਿੱਤੀਆਂ ।ਵਾਪਸੀ ਤੇ ਉਹ
ਪੁਰਸ਼ ਬੇਈਮਾਨ ਹੋ ਗਿਆ ਅਤੇ ਅਮਾਨਤ ਦੇਣ ਤੋਂ ਮੁੱਕਰ ਗਿਆ, ਪਾਨ ਵੇਚਣ
ਵਾਲਾ ਬਹੁਤ ਦੁਖੀ ਹੋਇਆ ।ਉਹਨੂੰ ਉਦਾਸ ਵੇਖ ਕੇ ਕੋਠੇ ਵਾਲੀ ਨੇ ਉਹਨੂੰ
ਕਾਰਨ ਪੁੱਛਿਆ ਅਤੇ ਮਾਮਲਾ ਹਲ ਕਰਨ ਦਾ ਵਚਨ ਦਿੱਤਾ, ਉਹਨੇ ਵੀ
ਅਮਾਨਤਾਂ ਰੱਖਣ ਵਾਲੇ ਨੂੰ ਕਿਹਾ ਕਿ ਮੈਂ ਬਾਹਰ ਵਾਂਢੇ ਜਾਣਾ ਹੈ ਇਸ ਲਈ
ਕੁੱਝ ਮਾਲ ਦੇ ਭਰੇ ਡੱਬੇ ਤੇਰ ਖੋਲ੍ਹ ਰੱਖਣ ਲਈ ਲਿਆਵਾਂਗੀ ।ਉਨ੍ਹਾਂ ਵਿੱਚ
ਹੀਰੇ ਵੀ ਹਨ ।ਉਸ ਕੋਲ ਜਾਣ ਤੋਂ ਪਹਿਲਾਂ ਪਾਨ ਵੇਚਣ ਵਾਲੇ ਨੂੰ ਉਹਦੇ
ਕੋਲ ਭੇਜ ਦਿੱਤਾ ।ਉਹਦੇ ਹੁੰਦਿਆਂ ਉਹ ਵੀ ਚਲੀ ਗਈ ।ਪਾਨ ਵਾਲੇ ਨੇ
ਗੱਲ ਕੀਤੀ ।ਅਮਾਨਤ ਵਾਲੇ ਨੂੰ ਲਾਲਚ ਸੀ ਕਿ ਰੰਡੀ ਦਾ ਮਾਲ ਵਧ ਹੈ
ਇਸ ਲਈ ਉਹਨੇ ਪਾਨ ਵੇਚਣ ਵਾਲੇ ਨੂੰ ਕਿਹਾ ਤੂੰ ਗਲਤ ਬਕਸਾ ਖੋਲ੍ਹਿਆ
ਸੀ ਆਹ ਤੇਰਾ ਡੱਬਾ ਹਾਜ਼ਰ ਹੈ ਅਤੇ ਉਹਦਾ ਮਾਲ ਸਣੇ ਡੱਬਾ ਮੋੜ ਦਿੱਤਾ ।
ਉਸੇ ਵੇਲੇ ਪਹਿਲਾਂ ਮਿੱਥੇ ਅਨੁਸਾਰ ਉਹਦੀ (ਰੰਡੀ) ਦੀ ਇੱਕ ਸਹੇਲੀ ਸੁਨੇਹਾ
ਲੈ ਕੇ ਆ ਗਈ ਕਿ ਉਹ ਵਾਂਢੇ ਨਾ ਜਾਵੇ, ਓਥੋਂ ਪਤਾ ਆਇਆ ਹੈ ਕਿ ਤੇਰੇ
ਰਿਸ਼ਤੇਦਾਰ ਓਥੇ ਨਹੀਂ ਹੋਣਗੇ ਇਸ ਲਈ ਅਗਲੇ ਮਹੀਨੇ ਆਈਂ ।ਇਸ ਤਰ੍ਹਾਂ
ਪਾਨ ਵੇਚਣ ਵਾਲੇ ਨੂੰ ਉਹਦਾ ਮਾਲ ਵਾਪਸ ਮਿਲ ਗਿਆ ਅਤੇ ਕੋਠੇ ਵਾਲੀ ਨੇ
ਆਪਣਾ ਮਾਲ ਵੀ ਉਹਦੇ ਕੋਲੋ ਨਾ ਰੱਖਿਆ, ਕੰਬੋਲੀ=ਝੂਠਾ, ਪੋਲੀਆਂ
ਪਗੜੀਆਂ=ਵੱਡੇ ਵੱਡੇ ਪੱਗੜਾਂ ਵਾਲੇ ਨਿਰਾ ਸਾਂਗ ਹਨ)
ਕਾਜ਼ੀ ਆਖਿਆ ਬੋਲ ਫ਼ਕੀਰ ਮੀਆਂ, ਛੱਡ ਝੂਠ ਦੇ ਦੱਬ ਦਰੇੜਿਆਂ ਨੂੰ ।
ਅਸਲ ਗੱਲ ਸੋ ਆਖ ਦਰਗਾਹ ਅੰਦਰ, ਲਾ ਤਜ਼ੱਕਰ ਝਗੜਿਆਂ ਝੇੜਿਆਂ ਨੂੰ ।
ਸਾਰੇ ਦੇਸ ਵਿੱਚ ਠਿੱਠ ਹੋ ਸਣੇ ਨੱਢੀ, ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ।
ਪਿੱਛੇ ਮੇਲ ਕੇ ਚੋਇਆ ਰਿੜਕਿਆਈ, ਉਹ ਰੁੰਨਾਂ ਸੀ ਵਖ਼ਤ ਸਹੇੜਿਆਂ ਨੂੰ ।
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ, ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ ।
ਪਹਿਲਾਂ ਸੱਦਿਆ ਆਣ ਕੇ ਦਾਅਵਿਆਂ ਤੇ, ਸਲਾਮ ਹੈ ਵਲ ਛਲਾਂ ਤੇਰਿਆਂ ਨੂੰ ।
ਆਭੂ ਭੁੰਨਦਿਆਂ ਝਾੜ ਕੇ ਚੱਬ ਚੁੱਕੋਂ, ਹੁਣ ਵਹੁਟੜੀ ਦੇਹ ਇਹ ਖੇੜਿਆਂ ਨੂੰ ।
ਆਓ ਵੇਖ ਲੌ ਸੁਣਨ ਗਿਣਨ ਵਾਲਿਉ ਵੇ, ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ ।
ਦੁਨੀਆਂਦਾਰ ਨੂੰ ਔਰਤਾਂ ਜ਼ੁਹਦ ਫ਼ੱਕਰਾਂ, ਮੀਆਂ ਛਡ ਦੇ ਸ਼ੁਹਦਿਆਂ ਝੇੜਿਆਂ ਨੂੰ ।
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ, ਬੇਟੀ ਅਪਣੀ ਬਖ਼ਸ਼ ਦੇ ਖੇੜਿਆਂ ਨੂੰ ।
ਨਿਤ ਮਾਲ ਪਰਾਏ ਹਨ ਚੋਰ ਖਾਂਦੇ, ਇਹ ਦੱਸ ਮਸਲੇ ਰਾਹੀਂ ਭੇੜਿਆਂ ਨੂੰ ।
ਛਡ ਜਾ ਹਿਆਉ ਦੇ ਨਾਲ ਜੱਟੀ, ਨਹੀਂ ਜਾਣਸੇਂ ਦੁੱਰਿਆਂ ਮੇਰਿਆਂ ਨੂੰ ।
ਐਬੀ ਕੁਲ ਜਹਾਨ ਦੇ ਪਕੜੀਅਣਗੇ, ਵਾਰਿਸ ਸ਼ਾਹ ਫ਼ਕੀਰ ਦੇ ਫੇੜਿਆਂ ਨੂੰ ।
(ਲਾ ਤਜ਼ੱਕਰ=ਜ਼ਿਕਰ ਨਹੀਂ ਕੀਤਾ ਜਾਂਦਾ, ਆਭੂ=ਕਣਕ ਦੇ ਸਿੱਟਿਆਂ ਨੂੰ
ਭੁੰਨਕੇ ਬਣਾਏ ਜਾਂ ਕਣਕ ਤੇ ਮੱਕੀ ਨੂੰ ਉਬਾਲ ਕੇ ਬਣਾਏ ਦਾਣੇ)
ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ, ਮਾਰੋ ਇਹ ਫ਼ਕੀਰ ਦਗ਼ੋਲੀਆ ਜੇ ।
ਵਿੱਚੋਂ ਚੋਰ ਤੇ ਯਾਰ ਤੇ ਲੁੱਚ ਲੁੰਡਾ, ਵੇਖੋ ਬਾਹਰੋਂ ਵਲੀ ਤੇ ਔਲੀਆ ਜੇ ।
ਦਗ਼ਾਦਾਰ ਤੇ ਝਾਗੜੂ ਕਲਾਕਾਰੀ, ਬਣ ਫ਼ਿਰੇ ਮਸ਼ਇਖ਼ ਤੇ ਔਲੀਆ ਜੇ ।
ਵਾਰਿਸ ਦਗ਼ੇ ਤੇ ਆਵੇ ਤਾਂ ਸਫ਼ਾਂ ਗਾਲੇ, ਅਖੀਂ ਮੀਟ ਬਹੇ ਜਾਪੇ ਰੌਲੀਆ ਜੇ ।
(ਦਗ਼ੋਲੀਆ=ਦਗ਼ੇਬਾਜ਼, ਮਸ਼ਾਇਖ=ਬੜੇ ਪੀਰ, ਰੌਲੀਆ=ਰਾਵਲ,ਫ਼ਕੀਰ)
ਹੀਰ ਖੋਹ ਖੇੜੇ ਚਲੇ ਵਾਹੋ ਦਾਹੀ, ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ ।
ਉਡ ਜਾਏ ਕਿ ਨਿਘਰੇ ਗ਼ਰਕ ਹੋਵੇ, ਵੇਹਲ ਦੇਵਸ ਨਾ ਜ਼ਿਮੀਂ ਅਸਮਾਨ ਯਾਰੋ ।
ਖੇਪ ਮਾਰ ਲਏ ਖੇਤੜੇ ਸੜੇ ਬੋਹਲ, ਹੁੱਕੇ ਅਮਲੀਆਂ ਦੇ ਰੁੜ੍ਹ ਜਾਣ ਯਾਰੋ ।
ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਵਣ, ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ ।
ਉਹਨਾਂ ਹੋਸ਼ ਤੇ ਅਕਲ ਨਾ ਤਾਣ ਰਹਿੰਦਾ, ਸਿਰੀਂ ਜਿਨ੍ਹਾਂ ਦੇ ਪੌਣ ਵਦਾਨ ਯਾਰੋ ।
ਹੀਰ ਲਾਹ ਕੇ ਘੁੰਢ ਹੈਰਾਨ ਹੋਈ, ਸਤੀ ਚਿੱਖਾ ਦੇ ਵਿੱਚ ਮੈਦਾਨ ਯਾਰੋ ।
ਤਿੱਖਾ ਦੀਦੜਾ ਵਾਂਗ ਮਹਾ ਸਤੀ ਦੇ, ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ ।
ਵਿੱਚ ਓਢਣੀ ਸਹਿਮ ਦੇ ਨਾਲ ਜੱਟੀ, ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ ।
ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ, ਵੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ ।
ਚੁਪ ਸੱਲ ਹੋ ਬੋਲਣੋਂ ਰਹੀ ਜੱਟੀ, ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ ।
ਵਾਰਿਸ ਸ਼ਾਹ ਦੋਵੇਂ ਪਰੇਸ਼ਾਨ ਹੋਏ, ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ ।
(ਮੂੰਹ ਗੁੰਝ=ਸੋਚਦਾ, ਦੇਵਸ ਨਾ=ਦਿੰਦੇ ਨਹੀਂ, ਖੇਪ=ਲੱਦਣ ਲਈ ਤਿਆਰ
ਬੋਹਲ, ਵਦਾਨ=ਵੱਡਾ ਭਾਰਾ ਹਥੌੜਾ, ਸਤੀ ਚਿਖਾ=ਚਿਖਾ ਵਿੱਚ ਸਤੀ ਹੋਣ
ਵਾਲੀ ਔਰਤ ਵਾਂਗੂੰ, ਮਹਾ ਸਤੀ=ਦੁਰਗਾ,ਕਾਲੀ ਦੇਵੀ ਵਾਂਗੂੰ ਗ਼ੁੱਸੇ ਵਿੱਚ,
ਕਿਰਬਾਨ=ਕਮਾਨਦਾਨ, ਸੱਲ=ਬੇਹਿਸ)
ਰਾਂਝਾ ਆਖਦਾ ਜਾਹ ਕੀ ਵੇਖਦੀ ਹੈਂ, ਬੁਰਾ ਮੌਤ ਥੀਂ ਏਹ ਵਿਜੋਗ ਹੈ ਨੀ ।
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ, ਏਹ ਦੁੱਖ ਕੀ ਜਾਣਦਾ ਲੋਗ ਹੈ ਨੀ ।
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ, ਤੇਰਾ ਨਾਮ ਦਾ ਅਸਾਂ ਨੂੰ ਟੋਗ ਹੈ ਨੀ ।
ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ, ਇਹ ਰੁਤ ਸਿਆਲ ਦਾ ਭੋਗ ਹੈ ਨੀ ।
ਸੌਂਕਣ ਰੰਨ ਗਵਾਂਢ ਕੁਪੱਤਿਆਂ ਦਾ, ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ ।
ਖ਼ੁਸ਼ੀ ਨਿਤ ਹੋਵਣ ਮਰਦ ਫੁੱਲ ਵਾਂਗੂੰ, ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ ।
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ ।
ਜਿਹੜਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ, ਓਸ ਮਰਦ ਨੂੰ ਜਾਣੀਏ ਫੋਗ ਹੈ ਨੀ ।
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ ।
ਜਦੋਂ ਕਦੋਂ ਮਹਿਬੂਬ ਨਾ ਛੱਡਣਾ ਏਂ, ਕਾਲਾ ਨਾਗ ਖ਼ੁਦਾਇ ਦੇ ਜੋਗ ਹੈ ਨੀ ।
ਕਾਉਂ ਕੂੰਜ ਨੂੰ ਮਿਲੀ ਤੇ ਸ਼ੇਰ ਫਾਹਵੀ, ਵਾਰਿਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ ।
(ਟੋਗ=ਹੱਥ ਨਾ ਆਉਣ ਵਾਲਾ ਪੰਛੀ, ਰੇਸ਼ਟਾ=ਝਗੜਾ,ਧੰਦਾ)
ਬਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ, ਬੁਰਾ ਕੌਣ ਮਨਾਂਵਦਾ ਵੁੱਠਿਆਂ ਨੂੰ ।
ਲਬ ਯਾਰ ਦੇ ਆਬਿ-ਹਯਾਤ ਬਾਝੋਂ, ਕੌਣ ਜ਼ਿੰਦਗੀ ਬਖ਼ਸ਼ਦਾ ਕੁੱਠਿਆਂ ਨੂੰ ।
ਦੋਵੇਂ ਆਹ ਫ਼ਿਰਾਕ ਦੀ ਮਾਰ ਲਈਏ, ਕਰਾਮਾਤ ਮਨਾਵਸੀ ਰੁੱਠਿਆਂ ਨੂੰ ।
ਮੀਆਂ ਮਾਰ ਕੇ ਆਹ ਤੇ ਸ਼ਹਿਰ ਸਾੜੋ, ਬਾਦਸ਼ਾਹ ਜਾਣੇਂ ਅਸਾਂ ਮੁੱਠਿਆਂ ਨੂੰ ।
ਤੇਰੀ ਮੇਰੀ ਪ੍ਰੀਤ ਗਈ ਲੁੜ੍ਹ ਐਵੇਂ, ਕੌਣ ਮਿਲੈ ਹੈ ਵਾਹਰਾਂ ਛੁੱਟਿਆਂ ਨੂੰ ।
ਬਾਝ ਸੱਜਣਾਂ ਪੀੜ-ਵੰਡਾਵਿਆਂ ਦੇ, ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ ।
ਬਿਨਾਂ ਤਾਲਿਆ ਨੇਕ ਦੇ ਕੌਣ ਮੋੜੇ, ਵਾਰਿਸ ਸ਼ਾਹ ਦਿਆਂ ਦਿਹਾਂ ਅਪੁੱਠਿਆਂ ਨੂੰ ।
(ਬਰ ਵਕਤ=ਮੌਕੇ ਸਿਰ,ਵੇਲੇ ਸਿਰ, ਫ਼ਜ਼ਲ=ਰਬ ਦੀ ਮਿਹਰ, ਵੁੱਠਿਆਂ=
ਵਰ੍ਹਦਿਆਂ, ਲਬ-ਏ-ਯਾਰ=ਯਾਰ ਦੀਆਂ ਬੁੱਲ੍ਹੀਆਂ, ਆਬ-ਏ-ਹਯਾਤ=ਅੰਮ੍ਰਿਤ)
ਹੀਰ ਨਾਲ ਫ਼ਿਰਾਕ ਦੇ ਆਹ ਮਾਰੀ, ਰੱਬਾ ਵੇਖ ਅਸਾਡੀਆਂ ਭਖਣ ਭਾਹੀਂ ।
ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੌਹੀਂ ਰਾਹੀਂ ।
ਇੱਕੇ ਮੇਲ ਰੰਝੇਟੜਾ ਉਮਰ ਜਾਲਾਂ, ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ ।
ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ, ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ ।
(ਭਾਹ=ਅੱਗ, ਉਮਰ ਦੀ ਅਲਖ ਲਾਹੀਂ=ਉਮਰ ਖ਼ਤਮ ਕਰ, ਕਾਦਰਾ=ਰੱਬਾ)
ਰੱਬਾ ਕਹਿਰ ਪਾਈਂ ਕਹਿਰ ਸ਼ਹਿਰ ਉੱਤੇ, ਜਿਹੜਾ ਘੱਤ ਫ਼ਰਊਨ ਡੁਬਾਇਆ ਈ ।
ਜਿਹੜਾ ਨਾਜ਼ਲ ਹੋਇਆ ਜ਼ਕਰੀਏ ਤੇ, ਉਹਨੂੰ ਘੱਤ ਸ਼ਰੀਹ ਚਿਰਵਾਇਆ ਈ ।
ਜਿਹੜਾ ਪਾਇ ਕੇ ਕਹਿਰ ਦੇ ਨਾਲ ਗ਼ੁੱਸੇ, ਵਿੱਚ ਅੱਗ ਖ਼ਲੀਲ ਪਵਾਇਆ ਈ ।
ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ, ਸੁਲੇਮਾਨ ਨੂੰ ਭੱਠ ਝੁਕਾਇਆ ਈ ।
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ, ਉਹਨੂੰ ਡੰਭਰੀ ਥੋਂ ਨਿਗਲਾਇਆ ਈ ।
ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ, ਇਸਮਾਈਲ ਨੂੰ ਜਿਬ੍ਹਾ ਕਰਾਇਆ ਈ ।
ਜਿਹੜਾ ਘਤਿਉ ਗ਼ਜ਼ਬ ਤੇ ਵੈਰ ਗ਼ੁੱਸਾ, ਯੂਸਫ਼ ਖੂਹ ਵਿਚ ਬੰਦ ਕਰਵਾਇਆ ਈ ।
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ, ਇਕਸ ਨਫ਼ਰ ਤੋਂ ਕਤਲ ਕਰਾਇਆ ਈ ।
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ, ਇਮਾਮ ਹੁਸੈਨ ਨੂੰ ਚਾਇ ਕੁਹਾਇਆ ਈ ।
ਕੱਕੀ ਫੋਹੜੀ ਤੇਜ਼ ਜ਼ਬਾਨ ਖੋਲ੍ਹੋਂ, ਹਸਨ ਜ਼ਹਿਰ ਦੇ ਨਾਲ ਮਰਵਾਇਆ ਈ ।
ਓਹਾ ਕਹਿਰ ਘੱਤੀਂ ਏਸ ਦੇਸ ਉੱਤੇ, ਜਿਹੜਾ ਇਤਨਿਆਂ ਦੇ ਸਿਰ ਆਇਆ ਈ ।
(ਹਜ਼ਰਤ ਖ਼ਲੀਲ=(ਖ਼ਲੀਲ ਦਾ ਅਰਥ ਹੈ ਸਾਦਕ) ਆਪ ਬੁਤ ਪੂਜਾ ਵਿਰੁੱਧ
ਪਰਚਾਰ ਕੀਤਾ ਕਰਦੇ ਸਨ ਅਤੇ ਰਬ ਦੀ ਭਗਤੀ ਕਰਦੇ ਸਨ ।ਇੱਕ ਦਿਨ ਜਦੋਂ
ਪੂਜਾ ਘਰ ਤੋਂ ਲੋਕ ਬਾਹਰ ਗਏ ਸਨ ਤੇ ਖ਼ਲੀਲ ਨੇ ਸਾਰੇ ਬੁਤ ਭੰਨ ਦਿੱਤੇ ਜਿਸ
ਕਰਕੇ ਨਮਰੂਦ ਨੇ ਆਪ ਨੂੰ ਭੜਕਦੀ ਅੱਗ ਵਿੱਚ ਸੁੱਟਣ ਦਾ ਦੰਡ ਦਿੱਤਾ ।ਪਰ
ਰਬ ਦੇ ਹੁਕਮ ਨਾਲ ਅੱਗ ਠੰਡੀ ਹੋ ਗਈ, ਡੰਭਰੀ=ਵੱਡੀ ਮੱਛੀ, ਸ਼ਾਹ ਮਰਦਾਂ=
ਬਹਾਦਰਾਂ ਦਾ ਬਾਦਸ਼ਾਹ, ਹਜ਼ਰਤ ਅਲੀ, ਉਹਨੂੰ ਇੱਕ ਗੁਲਾਮ ਨੇ ਕਤਲ ਕਰ
ਦਿੱਤਾ ਸੀ)
ਰਾਂਝੇ ਹੱਥ ਉਠਾ ਦੁਆ ਮੰਗੀ, ਤੇਰਾ ਨਾਮ ਕਹਾਰ ਜੱਬਾਰ ਸਾਈਂ ।
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ, ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ ।
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ, ਕਿਵੇਂ ਮੁਝ ਗ਼ਰੀਬ ਥੇ ਦਾਦ ਪਾਈਂ ।
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ, ਬੰਨੇ ਬੇੜੀਆਂ ਸਾਡੀਆਂ ਚਾ ਲਾਈਂ ।
ਵਾਰਿਸ ਸ਼ਾਹ ਪੀਰਾ ਸੁਣੀ ਕੂਕ ਸਾਡੀ, ਅੱਜੇ ਰਾਜੇ ਦੇ ਸ਼ਹਿਰ ਨੂੰ ਅੱਗ ਲਾਈਂ ।
(ਕਹਾਰ=ਕਹਿਰ ਵਰਤਾਉਣ ਵਾਲਾ, ਜੱਬਾਰ=ਜਬਰ ਕਰਨੇ ਵਾਲਾ,ਜ਼ਾਲਮ,
ਨਾਉਂ ਨਿਆਉਂ=ਆਪਣੇ ਨਾਂ ਨਾਲ ਇਨਸਾਫ਼ ਕਰਨ ਲਈ)
ਜਿਵੇਂ ਇੰਦਰ ਤੇ ਕਹਿਰ ਦੀ ਨਜ਼ਰ ਕਰਕੇ, ਮਹਿਖਾਸਰੋਂ ਪੁਰੀ ਲੁਟਵਾਇਆ ਈ ।
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ, ਦੇਵ ਪੁਰੀ ਮੁਖ ਆਸਣ ਲਾਇਆ ਈ ।
ਕਹਿਰ ਕਰੀਂ ਜਿਉਂ ਭਦਰਕਾ ਕੋਹ ਮਾਰੀ, ਰੁੰਡ ਮੁੰਡ ਮੁਖਾ ਉੱਤੇ ਧਾਇਆ ਈ ।
ਰਕਤ ਬੀਜ ਮਹਿਖਾਸਰੋਂ ਲਾ ਸੱਭੇ, ਪਰਚੰਡ ਕਰ ਪਲਕ ਵਿੱਚ ਆਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ, ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ ।
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਣ, ਰਾਮ ਚੰਦ ਥੋਂ ਲੰਕ ਲੁਟਵਾਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਤੇ, ਚਿਖਾਬੂਹ ਦੇ ਵਿੱਚ ਕਰਵਾਇਆ ਈ ।
ਦਰੋਣਾਂ ਚਾਰਜੋਂ ਲਾਇਕੇ ਭੀਮ ਭੀਖਮ ,ਜਿਹੜਾ ਕੈਰਵਾਂ ਦੇ ਗਲ ਪਾਇਆ ਈ ।
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ, ਨਾਲ ਨਖਾਂ ਦੇ ਢਿਡ ਪੜਵਾਇਆ ਈ ।
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ, ਬੋਦਾ ਕਾਨ੍ਹ ਥੋਂ ਚਾਇ ਪੁਟਾਇਆ ਈ ।
ਘਤ ਕ੍ਰੋਪ ਜੋ ਪਾਇ ਕੁਲਖੇਤਰੇ ਨੂੰ, ਕਈ ਖੂਹਣੀ ਸੈਨਾ ਗਲਵਾਇਆ ਈ ।
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਈ, ਪੱਤ ਨਾਲ ਫਿਰ ਅੰਤ ਬਚਾਇਆ ਈ ।
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ, ਕੁੰਭ ਕਰਨ ਦੇ ਬਾਬ ਬਣਾਇਆ ਈ ।
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ, ਅਤੇ ਤਾੜਕਾ ਪਕੜ ਚਿਰਵਾਇਆ ਈ ।
ਘਤ ਕ੍ਰੋਪ ਸੁਬਾਹੂ ਮਾਰੀਚ ਮਾਰਿਉ, ਮਹਾ ਦੇਵ ਦਾ ਕੁੰਡ ਭਨਵਾਇਆ ਈ ।
ਉਹ ਕ੍ਰੋਪ ਕਰ ਜਿਹੜਾ ਏਨਿਆਂ ਤੇ, ਜੁਗਾ ਜੁਗ ਹੀ ਧੁੰਮ ਕਰਾਇਆ ਈ ।
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ, ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ ।
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ, ਧੁੰਮ ਰਾਜੇ ਦੇ ਪਾਸ ਫ਼ਿਰ ਆਇਆ ਈ ।
ਵਾਰਿਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ, ਚਾਰੋਂ ਤਰਫ਼ ਹੀ ਅੱਗ ਮਚਾਇਆ ਈ ।
(ਕ੍ਰੋਪ=ਗ਼ੁੱਸਾ, ਨਖਾਂ=ਨਹੁੰਆਂ, ਨੋਟ: ਇਸ ਬੰਦ ਵਿੱਚ ਦਿੱਤੇ ਹਵਾਲੇ ਹਿੰਦੂ
ਮਿਥਿਹਾਸ ਵਿਚੋਂ ਲਏ ਗਏ ਹਨ)
ਲੱਗੀ ਅੱਗ ਚੌਤਰਫ਼ ਜਾਂ ਸ਼ਹਿਰ ਸਾਰੇ, ਕੀਤਾ ਸਾਫ਼ ਸਭ ਝੁੱਗੀਆਂ ਝਾਹੀਆਂ ਨੂੰ ।
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ, ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ ।
ਲੋਕਾਂ ਆਖਿਆ ਫ਼ਕਰ ਬਦ-ਦੁਆ ਦਿੱਤੀ, ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ ।
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ, ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ ।
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ, ਖੇੜੇ ਫੜੇ ਨੇ ਵੇਖ ਲੈ ਗਾਹੀਆਂ ਨੂੰ ।
ਵਾਰਿਸ ਸੋਮ ਸਲਵਾਤ ਦੀ ਛੁਰੀ ਕੱਪੇ, ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ ।
(ਝਾਹੀ=ਕੁੱਲੀ, ਜ਼ਬਤ=ਜ਼ਾਬਤਾ,ਕਾਨੂੰਨ, ਸੋਮ ਸਲਵਾਤ=ਰੋਜ਼ਾ ਨਮਾਜ਼)
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ, ਕਰੀਂ ਜੋਗੀਆ ਖ਼ੈਰ ਦੁਆ ਮੀਆਂ ।
ਰਾਂਝੇ ਹੱਥ ਉਠਾ ਕੇ ਦੁਆ ਦਿੱਤੀ, ਤੂੰ ਹੈਂ ਜਲ ਜਲਾਲ ਖ਼ੁਦਾ ਮੀਆਂ ।
ਤੇਰੇ ਹੁਕਮ ਤੇ ਮੁਲਕ ਤੇ ਖ਼ੈਰ ਹੋਵੇ, ਤੇਰੀ ਦੂਰ ਹੋ ਕੁੱਲ ਬਲਾ ਮੀਆਂ ।
ਅੰਨ ਧੰਨ ਤੇ ਲਛਮੀ ਹੁਕਮ ਦੌਲਤ, ਨਿਤ ਹੋਵਣੀ ਦੂਣ ਸਵਾ ਮੀਆਂ ।
ਘੋੜੇ ਊਠ ਹਾਥੀ ਦਮ ਤੋਪ ਖ਼ਾਨੇ, ਹਿੰਦ ਸਿੰਧ ਤੇ ਹੁਕਮ ਚਲਾ ਮੀਆਂ ।
ਵਾਰਿਸ ਸ਼ਾਹ ਰਬ ਨਾਲ ਹਿਆ ਰੱਖੇ, ਮੀਟੀ ਮੁਠ ਹੀ ਦੇ ਲੰਘਾ ਮੀਆਂ ।
(ਜਲਜਲਾਲ=ਰੱਬ, ਸਿੰਧ=ਸਮੁੰਦਰ)
ਲੈ ਕੇ ਚਲਿਆ ਆਪਣੇ ਦੇਸ ਤਾਈਂ, ਚਲ ਨੱਢੀਏ ਰੱਬ ਵਧਾਈਏਂ ਨੀ ।
ਚੌਧਰਾਣੀਏ ਤਖ਼ਤ ਹਜ਼ਾਰੇ ਦੀਏ, ਪੰਜਾਂ ਪੀਰਾਂ ਨੇ ਆਣ ਬਹਾਈਏਂ ਨੀ ।
ਕੱਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ, ਅਤੇ ਮੁਲਕ ਪਹਾੜ ਪਹੁੰਚਾਈਏਂ ਨੀ ।
ਹੀਰ ਆਖਿਆ ਇਵੇਂ ਜੇ ਜਾ ਵੜਸਾਂ, ਰੰਨਾ ਆਖਸਣ ਉਧਲੇ ਆਈਏਂ ਨੀ ।
ਪੇਈਏ ਸਹੁਰੇ ਡੋਬ ਕੇ ਗਾਲਿਉ ਨੀ, ਖੋਹ ਕੌਣ ਨਵਾਲੀਆਂ ਆਈਏਂ ਨੀ ।
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ, ਐਵੇਂ ਬੋਦਲੀ ਹੋਇਕੇ ਆਈਏਂ ਨੀ ।
ਘੱਤ ਜਾਦੂੜਾ ਦੇਵ ਨੇ ਪਰੀ ਠੱਗੀ, ਹੂਰ ਆਦਮੀ ਦੇ ਹੱਥ ਆਈਏਂ ਨੀ ।
ਵਾਰਿਸ ਸ਼ਾਹ ਪਰੇਮ ਦੀ ਜੜੀ ਘੱਤੀ, ਮਸਤਾਨੜੇ ਚਾਕ ਰਹਾਈਏਂ ਨੀ ।
(ਉਧਲ=ਨਿੱਕਲ ਕੇ ਆਈ,ਕੱਢ ਕੇ ਲਿਆਂਦੀ, ਅਕਦ ਨਕਾਹ=ਵਿਆਹ
ਦੀ ਰਸਮ, ਬੋਦਲੀ=ਬੋਦਲੇ ਪੀਰ ਦੀ ਫ਼ਕੀਰਨੀ ਭਾਵ ਮੁਰੀਦਨੀ)
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ, ਹੀਰ ਆਖਿਆਂ ਵੇਖ ਲੈ ਜੂਹ ਮੀਆਂ ।
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ, ਤਕਦੀਰ ਲਾਹੇ ਵਿੱਚ ਖੂਹ ਮੀਆਂ ।
ਜਦੋਂ ਜੰਞ ਆਈ ਘਰ ਖੇੜਿਆਂ ਦੀ, ਤੂਫ਼ਾਨ ਆਇਆ ਸਿਰ ਨੂਹ ਮੀਆਂ ।
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ, ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ ।
(ਲਾਹੇ=ਉਤਾਰੇ, ਧਰੂਹ=ਧੂਹ ਕੇ)
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ, ਨਢੀ ਹੀਰ ਨੂੰ ਚਾਕ ਲੈ ਆਇਆ ਜੇ ।
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ, ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇ ।
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ, ਜਾ ਕੇ ਨੱਢੜੀ ਨੂੰ ਘਰੀਂ ਲਿਆਇਆ ਜੇ ।
ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ, ਬਨ੍ਹ ਸਿਹਰੇ ਡੋਲੜੀ ਪਾਇਆ ਜੇ ।
ਜੋ ਕੁੱਝ ਹੈ ਨਸੀਬ ਸੋ ਦਾਜ ਦਾਮਨ, ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ ।
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਓਧਰੋਂ ਖੇੜਿਆਂ ਦਾ ਨਾਈ ਆਇਆ ਜੇ ।
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖ਼ੈਰ ਦੇ ਪੇਚ ਨਾ ਪਾਇਆ ਜੇ ।
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ, ਮੂੰਹ ਧੀਉ ਦਾ ਨਾ ਵਿਖਾਇਆ ਜੇ ।
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ, ਕੇਹਾ ਦੇਸ ਤੇ ਪੁਛਨਾ ਲਾਇਆ ਜੇ ।
ਸਾਡੀ ਧੀਉ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਤੋਂ ਸਾਕ ਦਿਵਾਇਆ ਜੇ ।
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ ।
ਵਾਰਿਸ ਤੁਸਾਂ ਥੋਂ ਇਹ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ ।
(ਮਾਹੀਆਂ=ਮਾਹੀ ਮੁੰਡਿਆਂ, ਫੂਹੀ=ਪਾਣੀ ਦਾ ਤੁਪਕਾ, ਦਾਜ ਦਾਮਨ=ਦਾਜ,
ਪੀਚ=ਖਿਚ,ਗੰਢ, ਸੁਥਰਿਆਂ ਵਾਂਗ ਡੰਡੇ ਵਜਾਉਣਾ=ਬਰਾਮਪੁਰਰ ਪਿੰਡ
ਨਿਵਾਸੀ ਨੰਦੇ ਖ਼ਤਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆਂ,
ਜਿਸ ਨੂੰ ਜੋਤਸ਼ੀਆਂ ਨੇ ਵਿਘਨਕਾਰੀ ਕਹਿ ਕੇ ਬਾਹਰ ਸੁਟ ਦਿੱਤਾ, ਸ਼੍ਰੀ
ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਪਰਤ ਰਹੇ ਸਨ ।ਉਨ੍ਹਾਂ ਨੇ ਬਾਲਕ
ਨੂੰ ਵੇਖ ਕੇ ਸੰਭਾਲ ਲਿਆ ਅਤੇ ਬੜੇ ਯਤਨਾਂ ਨਾਲ ਪਾਲਿਆਅਤੇ ਇਹਦਾ
ਨਾਉਂ ‘ਸੁਥਰਾ’ ਰੱਖਿਆ, ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਰਿਹਾ ।ਸੁਥਰੇ
ਸ਼ਾਹ ਦੀਆਂ ਹਾਸਰਸ ਦੀਆਂ ਬਹੁਤ ਕਹਾਣੀਆਂ ਮਸ਼ਹੂਰ ਹਨ ।ਦਿੱਲੀ ਦੇ
ਹਾਕਮਾਂ ਤੋਂ ਇਸਨੇ ਪੈਸਾ ਹੱਟੀ ਉਗਰਾਹਨ ਦਾ ਹੁਕਮ ਪਰਾਪਤ ਕੀਤਾ ।ਹੁਣ
ਸੁਥਰੇ ਸਿੱਖ ਧਰਮ ਭੁਲ ਗਏ ਹਨ ਅਤੇ ਡੰਡੇ ਵਜਾਕੇ ਹੱਟੀਆਂ ਤੋਂ ਮੰਗਕੇ
ਖਾਂਦੇ ਹਨ)
ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ, ਰਾਂਝਾ ਨਾਲ ਹੀ ਘਰੀਂ ਮੰਗਾਇਉ ਨੇ ।
ਲਾਹ ਮੁੰਦਰਾਂ ਜਟਾਂ ਮੁਨਾਇ ਸੁੱਟੀਆਂ, ਸਿਰ ਸੋਹਣੀ ਪੱਗ ਬਨ੍ਹਾਇਉ ਨੇ ।
ਘਿਨ ਘੱਤ ਕੇ ਖੰਡ ਤੇ ਦੁੱਧ ਚਾਵਲ, ਅੱਗੇ ਰਖ ਪਲੰਘ ਬਹਾਇਉ ਨੇ ।
ਯਾਕੂਬ ਦੇ ਪਿਆਰੜੇ ਪੁਤ ਵਾਂਗੂੰ, ਕੱਢ ਖੂਹ ਥੀਂ ਤਖ਼ਤ ਬਹਾਇਉ ਨੇ ।
ਜਾ ਭਾਈਆਂ ਦੀ ਜੰਞ ਜੋੜ ਲਿਆਵੀਂ, ਅੰਦਰ ਵਾੜ ਕੇ ਬਹੁਤ ਸਮਝਾਇਉ ਨੇ ।
ਨਾਲ ਦੇਇ ਲਾਗੀ ਖ਼ੁਸ਼ੀ ਹੋ ਸਭਨਾਂ, ਤਰਫ਼ ਘਰਾਂ ਦੇ ਓਸ ਪਹੁੰਚਾਇਉ ਨੇ ।
ਭਾਈਚਾਰੇ ਨੂੰ ਮੇਲ ਬਹਾਇਉ ਨੇ, ਸਭੋ ਹਾਲ ਅਹਿਵਾਲ ਸੁਣਾਇਉ ਨੇ ।
ਵੇਖੋ ਦਗ਼ੇ ਦੇ ਫੰਦ ਲਾਇਉ ਨੇ, ਧੀਉ ਮਾਰਨ ਦਾ ਮਤਾ ਪਕਾਇਉ ਨੇ ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ, ਵੇਖ ਨਵਾਂ ਪਾਖੰਡ ਰਚਾਇਉ ਨੇ ।
(ਯਾਕੂਬ ਦਾ ਪੁੱਤਰ=ਯੂਸਫ਼, ਫੰਦ=ਜਾਲ)
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ, ਗੰਢ ਫੇਰੀਆ ਸੂ ਵਿੱਚ ਭਾਈਆਂ ਦੇ ।
ਸਾਰਾ ਕੋੜਮਾ ਆਇਕੇ ਗਿਰਦ ਹੋਇਆ, ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ ।
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ, ਹੀਰ ਲਈ ਹੈ ਨਾਲ ਦੁਆਈਆਂ ਦੇ ।
ਜੰਞ ਜੋੜ ਕੇ ਰਾਂਝੇ ਤਿਆਰ ਕੀਤੀ, ਟਮਕ ਚਾ ਬੱਧੇ ਮਗਰ ਨਾਈਆਂ ਦੇ ।
ਵਾਜੇ ਦੱਖਣੀ ਧਰੱਗਾਂ ਦੇ ਨਾਲ ਵੱਜਣ, ਲਖ ਰੰਗ ਛੈਣੇ ਸਰਨਾਈਆਂ ਦੇ ।
ਵਾਰਿਸ ਸ਼ਾਹ ਵਸਾਹ ਕੀ ਜੀਊਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ ।
(ਗੰਢ ਫੇਰੀ=ਵਿਆਹ ਦਾ ਸੱਤਾ ਦਿੱਤਾ, ਕੋੜਮਾ=ਖ਼ਾਨਦਾਨ, ਧਰੱਗ=ਢੋਲ,
ਸਰਨਾਈਆਂ=ਬੈਗ ਪਾਈਪਾਂ, ਮਸ਼ਕ ਵਰਗੀਆਂ ਬੀਨਾਂ)
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗ਼ੈਰਤਾਂ ਪਾਲਦੇ ਨੀ ।
ਯਾਰੋ ਗਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮੇਹਣੇ ਹੀਰ ਲਿਆਲ ਦੇ ਨੀ ।
ਪੱਤ ਰਹੇਗੀ ਨਾ ਜੇ ਟੋਰ ਦਿੱਤੀ, ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ ।
ਫਟ ਜੀਭ ਦੇ ਕਾਲਖ ਬੇਟੀਆਂ ਦੀ, ਐਬ ਜੁਆਨੀ ਦੇ ਮੇਹਣੇ ਗਾਲ੍ਹ ਦੇ ਨੀ ।
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ, ਦਗ਼ਾ ਕਰਨ ਜੋ ਮਹਿਰਮ ਹਾਲ ਦੇ ਨੀ ।
ਕਬਰ ਵਿੱਚ ਦਾਉਸ ਖ਼ਨਜ਼ੀਰ ਹੋਸਣ, ਜਿਹੜੇ ਲਾਡ ਕਰਨ ਧਨ ਮਾਲ ਦੇ ਨੀ ।
ਔਰਤ ਆਪਣੀ ਕੋਲ ਜੇ ਗ਼ੈਰ ਵੇਖਣ, ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ ।
ਮੂੰਹ ਤਿੰਨ੍ਹਾਂ ਦਾ ਵੇਖਣਾ ਖ਼ੂਕ ਵਾਂਗੂੰ, ਕਤਲ ਕਰਨ ਰਫ਼ੀਕ ਜੋ ਨਾਲ ਦੇ ਨੀ ।
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਈ, ਅਮਲ ਕਰਨ ਜੋ ਉਹ ਚੰਡਾਲ ਦੇ ਨੀ ।
ਹੋਏ ਚੂਹੜਾ ਤੁਰਕ ਹਰਾਮ ਮੁਸਲਮ, ਮੁਸਲਮਾਨ ਸਭ ਓਸ ਦੇ ਨਾਲ ਦੇ ਨੀ ।
ਦੌਲਤਮੰਦ ਦੇਉਸ ਦੀ ਤਰਕ ਸੁਹਬਤ, ਮਗਰ ਲੱਗੀਏ ਨੇਕ ਕੰਗਾਲ ਦੇ ਨੀ ।
ਕੋਈ ਕਚਕੜਾ ਲਾਲ ਨਾ ਹੋ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਨੀ ।
ਜ਼ਹਿਰ ਦੇ ਕੇ ਮਾਰੀਏ ਨੱਢੜੀ ਨੂੰ, ਗੁਨਾਹਗਾਰ ਹੋ ਜਲਜਲਾਲ ਦੇ ਨੀ ।
ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਨੇ ਓਸ ਦੇ ਖ਼ਿਆਲ ਦੇ ਨੀ ।
ਬਦ-ਅਮਲੀਆਂ’ ਜਿਨ੍ਹਾਂ ਥੋਂ ਕਰੇਂ ਚੋਰੀ, ਮਹਿਰਮ ਹਾਲ ਤੇਰੇ ਵਾਲ ਵਾਲ ਦੇ ਨੀ ।
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ, ਅਸਾਂ ਆਸਰੇ ਫਜ਼ਲ ਕਮਾਲ ਦੇ ਨੀ ।
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੀਅਨਗੇ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੇ ਨੀ ।
(ਗ਼ੈਰਤ=ਅਣਖ, ਮਹੀਂਵਾਲ=ਮਝਾਂ ਚਾਰਨ ਵਾਲਾ, ਖ਼ਨਜ਼ੀਰ=ਸੂਰ, ਖ਼ੂਕ=ਸੂਰ,
ਧਨ=ਔਰਤ, ਰਫ਼ੀਕ=ਸਾਥੀ, ਚੰਡਾਲ=ਜ਼ਾਲਮ, ਤਰਕ ਹਰਾਮ=ਹਰਾਮ ਖਾਣਾ ਛਡ
ਦੇਣਾ, ਬਦ ਅਮਲੀਆਂ=ਮਾੜੇ ਕੰਮ ਕਰਨ ਵਾਲਿਆਂ)
ਹੀਰ ਜਾਨੇ-ਬਹੱਕ ਤਸਲੀਮ ਹੋਈ, ਸਿਆਲਾਂ ਦਫ਼ਨਾ ਕੇ ਖ਼ਤ ਲਿਖਾਇਆ ਈ ।
ਵਲੀ ਗ਼ੌਸ ਤੇ ਕੁਤਬ ਸਭ ਖ਼ਤਮ ਹੋਏ, ਮੌਤ ਸੱਚ ਹੈ ਰੱਬ ਫ਼ੁਰਮਾਇਆ ਈ ।
‘ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ’, ਹੁਕਮ ਵਿੱਚ ਕੁਰਾਨ ਦੇ ਆਇਆ ਈ ।
ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ, ਇਹ ਧੁਰੋਂ ਹੀ ਹੁੰਦੜਾ ਆਇਆ ਈ ।
ਅਸਾਂ ਹੋਰ ਉਮੀਦ ਸੀ ਹੋਰ ਹੋਈ, ਖ਼ਾਲੀ ਜਾਏ ਉਮੀਦ ਫ਼ੁਰਮਾਇਆ ਈ ।
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼, ਲਿਖ ਆਦਮੀ ਤੁਰਤ ਭਜਾਇਆ ਈ ।
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ, ਖ਼ਤ ਰੋਇਕੇ ਹੱਥ ਫੜਾਇਆ ਈ ।
ਇਹ ਰੋਵਣਾ ਖ਼ਬਰ ਕੀ ਲਿਆਇਆ ਏ, ਮੂੰਹ ਕਾਸ ਥੋਂ ਬੁਰਾ ਬਣਾਇਆ ਈ ।
ਮਾਜ਼ੂਲ ਹੋਇਉਂ ਤਖ਼ਤ ਜ਼ਿੰਦਗੀ ਥੋਂ, ਫ਼ਰਮਾਨ ਤਗ਼ੱਈਅਰ ਦਾ ਆਇਆ ਈ ।
ਮੇਰੇ ਮਾਲ ਨੂੰ ਖ਼ੈਰ ਹੈ ਕਾਸਦਾ ਓ, ਆਖ ਕਾਸਨੂੰ ਡੁਸਕਣਾ ਲਾਇਆ ਈ ।
ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ ।
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ ।
ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਣੀਂ, ਤੈਥੇ ਕੂਚ ਦਾ ਆਦਮੀ ਆਇਆ ਈ ।
(ਜਾਨੇ-ਬਹੱਕ ਤਸਲੀਮ=ਮਰ ਗਈ, ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ=
ਹਰ ਸ਼ੈ ਹਲਾਕ ਹੋ ਜਾਏਗੀ ਸਿਵਾ ਉਸ ਦੇ ਜਿਹਦੇ ਵਲ ਰਬ ਦੀ ਤਵੱਜੋ ਹੈ, ਮਾਜ਼ੂਲ
ਹੋਇਉਂ ਤਖ਼ਤ=ਗੱਦੀ ਤੋਂ ਲਾਹ ਦਿੱਤਾ, ਤਗ਼ੱਈਅਰ=ਬਦਲੀ, ਡੁਸਕਣਾ=ਰੋਣਾ)
ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ ।
ਦੋਵੇਂ ਦਾਰੇ ਫ਼ਨਾ ਥੀਂ ਗਏ ਸਾਬਤ, ਜਾ ਰੁੱਪੇ ਨੇ ਦਾਰੇ ਬਕਾ ਮੀਆਂ ।
ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ ।
ਵਾਰਿਸ ਸ਼ਾਹ ਇਸ ਖ਼ਾਬ ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ ।
(ਦਾਰ-ਏ-ਫ਼ਨਾ=ਮੌਤ ਦਾ ਘਰ,ਇਹ ਦੁਨੀਆਂ, ਦਾਰ-ਏ-ਬਕਾ=ਸਦਾ
ਰਹਿਣ ਵਾਲੀ ਦੁਨੀਆਂ,ਅਗਲਾ ਜਹਾਨ ਰਾਹ ਮਜਾਜ਼=ਇਸ਼ਕ ਮਜਾਜ਼ੀ
ਭਾਵ ਦੁਨਿਆਵੀ ਪਿਆਰ ਦੇ ਰਾਹ, ਸਾਬਤ=ਕਾਇਮ,ਪੱਕੇ, ਵਹਾ ਗਏ=
ਕਟ ਗਏ)
ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ, ਏਥੇ ਆਲ੍ਹਣਾ ਕਿਸੇ ਨਾ ਪਾਇਆ ਈ ।
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ ।
ਵੱਡੀ ਉਮਰ ਆਵਾਜ਼ ਔਲਾਦ ਵਾਲਾ, ਜਿਸ ਨੂਹ ਤੂਫ਼ਾਨ ਮੰਗਵਾਇਆ ਈ ।
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਿਲਾਇਆ ਈ ।
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ, ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ ।
ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ, ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ ।
(ਸਾਥ ਲਦਾਇਆ=ਨਾਲ ਨਹੀਂ ਲੈ ਗਏ, ਤੂਫ਼ਾਨ ਮੰਗਵਾਇਆ=ਮੰਗ ਕੇ ਤੂਫ਼ਾਨ
ਲਿਆ, ਮਰਗ਼ੂਬ=ਸੁਹਣਾ)
ਸਨ ਯਾਰਾਂ ਸੈ ਅੱਸੀਆਂ ਨਬੀ ਹਿਜ਼ਰਤ, ਲੰਮੇ ਦੇਸ ਦੇ ਵਿੱਚ ਤਿਆਰ ਹੋਈ ।
ਅਠਾਰਾਂ ਸੈ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਾਜੀਤ ਦੀ ਸਾਰ ਹੋਈ ।
ਜਦੋਂ ਦੇਸ ਤੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ ।
ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ।
ਚੋਰ ਚੌਧਰੀ ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਥੀਂ ਚਾਰ ਹੋਈ ।
ਵਾਰਿਸ ਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ ।
(ਲੰਮਾ ਦੇਸ਼=ਪੰਜਾਬ ਦਾ ਦੱਖਣ ਪੱਛਮ ਦਾ ਇਲਾਕਾ, ਦੇਸ ਤੇ ਜਟ ਸਰਦਾਰ ਹੋਏ=
ਆਦੀਨਾ ਬੇਗ਼ ਦੀ ਮੌਤ 1758 ਈ ਪਿੱਛੋਂ ਸਿੱਖ ਸਰਦਾਰਾਂ ਦੀਆਂ 12 ਮਿਸਲਾਂ ।
1762 ਵਿੱਚ ਮਲਕਾ ਹਾਂਸ ਦਾ ਸਰਦਾਰ ਮੁਹੰਮਦ ਅਜ਼ੀਮ ਸੀ, ਉਹਦੇ ਉੱਤੇ ਅਤੇ
1766 ਵਿੱਚ ਸੂਬਾ ਮੁਲਤਾਨ ਉੱਤੇ ਸਰਦਾਰ ਝੰਡਾ ਸਿੰਘ ਗੰਡਾ ਸਿੰਘ ਨੇ ਹਮਲਾ
ਕੀਤਾ ਅਤੇ ਇਹ ਇਲਾਕੇ ਮੁਹੰਮਦ ਅਜ਼ਮੀ ਤੋਂ ਖੋਹ ਲਏ, ਅਸ਼ਰਾਫ=ਸ਼ਰੀਫ਼ ਦਾ
ਬਹੁ-ਵਚਨ,ਭਲੇਮਾਣਸ, ਤਾਜ਼ੇ=ਤਰੱਕੀ ਤੇ, ਭੂਤ ਮੰਡਲੀ=ਬੁਰੇ ਲੋਕ, ਆਕਬਤ=
ਅਖ਼ੀਰ,ਅੰਤ)
ਖਰਲ ਹਾਂਸ ਦਾ ਸ਼ਹਿਰ ਮਸ਼ਹੂਰ ਮਲਕਾ, ਜਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ ।
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖ਼ਾਸ ਦੇ ਮੈਂ ।
ਪੜ੍ਹਣ ਗਭਰੂ ਦਿਲੀਂ ਵਿੱਚ ਖ਼ੁਸ਼ੀ ਹੋ ਕੇ, ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ ।
ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ ।
(ਮਲਕਾ ਹਾਂਸ=ਪਾਕਪਟਨ ਸਾਹੀਵਾਲ ਸੜ੍ਹਕ ਤੇ ਪਾਕਪਟਨ ਤੋਂ 9 ਮੀਲ ਦੂਰ
ਇੱਕ ਪੁਰਾਣਾ ਕਸਬਾ ਹੈ ਜਿਸਦੇ ਵਿੱਚ ਮੁਹੱਲਾ ਉੱਚਾ ਟਿੱਬਾ ਦੀ ਮਸੀਤ ਵਿੱਚ ਬੈਠ
ਕੇ ਵਾਰਿਸ ਸ਼ਾਹ ਨੇ ਕਿੱਸਾ ਹੀਰ ਪੂਰਾ ਕੀਤਾ, ਨਖ਼ਾਸ=ਮੰਡੀ, ਬਾਸ=ਮਹਿਕ,
ਰਾਸ=ਦੌਲਤ, ਕਾਸ ਦੇ=ਕਿਸ ਤੇ)
ਅਫ਼ਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ ।
ਇਹਨਾਂ ਮੋਮਨਾਂ ਖ਼ੌਫ਼ ਈਮਾਨ ਦਾ ਏ, ਅਤੇ ਹਾਜੀਆਂ ਬੈਤ ਮਾਮੂਰ ਦਾ ਏ ।
ਸੂਬਾ ਦਾਰ ਨੂੰ ਤਲਬ ਸਿਪਾਹ ਦੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਏ ।
ਸਾਰੇ ਮੁਲਕ ਖ਼ਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫ਼ਸੋਸ ਕਸੂਰ ਦਾ ਏ ।
ਸਾਨੂੰ ਸ਼ਰਮ ਹਿਆ ਦਾ ਖ਼ੌਫ਼ ਰਹਿੰਦਾ, ਜਿਵੇਂ ਮੂਸਾ ਨੂੰ ਖ਼ੌਫ਼ ਕੋਹ ਤੂਰ ਦਾ ਏ ।
ਇਹਨਾਂ ਗ਼ਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ ।
ਐਵੇਂ ਬਾਹਰੋਂ ਸ਼ਾਨ ਖ਼ਰਾਬ ਵਿੱਚੋਂ, ਜਿਵੇਂ ਢੋਲ ਸੁਹਾਵਣਾ ਦੂਰ ਦਾ ਏ ।
ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖ਼ਦੂਮ ਕਸੂਰ ਦਾ ਏ ।
ਰਬ ਆਬਰੂ ਨਾਲ ਈਮਾਨ ਬਖ਼ਸ਼ੇ, ਸਾਨੂੰ ਆਸਰਾ ਫ਼ਜ਼ਲ ਗ਼ਫੂਰ ਦਾ ਏ ।
ਵਾਰਿਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ, ਆਪ ਬਖਸ਼ ਲਕਾ ਹਜ਼ੂਰ ਦਾ ਏ ।
ਵਾਰਿਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ, ਕਰਮ ਹੋਵੇ ਜੇ ਰਬ ਸ਼ਕੂਰ ਦਾ ਏ ।
ਵਾਰਿਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ, ਹਿੱਸਾ ਬਖ਼ਸ਼ਿਆ ਆਪਣੇ ਨੂਰ ਦਾ ਏ ।
(ਨਾਕਸੀ=ਘਟ ਅਕਲ,ਨੁਕਸਾਂ, ਹਸ਼ਰ ਦਾ ਸੂਰ=ਕਿਆਮਤ ਦੇ ਬਿਗਲ,
ਮੋਮਨ=ਮੁਸਲਮਾਨ, ਬੈਤ ਮਾਮੂਰ=ਖ਼ਾਨਾ ਕਾਅਬਾ ਦੇ ਉੱਤੇ ਰਬ ਦਾ ਘਰ
ਜਿੱਥੇ ਫ਼ਰਿਸ਼ਤੇ ਭਜਨ ਬੰਦਗੀ ਕਰਦੇ ਹਨ, ਤਲਬ=ਤਨਖਾਹ, ਗ਼ਾਜ਼ੀ=
ਕਾਫ਼ਰਾਂ ਨਾਲ ਲੜਣ ਵਾਲਾ, ਮਖ਼ਦੂਮ=ਆਕਾ,ਪੀਰ, ਆਬਰੂ=ਇੱਜ਼ਤ,
ਗ਼ਫੂਰ=ਮੁਆਫ਼ ਕਰਨ ਵਾਲਾ, ਟਾਂਕ=ਚਾਰ ਤੋਲੇ ਭਾਰ ਤੋਲਣ ਦਾ ਵੱਟਾ
ਜੋ ਕੀਮਤੀ ਵਸਤਾਂ ਹੀਰੇ ਜਵਾਹਰਾਤ ਤੋਲਣ ਲਈ ਵਰਤਿਆ ਜਾਂਦਾ ਸੀ,
ਲਕਾ=ਚਿਹਰਾ,ਦੀਦਾਰ, ਜੁਮਲਿਆਂ=ਸਾਰਿਆਂ, ਕਰਮ=ਮਿਹਰਬਾਨੀ)
ਖ਼ਤਮ ਰਬ ਦੇ ਕਰਮ ਦੇ ਨਾਲ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ ।
ਐਸਾ ਸ਼ਿਅਰ ਕੀਤਾ ਪੁਰਮਗ਼ਜ਼ ਮੋਜ਼ੂੰ, ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ ।
ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ, ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ ।
ਤਮਸੀਲ ਦੇ ਨਾਲ ਬਣਾਇ ਕਹਿਆ, ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ ।
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ, ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ ।
ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ, ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ ।
(ਪੁਰ ਮਗ਼ਜ਼=ਠੋਸ, ਮੌਜ਼ੂ ਕੀਤਾ=ਬਣਾਇਆ,ਲਿਖਿਆ, ਸ਼ਹਿਵਾਰ=ਬਾਦਸ਼ਾਹਾਂ
ਲਾਇਕ, ਤੂਲ ਖੋਲ੍ਹ ਕੇ=ਵਿਸਥਾਰ ਨਾਲ. ਤਮਸੀਲ=ਉਦਾਹਰਨ ਦੇ ਕੇ,ਦ੍ਰਿਸ਼ਟਾਂਤ,
ਜ਼ੀਨਤ=ਸਜਾਵਟ. ਖੁਰਸੰਦ=ਖ਼ੁਸ਼,ਪਰਸੰਨ, ਸਿਕ=ਖਾਹਿਸ਼)
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ ।
ਸੁਣਨ ਵਾਲਿਆਂ ਨੂੰ ਬਖਸ਼ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ ।
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ, ਮੀਟੀ ਮੁਠ ਹੀ ਦੇਈਂ ਲੰਘਾ ਸਾਈ ।
ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਈਮਾਨ ਲਕਾ ਸਾਈਂ ।
(ਅਤਾ ਕਰੀਂ=ਮਿਹਰਬਾਨੀ ਨਾਲ ਕੁੱਝ ਤੁਹਫਾ ਦੇਈਂ)
ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਬਾਲਨਾਥ ਏਹ ਪੀਰ ਬਣਾਇਆ ਈ ।
ਪੰਜ ਪੀਰ ਹਵਾਸ ਇਹ ਪੰਜ ਤੇਰੇ, ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ ।
ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ, ਇਆਲ ਮੁਨਕਰ ਨਕੀਰ ਠਹਿਰਾਇਆ ਈ ।
ਕੋਠਾ ਗੋਰ ਇਜ਼ਰਾਈਲ ਹੈ ਇਹ ਖੇੜਾ, ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ ।
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ, ਜਿਸ ਨੇ ਵਿੱਚ ਦੀਵਾਨ ਫੜਾਇਆ ਈ ।
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ, ਜਿਨ੍ਹਾਂ ਨਾਲ ਪੈਵੰਦ ਬਣਾਇਆ ਈ ।
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ, ਕਿਸੇ ਨਾਲ ਨਾ ਸਾਥ ਲਦਾਇਆ ਈ ।
ਜਿਹੜਾ ਬੋਲਦਾ ਨਾਤਕਾ ਵੰਝਲੀ ਹੈ, ਜਿਸ ਹੋਸ਼ ਦਾ ਰਾਗ ਸੁਣਾਇਆ ਈ ।
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ, ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ ।
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ, ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ ।
ਜੋਗੀ ਹੈ ਔਰਤ ਕੰਨ ਪਾੜ ਜਿਸ ਨੇ, ਸਭ ਅੰਗ ਬਿਭੂਤ ਰਮਾਇਆ ਈ ।
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ, ਗੋਰ ਕਾਲੜਾ ਬਾਗ਼ ਬਣਾਇਆ ਈ ।
ਤ੍ਰਿੰਞਣ ਇਹ ਬਦ ਅਮਲੀਆਂ ਤੇਰੀਆਂ ਨੇ, ਕੱਢ ਕਬਰ ਥੀਂ ਦੋਜ਼ਖ਼ੇ ਪਾਇਆ ਈ ।
ਉਹ ਮਸੀਤ ਹੈ ਮਾਂਉਂ ਦਾ ਸ਼ਿਕਮ ਬੰਦੇ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ ।
ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ, ਜਿਸ ਹੀਰ ਈਮਾਨ ਦਿਵਾਇਆ ਈ ।
ਵਾਰਿਸ ਸ਼ਾਹ ਮੀਆਂ ਬੇੜੀ ਪਾਰ ਤਿਨ੍ਹਾਂ, ਕਲਮਾ ਪਾਕ ਜ਼ਬਾਨ ਤੇ ਆਇਆ ਈ ।
(ਥਾਪਣਾ ਲਾਇਆ=ਥਾਪੀ ਦਿੱਤੀ, ਮੁਨਕਰ ਅਤੇ ਨਕੀਰ=ਦੋ ਫ਼ਰਿਸ਼ਤੇ ਜਿਹੜੇ
ਹਰ ਵੇਲੇ ਬੰਦੇ ਦੇ ਚੰਗੇ ਮੰਦੇ ਕੰਮ ਦਾ ਹਿਸਾਬ ਰੱਖਦੇ ਹਨ, ਮਲਊਨ=ਰੱਦ ਕੀਤਾ
ਹੋਇਆ,ਬਰਾਦਰੀ ਵਿੱਚੋਂ ਸੇਕਿਆ ਹੋਇਆ, ਪੈਵੰਦ=ਰਿਸ਼ਤਾ,ਜੋੜ, ਨਾਤਕਾ=
ਬੋਲਣ ਸ਼ਕਤੀ, ਭੇੜ=ਝਗੜਾ, ਸ਼ਹਿਵਤ=ਜਿਣਸੀ ਭੁਖ ਤੇ ਲਾਲਸਾ, ਸ਼ਿਕਮ=ਪੇਟ,
ਗਰਭ, ਸ਼ਬ ਰੋਜ਼=ਦਿਨ ਰਾਤ)